ਕਿਰਤ ਤੇ ਕਿਰਤੀ

0
158

ਕਿਰਤ ਤੇ ਕਿਰਤੀ

           ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)

ੴ ਸਤਿ ਗੁਰ ਪ੍ਰਸਾਦਿ॥

ਗੁਰਮਤਿ ਵਿੱਚ ਕਿਰਤ ਤੇ ਕਿਰਤੀ ਮਨੁੱਖ ਨੂੰ ਸਤਿਕਾਰਿਆ ਗਿਆ ਹੈ। ਵੇਹਲੜ ਜਾਂ ਮਖੱਟੂ ਕਿਸਮ ਦੇ ਲੋਕਾਂ ਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਾਰੰਗ ਰਾਗ ਅੰਦਰ ‘‘ਗਿਆਨ ਵਿਹੂਣਾ, ਗਾਵੈ ਗੀਤ ਭੁਖੇ ਮੁਲਾਂ, ਘਰੇ ਮਸੀਤਿ ਮਖਟੂ ਹੋਇ ਕੈ, ਕਨ ਪੜਾਏ ਫਕਰੁ ਕਰੇ, ਹੋਰ ਜਾਤਿ ਗਵਾਏ’’ (ਮਹਲਾ /੧੨੪੫) ਬਚਨਾਂ ਰਾਹੀਂ ਉਨ੍ਹਾਂ ਵੇਹਲੜਾਂ ਨੂੰ ਨਿਜ ਸੁਆਰਥ ਦੀ ਪੂਰਤੀ ਲਈ ਧਾਰਮਿਕ ਭੇਖੀ ਮੰਨਿਆ ਅਤੇ ‘‘ਗੁਰੁ ਪੀਰੁ ਸਦਾਏ, ਮੰਗਣ ਜਾਇ ਤਾ ਕੈ, ਮੂਲਿ ਲਗੀਐ ਪਾਇ’’ (ਮਹਲਾ /੧੨੪੫) ਦਾ ਪਵਿਤ੍ਰ ਉਪਦੇਸ਼ ਦੇ ਕੇ ਉਨ੍ਹਾਂ ਦੀ ਸ਼ਰਨ ਲੈਣ ਤੋਂ ਮਨੁੱਖਤਾ ਨੂੰ ਸੁਚੇਤ ਕੀਤਾ ਸਗੋਂ ਇਸ ਦੀ ਬਜਾਇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ਨਾਨਕ! ਰਾਹੁ ਪਛਾਣਹਿ ਸੇਇ’’ (ਮਹਲਾ /੧੨੪੫) ਦੀ ਮਹਾਨ ਜੀਵਨ ਜਾਚ ਸਿਖਾਈ ਤਾਂ ਕਿ ਹਰ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ’’ (ਮਹਲਾ /੫੨੨) ਅਨੁਸਾਰ ਅਨੰਦ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੇ।

 ਉੱਚੀ ਨੀਵੀਂ ਕਿਰਤ ਦੇ ਵਿਤਕਰੇ ਤੋਂ ਨਿਰਲੇਪ ਹੋ ਕੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਕਿਰਤੀ ਭਗਤਾਂ ਨੂੰ ਆਪਣੇ ਬਰਾਬਰ ਦਾ ਸਥਾਨ ਦਿੱਤਾ ਇਸ ਤਰ੍ਹਾਂ ਕਿਰਤ ਅਤੇ ਕਿਰਤੀ ਨਾਲ ਇਨਸਾਫ਼ ਕਰਨ ਦੀ ਪਿਰਤ ਪਾ ਦਿੱਤੀ।

