ਗੁਰਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ)
‘ਮ੍ਰਿਤ’ ਸ਼ਬਦ ਨਾਲ ‘ਅ’ ਅਗੇਤਰ ਲਗਾ ਕੇ ‘ਅੰਮ੍ਰਿਤ’ ਸ਼ਬਦ ਬਣਿਆ ਹੈ। ਇਹ ਮ੍ਰਿਤੂ ਜਾਂ ਮੌਤ ਦਾ ਨਾਂਹ ਵਾਚਕ ਹੈ, ਜਿਸ ਦਾ ਭਾਵ ਹੈ ਮੌਤ ਰਹਿਤ, ਮਿੱਟੀ ਰਹਿਤ, ਅਰਥਾਤ ਉਹ ਹਸਤੀ ਜੋ ਮਿੱਟੀ ਦੀ ਨਹੀਂ ਬਣੀ ਹੋਈ ਜਾਂ ਜਿਸ ਦੀ ਕਦੇ ਮ੍ਰਿਤੂ ਨਹੀਂ ਹੋਣੀ ਭਾਵ ਪਰਮਾਤਮਾ। ਦੂਸਰੇ, ਅੰਮ੍ਰਿਤ ਉਸ ਪਦਾਰਥ ਨੂੰ ਵੀ ਕਹਿੰਦੇ ਹਨ ਜਿਸ ਦੇ ਖਾਧਿਆਂ ਜੀਵ ਦੇ ਅਮਰ ਹੋ ਜਾਣ ਦੀ ਕਲਪਨਾ ਕੀਤੀ ਜਾਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਦਾ ਹਰ ਇਕ ਪਦਾਰਥ ਮਿੱਟੀ ਤੋਂ ਪੈਦਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਨਾਸ਼ ਹੋ ਜਾਂਦਾ ਹੈ। ਅੰਤ ਮਿੱਟੀ ਦਾ ਰੂਪ ਧਾਰ ਕੇ ਮੁੜ ਮਿੱਟੀ ਵਿੱਚ ਸਮਾ ਜਾਂਦਾ ਹੈ। ਬਾਕੀ ਪਦਾਰਥਾਂ ਤੇ ਜੀਵਾਂ ਦੇ ਨਾਲ-ਨਾਲ ਮਨੁੱਖੀ ਸਰੀਰਾਂ ’ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ ‘‘ਕਬੀਰਾ ! ਧੂਰਿ ਸਕੇਲਿ ਕੈ; ਪੁਰੀਆ ਬਾਂਧੀ ਦੇਹ ॥ ਦਿਵਸ ਚਾਰਿ ਕੋ ਪੇਖਨਾ; ਅੰਤਿ ਖੇਹ ਕੀ ਖੇਹ ॥’’ (ਭਗਤ ਕਬੀਰ/੧੩੭੪) ਕਾਦਰ ਦੀ ਰਚਨਾ ਵਿੱਚ ਪੈਦਾ ਹੋਏ ਮਨੁੱਖ ਨੇ ਜਦੋਂ ਅੱਖ ਖੋਲ੍ਹੀ ਤਾਂ ਕੁਦਰਤ ਦੀ ਸੁੰਦਰਤਾ ਨੇ ਇਸ ਨੂੰ ਐਸਾ ਮੋਹਿਆ ਕਿ ‘‘ਵਿਚਹੁ ਗਰਭੈ ਨਿਕਲਿ ਆਇਆ ॥ ਖਸਮੁ ਵਿਸਾਰਿ, ਦੁਨੀ ਚਿਤੁ ਲਾਇਆ ॥’’ (ਮਹਲਾ ੫/੧੦੦੭) ਅਨੁਸਾਰ ‘‘ਹੁਕਮਿ ਰਜਾਈ ਚਲਣਾ..॥’’ ਭੁੱਲ ਗਿਆ ਅਤੇ ‘‘ਆਕੀ ਮਰਹਿ ਅਫਾਰੀ॥’’ (ਮਹਲਾ ੧/੯੯੨) ਦੇ ਮਾਰਗ ’ਤੇ ਚੱਲ ਕੇ, ਹੁਕਮ ਤੋਂ ਬਾਗੀ ਹੋ ਗਿਆ।
