ਕੀਤੋਸੁ ਅਪਣਾ ਪੰਥੁ ਨਿਰਾਲਾ

0
152

ਕੀਤੋਸੁ ਅਪਣਾ ਪੰਥੁ ਨਿਰਾਲਾ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ ਐਂਡ ਐਡਮਨਿਸਟ੍ਰੇਸ਼ਨ)

ਧਰਮ ਦੀ ਮਹਾਨਤਾ ਵਿਸ਼ਵ ਵਿਆਪੀ ਹੈ। ਧਰਮ ਦਾ ਪਾਲਣ ਕਰਨਾ, ਹਰ ਪ੍ਰਾਣੀ ਮਾਤ੍ਰ ਲਈ ਜ਼ਰੂਰੀ ਮੰਨਿਆ ਗਿਆ ਹੈ। ਭਾਰਤ ਵਰਸ਼ ਵਿੱਚ ਤਾਂ ਇਹ ਖਿਆਲ ਬੜਾ ਅਰਥ ਭਰਪੂਰ ਹੈ ਕਿ ਜੇ ਧਰਮ ਖਤਰੇ ਵਿੱਚ ਪੈ ਜਾਏ ਤਾਂ ਪਰਮਾਤਮਾ ਨੂੰ ਇਸ ਦੇ ਬਚਾਅ ਲਈ ਕੋਈ ਉਪਾਅ ਕਰਨਾ ਪੈਂਦਾ ਹੈ। ਕਿਸੇ ਰਹਿਬਰ ਨੂੰ ਵਿਸ਼ੇਸ਼ ਤੌਰ ’ਤੇ ਭੇਜਣਾ ਪੈਂਦਾ ਹੈ। ਧਰਮ ਕੋਈ ਰਸਮ ਨਹੀਂ ਸਗੋਂ ਧਰਮ ਦਾ ਅਰਥ ਅਸੂਲ ਨਿਯਮ ਹੈ। ਗੁਰਮਤਿ ਨੇ ‘‘ਨਾਨਕ  ! ਜੀਅ ਉਪਾਇ ਕੈ, ਲਿਖਿ ਨਾਵੈ ਧਰਮੁ ਬਹਾਲਿਆ ॥’’ (ਮ: 2/463) ਨੂੰ ਪ੍ਰਵਾਨਿਆ ਹੈ; ਜਿਵੇਂ ਸਾਨੂੰ ਜੀਵਤ ਰਹਿਣ ਲਈ ਆਕਸੀਜਨ (ਹਵਾ) ਪਾਣੀ, ਪਰਸ਼ਾਦੇ ਦੀ ਜ਼ਰੂਰਤ ਹੁੰਦੀ ਹੈ; ਤਿਵੇਂ ਹੀ ਹਰ ਖੇਤਰ ਵਿੱਚ ਭਾਵੇਂ ਉਹ ਰਾਜਨੀਤਿਕ, ਸਮਾਜਿਕ, ਆਰਥਿਕ ਜਾਂ ਧਾਰਮਿਕ ਹੋਵੇ ਅਸੂਲ ਬੱਧ ਹੋਣਾ ਵੀ ਲੋੜੀਂਦਾ ਹੈ। ਨਹੀਂ ਤਾਂ ਧਰਮ (ਅਸੂਲ) ਵਿਹੂਣਾ ਹੋਣ ਨਾਲ ਸਾਡੀ ਜ਼ਿੰਦਗੀ ਦਾ ਹਰ ਪੱਖ ਮੁਰਦਾ ਹੋ ਜਾਵੇਗਾ।

ਭਾਰਤ ਦਰਸ਼ਨ (ਵਿਚਾਰਧਾਰਾ) ਵਿਚ ਅਜਿਹੇ ਆਦਰਸ਼ਾਂ ਦੀ ਵਧੇਰੇ ਪਰਧਾਨਤਾ ਤੇ ਮਹਾਨਤਾ ਰਹੀ ਹੈ, ਜਿਸ ਰਾਹੀਂ ਨਿਰੋਲ ਆਤਮਿਕ ਜੀਵਨ ਵੱਲ ਵਧੇਰੇ ਜ਼ੋਰ ਦਿੱਤਾ ਗਿਆ ਹੋਵੇ, ਪਰ ਸਮਾਜਿਕ, ਵਿਕਾਸ ਤੇ ਰਾਜਨੀਤਕ ਸੰਗਠਨ ਜਾਂ ਰਾਜ ਪ੍ਰਬੰਧ ਨੂੰ ਪਵਿਤ੍ਰਤਾ ਨਾਲ ਚਲਾਉਣ ਵੱਲ ਬਿਲਕੁਲ ਲਾਪਰਵਾਹੀ ਵਰਤੀ ਗਈ ਹੈ। ਇਸ ਉਪਰਾਮਤਾ ਦੇ ਨਿਯਮ ਜਾਂ ਚਾਲੇ ਨੇ ਸਾਡੀ ਜੀਵਨ ਤਾਣੀ ਨੂੰ ਸਦੀਆਂ ਤੱਕ ਅਜਿਹਾ ਉਲਝਾਇਆ ਹੈ ਕਿ ਅਸੀਂ ਜੀਵਨ ਸੰਗ੍ਰਾਮ ਵਿੱਚ ਜੂਝਣ ਯੋਗ ਹੀ ਨਾ ਰਹੇ । ਇਸ ਤਰ੍ਹਾਂ ਹਿੰਦੁਸਤਾਨੀ ਸਭਿਅਤਾ ਸਮਾਜਿਕ ਦੈਵੀ ਗੁਣਾਂ ਤੋਂ ਸਖਣੀ ਹੋ ਗਈ ਫਿਰ ਨਿਰੀ ਪੁਰੀ ਵਿਅਕਤੀਵਾਦੀ ਬਣ ਕੇ ਨਿਰਜਿੰਦ ਹੋ ਗਈ । ਪੰਦਰ੍ਹਵੀਂ, ਸੋਲਵੀਂ ਸਦੀ; ਜੁਗ ਗਰਦੀ ਦਾ ਸਮਾਂ ਸੀ ਜਦੋਂ ਸਮਾਜਿਕ ਤੇ ਰਾਜਨੀਤਿਕ ਪਰਿਵਰਤਨ ਆਏ ਇਸ ਸਮੇਂ ਭਗਤੀ ਲਹਿਰ ਆਪਣੇ ਪੂਰੇ ਜੋਬਨ ’ਤੇ ਸੀ, ਜਿਸ ਨੇ ਕਰਮਕਾਂਡ, ਪਾਖੰਡ, ਜਾਤਪਾਤ, ਆਦਿ ਅਨੇਕਾਂ ਸਮਾਜਿਕ ਸੁਧਾਰ ਲਿਆਉਣ ਦਾ ਯਤਨ ਕੀਤਾ। ਸਮੇਂ ਦੀ ਹਕੂਮਤ ਦੇ ਤਸੀਹੇ ਵੀ ਉਨ੍ਹਾਂ ਨੂੰ ਸਹਿਣ ਕਰਨੇ ਪਏ, ਉਨ੍ਹਾਂ ਭਗਤਾਂ ਦੇ ਦਰਸਾਏ ਆਦਰਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੋ ਸਦੀਵਕਾਲ ਲਈ ਸਾਡੀ ਅਗਵਾਈ ਕਰ ਰਹੇ ਹਨ ਪਰ ਫਿਰ ਵੀ ਬਹੁਤਾਤ ਲੋਕ ਜੀਵਨ ਮੁਕਤੀ, ਆਤਮਿਕ ਅਨੰਦ ਤੋਂ ਕੋਹਾਂ ਦੂਰ ਸਨ । ਘਰ-ਬਾਰ ਦੇ ਤਿਆਗੀਆਂ ਨੇ ਜਿੰਮੇਵਾਰੀਆਂ ਤੋਂ ਭਗੌੜੇ ਹੋ ਕੇ, ਹੋ ਸਕਦਾ ਹੈ ਕਿ ਨਿਜੀ ਤੌਰ ’ਤੇ ਕੁਝ ਆਨੰਦ ਮਾਣ ਲਿਆ ਹੋਵੇ ਪਰ ਸਮਾਜਿਕ ਭਲਾਈ ‘ਸਰਬੱਤ ਦੇ ਭਲੇ’ ਦਾ ਕਿਸੇ ਨੇ ਖਿਆਲ ਨਾ ਕੀਤਾ । ਇਸ ਸਾਰੀ ਬਰਬਾਦੀ ਦਾ ਮੁੱਖ ਕਾਰਨ ਚਿਰਾਂ ਤੋਂ ਚਲੀ ਆ ਰਹੀ ਵਿਖਾਵੇ ਦੇ ਤਿਆਗ ਦੀ ਥੋਥੀ ਵਿਚਾਰਧਾਰਾ ਹੀ ਸੀ ਜਿਸ ਅਨੁਸਾਰ ਜਗਤ ਜੰਜਾਲ ਨੂੰ ਛੱਡਣ ਤੋਂ ਬਿਨਾਂ ਆਤਮਿਕ ਸਾਂਤੀ ਨਹੀਂ ਮਿਲ ਸਕਦੀ ਸੀ ਭਾਵੇਂ ਸਮੇਂ-ਸਮੇਂ ਇੱਥੇ ਕਈ ਧਰਮ ਹੋਂਦ ਵਿਚ ਆਏ ਪਰ ਸਭ ਦੀ ਤਾਨ ਆਖਿਰ ਤਿਆਗ ’ਤੇ ਹੀ ਟੁੱਟਦੀ ਸੀ ਬੁੱਧ ਜੈਨ ਕੋਈ ਵੀ ਤਿਆਗ ਦਾ ਨਾਅਰਾ ਨਹੀਂ ਛੱਡ ਸਕੇ ਇਸ ਤੋਂ ਬਾਅਦ ਸਿੱਧਾਂ ਨਾਥਾਂ ਜੋਗੀਆਂ ਦੇ ਪੰਥ ਚਲੇ ਉਨ੍ਹਾਂ ਦੀ ਬੁਨਿਆਦ ਹੀ ਵਿਰਕਤੀ ਸੀ।