 ਓਧਰ ਘਰ-ਬਾਰ ਨੂੰ ਤਿਆਗ ਚੁੱਕੇ ਲੋਕਾਂ ਦੀ ਵਿਚਾਰਧਾਰ ਸੀ ਕਿ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਲਾਗੈ ਕਾਈ ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ’’ (ਮਹਲਾ /੯੩੯) ਇਸ ਦੇ ਉੱਤਰ ਵਿੱਚ ਗੁਰਮਤਿ ਦ੍ਰਿੜ੍ਹ ਕਰਾਉਦਿਆਂ ਗੁਰਦੇਵ ਜੀ ਨੇ ‘‘ਹਾਟੀ ਬਾਟੀ ਨੀਦ ਆਵੈ, ਪਰ ਘਰਿ, ਚਿਤੁ ਡੁੋਲਾਈ ਬਿਨ ਨਾਵੈ, ਮਨੁ ਟੇਕ ਟਿਕਈ, ਨਾਨਕ! ਭੂਖ ਜਾਈ ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ ਖੰਡਿਤ ਨਿਦ੍ਰਾ, ਅਲਪ ਅਹਾਰੰ, ਨਾਨਕ! ਤਤੁ ਬੀਚਾਰੋ’’ (ਮਹਲਾ /੯੩੯) ਦਾ ਮਹਾਨ ਉਪਦੇਸ਼ ਦੇ ਕੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ ਤੋਂ ਮੁਕਤ ਕਰ ਦਿੱਤਾ। ਹਿਰਦਾ ਘਰ-ਸ਼ਹਰ ਵਿੱਚ ‘‘ਸਹਜੇ ਸਚੁ ਵਾਪਾਰੋ’’  ਨੂੰ ਅਪਣਾ ਕੇ ਸਮਝ ਸਕੇ ਕਿ ਜ਼ਿੰਦਗੀ ਦਾ ਮਕਸਦ ਕਿਸੇ ਵਿਹਲੇ ਸਮੇਂ ’ਤੇ ਨਹੀਂ ਸੁੱਟ ਦੇਣਾ ਚਾਹੀਦਾ। ਇਸ ਨੂੰ ਸ਼ੁਗਲ ਦੀ ਖ਼ਾਤਰ ਨਹੀਂ ਵਰਤਣਾ, ਮਿਹਨਤ ਕਰਨੀ ਹੈ। ਇੱਕ ਜ਼ਿੰਮੀਦਾਰ ਨੇ ਖੇਤੀ ਵਿੱਚ, ਦੁਕਾਨਦਾਰ ਨੇ ਹੱਟੀ ਵਿੱਚ, ਵਾਪਾਰੀ ਨੇ ਵਾਪਾਰ ਵਿੱਚ ਅਤੇ ਇਕ ਮੁਲਾਜ਼ਮ ਨੇ ਨੌਕਰੀ ਵਿੱਚ ਸੱਚੀ ਮਿਹਨਤ ਕਰਨੀ ਹੈ।

ਸੋਰਠਿ ਰਾਗ ਅੰਦਰ ‘‘ਮਨੁ ਹਾਲੀ, ਕਿਰਸਾਣੀ ਕਰਣੀ’’…, ‘‘ਹਾਣੁ ਹਟੁ ਕਰਿ ਆਰਜਾ’’…., ‘‘ਸੁਣਿ ਸਾਸਤ ਸਉਦਾਗਰੀ’’…, ਲਾਇ ਚਿਤੁ ਕਰਿ ਚਾਕਰੀ’’..(ਮਹਲਾ /੫੯੫) ਰਾਹੀਂ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਇਨ੍ਹਾਂ ਕਿਰਤਾਂ ਰਾਹੀਂ ਧਨ ਤਾਂ ਕਮਾਇਆ ਜਾ ਸਕਦਾ ਹੈ, ਪਰ ‘‘ਬਾਬਾ! ਮਾਇਆ ਸਾਥਿ ਹੋਇ’’ (ਮਹਲਾ /੫੯੫) ਦੀ ਅਟਲ ਸਚਾਈ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤਾਂ ਕਿ ‘‘ਨਾਨਕ! ਵੇਖੈ ਨਦਰਿ ਕਰਿ, ਚੜੈ ਚਵਗਣ ਵੰਨੁ’’ (ਮਹਲਾ /੫੯੬) ਭਾਵ ਚੜ੍ਹਦੀ ਕਲਾ ਨਾਲ ਪ੍ਰਭੂ ਨਾਮ ਦੀ ਰੰਗਣ ਵਿੱਚ ਰੰਗਿਆ ਹੋਇਆ ‘‘ਤਾ ਸੁਖਿ ਲਹਹਿ ਮਹਲੁ’’ (ਮਹਲਾ /੫੯੬) ਭਾਵ ਪਰਮਾਤਮਾ ਦੀ ਹਜੂਰੀ ਦਾ ਅਨੰਦ ਮਾਣਦਾ ਹੈ।

ਵਾਪਾਰ ਦਾ ਭਾਵ ਹੈ ਕਿ ਵਸਤੂ ਨੂੰ ਇੱਕ ਥਾਂ ਤੋਂ ਖ਼ਰੀਦ ਕੇ ਕਿਸੇ ਦੂਜੀ ਥਾਂ ’ਤੇ ਵੇਚਣਾ ਅਤੇ ਲਾਭ ਪ੍ਰਾਪਤ ਕਰਨਾ। ਆਮ ਲੋਕਾਂ ਦੀ ਧਾਰਨਾ ਮੁਤਾਬਕ ਸਾਰੀਆਂ ਕਿਰਤਾਂ ਵਿੱਚੋਂ ਵਾਪਾਰ ਸਭ ਤੋਂ ਉੱਤਮ ਕਿਰਤ ਹੈ। ਰਾਜ ਨੀਤੀ ਪੰਚ ਤੰਤ੍ਰ ਵਿੱਚ ਲਿਖਿਆ ਹੈ ਮੰਗਣ ਨੀਚ, ਕਠਿਨ ਕਿਰਸਾਨੀ, ਕਾਰ ਹਥ ਦੀ ਉਞ ਨਿਮਾਣੀ ਪਰ ਅਧੀਨ ਹੈ ਸ਼ਾਹ ਬਲੋਟੀ, ਜਾਨਣ ਸਭ ਨੌਕਰੀ ਖੋਟੀ ਸਭਨੀ ਗੱਲੀਂ ਵਣਜ ਚੰਗੇਰਾ, ਓਡਾ ਲਾਹਾ ਜੇਡਾ ਜੇਰਾ

