ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥

0
181

ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥

ਪ੍ਰਿੰ. ਹਰਭਜਨ ਸਿੰਘ (ਰੋਪੜ)-94170-20961

ਨਾਰਾਇਨ ਨਰਪਤਿ ਨਮਸਕਾਰੈ ॥ ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ॥ ਕਵਨ ਕਵਨ ਕਵਨ ਗੁਨ ਕਹੀਐ, ਅੰਤੁ ਨਹੀ ਕਛੁ ਪਾਰੈ ॥ ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੀਚਾਰੈ ॥੧॥ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ ! ਸੰਤਨ ਰਸੁ ਆਈ ਹੈ, ਜਿਉ ਚਾਖਿ ਗੂੰਗਾ ਮੁਸਕਾਰੈ ॥੨॥

ਵੀਚਾਰ ਅਧੀਨ ਗੁਰ ਸ਼ਬਦ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਕਾਨੜਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1301-1302 ’ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਅੰਦਰ ਐਸੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਕਰਦੇ ਹਨ ਜੋ ਆਪ ਵੀ ਮੁਕਤ ਹਨ ਅਤੇ ਹੋਰਨਾਂ ਨੂੰ ਵੀ ਮੁਕਤੀ ਪ੍ਰਦਾਨ ਕਰਦੇ ਹਨ। ਗੁਰਮਤਿ ਅਨੁਸਾਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤਿ ਨਿਰਾਕਾਰ ਨਾਲ ਜੋੜ ਕੇ ਰੱਖਣਾ ਅਤੇ ਮਾਇਆ ਦੇ ਮੋਹ ਤੋਂ, ਵਿਕਾਰਾਂ ਦੇ ਮੋਹ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਸੇ ਨੂੰ ਮੁਕਤੀ ਕਿਹਾ ਗਿਆ ਜਾਂਦਾ ਹੈ ਪਰ ਅਜਿਹਾ ਜੀਵਨ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਹੀ ਬਣਾਇਆ ਜਾ ਸਕਦਾ ਹੈ। ਗੁਰਬਾਣੀ ਰਚਨਹਾਰਿਆਂ ਦਾ ਜੀਵਨ ਮੁਕਤ ਹੈ ਇਸੇ ਲਈ ਉਹ ਸਾਨੂੰ ਵੀ ਮੁਕਤ ਹੋਣ ਦੀ ਪ੍ਰੇਰਨਾ ਦੇਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਇੱਕ ਕਬਿੱਤ ਰਾਹੀਂ ਬਹੁਤ ਹੀ ਸੁੰਦਰ ਉਦਾਹਰਨ ਦੇ ਕੇ ਸਮਝਾ ਰਹੇ ਹਨ ਕਿ ਗੁਰੂ ਆਪ ਕਿਵੇਂ ਮੁਕਤ ਹੈ ਅਤੇ ਆਪਣੇ ਗੁਰਸਿੱਖਾਂ ਨੂੰ ਕਿਵੇਂ ਮੁਕਤੀ ਬਖ਼ਸ਼ਦੇ ਹਨ। ਪਹਿਲੀ ਉਦਾਹਰਨ; ਜਿਵੇਂ ਕੋਈ ਗਵਾਲਾ ਘਰ ਤੋਂ ਗਊਆਂ ਨੂੰ ਚਰਾਉਣ ਲਈ ਬਾਹਰ ਖੁਲ੍ਹੀ ਜੂਹ ਵਿੱਚ ਲੈ ਕੇ ਜਾਂਦਾ ਹੈ, ਰਸਤੇ ਵਿੱਚ ਆਸੇ-ਪਾਸੇ ਖੇਤਾਂ ਵਿੱਚ ਕਿਸਾਨਾਂ ਨੇ ਫਸਲ ਬੀਜੀ ਹੁੰਦਾ ਹੈ ਪਰ ਸਿਆਣਾ ਗਵਾਲਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਕਿਸੇ ਦੀ ਫਸਲ ਵਿੱਚ ਮੇਰੀਆਂ ਗਉਆਂ ਮੂੰਹ ਨਾ ਮਾਰਨ। ਇਸ ਤਰ੍ਹਾਂ ਕਰਦਿਆਂ ਹੋਇਆਂ ਗਉਆਂ ਨੂੰ ਘਾਹ ਨਾਲ ਰਜਾ ਕੇ ਸ਼ਾਮ ਨੂੰ ਘਰ ਲੈ ਆਉਂਦਾ ਹੈ। ਦੂਜੀ ਉਦਾਹਰਨ; ਜਿਵੇਂ ਕੋਈ ਰਾਜਾ ਧਰਮੀ ਹੋਵੇ ਅਤੇ ਰਾਜਨੀਤੀ ਵਿੱਚ ਵੀ ਪ੍ਰਪੱਕ ਹੋਵੇ ਜਿਸ ਕਾਰਨ ਉਸ ਰਾਜੇ ਦੀ ਪਰਜਾ ਬਹੁਤ ਸੁਖੀ ਵਸਦੀ ਹੋਵੇ। ਤੀਜੀ ਉਦਾਹਰਨ; ਜਿਵੇਂ ਕੋਈ ਮਲਾਹ ਬੜਾ ਸਿਆਣਾ ਹੋਵੇ ਅਤੇ ਪਾਣੀ ਦੀਆਂ ਛੱਲਾਂ ਤੋਂ ਬੇੜੀ ਨੂੰ ਲੰਘਾ ਕੇ ਕਿਨਾਰੇ ’ਤੇ ਲਗਾ ਦਿੰਦਾ ਹੈ ਪਰ ਬੇੜੀ ਨੂੰ ਡੁੱਬਣ ਨਹੀਂ ਦਿੰਦਾ, ਠੀਕ ਇਸੇ ਤਰ੍ਹਾਂ ਗੁਰੂ ਜੀ ਬ੍ਰਹਮ ਵਿੱਚ ਲੀਨ ਹੁੰਦੇ ਹਨ ਅਤੇ ਸਿੱਖਾਂ ਨੂੰ ਸਮਝਾ ਕੇ ਜੀਵਨ ਮੁਕਤਿ ਕਰ ਦਿੰਦੇ ਹਨ; ‘ਜੈਸੇ ਗੁਆਰ ਗਾਇਨ ਚਰਾਵਤ ਜਤਨ ਬਨ, ਖੇਤ ਨ ਪਰਤ ਸਬੈ ਚਰਤ ਅਘਾਇ ਕੈ। ਜੈਸੇ ਰਾਜਾ ਧਰਮ ਸਰੂਪ ਰਾਜਨੀਤ ਬਿਖੈ, ਤਾ ਕੇ ਦੇਸ ਪਰਜਾ ਬਸਤ ਸੁਖ ਪਾਇ ਕੈ। ਜੈਸੇ ਹੋਤ ਖੇਵਟ ਚੇਤੰਨਿ ਸਾਵਧਾਨ ਜਾ ਮੈ, ਲਾਗੈ ਨਿਰਬਿਘਨ ਬੋਹਥ ਪਾਰਿ ਜਾਇ ਕੈ। ਤੈਸੇ ਗੁਰ ਉਨਮਨ ਮਗਨ ਬ੍ਰਹਮ ਜੋਤ, ਜੀਵਨ ਮੁਕਤਿ ਕਰੈ ਸਿਖ ਸਮਝਾਇ ਕੈ ॥੪੧੮॥ (ਭਾਈ ਗੁਰਦਾਸ ਜੀ, ਕਬਿੱਤ ੪੧੮) ਭੱਟ ਨਲ੍ਹ ਸਾਹਿਬਾਨ ਵੀ ਸਵੈਯਾ ਰਾਹੀਂ ਇਸ ਤਰ੍ਹਾਂ ਸਮਝਾਉਂਦੇ ਹਨ: ‘‘ਗੁਰ ਬਿਨੁ, ਸੁਰਤਿ ਨ ਸਿਧਿ, ਗੁਰੂ ਬਿਨੁ ਮੁਕਤਿ ਨ ਪਾਵੈ॥’’ (ਭਟ ਨਲੵ/੧੩੯੯) ਗੁਰੂ ਅਰਜਨ ਸਾਹਿਬ ਜੀ ਦਾ ਵੀ ਇਉਂ ਫ਼ੁਰਮਾਨ ਹੈ: ‘‘ਕਹੁ ਨਾਨਕ ਪ੍ਰਭਿ ਇਹੈ ਜਨਾਈ॥ ਬਿਨੁ ਗੁਰ ਮੁਕਤਿ ਨ ਪਾਈਐਭਾਈ॥’’ (ਮ:੫/੮੬੪) ਗੁਰਮਤਿ ਵਿੱਚ ਉਸ ਮੁਕਤੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ ਜੋ ਕੇਵਲ ਮਰਨ ਤੋਂ ਬਾਅਦ ਮਿਲਦੀ ਮੰਨੀ ਜਾਂਦੀ ਹੈ। ਭਗਤ ਨਾਮਦੇਵ ਜੀ ਦਾ ਇਹ ਬਚਨ ਕਿੰਨਾ ਢੁਕਵਾਂ ਹੈ: ‘‘ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥’’ (ਭਗਤ ਨਾਮਦੇਵ/੧੨੯੨) ਗੁਰੂ ਅਰਜਨ ਸਾਹਿਬ ਜੀ ਦੇ ਵੀ ਆਪਣੇ ਬਚਨ ਹਨ ਕਿ: ‘‘ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥’’ (ਮ:੫/੧੦੭੮) (ਜਾਂ) ‘‘ਰਾਜੁ ਨ ਚਾਹਉ, ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥’’ (ਮ:੫/੫੩੪) ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਇਹ ਸਵਾਲ ਰੱਖਿਆ ‘‘ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥ ਚਰਪਟੁ ਬੋਲੈ ਅਉਧੂ ਨਾਨਕ ! ਦੇਹੁ ਸਚਾ ਬੀਚਾਰੋ॥’’ (ਮ:੧/੯੩੮) ਤਾਂ ਇਸ ਸਵਾਲ ਦਾ ਜਵਾਬ ਗੁਰੂ ਜੀ ਨੇ ਇਸ ਤਰ੍ਹਾਂ ਦਿੱਤਾ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ, ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ! ਨਾਮੁ ਵਖਾਣੇ॥’’ (ਮ:੧/੯੩੮) ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਜਗਿਆਸੂ ਦੀ ਸੁਰਤਿ ਹੀ ਉਸ ਨੂੰ ਮੁਕਤਿ ਕਰਕੇ ਸੰਸਾਰ ਸਮੁੰਦਰ ਤੋਂ (ਭਾਵ ਮਾਯਾ ਦੇ ਬੰਧਨਾਂ ਤੋਂ) ਪਾਰ ਲੰਘਾ ਦੇਂਦੀ ਹੈ। ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਇਹੋ ਜਿਹਾ ਜੀਵਨ ਜਿਸ ਮਨੁੱਖ ਦਾ ਵੀ ਬਣ ਜਾਂਦਾ ਹੈ, ਉਹ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਵਾਰ ਵਾਰ ਚੇਤੇ ਰੱਖਦਾ ਹੈ: ‘‘ਨਾਰਾਇਨ ਨਰਪਤਿ ਨਮਸਕਾਰੈ॥ ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ, ਮੋਹਿ ਤਾਰੈ॥੧॥ ਰਹਾਉ॥ ਭਾਵ ਹੇ ਭਾਈ ! ਪ੍ਰਭੂ ਜੀ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ; ਪ੍ਰਭੂ ਪਾਤਿਸ਼ਾਹ ਨੂੰ ਸਦਾ ਨਮਸਕਾਰ ਕਰਦਾ ਹੈ, ਜਿਹੜਾ ਨਾਮ ਦੀ ਬਰਕਤ ਨਾਲ ਦੁਨੀਆਂ ਦੇ ਬੰਧਨਾਂ ਤੋਂ ਆਪ ਨਿਰਲੇਪ ਹੋ ਜਾਂਦਾ ਹੈ ਅਤੇ ਮੈਨੂੰ ਪਾਰ ਲੰਘਾਉਣ ਦੀ ਸਮਰੱਥਾ ਰੱਖਦਾ ਹੈ, ਐਸੇ ਗੁਰੂ ਤੋਂ ਸਦਾ ਕੁਰਬਾਣ ਜਾਣਾ ਚਾਹੀਦਾ ਹੈ। ਸਾਨੂੰ, ਸੋਚ-ਵਿਚਾਰ ਕੇ ਹੀ ਗੁਰੂ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਸੁਚੇਤ ਕਰਵਾਉਂਦੀ ਹੈ ਕਿ ‘‘ਕਾਚੇ ਗੁਰ ਤੇ ਮੁਕਤਿ ਨ ਹੂਆ॥ (ਮ:੧/੯੩੨), ਗੁਰੂ ਜਿਨਾ ਕਾ ਅੰਧੁਲਾ, ਚੇਲੇ ਨਾਹੀ ਠਾਉ॥ ਬਿਨੁ ਸਤਿਗੁਰ, ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ (ਮ:੧/੫੮), ਗੁਰੂ ਜਿਨਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ॥’’ (ਮ:੩/੯੫੧), ਆਦਿ। ਐਸੇ ਪਾਖੰਡੀ, ਦੰਭੀ, ਦੇਹਧਾਰੀ, ਅਖੌਤੀ ਗੁਰੂਆਂ ਤੋਂ ਬਚ ਕੇ ਕੇਵਲ ਉਸ ਨੂੰ ਆਪਣਾ ਗੁਰੂ ਬਨਾਉਣਾ ਚਾਹੀਦਾ ਹੈ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਹਨ: ‘‘ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ, ਨਾਨਕ ! ਹਰਿ ਗੁਨ ਗਾਉ॥’’ (ਮ:੫/੨੮੬) ਅਜਿਹੇ ਸਤਿਗੁਰ ਤੋਂ ਹੀ ਗੁਣਕਾਰੀ ਸਿਖਿਆ ਮਿਲਦੀ ਹੈ ਜਿਸ ਬਾਬਤ ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਗੁਰਦੇਵ ਪਿਤਾ ਜੀ ਫ਼ੁਰਮਾ ਰਹੇ ਹਨ: ‘‘ਕਵਨ ਕਵਨ ਕਵਨ ਗੁਨ ਕਹੀਐ, ਅੰਤੁ ਨਹੀ ਕਛੁ ਪਾਰੈ॥ ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੀਚਾਰੈ॥੧॥’’ ਭਾਵ ਹੇ ਭਾਈ  ! ਲੱਖਾਂ ਕ੍ਰੋੜਾਂ ਵਿੱਚੋਂ ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਗੁਰਮਤਿ ਲੈ ਕੇ ਇਉਂ ਸੋਚਦਾ ਹੈ ਕਿ ਪ੍ਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਮਤਿ ਵਿਹੂਣਾ ਮਨੁੱਖ ਤਾਂ ਪ੍ਰਭੂ ਦੇ ਗੁਣਾਂ ਦਾ ਅੰਤ ਪਾਉਣ ਵਾਲੇ ਪਾਸੇ ਲੱਗ ਕੇ ਮਨੁੱਖਾ ਜਨਮ ਅਜਾਈਂ ਗਵਾ ਲੈਂਦਾ ਹੈ ਜਦਕਿ ਗੁਰੂ ਨਾਲ ਜੁੜਿਆ ਹੋਇਆ ਜਗਿਆਸੂ ਮਨੁੱਖ ਪ੍ਰਭੂ ਜੀ ਦਾ ਅੰਤ ਪਾਉਣ ਦੀ ਬਜਾਏ ਉਸ ਵਿੱਚ ਲੀਨ ਹੋਣਾ ਲੋਚਦਾ ਹੈ ਅਤੇ ਵਿਚਾਰ ਅਧੀਨ ਸ਼ਬਦ ਦੇ ਅਖੀਰਲੇ ਬੰਦ ਵਿੱਚ ਦਰਜ ਭਾਵਨਾ ਵਿਅਕਤ ਕਰਦਾ ਹੈ: ‘‘ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ॥ ਕਹੁ ਨਾਨਕ ! ਸੰਤਨ ਰਸੁ ਆਈ ਹੈ, ਜਿਉ ਚਾਖਿ ਗੂੰਗਾ ਮੁਸਕਾਰੈ ॥੨॥’’ (੧੩੦੨) ਭਾਵ ਹੇ ਭਾਈ ! ਸੋਹਣੇ ਪ੍ਰਭੂ ਜੀ ਦੇ ਅਸਚਰਜ ਕੌਤਕਾਂ ਤੋਂ ਹੈਰਾਨ ਹੀ ਹੋ ਜਾਈਦਾ ਹੈ ਪਰ ਹੇ ਨਾਨਕ ! ਆਖ, ਕਿ ਸੰਤ ਜਨਾਂ ਨੂੰ ਹੀ ਆਤਮਕ ਜੀਵਨ ਦੇਣ ਵਾਲੇ ਨਾਮ ਰਸ ਦਾ ਸੁਆਦ ਆਉਂਦਾ ਹੈ ਜਿਸ ਨੂੰ ਉਹ ਬਿਆਨ ਨਹੀਂ ਕਰ ਸਕਦੇ; ਜਿਵੇਂ ਗੂੰਗਾ ਮਨੁੱਖ ਸੁਆਦ ਨੂੰ ਚੱਖ ਕੇ ਕੇਵਲ ਮੁਸਕਰਾ ਛੱਡਦਾ ਹੈ ਪਰ ਉਸ ਦਾ ਸੁਆਦ ਨਹੀਂ ਦੱਸ ਸਕਦਾ।

ਇਸ ਪਾਵਨ ਸ਼ਬਦ ਦੀ ਵੀਚਾਰ ਦਾ ਸਿੱਟਾ ਇਹ ਹੈ ਕਿ ਜੇ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਸੱਚੇ ਗੁਰੂ ਦੀ ਰਾਹੀਂ ਉਸ ਪ੍ਰਭੂ ਜੀ ਦੇ ਗੁਣਾਂ ਨਾਲ ਸਾਂਝ ਪਾਉਣੀ ਪਵੇਗੀ ਜਿਸ ਅੱਗੇ ਸਤਿਗੁਰੂ ਜੀ ਆਪ ਸ਼ੀਸ ਨਿਵਾਉਂਦੇ ਹਨ।