ਤਿਆਗੀ ਭਗੌੜੇ ਮਾੜੇ ਆਦਰਸ਼ ਦੇ ਸਿੱਟੇ ਵੀ ਮਾੜੇ ਨਿਕਲੇ ਜਿਸ ਸਦਕਾ ਵਿਦੇਸ਼ਾਂ ਤੋ ਮੁੱਠੀਭਰ ਜੱਥੇਬੰਦ ਲੋਕਾਂ ਨੇ ਧਾਵੇ ਬੋਲ ਕੇ ਕ੍ਰੋੜਾਂ ਲੋਕਾਂ ਨੂੰ ਨਿਡਰ, ਨਿਝੱਕ ਹੋ ਕੇ ਲੁੱਟਿਆ ਮਾਰਿਆ, ਇਹ ਸਾਰੀਆਂ ਮੁਸੀਬਤਾਂ ਤਿਆਗੀਆਂ ਜਾਂ ਕੰਦਰਾਂ ਵਿੱਚ ਬੈਠੇ ਤਿਆਗੀਆਂ ਨੇ ਨਹੀਂ ਝੱਲੀਆਂ ਸਗੋਂ ਘਰਬਾਰੀ ਗ੍ਰਿਹਸਤੀਆਂ ਨੂੰ ਹੀ ਸਾਹਮਣਾ ਕਰਨਾ ਪਿਆ, ਦੇਸ਼ ਦੀ ਦੌਲਤ ਇੱਜ਼ਤ ਸਭ ਕੁਝ ਲੁੱਟਿਆ ਗਿਆ, ਗਲਤ ਅਕੀਦਿਆਂ ਦੇ ਪੁਰਾਣੇ ਵਹਿਮਾਂ ਭਰਮਾਂ ਵਿੱਚ ਜਕੜਿਆ ਹਿੰਦ ਗੁਲਾਮ ਹੋ ਗਿਆ। ਇਹ ਸੱਚ ਹੈ ਕਿ ਕੋਈ ਕੌਮ ਕਿਸੇ ਦੂਜੇ ਨੂੰ ਗੁਲਾਮ ਨਹੀਂ ਬਣਾ ਸਕਦੀ ਜਦ ਤਕ ਗੁਲਾਮੀ ਦਾ ਸਮਾਨ ਮੁਕੰਮਲ ਨਾ ਹੋਵੇ। ਸੋਰਠਿ ਰਾਗ ਅੰਦਰ ਸਤਿਗੁਰੂ ਜੀ ਨੇ ਠੀਕ ਹੀ ਫ਼ੁਰਮਾਇਆ ਹੈ :

ਨਾਨਕ  ! ਅਉਗੁਣ ਜੇਤੜੇ, ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ, ਤ ਕਟੀਅਨਿ; ਸੇ ਭਾਈ, ਸੇ ਵੀਰ॥ (ਮ: ੧/੫੯੫)

ਅਜਿਹੇ ਸੰਕਟ ਕਾਲ ਸਮੇਂ ‘‘ਸਤਿਗੁਰ ਨਾਨਕ ਪ੍ਰਗਟਿਆ’’ ਜਾਂ ‘‘ਕਲਿ ਤਾਰਣ ਗੁਰੁ ਨਾਨਕੁ ਆਇਆ’’ ਜੀ ਨੇ ਸੰਸਾਰ ਵਿੱਚ ਆ ਕੇ ਇਕ ਨਵੀਂ ਰੌਸ਼ਨੀ ਤੇ ਨਵੀਂ ਨਰੋਈ ਅਗਵਾਈ ਕਰਦਿਆਂ ਸਿੱਖ ਧਰਮ ਦੀ ਬੁਨਿਆਦ ‘‘ਸਚੁ ਕੋਟੁ ਸਤਾਣੀ ਨੀਵ ਦੈ॥’’ ਅਨੁਸਾਰ ਬੜੀ ਮਜ਼ਬੂਤੀ ਨਾਲ ਰੱਖੀ।

ਮਾਨਵੀ ਜੀਵਨ ਦੇ ਔਗੁਣਾਂ ਦੀਆਂ ਜੰਜੀਰਾਂ ਕੱਟ ਕੇ ਸੰਸਾਰ ਨੂੰ ਸੁੰਦਰ ਦੈਵੀ ਗੁਣਾਂ ਨਾਲ ਸ਼ਿੰਗਾਰਿਆ। ਮਿ. ਕਨਿੰਘਮ ਦੇ ਸ਼ਬਦਾਂ ਵਿੱਚ ਇਹ ਸਿਹਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਰ ’ਤੇ ਸੱਜਿਆ ਕਿ ਉਹ ਸੱਚੇ ਤੇ ਸਹੀ ਸਿਧਾਂਤਾਂ ਦਾ ਅਨੁਭਵ ਕਰਨ, ਅਜਿਹੀਆਂ ਨੀਹਾਂ ਰੱਖਣ ਜਿਸ ’ਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਾਹਿਬਾਨ ਅਤੇ ਅਨੁਯਾਈ ਭਵਿੱਖ ਵਿੱਚ ਕੌਮੀਅਤ ਦੀ ਉਸਾਰੀ ਕਰ ਸਕਣ। ਅੱਗੇ ਚੱਲ ਕੇ ਇਹੀ ਲੇਖਕ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਉਨ੍ਹਾਂ ਗਲਤੀਆਂ ਤੋਂ ਬਚਾ ਲਿਆ ਜਿਨ੍ਹਾਂ ਦਾ ਭਾਰਤ ਵਾਸੀ ਸਦੀਆਂ ਤੋਂ ਸ਼ਿਕਾਰ ਹੁੰਦੇ ਆ ਰਹੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪ੍ਰਭੂ ਭਗਤੀ ਤੇ ਪਵਿਤ੍ਰ ਆਚਰਣ ‘‘ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ ॥’’ (ਮ: ੧/੬੨) ਦੀ ਤਹਿਜ਼ੀਬ (ਸਭਿਅਤਾ) ਜੀਵਨ ਜਾਚ ਬਖ਼ਸ਼ੀ । ਇਸ ਤਰ੍ਹਾਂ ਉਹ ਆਪਣੇ ਸਿੱਧੇ-ਸਾਧੇ ਸੁਤੰਤਰ ਬੇਤਅੱਸਬ ਅਤੇ ਫੋਕੀਆਂ ਰੀਤਾਂ ਰਸਮਾਂ ਤੋਂ ਆਜ਼ਾਦ ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ।’’ ਬਣਾ ਗਏ।