ਸਾਹਿਬ ਗੁਰੂ ਨਾਨਕ ਸਾਹਿਬ ਜੀ, ਬਾਕੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਧਰਮ ਨੂੰ, ਕੇਵਲ ਸੁਰਗ ਨਰਕ ਤੱਕ ਸੀਮਤ ਨਹੀਂ ਕੀਤਾ ਸਗੋਂ ਜੀਵਨ ਜੀਉਣ ਦਾ ਆਧਾਰ ਬਣਾਇਆ ਤਾਂ ਕਿ ‘‘ਧਰਮ ਸੇਤੀ ਵਾਪਾਰੁ ਕੀਤੋ, ਕਰਮੁ ਕੀਤੋ ਮਿਤੁ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ! ਧਨ ਜੋਬਨ ਸਿਉ ਚਿਤੁ’’ (ਮਹਲਾ /੭੫) ਦੀ ਖ਼ੁਆਰੀ ਤੋਂ ਮੁਕਤ ਹੋ ਸਕੇ ਅਤੇ ਸਮਝ ਸਕੇ ‘‘ਵਾਪਾਰੀ ਵਣਜਾਰਿਆ! ਆਏ ਵਜਹੁ ਲਿਖਾਇ ਕਾਰ ਕਮਾਵਹਿ ਸਚ ਕੀ, ਲਾਹਾ ਮਿਲੈ ਰਜਾਇ’’ (ਮਹਲਾ /੫੯)

ਪਹਿਲੇ ਜਾਮੇ ਵਿੱਚ ਹੀ ਸਾਹਿਬ ਜੀ ਨੇ ਗੁਰਮਤਿ ਦੇ ਮਹਾਨ ਸਿਧਾਂਤ ਨੂੰ ਮਨੁੱਖਤਾ ਤੱਕ ਪਹੁੰਚਾਣ ਹਿਤ ਲੰਮੇ ਪ੍ਰਚਾਰ ਦੋਰੇ ਕੀਤੇ ਉੱਥੇ ਖੇਤੀ, ਦੁਕਾਨ ਦਾਰੀ ਅਤੇ ਮੋਦੀ ਖ਼ਾਨੇ ਵਿੱਚ ਲਗਭਗ ਤਿੰਨ ਸਾਲ ਸੇਵਾ ਕਰਕੇ ਵਾਪਾਰ ਕਰਨ ਦਾ ਢੰਗ ਤਰੀਕਾ ਵੀ ਦਰਸਾ ਦਿੱਤਾ। ਗ੍ਰਹਿਸਤੀ ਨੇ ਕਿਵੇਂ ਮਾਇਆ ਵਿੱਚ ਨਿਰਲੇਪ ਰਹਿਣਾ ਹੈ, ਇਹ ਆਪਣੇ ਅਮਲੀ ਜੀਵਨ ਰਾਹੀਂ ਪੂਰਨੇ ਪਾ ਦਿੱਤੇ।

ਪਿਤਾ ਮਹਿਤਾ ਕਾਲੂ ਜੀ ਅਤੇ ਸਾਹਿਬ ਦੀ ਆਪਸੀ ਵਾਰਤਾਲਾਪ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਜਗਤ ਸਾਹਮਣੇ ਪ੍ਰਗਟ ਕੀਤਾ ‘‘ਦ੍ਵੈ ਘਟਿਕਾ ਜਬ ਬੀਤ ਗਈ, ਤਿਹ ਕਾਲ ਮੈ ਕਾਲੂ ਨੇ ਬਾਣੀ ਅਲਾਈ ਬਹੁ ਕਾਲ ਭਯੋ, ਸੁਲਤਾਨ ਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ ਸੁਨਿ ਪੰਕਜ ਲੋਕਨ ਬੈਣ ਭਣੇ, ਬਹੁ ਆਨਿ ਕਮਾਈ ਕਰੀ ਇਹ ਥਾਂਈ ਨਹਿ ਹਾਥ ਮੈ ਆਥਿ ਕਰੈ ਥਿਰਤਾ, ਉਤਆਵਤ ਹੈ, ਇਹ ਯੌਂ ਚਲ ਜਾਈ ਕਰ ਏਕ ਬਿਰਾਟਕਾ, ਸੰਚਿ ਕਰੀ ਨਹਿ, ਆਮਦ ਖਰਚੀ ਸਮਤਾਈ੩੯

