ਆਜੁ ਹਮਾਰੈ ਗਿ੍ਰਹਿ ਬਸੰਤ॥

0
197

ਆਜੁ ਹਮਾਰੈ ਗ੍ਰਿਹਿ ਬਸੰਤ ॥

  ਪ੍ਰਿੰ. ਬਲਜੀਤ ਸਿੰਘ-94170-18531

ੴ ਸਤਿ ਗੁਰ ਪ੍ਰਸਾਦਿ ॥  ਬਸੰਤੁ ਮਹਲਾ ੫ ਘਰੁ ੧ ਦੁਤੁਕੇ

ਗੁਰੁ ਸੇਵਉ ਕਰਿ ਨਮਸਕਾਰ ॥  ਆਜੁ ਹਮਾਰੈ ਮੰਗਲਚਾਰ ॥

ਆਜੁ ਹਮਾਰੈ ਮਹਾ ਅਨੰਦ ॥  ਚਿੰਤ ਲਥੀ ਭੇਟੇ ਗੋਬਿੰਦ ॥੧॥

ਆਜੁ ਹਮਾਰੈ ਗ੍ਰਿਹਿ ਬਸੰਤ ॥  ਗੁਨ ਗਾਏ ਪ੍ਰਭ  ! ਤੁਮ੍ ਬੇਅੰਤ ॥੧॥ ਰਹਾਉ ॥

ਆਜੁ ਹਮਾਰੈ; ਬਨੇ ਫਾਗ ॥  ਪ੍ਰਭ ਸੰਗੀ ਮਿਲਿ; ਖੇਲਨ ਲਾਗ ॥

ਹੋਲੀ ਕੀਨੀ; ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥

ਮਨੁ ਤਨੁ ਮਉਲਿਓ; ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥

ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥

ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥

ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ ॥ ਜਨ ਨਾਨਕ  ! ਹਰਿ ਹਰਿ, ਹਰਿ ਧਿਆਇ ॥੪॥ (ਬਸੰਤੁ, ਮ: ੫, ਪੰਨਾ ੧੧੮੦)

ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1180 ’ਤੇ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਬਸੰਤ ਰਾਗ ਵਿਚ ਅੰਕਤ ਹੈ। ਸ਼ਬਦ ਦਾ ਕੇਂਦਰੀ ਭਾਵ ‘‘ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ! ਤੁਮ ਬੇਅੰਤ॥’’ ਰਹਾਉ ॥ ਵਾਲੀ ਪੰਗਤੀ ਵਿੱਚ ਹੈ ਕਿ ਹੇ ਬੇਅੰਤ ਪ੍ਰਭੂ ! ਤੇਰੇ ਗੁਣ ਗਾਉਣ ਸਦਕਾ ਅੱਜ ਸਾਡੇ ਹਿਰਦੇ ਰੂਪ ਘਰ ਵਿੱਚ ਬਸੰਤ ਰੁੱਤ ਦਾ ਸੁਹਾਵਣਾ ਮਾਹੌਲ ਬਣਿਆ ਪਿਆ ਹੈ। ਮਨੁੱਖ ਦੀ ਮੁੱਢ ਕਦੀਮੀ ਇੱਛਾ ਰਹੀ ਹੈ ਕਿ ਉਹ ਹਮੇਸ਼ਾਂ ਅਨੰਦਿਤ ਜੀਵਨ ਜੀਵੇ, ਚਾਹੀਦਾ ਵੀ ਹੈ ਕਿਉਂਕਿ ਪ੍ਰਭੂ ਦੀ ਕੀਤੀ ਸਮੁੱਚੀ ਰਚਨਾ ਵਿੱਚੋਂ ਮਨੁੱਖਾ ਜੀਵਨ ਹੀ ਸਭ ਤੋਂ ਸ਼੍ਰੇਸਟ ਹੈ। ਇਸ ਲਈ ਇਹ ਆਤਮਿਕ ਖੇੜੇ ਜਾਂ ਅਨੰਦ ਦਾ ਪੂਰਨ ਹੱਕਦਾਰ ਹੈ ਪਰ ਅੱਜ ਜਦੋਂ ਅਸੀਂ ਮਨੁੱਖ ਦੇ ਹਿਰਦੇ ਨੂੰ ਖੋਜਦੇ ਹਾਂ ਤਾਂ ਅੰਨ੍ਹੇਰਾ ਹੀ ਹੱਥ ਲੱਗਦਾ ਹੈ। ਮਨੁੱਖ ਦੇ ਜੀਵਨ ਅੰਦਰ ਧਿਆਨ ਮਾਰਿਆ ਜਾਏ ਤਾਂ ਸਿਵਾਏ ਮੌਤ ਦੇ ਕੁੱਝ ਵੀ ਨਹੀਂ ਦਿੱਸਦਾ।  ਸਾਡਾ ਹਿਰਦਾ ਕੀ ਚਾਹੁੰਦਾ ਹੈ ?  ਸਾਡੇ ਪ੍ਰਾਣਾਂ ਦੀ ਪਿਆਸ ਕੀ ਹੈ ? ਸਾਡੇ ਸੁਆਸਾਂ ਦੀ ਤਲਾਸ਼ ਕੀ ਹੈ ? ਕੀ ਅਸੀਂ ਆਪਣੇ ਆਪ ਤੋਂ ਕਦੀ ਇਹ ਪ੍ਰਸ਼ਨ ਪੁੱਛੇ ਹਨ ? ਜੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਗੁਰਮਤਿ ਤੋਂ ਪੁੱਛਿਆ ਜਾਏ ਤਾਂ ਗੁਰੂ ਅਰਜੁਨ ਸਾਹਿਬ ਜੀ ਇੰਝ ਫੁਰਮਾਉਂਦੇ ਹਨ। ‘‘ਤੂੰ ਪੇਡੁ, ਸਾਖ ਤੇਰੀ ਫੂਲੀ॥ ਤੂੰ ਸੂਖਮੁ, ਹੋਆ ਅਸਥੂਲੀ॥ ਤੂੰ ਜਲਨਿਧਿ, ਤੂੰ ਫੇਨੁ ਬੁਦਬੁਦਾ, ਤੁਧੁ ਬਿਨੁ, ਅਵਰੁ ਨ ਭਾਲੀਐ ਜੀਉ॥’’ (ਮ:੫/੧੦੨) ਭਾਵ ਅਸੀਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਸ ਦੀ ਪ੍ਰਾਪਤੀ ਤੋਂ ਬਾਅਦ ਫਿਰ ਹੋਰ ਪ੍ਰਾਪਤੀ ਦੀ ਇੱਛਾ ਨ ਰਹੇ। ਕੀ ਇਹ ਪ੍ਰਸ਼ਨ ਸਾਡੀ ਆਤਮਾ ਵਿੱਚ ਉੱਠਦਾ ਹੈ ? ਆਤਮਾ ਅਨੰਦ ਚਾਹੁੰਦੀ ਹੈ। ਪੂਰਨ ਅਨੰਦ ਨਾਲ ਸਾਰੀਆਂ ਇੱਛਾਵਾਂ ਨੂੰ ਵਿਸਰਾਮ ਮਿਲ ਸਕਦਾ ਹੈ। ਆਤਮਾ ਸਾਰੀਆਂ ਇੱਛਾਵਾਂ ਦੀ ਸਮਾਪਤੀ ਮੰਗਦੀ ਹੈ ਕਿਉਂਕਿ ਇੱਛਾਵਾਂ ਦਾ ਅੰਤ ਹੀ ਪੂਰਨ ਅਨੰਦ ਹੈ।