ਮਨੁੱਖਤਾ ਨੂੰ ਰਾਜ ਜੋਗੀ ਬਣਾਉਣਾ ਸਾਹਿਬ ਜੀ ਦੀ ਇਕ ਅਦਭੁੱਤ ਕਰਾਮਾਤ ਹੀ ਸੀ, ਅਨੋਖੀ ਕਾਢ ਹੀ ਸੀ। ਨਾਮ ਸਿਮਰਨ ਦੇ ਸਿਧਾਂਤ ਨਾਲ ਕਿਰਤ ਕਮਾਈ ਕਰਨ ਤੇ ਫਿਰ ਵੰਡ ਛੱਕਣ ਦੀ ਮਰਯਾਦਾ ਨੂੰ ਬਰਾਬਰੀ ’ਤੇ ਲਿਆ ਕੇ ‘‘ਜਿਉਂ ਜਲ ਕਵਲ ਅਲਿਪਤ ਹੈ, ਘਰਿਬਾਰੀ ਗੁਰਸਿਖ ਤਿਵਾਹੀ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੧੫) ਅਨੁਸਾਰ ਗ੍ਰਿਹਸਤੀ ਜੀਵਨ ਨੂੰ ਉਚਿਆਣਾ, ਉਨ੍ਹਾਂ ਦੀ ਹੀ ਵਡਿਆਈ ਹੈ। ਇਸੇ ਕਰਾਮਾਤੀ ਅਨੋਖੇ ਪਵਿਤ੍ਰ ਸਿਧਾਂਤ ਨੇ ਸਰੱਬਤ ਦੇ ਭਲੇ ਜੇਹੇ ਉੱਚੇ ਆਦਰਸ਼ ਨੂੰ ਅਮਲੀ ਰੂਪ ਦਿੱਤਾ, ਇਹ ਆਦਰਸ਼ ਦਿਮਾਗੀ ਵਿਚਾਰ ਦਾ ਅੰਗ ਤਾਂ ਪਹਿਲਾਂ ਵੀ ਕਈ ਵਾਰ ਬਣ ਚੁੱਕਾ ਸੀ, ਪਰੰਤੂ ਲਗਾਤਾਰ ਦਸ ਜਾਮਿਆਂ ਰਾਹੀਂ ਤਕਰੀਬਨ 239 ਸਾਲ ਕਰਮਯੋਗੀ ਖੇਤਰ ਵਿੱਚ ਲਿਆ ਕੇ ਬਾਬੇ ਨਾਨਕ ਜੀ ਨੇ ਹੀ ਪਰਤੱਖ ਤੌਰ ’ਤੇ ਮੂਰਤੀਮਾਨ ਕੀਤਾ।

ਇਹ ਸਿੱਖ ਲਹਿਰ ਦੀ ਮਹਾਨ ਖੂਬਸੂਰਤੀ ਹੈ ਕਿ ਇਹ ਦਸ ਗੁਰੂ ਸਾਹਿਬਾਨ ਮਹਾਪੁਰਸ਼ਾਂ ਦੀ ਅਗਵਾਈ ਵਿਚ ਨਿਰੰਤਰ ਵਧੀ ਫੁਲੀ। ਇਸ ਨੇ ਜਿੰਦਗੀ ਦੇ ਸਿਧਾਂਤਕ ਸਰਬ ਸਾਂਝੇ ਤੇ ਅਮਲੀ ਨਿਮਰ ਰਾਹ ਕਾਇਮ ਕੀਤੇ। ਆਮ ਤੌਰ ’ਤੇ ਲਹਿਰਾਂ ਉਠਦੀਆਂ ਹਨ, ਛੇਤੀ ਹੀ ਦਬ ਜਾਦੀਆਂ ਹਨ ਪਰ ਗੁਰੂ ਨਾਨਕ ਜੀ ਦੀ ਵੀਚਾਰਧਾਰਾ ਨੂੰ ਹੀ ਇਹ ਵਡਿਆਈ ਪ੍ਰਾਪਤ ਹੋਈ ਹੈ ਕਿ ‘‘ਥਿਰੁ ਨਾਰਾਇਣੁ ਥਿਰੁ ਗੁਰੂ, ਥਿਰੁ ਸਾਚਾ ਬੀਚਾਰੁ ॥’’ (ਮ: ੧/੯੩੪) ਦੀ ਅੱਟਲ ਸੱਚਾਈ ਨੂੰ ਪ੍ਰਗਟ ਕਰਦਿਆਂ ਸੈਂਕੜੇ ਵਰ੍ਹਿਆਂ ਤੋਂ ਨਿਰੰਤਰ ਵਹਿ ਕੇ ਭਾਰਤ, ਏਸ਼ੀਆ ਤੇ ਵਿਸ਼ਵ ਪੱਧਰ ’ਤੇ ਸਥਾਨੀ ਪ੍ਰਭਾਵ ਪਾ ਰਹੀ ਹੈ। ਸਤਿਗੁਰੂ ਜੀ ਨੇ ਕਿਰਤਮ ਪੂਜਾ ਭਾਵੇਂ ਕਿਸੇ ਕਿਸਮ ਦੀ ਵੀ ਹੋਵੇ, ਤੋਂ ਆਪਣੇ ਸਿੱਖਾਂ ਨੂੰ ਵਰਜਿਆ, ਜਿਸ ਬਾਬਤ ਬਾਅਦ ’ਚ ਪ੍ਰਚਲਿਤ ਹੋਇਆ ਕਿ ‘‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ..’’ ਦੀ ਮਹਾਨ ਪ੍ਰੇਰਨਾ ਕੀਤੀ ‘‘ੴ ਤੋਂ ਗੁਰ ਪ੍ਰਸਾਦਿ’’ ਤੱਕ ਇੱਕ ਅਕਾਲ ਪੁਰਖ ਦੇ ਸਦੀਵੀ ਗੁਣਾਂ ਨੂੰ ਬਿਆਨਿਆ। ਅਜਿਹੇ ਪ੍ਰਭੂ ਦੀ ਪ੍ਰਾਪਤੀ ਜਾਂ ਮੇਲ ਲਈ ਕੇਵਲ ਸੱਚੇ ਗੁਰੂ ਦਾ ਪੱਲਾ ਫੜਨ ਦੀ ਪ੍ਰੇਰਨਾ ਕੀਤੀ। ਮੂਲਮੰਤ੍ਰ ਵਿੱਚ ਦਰਸਾਏ ਰੱਬੀ ਗੁਣਾਂ ਦੀ ਗੁਰਬਾਣੀ ਵਿੱਚ ਥਾਂ-ਥਾਂ ਵਿਆਖਿਆ ਦਿਤੀ ‘‘ਞੰਞੈ, ਨਦਰਿ ਕਰੇ ਜਾ ਦੇਖਾ, ਦੂਜਾ ਕੋਈ ਨਾਹੀ ॥’’ (ਮ: ੧/੪੩੩) ਭਾਵ ਪ੍ਰਮਾਤਮਾ ਇੱਕੋ ਹੀ ਹੈ। ਜੋ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਸਰਬ ਵਿਆਪੀ ਵੀ ਹੈ ‘‘ਏਕੋ ਰਵਿ ਰਹਿਆ ਸਭ ਥਾਈ, ਏਕੁ ਵਸਿਆ ਮਨ ਮਾਹੀ ॥’’ (ਮ: ੧/੪੩੩) ਜਾਂ ‘‘ਹੈ ਭੀ ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ ॥’’ (ਮ: ੧/੬) ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਆਪ ਹੀ ਹੈ, ਹੋਰ ਬ੍ਰਹਮਾ, ਬਿਸ਼ਨ, ਮਹੇਸ਼ ਆਦਿ ਦੇਵਤੇ ਉਸੇ ਦੀ ਕਿਰਤ ਹੈ। ਇਹ ਦੇਵਤੇ ਸ੍ਰਿਸ਼ਟੀ ਦੇ ਕਰਤਾ, ਭਰਤਾ, ਹਰਤਾ ਨਹੀਂ। ਫੁਰਮਾਨ ਹੈ ‘‘ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ ਹੋਰ ਕੇਤੀ ਦਰਿ ਦੀਸੈ ਬਿਲਲਾਦੀ, ਮੈ ਗਣਤ ਨ ਆਵੈ ਕਾਈ ਹੇ ॥’’ (ਮ: ੧/੧੦੨੨) ਮੁਕਦੀ ਗੱਲ ਕਿ ‘‘ਕਰਣ ਕਾਰਣ ਸਮਰਥੁ ਹੈ, ਕਹੁ ਨਾਨਕ ਬੀਚਾਰਿ ॥’’ (ਮ: ੨/੧੪੮) ਅਨੁਸਾਰ ਇਸ ਰਚਨਾ ਦਾ ਸਾਰਾ ਕਾਰਜ ਉਸ ਨੇ ਆਪ ਹੀ ਕੀਤਾ ਹੈ ‘‘ਸਗਲ ਸਮਗ੍ਰੀ ਡਰਹਿ ਬਿਆਪੀ, ਬਿਨੁ ਡਰ ਕਰਣੈਹਾਰਾ ॥’’ (ਮ: ੫/੯੯੯) ਉਹ ਨਿਰਭਉ ਹੈ ਉਸ ਦਾ ਸਿਮਰਨ ਕਰਨ ਵਾਲੇ ਵੀ ਨਿਰਭਉ ਹੋ ਜਾਂਦੇ ਹਨ। ‘‘ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥’’ (ਮ: ੧/ ੯੩੧) ਉਹ ਵੈਰ ਵਿਰੋਧ ਤੋਂ ਮੁਕਤ ਸਾਰੀ ਸ੍ਰਿਸ਼ਟੀ ਦਾ ‘‘ਤੂੰ ਸਾਝਾ ਸਾਹਿਬੁ, ਬਾਪੁ ਹਮਾਰਾ ॥’’ (੯੭) ਹੈ।