ਆਪ ਜੀ ਦੀ ਚਰਨ ਛੋਹ ਤੋਂ ਭਾਈ ਭਗੀਰਥ, ਭਾਈ ਮਨਸੁਖ, ਸਾਲਸ ਰਾਇ ਜੌਹਰੀ ਅਤੇ ਭਾਈ ਮੂਲਾ ਜੀ ਵਰਗੇ ਵਾਪਾਰੀ ਜੀਵਨ ਵਣਜ ਵਿੱਚ ਵੀ ਲਾਭ ਪ੍ਰਾਪਤ ਕਰ ਗਏ। ਭਾਈ ਸਜਣ ਵਰਗਿਆਂ ਨੂੰ ‘‘ਚਾਕਰੀਆ ਚੰਗਿਆਈਆ, ਅਵਰ ਸਿਆਣਪ ਕਿਤੁ ਨਾਨਕ! ਨਾਮੁ ਸਮਾਲਿ ਤੂੰ, ਬਧਾ ਛੁਟਹਿ ਜਿਤੂ’’ (ਮਹਲਾ /੭੨੯) ਦਾ ਉਪਦੇਸ਼ ਦੇ ਕੇ ਬੰਧਨ ਮੁਕਤ ਕੀਤਾ।

ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨਿਆਵੀ ਵਾਪਾਰ ਦੇ ਨਾਲ ‘‘ਪ੍ਰਾਣੀ! ਤੂੰ ਆਇਆ ਲਾਹਾ ਲੈਣਿ’’ (ਮਹਲਾ /੪੩) ਦਾ ਪਵਿਤ੍ਰ ਸੰਦੇਸ਼ ਨਹੀਂ ਭੁਲਣਾ ‘‘ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ’’ (ਮਹਲਾ /੭੬੫)  ਦਾ ਵਾਪਾਰ ਕਰਨਾ ਹੈ ਕਿਉਂਕਿ ‘‘ਜੇ ਗੁਣ ਹੋਵਹਿ ਗੰਠੜੀਐ, ਮੇਲੇਗਾ ਸੋਈ’’ (ਮਹਲਾ /੭੨੯) ਅਨੁਸਾਰ ਪ੍ਰਭੂ ਦਾ ਮਿਲਾਪ ਮਨੁੱਖ ਨੂੰ ਹੋ ਸਕਦਾ ਹੈ।

  ਮਨੁੱਖੀ ਜ਼ਿੰਦਗੀ ਦਾ ਫ਼ਰਜ਼ ਦਰਸਾਉਦਿਆਂ ਸਾਹਿਬ ਜੀ ਨੇ ਫ਼ੁਰਮਾਇਆ ਕਿ ਜਿਵੇਂ ਜਗਤ ਅੰਦਰ ਪੈਦਾ ਹੋਇਆ ਹਰ ਮਨੁੱਖ ਧਨਵਾਨ ਹੋਣਾ ਲੋਚਦਾ ਹੈ, ਵਡਿਆਈ ਦੀ ਇੱਛਾ ਰੱਖਦਾ ਹੈ ਉਸੇ ਤਰ੍ਹਾਂ ਆਤਮਿਕ ਨਾਮ ਧਨ ਪ੍ਰਾਪਤ ਕਰ ਕੇ ‘‘ਜਿਨ੍ ਕੈ ਹਿਰਦੈ ਤੂ ਵਸਹਿ, ਤੇ ਨਰ ਗੁਣੀ ਗਹੀਰ’’ (ਮਹਲਾ /੧੨੮੭) ਦੀ ਪਦਵੀ ਪ੍ਰਾਪਤ ਕਰਨੀ ਹੈ। ਇਸ ਲਈ ਗੁਰਮਤਿ ਨੇ ਹਰ ਮਨੁੱਖ ਮਾਤ੍ਰ ਨੂੰ ਸੰਸਾਰ ਵਿੱਚ ਆਇਆ ਇਕ ਵਣਜਾਰਾ ਕਰਕੇ ਲਿਖਿਆ ਹੈ; ਜਿਵੇਂ ਫ਼ੁਰਮਾਨ ਹੈ ‘‘ਵਣਜੁ ਕਰਹੁ ਵਣਜਾਰਿਹੋ! ਵਖਰੁ ਲੇਹੁ ਸਮਾਲਿ ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ ਅਗੈ ਸਾਹੁ ਸੁਜਾਣ ਹੈ, ਲੈਸੀ ਵਸਤੁ ਸਮਾਲਿ (ਮਹਲਾ /੨੨), ਭਾਈ ਰੇ! ਰਾਮ ਕਹਹੁ ਚਿਤੁ ਲਾਇ ਹਰਿ ਜਸੁ ਵਖਰੁ ਲੈ ਚਲਹੁ, ਸਹੁ ਦੇਖੈ ਪਤੀਆਏ’’ (ਮਹਲਾ /੨੨)

