ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ
(ਭਾਗ-ਹ) ਨਿਯਮ ਨੰ. 4
ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ, ਜਿਸ ਕਾਰਨ ਇਸ ਦੀ ਲਿਖਤ ਵਿਚਾਰ ਕਰਦਿਆਂ ਕਈ ਨਿਯਮ ਬਣ ਜਾਂਦੇ ਹਨ, ਜੋ ਭਿੰਨ-ਭਿੰਨ ਭਾਸ਼ਾਂ ’ਚੋਂ ਆਏ ਸ਼ਬਦਾਂ ਨਾਲ ਸੰਬੰਧਿਤ ਹੁੰਦੇ ਹਨ, ਪਰ ਇਨ੍ਹਾਂ ਲਿਖਤ ਨਿਯਮਾਂ ਬਾਰੇ ਘੱਟ ਸਮਝ ਰੱਖਣ ਵਾਲੇ ਲਈ ਕਈ ਭਾਸ਼ਾਵਾਂ ਦੀ ਇਕ ਜਗ੍ਹਾ ਲਿਖਤ ਹੋਣ ਕਾਰਨ ਇੱਕ ਨਿਯਮ; ਦੂਸਰੇ ਨਿਯਮ ਨੂੰ ਕੱਟਦਾ ਵੀ ਪ੍ਰਤੀਤ ਹੋ ਸਕਦਾ ਹੈ।
ਪਿਛਲੇ (ਭਾਗ-ਹ) ਨਿਯਮ ਨੰ. 3 ਵਿਚ ਵਿਚਾਰ ਕੀਤੀ ਸੀ ਕਿ ਕੁਝ ਇਸਤਰੀ ਲਿੰਗ ਨਾਵਾਂ ਦਾ ਅਖੀਰਲਾ ਅੱਖਰ ਹਮੇਸ਼ਾਂ ਔਂਕੜ ਸਹਿਤ ਹੀ ਆਉਂਦਾ ਹੈ; ਬਿਲਕੁਲ ਇਸੇ ਤਰ੍ਹਾਂ ਕੁਝ ਵਿਸ਼ੇਸ਼ਣ ਵੀ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਆਮ ਤੌਰ ’ਤੇ ਔਂਕੜ ਲੱਗੀ ਹੁੰਦੀ ਆਉਂਦੀ ਹੈ ਭਾਵੇਂ ਕਿ ਇਨ੍ਹਾਂ ਦਾ ਨਾਉਂ ਬਹੁ ਵਚਨ ਹੋਵੇ ਜਾਂ ਇਸਤਰੀ ਲਿੰਗ ਹੋਵੇ, ਇਨ੍ਹਾਂ ਵਿਸ਼ੇਸ਼ਣਾਂ ਦੇ ਅਖੀਰਲੇ ਅੱਖਰ ਦੀ ਔਂਕੜ ਕਾਇਮ ਰਹਿੰਦੀ ਹੈ। ਅਜਿਹੇ ਵਿਸ਼ੇਸ਼ਣ ਇਸ ਤਰ੍ਹਾਂ ਹਨ: ‘ਸਾਬਤੁ, ਖੁਆਰੁ, ਥਿਰੁ, ਧਨੁ, ਪਰਵਾਣੁ, ਪਵਿਤੁ, ਬਹੁਤੁ, ਮੁਕਤੁ’, ਆਦਿ; ਜਿਵੇਂ ਕਿ
- ‘ਸਾਬਤੁ’ਪੂੰਜੀ; ਸਤਿਗੁਰ ਸੰਗਿ ॥ (ਮ: ੫/੧੮੨)