ਅਲਖ ਅਪਾਰ ਅਗੰਮ ਅਗੋਚਰ, ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ, ਨਾ ਤਿਸੁ ਭਾਉ ਨ ਭਰਮਾ ॥ (ਮ: ੧/੫੯੭) ਭਾਵ ਉਸ ਦੀ ਹਸਤੀ ਕਾਲ ਰਹਿਤ ਸਵੈ ਰੂਪ ਵਿੱਚ ਪ੍ਰਗਟ ਹੋਈ ਹੈ ਉਸ ਨੇ ‘‘ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ ॥’’ (ਮ: ੧/੬) ਅਨੁਸਾਰ ਬੇਅੰਤ ਰਚਨਾ ਕੀਤੀ ਹੈ ਪਰ ਆਪ ਕਿਸੇ ਜੋਨੀ ਵਿੱਚ ਜੰਮਦਾ ਤੇ ਮਰਦਾ ਨਹੀ ‘‘ਥਾਪਿਆ ਨ ਜਾਇ, ਕੀਤਾ ਨ ਹੋਇ ॥’’ (ਮ: ੧/੨) ਉਹ ਸੈਭੰ ਹੈ, ਆਪ ਹੀ ਪੈਦਾ ਕਰ ਕੇ ਨਾਸ਼ ਕਰਤਾ ਵੀ ਆਪ ਹੀ ਹੈ। ਅਜਿਹੇ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਕੇਵਲ ਸਤਿਗੁਰੂ ਹੀ ਸਮਝਾ ਸਕਦਾ ਹੈ ‘‘ਗੁਰ ਪ੍ਰਸਾਦਿ’’ ਹੀ ਅਮਲੀ ਸਾਧਨ ਹੈ।

‘‘ਇਕਿ ਰਤਨ ਪਦਾਰਥ ਵਣਜਦੇ, ਇਕਿ ਕਚੈ ਦੇ ਵਾਪਾਰਾ ॥ ਸਤਿਗੁਰਿ ਤੁਠੈ ਪਾਈਅਨਿ, ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ ਕਿਨੈ ਨ ਲਧਿਆ, ਅੰਧੇ ਭਉਕਿ ਮੁਏ ਕੂੜਿਆਰਾ ॥ (ਮ: ੧/੧੪੧), ਸਤਿਗੁਰ ਸਬਦੀ ਪਾਧਰੁ ਜਾਣਿ ॥’’ (ਮ: ੧/ ੧੨੭੫) ਦੇ ਮਹਾਂਵਾਕ ਅਨੁਸਾਰ ਸਤਿਗੁਰੂ ਸ਼ਬਦ ਸਰੂਪ ਹੋ ਕੇ ਰੱਬ ਤੱਕ ਜਾਂ ਪਰਮਪਦ ਤਕ ਪੁੱਜਣ ਦਾ ਠੀਕ ਰਸਤਾ ਦੱਸਦਾ ਹੈ। ਅਮੋੜ ਮਨ ਨੂੰ ਗੁਰ ਸ਼ਬਦ ਦਾ ਅੰਕਸ ਹੀ ਗੁਰਮਤਿ ਗਾਡੀ ਰਾਹ ’ਤੇ ਤੋਰਦਾ ਹੈ ‘‘ਮਨੁ ਕੁੰਚਰੁ ਕਾਇਆ ਉਦਿਆਨੈ ॥ ਗੁਰੁ ਅੰਕਸੁ, ਸਚੁ ਸਬਦੁ ਨੀਸਾਨੈ ॥ ਰਾਜ ਦੁਆਰੈ, ਸੋਭ ਸੁ ਮਾਨੈ ॥’’ (ਮ: ੧/੨੨੧) ਗੁਰੂ ਹੀ ਹਰਿ ਮੰਦਰ ਤੀਕ ਪੁੱਜਣ ਲਈ ਪੌੜੀ ਹੈ, ਗੁਰੂ ਹੀ ਸੰਸਾਰ ਸਾਗਰ ਨੂੰ ਪਾਰ ਕਰਨ ਲਈ ਬੇੜੀ ਹੈ, ਗੁਰੂ ਪੱਥ ਦਰਸ਼ਕ ਹੈ। ਕੁਦਰਤੀ ਤੌਰ ’ਤੇ ਇੱਕ ਪੁਛ ਉੱਠਦੀ ਹੈ ਕਿ ਗੁਰੂ ਦੀ ਇਤਨੀ ਮਹਿਮਾ ਤੇ ਲੋੜ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ ਉਨ੍ਹਾਂ ਦਾ ਵੀ ਜਰੂਰ ਕੋਈ ਗੁਰੂ ਹੋਣਾ ਹੈ ਕਿਉਂਕਿ ਉਹ ਤਾਂ ਸਿਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਹੀ ਐਲਾਨ ਕਰਦੇ ਹਨ ‘‘ਮੈ ਆਪਣਾ ਗੁਰੁ ਪੂਛਿ ਦੇਖਿਆ; ਅਵਰੁ ਨਾਹੀ ਥਾਉ ॥’’ (ਮ: ੧/੧੪) ਇਸ ਦਾ ਉੱਤਰ ਵੀ ਉਨ੍ਹਾਂ ਦੀ ਅਲਾਹੀ ਬਾਣੀ, ਖਸਮ ਕੀ ਬਾਣੀ ਤੋਂ ਇੰਝ ਮਿਲਦਾ ਹੈ ‘‘ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ  ! ਗੁਰੁ ਮਿਲਿਆ ਸੋਈ ਜੀਉ ॥ (ਮ: ੧/੫੯੯), ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਭਾਵ ਗੁਰੂ ਨਾਨਕ ਸਾਹਿਬ ਜੀ ਪਾਰਬ੍ਰਹਮ ਪਰਮੇਸ਼ਰ ਗੁਰੂ ਤੋਂ ‘‘ਪਹਿਲਾਂ ਬਾਬੇ ਪਾਇਆ, ਬਖਸ ਦਰਿ; ਪਿਛੋ ਦੀ ਫਿਰਿ ਘਾਲਿ ਘੁਮਾਈ ॥, ਕਲਿ ਤਾਰਨ, ਗੁਰ ਨਾਨਕ ਆਇਆ।’’ ਦੀ ਸੇਵਾ ਨੂੰ ਨਿਭਾਇਆ। ਸ੍ਰਿਸ਼ਟੀ ਰਚਨਾ ਦਾ ਰਚੇਤਾ ਉਹ ਅਕਾਲ ਪੁਰਖ ਆਪ ਹੀ ਹੈ, ਇਹ ਰਚਨਾ ਵੀ ਰਚਨਹਾਰ ਦੀ ਤਰ੍ਹਾਂ ਬੇਅੰਤ ਹੈ, ਇਸ ਦੀ ਖੋਜ ਕਰਨ ਵਾਲਾ ਵਿਸਮਾਦ ਅਨੁਭਵ ਕਰ ਕੇ ਵਾਹ ਵਾਹ ਹੀ ਆਖਦਾ ਹੈ, ਪੂਰੀ ਤਰ੍ਹਾਂ ਬਿਆਨ ਕਰਨ ਜੋਗ ਨਹੀਂ ਰਹਿ ਜਾਂਦਾ। ਬਚਨ ਹਨ, ‘‘ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥ ਬ੍ਰਹਮਾ ਬਿਸਨੁ ਮਹੇਸੁ ਉਪਾਏ, ਮਾਇਆ ਮੋਹੁ ਵਧਾਇਦਾ ॥’’ (ਮ: ੧/੧੦੩੬) ਇਸ ਰਚਨਾ ਨੂੰ ਸਮਝਣ ਲਈ ਸਿਧਾਂ ਨੇ ਗੁਰੂ ਸਾਹਿਬ ਜੀ ਸਾਹਮਣੇ ਪ੍ਰਸ਼ਨ ਕੀਤਾ ‘‘ਆਦਿ ਕਉ ਕਵਨੁ ਬੀਚਾਰੁ ਕਥੀਅਲੇ, ਸੁੰਨ ਕਹਾ ਘਰ ਵਾਸੋ  ?’’ (ਮ: ੧/੯੪੦) ਸਤਿਗੁਰੂ ਜੀ ਨੇ ਬੜੇ ਸਹਿਜ ਵਿੱਚ ਉੱਤਰ ਦਿੱਤਾ ‘‘ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ, ਸੁੰਨ ਨਿਰੰਤਰਿ ਵਾਸੁ ਲੀਆ ॥’’ (ਮ: ੧/੯੪੦) ਇੱਕੋ ਮੁਕੰਮਲ ਜਵਾਬ ਹੈ ‘‘ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ॥’’ (ਮ: ੧/੪) ਇਹ ਸ੍ਰਿਸ਼ਟੀ ਕਿਉਂ ਪੈਦਾ ਕੀਤੀ  ? ਪੁਰਾਣੇ ਵੀਚਾਰਵਾਨਾਂ ਦਾ ਖਿਆਲ ਹੈ ਕਿ ਸਾਜਣ ਦਾ ਮੰਤਵ ਹੈ ਕਿ ਮਨੁੱਖ ਪ੍ਰਕ੍ਰਿਤੀ ਦੀ ਖੇਡ ਨੂੰ ਸਮਝ ਕੇ ਆਪਣੇ ਅਸਲੇ (ਮੂਲ ਪਰਮਾਤਮਾ) ਦਾ ਗਿਆਨ ਪ੍ਰਾਪਤ ਕਰੇ ਅਤੇ ਜਨਮ ਮਰਨ ਤੋਂ ਮੁਕਤ ਹੋਵੇ। ਸਾਹਿਬਾਂ ਦੇ ਅਨੁਸਾਰ ਪ੍ਰਕਿਤੀ ਸਾਜਣ ਦਾ ਮਨੋਰਥ, ਮਨੁੱਖੀ ਆਤਮਾ ਦਾ ਵਿਕਾਸ ਹੈ। ਫ਼ੁਰਮਾਨ ਹੈ ‘‘ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ, ਸੁ ਤਤੁ ਬੀਚਾਰੇ ॥੮॥ ਸਾਚੁ ਰਿਦੈ, ਸਚੁ ਪ੍ਰੇਮ ਨਿਵਾਸ ॥ ਪ੍ਰਣਵਤਿ ਨਾਨਕ  ! ਹਮ ਤਾ ਕੇ ਦਾਸ ॥੯॥੮॥’’ (ਮ: ੧/੨੨੪) ਜਿਸ ਦਾ ਭਾਵ ਹੈ ਕਿ ਪ੍ਰਭੂ ਨੇ ਸੰਸਾਰਕ ਰਚਨਾ ਇਸ ਲਈ ਕੀਤੀ ਹੈ ਕਿ ਮਨੁੱਖੀ ਆਤਮਾ ਉੱਨਤੀ ਕਰ ਕੇ ਪਰਮ ਮਨੁੱਖ ਅਰਥਾਤ ਸੰਤ, ਬ੍ਰਹਮ ਗਿਆਨੀ, ਗੁਰਮੁਖ ਦੀ ਪਦਵੀ ਪਾ ਸਕੇ। ‘‘ਗੁਰਮੁਖਿ ਧਰਤੀ, ਸਾਚੈ ਸਾਜੀ ॥ ਤਿਸ ਮਹਿ, ਓਪਤਿ ਖਪਤਿ, ਸੁ ਬਾਜੀ ॥’’ (ਮ: ੧/੯੪੧) ਇਹ ਧਰਤੀ ਸਚੇ ਗੁਰਮੁਖਿ ਪੈਦਾ ਕਰਨ ਲਈ ਸਾਜੀ ਹੈ। ਇਸ ਵਿਚ ਜਨਮ ਮਰਨ ਇਕ ਖੇਡ ਹੈ। ਇੱਥੇ ਰਹਿੰਦਿਆਂ ਘਰਬਾਰ ਛੱਡਣ ਜਾਂ ਕਾਰ ਵਿਹਾਰ ਤਿਆਗਣ ਦਾ ਕੋਈ ਲਾਭ ਨਹੀਂ । ਬਸ, ਆਪਣੀ ਕ੍ਰਿਆ ਦੇ ਆਸਰੇ ਫਿਰ ਦੁੱਖ ਨਹੀਂ ਹੋਵੇਗਾ। ਗੁਰੂ ਜੀ ਨੇ ਨਿਸ਼ਕਾਮ ਕਰਮ ’ਤੇ ਜੋਰ ਦਿੱਤਾ ਹੈ ਅਤੇ ਕਿਹਾ ਕਿ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਦੂਜਿਆਂ ਦੀ ਕਮਾਈ ’ਤੇ ਪਲਣ ਦੀ ਥਾਂ ’ਤੇ ਸੁਕ੍ਰਿਤ ਕਰ ਕੇ ਆਪਣਾ ਝਟ ਹੀ ਨਾ ਲੰਘਾਈਏ ਬਲਕਿ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾਏ । ਇਸ ਦ੍ਰਿਸ਼ਟੀਕੋਣ ਨੇ ਸੰਸਾਰ ਨੂੰ ਇਕ ਫੰਦੇ ਦੀ ਸ਼ਕਲ ਦੇਣ ਦੀ ਥਾਂ ਧਰਮਸਾਲ ਬਣਾ ਦਿੱਤਾ। ਜਿੱਥੇ ਅਸੀਂ ਹੁਕਮ ਮੰਨ ਕੇ ਵਿਚਰਨਾ ਹੈ, ਹਉਮੈ-ਮਮਤਾ ਦਾ ਨਾਸ ਕਰਨਾ ਹੈ, ਦੂਜਿਆਂ ਦੀ ਸੇਵਾ ਕਰਨੀ ਹੈ। ਅਜਿਹੀ ਰਹਿਣੀ ਉਦਾਸੀਨਤਾ ਦੀ ਥਾਂ ਦੁਨਿਆਵੀ ਜੀਵਨ ਵਿੱਚ ਉਤਸ਼ਾਹ ਤੇ ਚੜਦੀ ਕਲਾ ਭਰਪੂਰ ਜੀਵਨ ਨੂੰ ਸੁਖੀ ਬਣਾਉਣ ਦਾ ਵਸੀਲਾ ਬਣ ਗਈ। ਸੰਸਾਰ ਸੱਚੇ ਕਰਤਾਰ ਦੀ ਕਾਰ ਹੈ ਤੇ ਇਸ ਤਰ੍ਹਾਂ ਇਹ ਕਾਰ ਵੀ ਸੱਚ ਹੈ। ਚਾਰ ਦਿਨਾਂ ਦੀ ਖੇਡ ਨੂੰ ਉਨ੍ਹਾਂ ਦੇ ਦੱਸੇ ਨਿਯਮਾਂ ਅਨੁਸਾਰ ਖੇਡੀਏ ਤਾਂ ਜੀਵਨ ਸੁਖੀ ਹੋ ਜਾਏਗਾ। ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ‘‘ਢਢੈ, ਢਾਹਿ ਉਸਾਰੈ ਆਪੇ, ਜਿਉ ਤਿਸੁ ਭਾਵੈ ਤਿਵੈ ਕਰੇ ॥ ਕਰਿ ਕਰਿ ਵੇਖੈ ਹੁਕਮੁ ਚਲਾਏ, ਤਿਸੁ ਨਿਸਤਾਰੇ, ਜਾ ਕਉ ਨਦਰਿ ਕਰੇ ॥’’ (ਮ: ੧/੪੩੩)