 ਵਣਜ ਕਰਨ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰਨੀ ਬਣਦੀ ਹੈ ਕਿ ‘‘ਜਿਨਾ ਰਾਸਿ ਸਚੁ ਹੈ, ਕਿਉ ਤਿਨਾ ਸੁਖੁ ਹੋਇ ਖੋਟੈ ਵਣਜਿ ਵਣੰਜਿਐ, ਮਨੁ ਤਨੁ ਖੋਟਾ ਹੋਇ’’ (ਮਹਲਾ /੨੩) ਜੇ ਸਿਧਾਂਤ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਏ ਤਾਂ ‘‘ਬੰਧਨ ਸਉਦਾ ਅਣਵੀਚਾਰੀ’’ (ਮਹਲਾ /੪੧੬) ਬਣ ਜਾਂਦਾ ਹੈ ਤਾਂ ਤੇ ਸਾਹਿਬ ਦਾ ਇਹ ਫ਼ੁਰਮਾਨ ਹਰ ਸਮੇਂ ਯਾਦ ਰੱਖਣਯੋਗ ਹੈ ‘‘ਪਹਿਲਾ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ’’ (ਮਹਲਾ /੧੪੧੦)

ਗੁਰਮੁਖਾਂ ਨੇ ਸਤਿਗੁਰਾਂ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਮਾ ਕੇ ਪ੍ਰਭੂ ਨਾਮ ਨੂੰ ਵਣਜਿਆ ਹੈ ਅਥਵਾ ਗੁਣਾਂ ਦੀ ਪੂੰਜੀ ਵਿੱਚ ਵਾਧਾ ਕੀਤਾ ਹੈ। ਉਹ ਹਰੀ ਨਾਮ ਦੇ ਵਾਪਾਰੀ ਹਨ। ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲਉਗ ਸੁਪਾਰੀ ਸੰਤਹੁ ਬਨਜਿਆ ਨਾਮੁ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰਿ ਕੇ ਨਾਮ ਕੇ ਬਿਆਪਾਰੀ ਹੀਰਾ ਹਾਥਿ ਚੜਿਆ ਨਿਰਮੋਲਕੁ, ਛੂਟਿ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਬਿਉਹਾਰੀ ਸਾਚੀ ਬਸਤੁ ਕੇ ਭਾਰੁ ਚਲਾਏ, ਪਹੁਚੇ ਜਾਇ ਭੰਡਾਰੀ’’ (੧੧੨੩)

ਸਤਿਗੁਰ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਚੰਦ ਸੂਰਜ ਜਗਤ ਦੇ ਮਾਨੋ ਦੋ ਦੀਵੇ ਹਨ, ਚੌਦਾਂ ਲੋਕ ਬਾਜ਼ਾਰ ਹਨ, ਜਿੰਨੇ ਜੀਵਨ ਹਨ ਓਨੇ ਹੀ ਮਾਤ ਲੋਕ ਦੇ ਵਾਪਾਰੀ ਹਨ। ਜਦੋਂ ਜਗਤ ਰਚਨਾ ਵਿੱਚ ਹੱਟ ਖੁਲ੍ਹੇ, ਵਾਪਾਰ ਹੋਣ ਲੱਗ ਪਿਆ, ਜੋ ਵਾਪਾਰੀ ਇੱਥੇ ਪਹੁੰਚਦਾ ਹੈ, ਉਹ ਖੋਟਾ ਖਰਾ ਵਾਪਾਰ ਕਰਕੇ ਚੱਲਣਵਾਲਾ ਬਣਦਾ ਹੈ। ਧਰਮ ਰੂਪ ਦਲਾਲ, ਜੀਵਾਂ ਦੇ ਅਮਲਾਂ (ਭਾਵ ਕਰਮਾਂ) ਅਨੁਸਾਰ ਨਿਸ਼ਾਨ ਪਾਈ ਜਾਂਦਾ ਹੈ। ਗੁਰੂੂ ਜੀ ਫ਼ੁਰਮਾਂਦੇ ਹਨ ਕਿ ਪ੍ਰਭੂ ਦੇ ਹੱਟ ’ਤੇ ਨਾਮ ਰੂਪ ਲਾਭ ਹੀ ਪ੍ਰਵਾਣ ਹੈ। ਜੋ ਮਨੁੱਖ ਨਾਮ ਦਾ ਲਾਹਾ ਖੱਟ ਕੇ ਨਿਜ ਘਰ (ਭਾਵ ਨਿਜ ਸਰੂਪ) ਵਿੱਚ ਆਏ ਓਨਾ ਨੂੰ ਵਧਾਈ ਅਤੇ ਸਚ ਨਾਮ ਦੀ ਵਡਿਆਈ ਮਿਲਦੀ ਹੈ। ਫ਼ੁਰਮਾਨ ਹੈ ‘‘ਦੁਇ ਦੀਵੇ, ਚਉਦਹ ਹਟਨਾਲੇ ਜੇਤੇ ਜੀਅ ਤੇਤੇ ਵਣਜਾਰੇ ਖੁਲ੍ਰੇ ਹਟ, ਹੋਆ ਵਾਪਾਰੁ ਜੋ ਪਹੁਚੈ, ਸੋ ਚਲਣਹਾਰੁ ਧਰਮੁ ਦਲਾਲੁ ਪਾਏ ਨੀਸਾਣੁ ਨਾਨਕ! ਨਾਮੁ ਲਾਹਾ ਪਰਵਾਣੁ ਘਰਿ ਆਏ ਵਜੀ ਵਾਧਾਈ ਸਚ ਨਾਮ ਕੀ ਮਿਲੀ ਵਡਿਆਈ’’ (ਮਹਲਾ /੭੮੯)