- ਨਦਰਿ ਤਿਨਾ ਕਉ ਨਾਨਕਾ ! ਜਿ‘ਸਾਬਤੁ’ ਲਾਏ ਰਾਸਿ ॥ (ਮ: ੪/੧੨੩੮)
- ਜਾ ਪਤਿ ਲੇਖੈ ਨਾ ਪਵੈ; ਸਭਾ ਪੂਜ‘ਖੁਆਰੁ’ ॥ (ਮ: ੧/੧੭)
- ਇਸਨਾਨੁ ਦਾਨੁ ਜੇਤਾ ਕਰਹਿ; ਦੂਜੈ ਭਾਇ‘ਖੁਆਰੁ’ ॥ (ਮ: ੩/੩੪)
- ‘ਥਿਰੁ’ਸੋਹਾਗਨਿ; ਸੰਗਿ ਭਤਾਰੀ ॥ (ਮ: ੫/੩੭੨)
- ਨਾਨਕ ! ਆਏ ਸੇ‘ਪਰਵਾਣੁ’ ਹਹਿ; ਜਿਨ ਗੁਰਮਤੀ ਹਰਿ ਧਿਆਇ ॥ (ਮ: ੩/੨੮)
- ‘ਪਵਿਤੁ’ਮਾਤਾ ਪਿਤਾ ਕੁਟੰਬ ਸਹਿਤ ਸਿਉ, ‘ਪਵਿਤੁ’ ਸੰਗਤਿ ਸਬਾਈਆ ॥ (ਮ: ੩/੯੧੯)
- ਕਹਦੇ‘ਪਵਿਤੁ’ਸੁਣਦੇ ‘ਪਵਿਤੁ’, ਸੇ ‘ਪਵਿਤੁ’ ਜਿਨੀ ਮੰਨਿ ਵਸਾਇਆ ॥ (ਮ: ੩/੯੧੯)
- ਜਾ ਕਉ ਚਿੰਤਾ‘ਬਹੁਤੁ ਬਹੁਤੁ’, ਦੇਹੀ ਵਿਆਪੈ ਰੋਗੁ ॥ (ਮ: ੫/੭੦)
- ‘ਬਹੁਤੁ’ਸਿਆਣਪ ਆਗਲ ਭਾਰਾ ॥ (ਮ: ੫/੧੭੮)
- ਸੇ‘ਮੁਕਤੁ’ਸੇ ‘ਮੁਕਤੁ’ ਭਏ, ਜਿਨ ਹਰਿ ਧਿਆਇਆ ਜੀ ॥ (ਮ: ੪/੧੧), ਆਦਿ।
ਉਕਤ 11 ਤੁਕਾਂ ’ਚ ਕਾਮਿਆਂ ’ਚ ਬੰਦ ਸਾਰੇ ਸ਼ਬਦ ਖ਼ਾਸ ਵਿਸ਼ੇਸ਼ਣ ਹਨ, ਜੋ ਔਂਕੜ ਸਮੇਤ ਹਨ; ਇਨ੍ਹਾਂ ਨਾਲ ਸੰਬੰਧਿਤ ਨਾਉਂ ਸ਼ਬਦ ‘ਇਸਤਰੀ ਲਿੰਗ, ਬਹੁ ਵਚਨ ਪੁਲਿੰਗ ਨਾਉਂ/ਪੜਨਾਉਂ’ ਹਨ; ਜਿਵੇਂ ਕਿ ‘ਪੂੰਜੀ, ਰਾਸਿ, ਪੂਜ, ਸੋਹਾਗਨਿ, ਸੇ, ਮਾਤਾ, ਪਿਤਾ, ਕੁਟੰਬ, ਸੰਗਤਿ, ਚਿੰਤਾ ਤੇ ਸਿਆਣਪ’ ।
(ਭਾਗ-ਹ) ਨਿਯਮ ਨੰ. 5
ਸੁਹਿਰਦ ਪਾਠਕਾਂ ਦਾ ਧਿਆਨ ਇਕ ਵਾਰ ਹੁਣ ਤੱਕ ਕੀਤੀ ਗਈ ਸਾਰੀ ਵਿਚਾਰ ਵੱਲ ਮੁੜ ਕਰਵਾਉਣਾ ਚਾਹੁੰਦਾ ਹਾਂ ਤਾਂ ਜੋ ਅਗਲੇ ਨਿਯਮਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ।