ਵਰਣਾਂ ਦੀ ਵੰਡ ਵੈਦਿਕ ਕਾਲ ਤੋਂ ਆਰੰਭ ਹੋਈ ਸੀ ਪਰੰਤੂ ਉਸ ਸਮੇਂ ਵਰਣ ਬਦਲਣ ਦੀ ਖੁੱਲ੍ਹ ਸੀ ਹਰ ਇੱਕ ਮਨੁੱਖ ਕਿਸੇ ਇੱਕ ਵਰਣ ਦਾ ਧਰਮ ਆਪਣੀ ਮਰਜ਼ੀ ਨਾਲ ਅਪਣਾਅ ਸਕਦਾ ਸੀ। ਕੁਝ ਸਮੇਂ ਬਾਅਦ ਵਰਣ ਜਨਮ ਤੋਂ ਹੋਣ ਲੱਗ ਪਿਆ ਤੇ ਮੰਨੂ ਜੀ ਨੇ ਇਸ ਵਿਚਾਰ ਨੂੰ ਹੋਰ ਪੱਕਾ ਕਰ ਦਿੱਤਾ ਭਾਵੇਂ ਇਹ ਵੰਡ ਵਿਚਾਰਵਾਨਾਂ ਅਨੁਸਾਰ ਸਮਾਜਿਕ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਕੀਤੀ ਗਈ ਸੀ ਪਰ ਹੌਲੀ-ਹੌਲੀ ਇਸ ਨੇ ਧਰਮ ਦਾ ਰੂਪ ਧਾਰਨ ਕਰ ਲਿਆ ਫਿਰ ‘‘ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ ॥’’ (ਮ: ੨/੪੬੯) ਪਰ ਗੁਰੂ ਸਾਹਿਬ ਨੇ ਇਸ ਵਿਚਾਰ ਤੋਂ ਉਲਟ ਮਾਨਵੀ ਧਰਮ ਬਖਸ਼ਿਆ। ਫ਼ੁਰਮਾਨ ਕੀਤਾ ‘‘ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥’’ (ਮ: ੨/੪੬੯) ਸ਼ੂਦਰ ਤੇ ਇਸਤ੍ਰੀ ਦੀ ਬਰਾਬਰ ਦੁਰਗਤਿ ਕੀਤੀ ਜਾਂਦੀ ਰਹੀ। ਜਦੋਂ ਕਿਸੇ ਵਿਅਕਤੀ ਨੂੰ ਭਾਈਚਾਰੇ ਵਾਲੇ ਹੋਰ ਲੋਕਾਂ ’ਤੇ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਕੁਦਰਤੀ ਤੌਰ ’ਤੇ ਉਨ੍ਹਾਂ ਨੂੰ ਪੱਕੇ ਕਰਨ ਦਾ ਯਤਨ ਕਰਦਾ ਹੈ। ਆਪਣੀ ਪਦਵੀ ਨੂੰ ਕਾਇਮ ਰੱਖਣ ਲਈ ਕਈ ਕਿਸਮ ਦੇ ਭਰਮ ਮਨੁੱਖਤਾ ਵਿੱਚ ਫੈਲਾਉਂਦਾ ਹੈ, ਇਸੇ ਲਈ ਸਮਾਜ ਵਿੱਚ ਹਰ ਸੰਸਕਾਰ ਲਈ ਬ੍ਰਾਹਮਣ ਦੀ ਪ੍ਰੋਹਤਾਈ ਲਾਜ਼ਮੀ ਸੀ, ਜਿਸ ਕਾਰਨ ਵਰਣ ਦਾ ਇਹ ਨਿਜ਼ਾਮ ਸਮਾਜ ਲਈ ਘਾਤਕ ਸਿੱਧ ਹੋਇਆ। ਨਤੀਜੇ ਵਜੋਂ ‘‘ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥’’ (ਮ: ੧/੪੬੯) ਹੋਣ ਕਰ ਕੇ ਭਾਰਤ ਵਰਸ਼ ਗੁਲਾਮ ਹੋ ਗਿਆ ‘‘ਕਲਿ ਪਰਵਾਣੁ ਕਤੇਬ ਕੁਰਾਣੁ ॥ ਪੋਥੀ ਪੰਡਿਤ ਰਹੇ ਪੁਰਾਣ ॥ ਨਾਨਕ  ! ਨਾਉ ਭਇਆ ਰਹਮਾਣੁ ॥ ਕਰਿ ਕਰਤਾ ਤੂ ਏਕੋ ਜਾਣੁ ॥ (ਮ: ੧/੯੦੩), ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ ॥ ਦੇਵਲ ਦੇਵਤਿਆ ਕਰੁ ਲਾਗਾ, ਐਸੀ ਕੀਰਤਿ ਚਾਲੀ ॥ (ਮ: ੧/੧੧੯੧), ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ ॥ (ਮ: ੧/੧੧੯੧), ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ ॥ (ਮ: ੧/੬੬੩), ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥ (ਮ: ੧/੪੭੦), ਅਭਾਖਿਆ ਕਾ ਕੁਠਾ ਬਕਰਾ ਖਾਣਾ ॥’’ (ਮ: ੧/੪੭੨), ਆਦਿ ਸਮਾਜਿਕ ਸਥਿਤੀ ਰਾਹੀਂ ਦੇਸ਼ ਦਾ ਇਹ ਦਰਦਨਾਕ ਹਸ਼ਰ ਦੇਖ ਕੇ ਬਾਬੇ ਨਾਨਕ ਜੀ ਨੇ ‘‘ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ  ! ਤਾ ਪਰੁ ਜਾਪੈ, ਜਾ ਪਤਿ ਲੇਖੈ ਪਾਏ ॥ (ਮ: ੧/੮੩), ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥ ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ ॥ (ਮ: ੧/੧੩੩੦), ਤੂੰ ਸਾਹਿਬੁ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕੁ ਜਾਤਿ ਕੈਸੀ ॥’’ (ਮ: ੧/੩੫੮) ਦਾ ਹੋਕਾ ਦਿੱਤਾ। ਬਾਬੇ ਨੇ ਧਰਮ ਦੇ ਝਗੜੇ ਨਿਬੇੜਦਿਆਂ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ ॥’’ (ਮ: ੧/੧੧੮੮) ਦਾ ਫੈਸਲਾ ਸੁਣਾਇਆ। ਕਿਸੇ ਧਰਮ ਦੇ ਬਾਹਰਲੇ ਅੰਗ ਧਾਰਣ ਕਰਨ ਨਾਲ ਹੀ ਜੀਵਨ ਦਾ ਮਹੱਤਵ ਨਹੀਂ ਸਮਝਿਆ ਜਾ ਸਕਦਾ ਕਿਉਕਿ ਰੱਬੀ ਨਿਆਂ ਸਾਡੇ ਕਰਮਾਂ ’ਤੇ ਹੋਣਾ ਹੈ। ‘‘ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ ਸਚੋ ਸਚੁ ਵਖਾਣੈ ਕੋਇ ॥ ਨਾਨਕ  ! ਅਗੈ ਪੁਛ ਨ ਹੋਇ ॥’’ (ਮ: ੧/੯੫੨)