ਭਾਈ ਗੁਰਦਾਸ ਜੀ; ਆਪਣੀ ਰਚਨਾ ਵਿੱਚ ਵਾਰ ਨੰ. 13 ਦੀ ਪਉੜੀ ਨੰ. 21 ਰਾਹੀਂ ਦਰਸਾਉਂਦੇ ਹਨ ਕਿ ਸੱਚਾ ਸਉਦਾ ਸੱਚੇ ਪਾਤਿਸ਼ਾਹ ਦੀ ਹੱਟ ਤੋਂ ਹੀ ਮਿਲਦਾ ਹੈ। ਕਥਨ ਹੈ ‘‘ਸਉਦਾ ਇਕਤੁ ਹਟਿ ਹੈ, ਸਾਹੁ ਸਤਿਗੁਰੁ ਪੂਰਾ ਅਉਗੁਣ ਲੈ ਗੁਣ ਵਿਕਣੈ, ਵਚਨੈ ਦਾ ਸੂਰਾ ਸਫਲੁ ਕਰੈ ਸਿੰਮਲੁ ਬਿਰਖੁ, ਸੋ ਵਰਨੁ ਮਨੂਰਾ ਵਾਸੁ ਸੁਵਾਸੁ ਨਿਵਾਸੁ ਕਰਿ, ਕਾਉ ਹੰਸੁ ਊਰਾ ਘੁਘੂ ਸੁਝ ਸੁਝਇਦਾ, ਸੰਖ ਮੋਤੀ ਚੂਰਾ ਵੇਦ ਕਤੇਬਹੁ ਬਾਹਰਾ, ਗੁਰ ਸਬਦੁ ਹਜੂਰਾ’’ (ਵਾਰ ੧੩/ ਪਉੜੀ ੨੧)

ਗੁਰੂ ਅਮਰਦਾਸ ਜੀ ਨੇ ਵੀ ਜੀਵ ਨੂੰ ਆਤਮਿਕ ਜੀਵਨ ਦੀ ਉੱਨਤੀ ਵੱਲ ਪ੍ਰੇਰਦਿਆਂ ਉਪਦੇਸ਼ ਕੀਤਾ ‘‘ਹਰਿ ਰਾਸਿ ਮੇਰੀ, ਮਨੁ ਵਣਜਾਰਾ ਹਰਿ ਰਾਸਿ ਮੇਰੀ ਮਨੁ ਵਣਜਾਰਾ, ਸਤਿਗੁਰ ਤੇ ਰਾਸਿ ਜਾਣੀ’’ (ਮਹਲਾ /੯੨੧)

ਪਰਮਾਤਮਾ ਆਦਰਸ਼ ਗੁਣਾਂ ਦਾ ਪ੍ਰਤੀਕ ਹੈ। ਮਨ ਵਿੱਚ ਉੱਨਤੀ ਕਰਨ ਲਈ ਰੱਬ ਦਾ ਨਾਮ; ਸ਼ਕਤੀ ਹੈ। ਮਨ ਉਨ੍ਹਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਪਰ ਇਹ ਪ੍ਰਾਪਤੀ ਇਕ ਦਿਨ ਵਿੱਚ ਨਹੀਂ ਹੋਣੀ ਬਲਕਿ ਇਕ ਵਾਪਾਰੀ ਦੀ ਤਰ੍ਹਾਂ ਲਗਾਤਾਰ ਯਤਨ ਕਰਨ ਨਾਲ ਹੋਵੇਗੀ। ਹਰ ਰੋਜ਼ ਪੜਤਾਲ ਕਰਨੀ ਪੈਣੀ ਹੈ ਕਿ ਅੱਜ ਮੇਰੀ ਆਤਮਿਕ ਤੌਰ ’ਤੇ ਕਿੰਨੀ ਕੁ ਉੱਨਤੀ ਹੋਈ ਹੈ। ਅੱਜ ਜੀਵਨ ਤੋਂ ਕੀ ਲਾਭ ਪ੍ਰਾਪਤ ਹੋਇਆ ਹੈ। ਫ਼ੁਰਮਾਨ ਕੀਤਾ ਹੈ ‘‘ਹਰਿ ਹਰਿ ਨਿਤ ਜਪਿਹੁ ਜੀਅਹੁ, ਲਾਹਾ ਖਟਿਹੁ ਦਿਹਾੜੀ’’ (ਮਹਲਾ /੯੨੧) ਇਸ ਤਰ੍ਹਾਂ ਜਿਨ੍ਹਾਂ ਨੇ ਸਚੇ ਨਾਮ ਦੇ ਵਾਪਾਰ ਨੂੰ ਖ਼ਰੀਦਿਆ, ਉਨ੍ਹਾਂ ਪਰਥਾਏ ਗੁਰਬਾਣੀ ਨੇ ਇਸ ਤਰ੍ਹਾਂ ਫ਼ੁਰਮਾਇਆ ਹੈ ‘‘ਇਹੁ ਵਾਪਾਰੁ ਵਿਰਲਾ ਵਾਪਾਰੈ ਨਾਨਕ! ਤਾ ਕੈ, ਸਦ ਬਲਿਹਾਰੈ (ਮਹਲਾ /੨੮੩), ਸਤ ਕੈ ਖਟਿਐ, ਦੁਖੁ ਨਹੀ ਪਾਇਆ (ਮਹਲਾ /੩੭੨), ਕਹੁ ਨਾਨਕ! ਕਿਰਪਾ ਕਰੇ, ਜਿਸ ਨੋ ਇਹ ਵਥ ਦੇਇ ਜਗ ਮਹਿ ਉਤਮ ਕਾਢੀਅਹਿ, ਵਿਰਲੇ ਕੇਈ ਕੇਇ’’ (ਮਹਲਾ /੫੧੭)