ਹੁਣ ਤੱਕ ਕੀਤੀ ਵਿਚਾਰ ਨੂੰ ਆਪਾਂ ਮੋਟੇ ਤੌਰ ’ਤੇ ਦੋ ਭਾਗਾਂ ਵਿਚ ਵੰਡ ਸਕਦੇ ਹਾਂ :
(1). ਇਕ ਵਚਨ ਪੁਲਿੰਗ ਨਾਉਂ, ਪੜਨਾਉਂ ਤੇ ਵਿਸ਼ੇਸ਼ਣ ਦੀ ਲਿਖਣਸ਼ੈਲੀ, ਜਿਸ ਵਿਚ ਸੰਬੰਧਕੀ ਤੇ ਸੰਬੋਧਨ ਸ਼ਬਦਾਂ ਨੂੰ ਵੀ ਵਿਚਾਰਿਆ ਗਿਆ ਹੈ।
(2). ਬਹੁ ਵਚਨ ਪੁਲਿੰਗ ਨਾਉਂ ਤੇ ਇਸਤਰੀ ਲਿੰਗ ਨਾਉਂ, ਜੋ ਜ਼ਿਆਦਾਤਰ ਅੰਤ ਮੁਕਤਾ ਹੁੰਦੇ ਹਨ, ਇਨ੍ਹਾਂ ਵਿਚ ਸੰਬੰਧਕੀ ਤੇ ਸੰਬੋਧਨ ਸ਼ਬਦਾਂ ਨੂੰ ਵੀ ਵਿਚਾਰਿਆ ਗਿਆ ਹੈ।
(ਨੋਟ : ਉਕਤ ਦੋਵਾਂ ਵਿਸ਼ਿਆਂ ਵਿਚ ਖ਼ਾਸ ਔਂਕੜ ਸਮੇਤ ਇਸਤਰੀ ਲਿੰਗ ਨਾਉਂ ਤੇ ਖ਼ਾਸ ਔਂਕੜ ਸਮੇਤ ਵਿਸ਼ੇਸ਼ਣ ਸ਼ਬਦ ਵੀ ਵਿਚਾਰੇ ਗਏ ਹਨ ਅਤੇ ਇੱਕ ਵਚਨ ਪੁਲਿੰਗ ਨਾਉਂ ਦੌਰਾਨ ਅੰਤ ਸਿਹਾਰੀ ਕਾਰਕ ਚਿੰਨ੍ਹ (ਕਰਤਾ ਕਾਰਕ, ਕਰਣ ਕਾਰਕ, ਅਪਾਦਾਨ ਕਾਰਕ ਤੇ ਅਧਿਕਰਣ ਕਾਰਕ) ਦੀ ਵੀ ਵਿਚਾਰ ਹੋ ਚੁੱਕੀ ਹੈ।)
ਪਿੱਛੇ ਕੀਤੀ ਗਈ ਵਿਚਾਰ ਕਿ ਗੁਰਬਾਣੀ ਵਿਚ ਵਰਤੀ ਗਈ ਲਿਪੀ ਬੇਸ਼ੱਕ ਗੁਰਮੁਖੀ ਹੈ ਪ੍ਰੰਤੂ ਕਈ ਭਾਸ਼ਾਵਾਂ ਦਾ ਸੰਗ੍ਰਹਿ ਵੀ ਹੈ, ਜਿਨ੍ਹਾਂ ਦੀ ਅੰਤ ਸਿਹਾਰੀ ਵਾਲੇ ਨਿਯਮ ਦੀ ਵੰਡ ਕਰਨ ਲਈ ਇਸ ਗਣਿਤ ਦਾ ਪ੍ਰਯੋਗ ਕਰ ਸਕਦੇ ਹਾਂ:
(1) ਲਗਭਗ 80% ਸ਼ਬਦਾਂ ਦੇ ਅੰਤ ਵਿਚ ਲੱਗੀ ਸਿਹਾਰੀ ਭਿੰਨ-ਭਿੰਨ ਪ੍ਰਕਾਰ ਦੇ ਅਰਥਾਂ (ਕਾਰਕੀ ਚਿੰਨ੍ਹਾਂ) ਦਾ ਸੂਚਕ ਹੈ ਜਿਨ੍ਹਾਂ ਨੂੰ ਆਪਾਂ ਪਿੱਛੇ ਚਾਰ ਕਾਰਕਾਂ ਰਾਹੀਂ ਵਿਚਾਰ ਆਏ ਹਾਂ ਪਰ 20% ਸ਼ਬਦਾਂ ਨੂੰ ਲੱਗੀ ਅੰਤ ਸਿਹਾਰੀ ਦਾ ਕਾਰਨ ਅਨ੍ਯ ਭਾਸ਼ਾਵਾਂ ’ਚੋਂ ਆਏ ਸ਼ਬਦ ਹਨ ਜੋ ਆਪਣੀ ਮੂਲਿਕ ਸਿਹਾਰੀ ਨਾਲ ਹੀ ਆਏ ਹਨ। ਇਹ ਅੰਤ ਸਿਹਾਰੀ ਸ਼ਬਦ ਬੇਸ਼ੱਕ ਜ਼ਿਆਦਾਤਰ ਇਸਤਰੀ ਲਿੰਗ ਹੁੰਦੇ ਹਨ ਪਰ ਕੁਝ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਵੀ ਸਿਹਾਰੀ ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ
(1). ਫ਼ਾਰਸੀ ਅਤੇ ਅਰਬੀ ’ਚੋਂ ਆਏ ਅੰਤ ਸਿਹਾਰੀ ਵਾਲੇ ਪੁਲਿੰਗ ਸ਼ਬਦ: ‘ਹਦਰਥਿ, ਖੁਦਾਇ, ਤਾਮਿ’, ਆਦਿਕ।
(2). ਸੰਸਕ੍ਰਿਤ ਵਿਚੋਂ ਆਏ ਪੁਲਿੰਗ ਅੰਤ ਸਿਹਾਰੀ ਵਾਲੇ ਸ਼ਬਦ: ‘ਉਦਧਿ, ਅਹਿ, ਸਸਿ, ਸਾਰਥਿ, ਕਪਿ, ਕਲਿ, ਕਵਿ, ਗੋਬਿੰਦਰਾਇ, ਗਿਰਿ, ਚਿੰਤਾਮਨਿ, ਛਤ੍ਰਪਤਿ, ਜਮਦਗਨਿ, ਜਲਧਿ, ਜਲਨਿਧਿ, ਨਰਹਰਿ, ਨਿਧਿ, ਨਰਪਤਿ, ਹਰਿ’, ਆਦਿ।
(3). ਪ੍ਰਾਕ੍ਰਿਤ ਵਿਚੋਂ ਆਏ ਪੁਲਿੰਗ ਅੰਤ ਸਿਹਾਰੀ ਵਾਲੇ ਸ਼ਬਦ: ‘ਕਬਿ, ਨਖਿਆਤਿ, ਪੰਖਿ, ਬੇਣਿ, ਬਨਰਾਇ, ਬਨਾਰਸਿ, ਰਾਇ’, ਆਦਿ।
ਕਈ ਇਸਤਰੀ ਲਿੰਗ ਸ਼ਬਦ ਵੀ ਆਪਣੇ ਨਾਲ ਅੰਤ ਸਿਹਾਰੀ ਲੈ ਕੇ ਆਏ ਹਨ; ਜਿਵੇਂ ਕਿ ‘ਭਗਤਿ, ਕਾਮਣਿ, ਦਾਸਿ, ਸੁੰਦਰਿ, ਚੰਚਲਿ, ਸੇਵਕਿ’, ਆਦਿ।
(ਭਾਗ-ਹ) ਨਿਯਮ ਨੰ. 6
ਹੇਠ ਲਿਖੇ ਸ਼ਬਦਾਂ ਵਿਚ ਅੰਤਰ ਵੇਖੋ ਤੇ ਵਿਚਾਰੋ :