ਆਪ ਜੀ ਨੇ ਉਪਦੇਸ਼ ਦਿੱਤਾ ਕਿ ਜਿਨ੍ਹਾਂ ਮਾਵਾਂ ਦੇ ਉਦਰ ਤੋਂ ਅਸੀਂ ਪੈਦਾ ਹੁੰਦੇ ਹਾਂ ਜਿਸ ਨਾਲ ਬੰਧਾਨ-ਰਿਸਤੇਦਾਰੀਆਂ ਬਣਦੀਆਂ ਹਨ, ਸਮਾਜ ਦੀ ਸਿਰਜਣਾ ਹੁੰਦੀ ਹੈ, ਨਸਲ ਅੱਗੇ ਵਧਦੀ ਹੈ, ਉਨ੍ਹਾਂ ਨੂੰ ਸ਼ੂਦਰ ਦੱਸਣਾ, ਪੈਰ ਦੀ ਜੁੱਤੀ ਮੰਨਣਾ, ਵੱਡੀ ਭੁੱਲ ਹੈ। ‘‘ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥ (ਮ: ੧/ ੪੭੩) ਆਪ ਜੀ ਨੇ ਫੁਰਮਾਇਆ ਕਿ ਭਾਵੇਂ ਇਸਤ੍ਰੀ ਹੋਵੇ ਭਾਵੇਂ ਪੁਰਸ਼, ਜਿਸ ਮੂੰਹ ਤੋਂ ਪ੍ਰਭੂ ਦੀ ਸਿਫਤ-ਸਲਾਹ ਹੁੰਦੀ ਹੈ ਉਹ ਭਾਗਾਂ ਵਾਲਾ ਹੈ, ਸੱਚੇ ਦੇ ਦਰਬਾਰ ਵਿੱਚ ਉਹ ਮੁੱਖ ਉੱਜਲ ਹੋਣਗੇ। ਮੱਨੁਖੀ ਜੀਵਨ ਦੇ ਲਕਸ਼ ਦੀ ਗੱਲ ਕਰਦਿਆਂ ਆਪਾ ਪਛਾਣ ਕੇ ਨਿਰੰਕਾਰ ਨਾਲ ਲਿਵ ਜੋੜਨੀ ਹੈ ‘‘ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ  ?ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ  ?’’ (ਮ: ੧/੨੫) ਇਸ ਤਰ੍ਹਾਂ ਪਰਮ ਪਦ ਨੂੰ ਪ੍ਰਾਪਤ ਕਰਨ ਦੇ ਸਾਧਨ ਵੀ ਲੋਕਾਂ ਨੇ ਅਨੇਕਾਂ ਕਮਾਏ ਲੇਕਿਨ ਸਤਿਗੁਰੂ ਜੀ ਨੇ ਸਰਲ ਤੇ ਸੋਖਾ ਮਾਰਗ ਬਖਸ਼ਿਆ ‘‘ਗੁਰਮਤੀ ਕਾਲੁ ਨ ਆਵੈ ਨੇੜੈ, ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ, ਘਰ ਹੀ ਮਾਹਿ ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ ਆਪਣਾ, ਸੇ ਆਸਾ ਤੇ ਨਿਰਾਸਾ ॥’’ (ਮ: ੧/੧੪੦)

ਗੁਰੂ ਨਾਨਕ ਸਾਹਿਬ ਜੀ ਮਨੁੱਖਾ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਦੇ ਹਨ ‘ਗੁਰਮੁਖ ਤੇ ਮਨਮੁਖ’; ਗੁਰਮੁਖ ਤੋਂ ਭਾਵ ਹੈ ਜੋ ਅਵਗੁਣਾਂ ਨੂੰ ਤਿਆਗ ਕੇ ਸੱਚ ਦਾ ਅਹਿਸਾਸ ਕਰਦੇ-ਕਰਦੇ ਸੱਚ ਦੇ ਨੇੜੇ ਹੋ ਜਾਂਦੇ ਹਨ ‘‘ਪਰ ਦਾਰਾ ਪਰ ਧਨੁ ਪਰ ਲੋਭਾ, ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ, ਕਾਮੁ ਕ੍ਰੋਧੁ ਚੰਡਾਰ ॥੧॥ ਮਹਲ ਮਹਿ ਬੈਠੇ, ਅਗਮ ਅਪਾਰ ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ, ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥ ਦੁਖ ਸੁਖ ਦੋਊ ਸਮ ਕਰਿ ਜਾਨੈ, ਬੁਰਾ ਭਲਾ ਸੰਸਾਰ ॥’’ (ਮ: ੧/੧੨੫੬) ਇਸ ਦੇ ਮੁਕਾਬਲੇ ਮਨਮੁਖ ਦਾ ਜੀਵਨ ਇੰਝ ਅੰਕਿਤ ਕੀਤਾ ਹੈ ‘‘ਜਿਵ ਆਇਆ ਤਿਵ ਜਾਇਸੀ, ਕੀਆ ਲਿਖਿ ਲੈ ਜਾਇ ॥ ਮਨਮੁਖਿ ਮੂਲੁ ਗਵਾਇਆ, ਦਰਗਹ ਮਿਲੈ ਸਜਾਇ ॥’’ (ਮ: ੧/੧੩੩੧) ਇਸ ਲਈ ਗਿਆਨੀ ਪੁਰਸ ਕੌਣ ਹੋ ਸਕਦਾ ਹੈ, ਇਸ ਦਾ ਨਿਰਣਾ ਇਸ ਤਰ੍ਹਾਂ ਕੀਤਾ ਹੈ ‘‘ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥ ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥’’ (ਮ: ੧/੨੫)