‘‘ਕਰਿ ਮਨ ਮੇਰੇ! ਸਤਿ ਬਿਉਹਾਰ’’  (ਸੁਖਮਨੀ/ਮਹਲਾ /੨੮੧) ਦੇ ਪਵਿਤ੍ਰ ਉਪਦੇਸ਼ ਰਾਹੀਂ ਅਜਿਹਾ ਆਤਮਿਕ ਵਣਜ ਕਰਨ ਵਾਲੇ ਜਗਿਆਸੂਆਂ ਨੂੰ ਦੁਨਿਆਵੀ ਵਜੋਂ ਵੀ ਚੰਗੇ ਬਿਉਹਾਰ ਦੀ ਸਮਝ ਆ ਗਈ; ਜਿਵੇਂ ਪ੍ਰੇਮ ਸੁਮਾਰਗ ਗ੍ਰੰਥ ਵਿੱਚ ਅੰਕਿਤ ਹੈ ਕਿਰਤ ਜੋ ਕਰੇ ਧਰਮ ਦੀ ਕਰੇ, ਸਭ ਤੇ ਉਤਮ ਕਿਰਤ ਸਉਦਾਗਰੀ ਹੈ ਉਸ ਤੇ ਖੇਤੀ ਹੈ ਬਿਉਹਾਰ ਮੈ ਲੈਣੇ ਦੇਣੇ ਮੈ ਏਕ ਹੀ ਬਾਤ ਕਰੈ, ਦੂਸਰੀ ਕਰੈ, ਮਿਥਿਆ ਬਿਉਹਾਰ ਕਰੈ, ਅਰ ਕੋਈ ਕਿਸੀ ਕੋ ਕਸਬ ਕਰਨੇ ਤੇ ਅਬੈ ਰਖੈ, ਕਸਬ ਕਰਨਾ, ਕਿਆ ਉਤਮ ? ਕਿਆ ਮਧਮ ? ਕਿਆ ਨੀਚ ? ਬਡੀ ਭਗਤੀ ਹੈ, ਇਸ ਬਰਾਬਰ ਔਰ ਭਗਤਿ ਨਾਹੀ, ਜੋ ਕਸਬ ਕਰ ਕੈ ਬੰਦਗੀ ਕਰੈ

ਅਜਿਹੇ ਧਰਮੀ ਮਨੁੱਖਾਂ ਦੇ ਦੁਨਿਆਵੀ ਵਾਪਾਰ ਦੁਆਰਾ ਕਮਾਇਆ ਧਨ ਅਤੇ ਹੋਰ ਸਾਧਨ ਪਵਿਤ੍ਰ ਹੋ ਜਾਂਦੇ ਹਨ ਜੋ ਖ਼ਲਕਤ ਦੇ ਭਲੇ ਹਿਤ ਵਰਤੀਦੇ ਹਨ। ਸਾਹਿਬ ਦਾ ਫ਼ੁਰਮਾਨ ਹੈ ‘‘ਗੁਰਮੁਖਿ ਸਭ ਪਵਿਤੁ ਹੈ, ਧਨੁ ਸੰਪੈ ਮਾਇਆ ਹਰਿ ਅਰਥਿ ਜੋ ਖਰਚਦੇ, ਦੇਂਦੇ ਸੁਖੁ ਪਾਇਆ’’ (ਮਹਲਾ /੧੨੪੬)