- ਇਹੁ——————–ਇਹ ——————-ਏਹਿ
- ਓਹੁ ——————–ਓਹ—————— ਓਹਿ (ਆਦਿ)
ਉਪਰੋਕਤ ਸ਼ਬਦ ਗੁਰਬਾਣੀ ਵਿਚ ਪੜਨਾਂਵ ਤੇ ਵਿਸ਼ੇਸ਼ਣ ਰੂਪ ’ਚ ਦਰਜ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਵੱਖ-ਵੱਖ ਮਾਤਰਾਵਾਂ ਆਈਆਂ ਹੋਈਆਂ ਹਨ, ਜਿਸ ਕਾਰਨ ਉਹ ਇਕ-ਦੂਜੇ ਤੋਂ ਅਲੱਗ ਹੋ ਗਏ ਹਨ। ਸਪਸ਼ਟ ਹੈ ਜੇ ਰੂਪ ਅਲੱਗ ਹਨ ਤਾਂ ਅਰਥ ਵੀ ਭਿੰਨ-ਭਿੰਨ ਹੀ ਹੋਣਗੇ।
ਜੇ ਅਸੀਂ ਉਕਤ ਭਾਗਾਂ ਵਿਚ ਆਈ ਗੁਰਬਾਣੀ ਵਿਆਕਰਨ ਨੂੰ ਸਮਝ ਚੁੱਕੇ ਹਾਂ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਜਿਨ੍ਹਾਂ ਸ਼ਬਦਾਂ ਦੇ ਅਖੀਰ ਵਿਚ ‘ਔਕੜ’ ਆਈ ਹੈ ਉਹ ਆਮ ਤੌਰ ’ਤੇ ਇਕ ਵਚਨ ਪੁਲਿੰਗ ਪੜਨਾਂਵ/ਵਿਸ਼ੇਸ਼ਣ ਹਨ। ਜਿਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਹੈ, ਉਹ ਇਕ ਵਚਨ ਇਸਤਰੀ ਲਿੰਗ ਪੜਨਾਂਵ/ਵਿਸ਼ੇਸ਼ਣ ਹਨ, ਪਰ ਜੋ ਅਗਾਂਹ ਇੱਕ ਹੋਰ ਨਿਯਮ ਵਿਚਾਰਨਾ ਹੈ ਉਹ ਇਹ ਹੈ ਕਿ ਜਿਨ੍ਹਾਂ ਪੜਨਾਵਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ, ਉਹ ਪੜਨਾਂਵ/ਵਿਸ਼ੇਸ਼ਣ ਬਹੁ-ਵਚਨ ਹੋਣਗੇ, ਜਦ ਕਿ ਕਈ ਵਾਰ ਬਹੁ ਵਚਨ ਪੁਲਿੰਗ ਨਾਂਵ ਸ਼ਬਦਾਂ ਨੂੰ ਅੰਤ ਮੁਕਤਾ ਵਿਚਾਰ ਚੁੱਕੇ ਹਾਂ। ਇਸ ਲਈ ਹੇਠਾਂ ਬਣਾਏ ਚਾਰਟ ਰਾਹੀਂ ਵਿਸ਼ੇਸ਼ ਨਿਯਮ (ਕਿ ਬਹੁ ਵਚਨ ਪੜਨਾਂਵ ਤੇ ਵਿਸ਼ੇਸ਼ਣ ਅੰਤ ਸਿਹਾਰੀ ਵੀ ਹੁੰਦਾ ਹੈ) ਨੂੰ ਸਮਝਿਆ ਜਾ ਸਕਦਾ ਹੈ।