ਭਾਰਤ ਵਰਸ਼ ਵਿੱਚ ਅਨੰਦ ਦੀ ਪ੍ਰਾਪਤੀ ਦੇ ਕਈ ਸਾਧਨ ਹੋਂਦ ਵਿਚ ਲਿਆਂਦੇ ਗਏ, ਜਿਵੇਂ ਕਿ ਘਰ-ਬਾਰ ਦਾ ਤਿਆਗ, ਤੀਰਥਾਂ ਦਾ ਰਟਨ ਜਾਂ ਮਿੱਥੇ ਹੋਏ ਕੁੱਝ ਤਿਉਹਾਰ ਤੇ ਮੇਲੇ, ਜਿਨ੍ਹਾਂ ਵਿੱਚ ਹੋਲ਼ੀ ਵੀ ਭਾਰਤ ਵਾਸੀਆਂ ਦਾ ਪ੍ਰਸਿੱਧ ਤਿਉਹਾਰ ਹੈ। ਪੁਰਾਤਨ ਸੰਸਕ੍ਰਿਤੀ ਅਨੁਸਾਰ ਇਹ ਤਿਉਹਾਰ ਫੱਗਣ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ।  ਪੁਰਾਣਾਂ ਅਨੁਸਾਰ ਪ੍ਰਹਿਲਾਦ ਦੀ ਭੂਆ ਢੁੰਡਾ ਸ਼ਿਵ ਜੀ ਦੇ ਵਰ ਨਾਲ ਅੱਗ ਵਿੱਚ ਸੜ ਨਹੀਂ ਸਕਦੀ ਸੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਢੁੰਡਾ ਦੀ ਗੋਦੀ ’ਚ ਬੈਠਾ ਕੇ ਕਾਠ ਦੇ ਢੇਰ ਨੂੰ ਅੱਗ ਲਗਵਾ ਦਿੱਤੀ। ਕਰਤਾਰ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਤੇ ਉਸ ਦੀ ਭੂਆ ਸੜ ਗਈ ਇਸ ਲਈ ਹੋਲੀ ਵਾਲੇ ਦਿਨ ਲੋਕੀਂ ਢੁੰਡਾ ਦੀ ਚਿਤਾ ਦੀ ਸ਼ਕਲ ਬਣਾ ਕੇ ਸਾੜਦੇ ਹਨ ਅਤੇ ਉਸ ਦੀ ਸੁਆਹ ਉਡਾਂਦੇ ਹਨ ਤੇ ਹੋਲੀ ਪੂਜਨ ਕੀਤਾ ਜਾਂਦਾ ਹੈ। ਇਹ ਸਾਰੀ ਘਟਨਾ ਮੁਲਤਾਨ ਸ਼ਹਿਰ ਪਾਕਿਸਤਾਨ ਵਿੱਚ ਹੋਈ ਕਹੀ ਜਾਂਦੀ ਹੈ, ਪਰ ਹੌਲ਼ੀ-ਹੌਲ਼ੀ ਪ੍ਰਹਿਲਾਦ ਭਗਤ ਦੀ ਉੱਚਤਾ, ਨਿਰਭੈਤਾ ਵੀ ਇੱਕ ਦੂਜੇ ’ਤੇ ਸੁਆਹ ਛੁੱਟਣੀ, ਰੰਗ ਛੁੱਟਣਾ, ਦੰਗੇ, ਸ਼ਰਾਬ ਵਿੱਚ ਬਦਲ ਗਈ। ਇਸ ਲਈ ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਦੀ ਸਦੀਵੀ ਹੋਲੀ ਕਿਵੇਂ ਖੇਡੀ ਜਾਏ, ਸਦੀਵੀ ਆਤਮਿਕ ਰੰਗ ਕਿਵੇਂ ਪ੍ਰਾਪਤ ਹੋਵੇ, ਜੀਵਨ ਖੇੜਾ (ਅਨੰਦ) ਕਿਵੇਂ ਪ੍ਰਾਪਤ ਹੋਵੇ ਦੁਨਿਆਵੀ ਖੇਡੀ ਜਾਂਦੀ ਹੋਲੀ ਤੋਂ ਉੱਪਰ ਉੱਠ ਕੇ ਨਾਮ ਰੰਗ ਦੀ ਰੰਗਣ ਚਾੜਨ ਲਈ ਇਸ ਸ਼ਬਦ ਰਾਹੀਂ ਉਪਦੇਸ਼ ਕੀਤਾ ਹੈ; ਜਿਵੇਂ ‘ਰਹਾਉ’ ਦੀ ਪੰਗਤੀ ’ਚ ਫ਼ੁਰਮਾਨ ਹੈ, ‘‘ਆਜੁ, ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ! ਤੁਮ ਬੇਅੰਤ॥’’ ਭਾਵ ਹੇ ਬੇਅੰਤ ਪ੍ਰਭੂ !  ਜਦੋਂ ਤੋਂ ਮੈਂ ਤੇਰੀ ਸਿਫਤ ਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਆਤਮਕ ਅਨੰਦ ਬਣਿਆ ਰਹਿੰਦਾ ਹੈ। ਸ਼ਬਦ ਦੇ ਪਹਿਲੇ ਬੰਦ ਅੰਦਰ ਫ਼ੁਰਮਾਇਆ ਗਿਆ ਹੈ, ‘‘ਗੁਰੁ ਸੇਵਉ ਕਰਿ ਨਮਸਕਾਰ॥ ਆਜੁ, ਹਮਾਰੈ ਮੰਗਲਚਾਰ॥ ਆਜੁ, ਹਮਾਰੈ ਮਹਾਂ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥’’  ਭਾਵ ਹੇ ਭਾਈ !  ਰੱਬੀ ਗੁਣ ਗਾਉਣ ਦੀ ਬਰਕਤ ਨਾਲ ਮੈਨੂੰ ਗੋਬਿੰਦ ਪ੍ਰਭੂ ਜੀ ਮਿਲ ਪਏ ਹਨ ਹੁਣ ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ ਕਿਉਂਕਿ ਮੇਰੇ ਹਿਰਦੇ ਵਿੱਚ ਬੜਾ ਅਨੰਦ ਬਣਿਆ ਪਿਆ ਹੈ, ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। ਹੇ ਭਾਈ ! ਇਹ ਸਾਰੀ ਮਿਹਰ ਗੁਰੂ ਜੀ ਦੀ ਹੈ, ਇਸ ਲਈ ਮੈਂ ਗੁਰੂ ਜੀ ਅੱਗੇ ਸਿਰ ਨਿਵਾ ਕੇ ਸੇਵਾ-ਭਗਤੀ ਕਰਦਾ ਹਾਂ।