ਮਨੁੱਖ ਨੇ ਜਿੱਥੇ ਦੁਨੀਆਵੀ ਵਾਪਾਰ ਕਰ ਉੱਨਤੀ ਕਰਨੀ ਹੈ, ਉੱਥੇ ਪ੍ਰਾਪਤ ਸੁਆਸਾਂ ਦੀ ਪੂੰਜੀ ਨਾਲ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਨ ਲਈ ਗੁਰਬਾਣੀ ਸਮਝਣ ਸਮਝਾਉਣ ਦਾ ਉਪਰਾਲਾ ਕਰਨਾ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਹਮ ਧਨਵੰਤ ਭਾਗਠ ਸਚ ਨਾਇ’’ (ਮਹਲਾ /੧੮੫) ਦੀ ਪ੍ਰਾਪਤੀ ਤਾਂ ਹੀ ਹੋਈ ਜਦੋਂ ਮੈ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ ਤਾ, ਮੇਰੈ ਮਨਿ, ਭਇਆ ਨਿਧਾਨਾ ਰਤਨ ਲਾਲ, ਜਾ ਕਾ ਕਛੂ ਮੋਲੁ ਭਰੇ ਭੰਡਾਰ ਅਖੂਟ ਅਤੋਲ ਖਾਵਹਿ ਖਰਚਹਿ, ਰਲਿ ਮਿਲਿ ਭਾਈ ਤੋਟਿ ਆਵੈ, ਵਧਦੋ ਜਾਈ’’ (ਮਹਲਾ /੧੮੬) ਗੁਰਬਾਣੀ ਦਾ ਇਹ ਖਜ਼ਾਨਾ ਐਨਾ ਅਖੁੱਟ ਹੈ ਕਿ ‘‘ਤਿਚਰੁ ਮੂਲਿ ਥੁੜਂੀਦੋ; ਜਿਚਰੁ ਆਪਿ ਕ੍ਰਿਪਾਲੁ ॥  ਸਬਦੁ ਅਖੁਟੁ ਬਾਬਾ ਨਾਨਕਾ; ਖਾਹਿ ਖਰਚਿ ਧਨੁ ਮਾਲੁ ’’ (ਮਹਲਾ /੧੪੨੬)

ਜਗਤ ਰਚਨਾ ਵਿੱਚ ਸਪੁੱਤਰ ਹੋਣ ਦਾ ਮਾਣ ਉਸੇ ਨੂੰ ਪ੍ਰਾਪਤ ਹੁੰਦਾ ਹੈ ਜੋ ਪਿਤਾ ਵੱਲੋਂ ਦਿੱਤੀ ਸੁਆਸ ਪੂੰਜੀ ਨਾਲ ਲਾਭ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ ‘‘ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ, ਕਹੀਏ ਸਪੂਤ ਲਾਭ ਲਭਤ ਕੈ ਆਨੀਐ’’ (ਕਬਿੱਤ੧੧੮/ਭਾਈ ਗੁਰਦਾਸ ਜੀ)

ਮਨੁੱਖ ਵਣਜਾਰੇ ਨੂੰ ਆਤਮਿਕ ਸੂਝ ਦਿੰਦਿਆਂ ਵੀ ਸਾਹਿਬ ਨੇ ਫ਼ੁਰਮਾਇਆ ਹੈ ‘‘ਵਣਜੁ ਕਰਹੁ ਮਖਸੂਦੁ ਲੈਹੁ, ਮਤ ਪਛੋਤਾਵਹੁ……. ਤਾਂ ਵਾਪਾਰੀ ਜਾਣੀਅਹੁ, ਲਾਹਾ ਲੈ ਜਾਵਹੁ’’ (ਮਹਲਾ /੪੧੮)

 ਸੋ ਆਓ, ਗੁਰਬਾਣੀ ਰਾਹੀਂ ਵਾਪਾਰ ਦੇ ਇਸ ਸੰਕਲਪ ਨੂੰ ਸਮਝੀਏ ਤਾਂ ਕਿ ਸਾਹਿਬ ਦੁਆਰਾ ਦਿੱਤਾ ਪਵਿੱਤ੍ਰ ਉਪਦੇਸ਼ ਸਾਡੇ ਅੰਦਰ ਵਸ ਜਾਏ ਅਤੇ ਅਸੀਂ ਪ੍ਰਭੂ ਜੀ ਦੀ ਦਰਗਾਹ ਵਿੱਚ ਪਰਵਾਨ ਹੋਣ ਵਾਲੀ ਪੂੰਜੀ (ਖੇਪ) ਇਕੱਠੀ ਕਰ ਸਕੀਏ ਤਾਂ ਤੇ ਦ੍ਰਿੜ੍ਹ ਕਰਨਾ ਬਣਦਾ ਹੈ ‘‘ਸਚੁ ਵਾਪਾਰੁ ਕਰਹੁ ਵਾਪਾਰੀ ਦਰਗਹ ਨਿਬਹੈ ਖੇਪ ਤੁਮਾਰੀ’’ (ਮਹਲਾ /੨੯੩)