ਇਕ ਵਚਨ ਪੁਲਿੰਗ———- ਇਸਤਰੀ ਲਿੰਗ——— ਬਹੁ ਵਚਨ ਪਲਿੰਗ
(ਵਿਸ਼ੇਸ਼ਣ/ਪੜਨਾਂਵ)———-(ਵਿਸ਼ੇਸ਼ਣ/ਪੜਨਾਂਵ)——-(ਵਿਸ਼ੇਸ਼ਣ/ਪੜਨਾਂਵ)
ਇਹੁ ———————ਇਹ—————–ਏਹਿ
ਓਹੁ———————-ਓਹ———————ਓਹਿ
ਹੋਰੁ———————-ਹੋਰ——————–ਹੋਰਿ
ਇਕੁ——————–ਇਕ———————ਇਕਿ
ਸਭੁ———————–ਸਭ———————ਸਭਿ
ਅਵਰੁ———————ਅਵਰ——————-ਅਵਰਿ
ਉਕਤ ਨਿਯਮ ਦੀ ਪੁਸ਼ਟੀ ਗੁਰਬਾਣੀ ਰਾਹੀਂ ਕਰਨ ਲਈ ਹੇਠਾਂ ਕੁਝ ਤੁਕਾਂ ਦਿੱਤੀਆਂ ਜਾ ਰਹੀਆਂ ਹਨ:
(ਇਕ ਵਚਨ ਪੁਲਿੰਗ ਪੜਨਾਉਂ/ਵਿਸ਼ੇਸ਼ਣ)
- ‘ਏਹੁ’ਜੀਉ ਬਹੁਤੇ ਜਨਮ ਭਰੰਮਿਆ.. ॥
(ਉਕਤ ਤੁਕ ’ਚ ‘ਜੀਉ’ (ਆਤਮਾ) ਇੱਕ ਹੋਣ ਕਾਰਨ ‘ਏਹੁ’ ਨੂੰ ਲੱਗੀ ਅੰਤ ਔਂਕੜ ਇੱਕ ਵਚਨ ਪੁਲਿੰਗ ਵਿਸ਼ੇਸ਼ਣ ਦਾ ਸੂਚਕ ਹੈ।
- ਨਾਮੁ ਜਪਤ‘ਉਹੁ’ਚਹੁ ਕੁੰਟ ਮਾਨੈ ॥
- ਗੁਣੁ ਏਹੋ‘ਹੋਰੁ’ਨਾਹੀ ਕੋਇ ॥
- ਸਭਨਾ ਜੀਆ ਕਾ‘ਇਕੁ’ਦਾਤਾ.. ॥
- ਹੁਕਮੈ ਅੰਦਰਿ‘ਸਭੁ’ਕੋ, ਬਾਹਰਿ ਹੁਕਮ ਨ ਕੋਇ ॥
(ਉਕਤ ਤੁਕ ’ਚ ‘ਕੋ’ ਦਾ ਅਰਥ ‘ਦਾ’ (ਸੰਬੰਧਕੀ) ਨਹੀਂ (ਕਿਉਂਕਿ ਅਗਰ ਸੰਬੰਧਕੀ ਹੁੰਦਾ ਤਾਂ ‘ਸਭੁ’ ਦਾ ਔਂਕੜ ਹਟ ਜਾਣਾ ਸੀ ਇਸ ਲਈ) ‘ਸਭੁ ਕੋ’ ਦਾ ਅਰਥ ਹੈ: ‘ਹਰ ਕੋਈ’ ਭਾਵ ਇੱਕ ਵਚਨ।)
- ਤੁਧੁ ਬਿਨੁ; ਦੂਜਾ‘ਅਵਰੁ’ਨ ਕੋਇ ॥, ਆਦਿ।
(ਇਸਤਰੀ ਲਿੰਗ ਪੜਨਾਉਂ/ਵਿਸ਼ੇਸ਼ਣ)