ਇਸ ਰਾਹ ’ਤੇ ਪਹਿਲਾ ਕਦਮ ਹੈ ‘ਸੰਤੋਖੀ’ । ‘ਜਪੁ’ ਸਾਹਿਬ ਵਿੱਚ ਇਸ ਨੂੰ ‘ਮੁੰਦਾ ਸੰਤੋਖੁ’ ਕਿਹਾ ਗਿਆ ਹੈ। ਦੂਸਰਾ ਕਦਮ ਹੈ ‘ਸੇਵਾ’, ਜੋ ਆਪਣਾ ਹਿਤ ਤਿਆਗ ਕੇ ਦੂਜਿਆਂ ਦੇ ਕੰਮ ਸੰਵਾਰਦੀ ਹੈ। ‘ਸੇਵਾ’ ਦੇ ਨਿਭਾਉਣ ਲਈ ‘ਸੰਤੋਖ’ ਨਾਲ ਉੱਚਾ ਆਚਰਣ ਵੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਹਮੇਸ਼ਾਂ ਤੱਤਪਰ ਰੱਖਦਾ ਹੈ ‘‘ਸੇਵ ਕੀਤੀ ਸੰਤੋਖੀੲਂੀ, ਜਿਨ੍ਹੀ ਸਚੋ ਸਚੁ ਧਿਆਇਆ॥ ਓਨ੍ਹੀ ਮੰਦੈ ਪੈਰੁ ਨ ਰਖਿਓ, ਕਰਿ ਸੁਕ੍ਰਿਤੁ ਧਰਮੁ ਕਮਾਇਆ ॥’’ (ਮ: ੧/੪੬੭)

ਗੁਰਬਾਣੀ ਦੇ ਅਸਰ ਦਾ ਨਤੀਜਾ ਹੈ ‘ਪਰਉਪਕਾਰ’। ਉੱਚਾ-ਸੁੱਚਾ ਆਚਰਣ ਤੇ ਸੇਵਾ, ਨਿੰਰਕਾਰ ਵਿੱਚ ਮਨ ਨੂੰ ਜੋੜਦੇ ਹਨ। ‘‘ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ  ! ਬਾਹ ਲੁਡਾਈਐ॥੪॥’’ (ਮ: ੧/੨੬)

ਉੱਚਾ ਆਚਰਣ, ਸੰਤੋਖ, ਸੇਵਾ, ਗੁਰਬਾਣੀ ਦਾ ਅਭਿਆਸ ਤੇ ਕੀਰਤਨ ਜਾਂ ਕਥਾ, ਮਨੁੱਖੀ ਅਹੰਕਰਣ ਨੂੰ ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ ॥੩੬॥’’ (ਮ: ੧/੮) ਦਾ ਨਵਾਂ ਰੂਪ ਦਿੰਦੇ ਹਨ। ਇਹ ਉੱਦਮ ਲਗਾਤਾਰ ਕੀਤਿਆਂ ਉਸ ਪ੍ਰਭੂ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ ਅਤੇ ਨਾਮ (ਰੱਬੀ ਯਾਦ) ਦਾ ਹਿਰਦੇ ਵਿਚ ਵਾਸ ਹੋ ਜਾਂਦਾ ਹੈ। ਇਹ ਵਾਸ, ਪ੍ਰਭੂ ਸਿਮਰਨ (ਰੱਬੀ ਉਸਤਤ) ਕਰਨ ਦਾ ਰੂਪ ਧਾਰਦਾ ਹੈ, ਫਿਰ ‘‘ਬਿਨੁ ਜਿਹਵਾ, ਜੋ ਜਪੈ ਹਿਆਇ ॥ ਕੋਈ ਜਾਣੈ, ਕੈਸਾ ਨਾਉ  !(: ੧/੧੨੫੬) ਫਿਰ ਅਜਿਹੇ ਮਨੁੱਖ ਦੀ ਵਿਆਖਿਆ ਹੈ ‘‘ਨਾ ਓਹਿ ਮਰਹਿ, ਨ ਠਾਗੇ ਜਾਹਿ ॥ ਜਿਨ ਕੈ, ਰਾਮੁ ਵਸੈ ਮਨ ਮਾਹਿ ॥’’ (ਮ: ੧/੮)

ਸਤਿਗੁਰ ਨਾਨਕ ਸਾਹਿਬ ਜੀ, ਇਕ ਪੂਰਨ ਮਨੁੱਖ (ਗੁਰਸਿੱਖ), ਜੋ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ, ਦਾ ਵਰਣਨ ਬੜੇ ਅਨੋਖੇ ਅੰਦਾਜ਼ ਵਿੱਚ ਇਸ ਤਰ੍ਹਾਂ ਕਰਦੇ ਹਨ। ‘‘ਐਸੇ ਜਨ ਵਿਰਲੇ ਜਗ ਅੰਦਰਿ, ਪਰਖਿ ਖਜਾਨੈ ਪਾਇਆ ॥ ਜਾਤਿ ਵਰਨ ਤੇ ਭਏ ਅਤੀਤਾ, ਮਮਤਾ ਲੋਭੁ ਚੁਕਾਇਆ ॥੭॥ ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥ ਨਾਨਕੁ ਤਿਨ ਕੇ ਚਰਨ ਪਖਾਲੈ, ਜਿਨਾ ਗੁਰਮੁਖਿ ਸਾਚਾ ਭਾਇਆ ॥੮॥ (ਮ: ੧/੧੩੪੫)

ਆਓ, ਸਤਿਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਸਿਧਾਂਤਿਕ ਸੰਕੇਤਾਂ ਨੂੰ ਸਮਝੀਏ, ਪਰਚਾਰੀਏ ਤਾਂ ਕਿ ਪੂਰੀ ਮਨੁੱਖਤਾ ਅੰਦਰ ਸਦ ਭਾਵਨਾ, ਵਿਸ਼ਵ ਭਾਈਚਾਰਾ ਪੈਦਾ ਹੋ ਸਕੇ ਤੇ ਇਹ ਰੱਬੀ ਸੁਭਾਅ ‘‘ਸਭ ਕੈ ਮਧਿ, ਸਭ ਹੂ ਤੇ ਬਾਹਰਿ, ਰਾਗ ਦੋਖ ਤੇ ਨਿਆਰੋ ॥’’ (ਮ: ੫/੭੮੫) ਦੇ ਆਪ ਧਾਰਨੀ ਬਣ ਕੇ ਵਧਾਈ ਦੇ ਪਾਤਰ ਬਣ ਸਕੀਏ। ਗੁਰਮਤਿ ਦੇ ਇਸੇ ਪੱਖ ਨੂੰ ਹੀ ਉਜਾਗਰ ਕਰਨ ਲਈ ਭਾਈ ਗੁਰਦਾਸ ਜੀ ਦੇ ਬਚਨ ‘‘ਸਬਦਿ ਜਿਤੀ ਸਿਧਿ ਮੰਡਲੀ, ਕੀਤੋਸੁ ਅਪਣਾ ਪੰਥੁ ਨਿਰਾਲਾ। ਕਲਿਜੁਗ ਨਾਨਕ, ਨਾਮ ਸੁਖਾਲਾ ॥੩੧॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੧) ਰਾਹੀਂ ਸਾਡੀ ਰਹਿਨੁਮਾਈ ਕਰਦੇ ਹਨ।