ਸ਼ਬਦ ਦੇ ਦੂਸਰੇ ਬੰਦ ਵਿੱਚ ‘‘ਨਾਨਕ ! ਭਗਤਾ ਸਦਾ ਵਿਗਾਸ॥’’ ਦੀ ਵਿਧੀ ਦਰਸਾਉਂਦੇ ਹੋਏ ਫ਼ੁਰਮਾਇਆ ਗਿਆ ਹੈ ਕਿ ‘‘ਆਜੁ, ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥’’ ਭਾਵ ਹੇ ਭਾਈ ! ਪ੍ਰਮਾਤਮਾ ਦੀ ਸਿਫ਼ਤ ਸਲਾਹ ਦੀ ਬਰਕਤ ਨਾਲ ਮੇਰੇ ਅੰਦਰ, ਮਾਨੋ ਫੱਗਣ ਦੀ ਹੋਲੀ ਬਣੀ ਪਈ ਹੈ। ਪ੍ਰਭੂ ਜੀ ਦੇ ਸੰਤ ਜਨ ਸਾਧ ਸੰਗਤ ਨਾਲ ਮਿਲ ਕੇ ਇਹ ਹੋਲੀ ਖੇਡਣ ਲੱਗ ਪਏ ਹਨ। ਹੇ ਭਾਈ ! ਇਹ ਹੋਲੀ ਕੀ ਹੈ ? ਗੁਰਮੁਖ ਸੰਤ ਜਨਾਂ ਦੀ ਸੇਵਾ ਹੀ ਅਸਲ ਹੋਲੀ ਹੈ। ਇਸ ਦੀ ਬਦੌਲਤ ਮੇਰੇ ਅੰਦਰ ਪ੍ਰਮਾਤਮਾ ਦਾ ਗੂੜ੍ਹਾ ਆਤਮਕ ਰੰਗ ਚੜ੍ਹ ਗਿਆ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਜੀ ਮਨ ਨੂੰ ਹਰਾ ਭਰਾ ਕਰਨ ਦਾ ਸਾਧਨ ਦਰਸਾਉਂਦੇ ਹੋਏ ਬਖ਼ਸ਼ਸ਼ ਕਰਦੇ ਹਨ, ‘‘ਮਨੁ ਤਨੁ ਮਉਲਿਓ ਅਤਿ ਅਨੂਪ॥ ਸੂਕੈ, ਨਾਹੀ ਛਾਵ ਧੂਪ॥ ਸਗਲੀ ਰੂਤੀ ਹਰਿਆ ਹੋਇ॥ ਸਦ ਬਸੰਤ, ਗੁਰ ਮਿਲੇ ਦੇਵ॥’’ ਭਾਵ ਹੇ ਭਾਈ ! ਮੇਰਾ ਮਨ ਸੋਹਣਾ ਖਿੜ ਪਿਆ ਹੈ। ਮੇਰਾ ਤਨ ਵੀ ਸੋਹਣਾ ਖਿੜਾਉ ਵਿੱਚ ਹੈ। ਹੁਣ ਸੁਖ ਹੋਵੇ ਭਾਵੇਂ ਦੁੱਖ, ਮੇਰੇ ਮਨ ਤਨ ਵਿੱਚ ਆਤਮਕ ਖਿੜਾਉ ਦੀ ਸੁਗੰਧੀ ਕਦੇ ਮੁੱਕਦੀ ਨਹੀਂ। ਹੁਣ ਮੇਰਾ ਮਨ ਸਾਰੇ ਸਮਿਆਂ ਵਿੱਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਮੈਨੂੰ ਗੁਰਦੇਵ ਜੀ ਮਿਲ ਪਏ ਹਨ। ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ। ਸ਼ਬਦ ਦੇ ਚੌਥੇ ਤੇ ਆਖ਼ਰੀ ਬੰਦ ਰਾਹੀਂ ਸਾਹਿਬ ਜੀ ‘‘ਪਾਰਜਾਤੁ ਇਹੁ, ਹਰਿ ਕੋ ਨਾਮ॥’’ (ਮ:੫/੨੬੫) ਰੂਪ ਰੁੱਖ ਹਿਰਦੇ ’ਚ ਪ੍ਰਗਟ ਹੋਣ ਨਾਲ ਮਿਲੀ ਤ੍ਰਿਪਤੀ ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਜੀ ਫ਼ੁਰਮਉਂਦੇ ਹਨ, ‘‘ਬਿਰਖੁ ਜਮਿਓ ਹੈ ਪਾਰਜਾਤ॥ ਫੂਲ ਲਗੇ ਫਲ ਰਤਨ ਭਾਂਤਿ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ॥ ਜਨ ਨਾਨਕ ! ਹਰਿ ਹਰਿ ਹਰਿ ਧਿਆਇ॥’’ ਭਾਵ ਹੇ ਭਾਈ ! ਸਿਫਤ ਸਾਲਾਹ ਦੀ ਬਰਕਤ ਨਾਲ ਮੇਰੇ ਅੰਦਰ ਮਾਨੋ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ ਪਾਰਜਾਤ ਰੁੱਖ ਉੱਗ ਪਿਆ ਹੈ। ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫਲ਼ ਅਤੇ ਫੁੱਲ ਲੱਗੇ ਹੋਏ ਹਨ। ਹੇ ਦਾਸ ਨਾਨਕ ! ਆਖ ਕਿ ਹੇ ਭਾਈ ! ਸਦਾ ਪ੍ਰਮਾਤਮਾ ਦਾ ਨਾਮ ਸਿਮਰ ਕੇ ਹਰੀ ਦੇ ਗੁਣ ਗਾ-ਗਾ ਕੇ ਮਨੁੱਖ ਮਾਇਆ ਵੱਲੋਂ ਰੱਜ ਜਾਂਦੇ ਹਨ। ਫਿਰ ਉਨ੍ਹਾਂ ਉੱਤੇ ਗੁਰੂ ਜੀ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਪ੍ਰਭੂ ਨਾਮ ਰੰਗਣ ਤੋਂ ਸਿਵਾ ਹੋਰ ਕੋਈ ਇੱਛਾ ਬਾਕੀ ਨਹੀਂ ਰਹਿੰਦੀ; ਜਿਵੇਂ ਭਾਈ ਨੰਦ ਲਾਲ ਸਿੰਘ ਜੀ ਨੇ ਕਥਨ ਕੀਤਾ ਹੈ, ‘ਕਸੇ ਕੋ ਦੀਦ ਦੀਦਾਰੇ ਮੁਕਦਸ। ਮੁਰਾਦੇਂ ਉਮਰ ਰਾ ਹਾਸਿਲ ਨਿਕੋ ਕਰਦ।’ ਭਾਵ ਜਿਸ ਨੇ ਇਸ ਸਮੇਂ ਆਪਣੇ ਪਿਆਰੇ ਦੇ ਦਰਸ਼ਨ ਦੀਦਾਰੇ ਕੀਤੇ ਉਸ ਦੀ ਸਾਰੀ ਉਮਰ ਦੀਆਂ ਆਸਾਂ ਪੂਰੀਆਂ ਹੋ ਗਈਆਂ ‘ਸ਼ਵਦ ਕੁਰਬਾਨਿ ਖ਼ਾਕੇ ਰਾਹੇ ਸੰਗਤ। ਦਿਲੇ ‘ਗੋਯਾ’ ਹਮੀਂ ਬਸ ਆਰਜੂ ਕਰਦ।’ ਅਰਥ:- ਮੈਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਹੋ ਜਾਵਾਂ ਇਹੀ ਮੇਰਾ ਦਿਲ ਚਾਹੁੰਦਾ ਹੈ ਭਾਵ ਮੈਂ ਦੁਨੀਆਵੀ ਹੋਲੀਆਂ ਖੇਡਣ ਦੀ ਥਾਂ ‘‘ਰੰਗ ਲਾਗਾ ਅਤਿ ਲਾਲ ਦੇਵ॥’’ ਵਿਚ ਹੀ ਲੀਨ ਹੋਣਾ ਲੋਚਦਾ ਹਾਂ। ਇਹ ਤਦ ਹੀ ਹੋ ਸਕਦਾ ਹੈ ਜੇਕਰ ‘‘ਨਾਨਕ ! ਤਿਨਾ ਬਸੰਤੁ ਹੈ, ਜਿਨ੍ ਘਰਿ ਵਸਿਆ ਕੰਤੁ॥’’ (ਮ:੩/੭੯੧) ਵਾਲੀ ਅਵਸਥਾ ਪ੍ਰਾਪਤ ਹੋ ਗਈ ਭਾਵ ਅਸੀਂ ਗੁਰੂ ਵਾਲੇ ਬਣ ਗਏ। ਆਓ, ਗੁਰੂ ਦੇ ਉਪਦੇਸ਼ਾਂ ਅਨੁਸਾਰ ਪ੍ਰਭੂ ਜੀ ਦੀ ਪੈਦਾ ਕੀਤੀ ਖ਼ਲਕਤ ਦੀ ਸੇਵਾ ਅਤੇ ਪ੍ਰਭੂ ਸਿਮਰਨ ਵਿੱਚ ਲਿਵ ਜੋੜ ਲਈਏ ਤਾਂ ਜੋ ਸਾਡੇ ਜੀਵਨ ਦੀ ਵੀ ਇਹ ਮੁਰਾਦ ਪੂਰੀ ਹੋ ਸਕੇ, ‘‘ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ, ਅਤਿ ਲਾਲ ਦੇਵ॥’’