- ਸਤੁ ਸੰਤੋਖੁ ਦਇਆ ਕਮਾਵੈ,‘ਏਹ’ਕਰਣੀ ਸਾਰ ॥
- ਜੋ ਅਨਰੂਪਿਓ ਠਾਕੁਰਿ ਮੇਰੈ, ਹੋਇ ਰਹੀ‘ਉਹ’ਬਾਤ ॥
- ਜੇ ਜੁਗ ਚਾਰੇ ਆਰਜਾ,‘ਹੋਰ’ਦਸੂਣੀ ਹੋਇ ॥
- (ਉਕਤ ਤੁਕ ’ਚ ‘ਹੋਰ’ ਦਾ ਸੰਕੇਤ ‘ਉਮਰ’ (ਇਸਤਰੀ ਲਿੰਗ) ਵੱਲ ਹੈ।)
- ਗੁਰਾ !‘ਇਕ’ਦੇਹਿ ਬੁਝਾਈ ॥
- ‘ਸਭ’ਕੀਮਤਿ, ਮਿਲਿ ਕੀਮਤਿ ਪਾਈ ॥
- ‘ਅਵਰ’ਕਰਤੂਤਿ, ਸਗਲੀ ਜਮੁ ਡਾਨੈ ॥
(ਬਹੁ ਵਚਨ ਪੁਲਿੰਗ ਪੜਨਾਉਂ/ਵਿਸ਼ੇਸ਼ਣ)
- ਨਾਨਕ ! ਮੂਰਖ‘ਏਹਿ’ ਗੁਣ; ਬੋਲੇ ਸਦਾ ਵਿਣਾਸੁ ॥
- ਨਾ‘ਓਹਿ’ਮਰਹਿ; ਨ ਠਾਗੇ ਜਾਹਿ ॥
- ‘ਹੋਰਿ’ਕੇਤੇ; ਤੁਧ ਨੋ ਗਾਵਨਿ… ॥
- ‘ਇਕਿ’ਦਾਤੇ; ‘ਇਕਿ’ ਭੇਖਾਰੀ ਜੀ… ॥
- ‘ਸਭਿ’ਗੁਣ ਤੇਰੇ; ਮੈ ਨਾਹੀ ਕੋਇ ॥
- ‘ਅਵਰਿ’ਕਾਜ; ਤੇਰੈ ਕਿਤੈ ਨ ਕਾਮ ॥
(ਨੋਟ : ਧਿਆਨ ਰਹੇ ਕਿ
- ‘ਸਭ’ਸ਼ਬਦ ਅੰਤ ਮੁਕਤੇ ਬਾਰੇ ਅਪਵਾਦ ਹੈ ਕਿਉਂਕਿ ਇਹ ਸ਼ਬਦ ਕਈ ਵਾਰੀ ਬਹੁ ਵਚਨ ਦੇ ਅਰਥ ਲਈ ਵੀ ਵੇਖਿਆ ਜਾਂਦਾ ਹੈ, ਇਸ ਸੰਬੰਧੀ ਹੋਰ ਖੋਜ ਦੀ ਲੋੜ ਹੈ।
- ਜਿਹੜੇ ਪੜਨਾਂਵ ਸ਼ਬਦਾਂ ਦਾ ਅੰਤ ‘ਨ’ ਅੱਖਰ ਹੋਵੇ, ਉਨ੍ਹਾਂ ਲਈ ਉਕਤ ਨਿਯਮ ਬਿਲਕੁਲ ਬਦਲ ਜਾਂਦਾ ਹੈ; ਜਿਵੇਂ ਕਿ
‘ਜਿਨਿ, ਤਿਨਿ, ਇਨਿ, ਕਿਨਿ, ਉਨਿ’, ਆਦਿ ਇੱਕ ਵਚਨ ਪੜਨਾਂਵ ਹਨ ਜਿਨ੍ਹਾਂ ਦੇ ਕ੍ਰਮਵਾਰ ਅਰਥ ਹਨ: ‘ਜਿਸ ਨੇ, ਤਿਸ ਨੇ, ਇਸ ਨੇ, ਕਿਸ ਨੇ, ਉਸ ਨੇ’ ਪਰ ‘ਜਿਨ, ਤਿਨ, ਇਨ, ਕਿਨ, ਉਨ’ ਬਹੁ ਵਚਨ ਪੜਨਾਂਵ ਹੁੰਦੇ ਹਨ।)