‘‘ਪਹਿਲਾ ਮਰਣ ਕਬੂਲਿ’’ ਕਰ ਕੇ ਆਇਆ ਮਨੁੱਖ ‘‘ਮਰਣੁ ਮਨਹੁ ਵਿਸਾਰਿਆ’’ ਬਣ ਗਿਆ। ਕੇਵਲ ਇਸ ਨੂੰ ‘‘ਖਾਣਾ ਪੀਣਾ ਹਸਣਾ ਸਉਣਾ’’ ਚੇਤੇ ਰਹਿ ਕੇ ‘‘ਵਿਸਰਿ ਗਇਆ ਹੈ ਮਰਣਾ॥’’ (ਮਹਲਾ ੧/੧੨੫੪) ਭਾਵ ਮੌਤ (ਜੀਵਨ ਦਾ ਅੰਤ) ਹੀ ਭੁੱਲ ਗਿਆ। ਮਨੁੱਖ ਹਰ ਉਹ ਉਪਰਾਲਾ ਸੋਚਣ ਅਤੇ ਕਰਨ ਲੱਗਾ, ਜਿਸ ਨਾਲ ਇਸ ਨੂੰ ਮੌਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿੰਦਗੀ ਅੰਦਰ ‘ਮ੍ਰਿਤੂ’ ਇਸ ਮਨੁੱਖ ਨੂੰ ਸਭ ਤੋਂ ਵੱਡਾ ਦੁਸ਼ਮਣ ਜਾਪਣ ਲੱਗੀ। ਸ੍ਰਿਸ਼ਟੀ ਦੀਆਂ ਬਾਕੀ ਜੂਨਾਂ ਨੇ ਤਾਂ ਬੇਵੱਸੀ ਜਾਂ ਅਗਿਆਨਤਾ ਕਾਰਨ ਇਸ ਚੱਕਰ ਤੋਂ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ ਪਰ ਮਨੁੱਖ ਨੇ ਜਦੋਂ ਆਪਣੇ ਆਲੇ ਦੁਆਲੇ ਮੌਤ ਵਾਪਰਦੀ ਵੇਖੀ ਤਾਂ ਇਸ ਨੂੰ ਗਿਆਨ ਹੋਇਆ ਕਿ ਸੰਸਾਰ ਵਿੱਚ ਇਹ ਵੀ ਕੇਵਲ ਚਾਰ ਦਿਨ ਦਾ ਹੀ ਪਰਾਹੁਣਾ ਹੈ, ਕਿਸੇ ਨਾ ਕਿਸੇ ਦਿਨ ਮੌਤ ਨੇ ਇਸ ਨੂੰ ਵੀ ਦਬੋਚ ਲੈਣਾ ਹੈ, ਤਾਂ ਮਨੁੱਖ; ਮੌਤ ਤੋਂ ਰਾਖੀ ਕਰਨ ਵਾਲੀ ਕਿਸੇ ਵਸਤੂ ਦੀ ਖੋਜ ਕਰਨ ਵਿੱਚ ਰੁੱਝ ਗਿਆ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਵੱਖ-ਵੱਖ ਉਪਰਾਲੇ ਕੀਤੇ, ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲ੍ਹੇ ਉਸਾਰੇ, ਕਦੇ ਔਸ਼ਧੀਆਂ ਦੀ ਖੋਜ, ਕਦੇ ਧਨੰਤਰ ਵੈਦ ਨੂੰ ਲੱਭਣ ਦਾ ਯਤਨ ਕੀਤਾ। ਇੱਥੋਂ ਤੱਕ ਕਿ ਅਮਰ ਕਰਨ ਵਾਲੇ ਅੰਮ੍ਰਿਤ ਦੀ ਖੋਜ ਨੂੰ ਦੇਵਤੇ ਤੇ ਦੈਂਤ ਵੀ ਵਿਆਕੁਲ ਹੁੰਦੇ ਰਹੇ। ਉਹਨਾਂ ਨੇ ਅੰਮ੍ਰਿਤ ਦੀ ਪ੍ਰਾਪਤੀ ਲਈ ਖੀਰ ਸਮੁੰਦਰ ਰਿੜਕਿਆ। ਜਿਸ ਵਿੱਚੋਂ ਅੰਮ੍ਰਿਤ, ਧਨੰਤਰ ਵੈਦ ਸਮੇਤ ਚੌਦਾਂ ਰਤਨ ਕੱਢੇ। ਭਾਈ ਗੁਰਦਾਸ ਜੀ ਨੇ ਇਸ ਮਿੱਥ ਨੂੰ ਵਾਰ ਨੰ: 26 ਦੀ ਪਉੜੀ ਨੰ: 23 ਵਿੱਚ ਇੰਝ ਅੰਕਿਤ ਕੀਤਾ ਹੈ :
ਖੀਰ ਸਮੁੰਦੁ ਵਿਰੋਲਿ ਕੈ, ਕਢਿ ਰਤਨ ਚਉਦਹ ਵੰਡਿ ਲੀਤੇ।
ਮਣਿ ਲਖਮੀ ਪਾਰਜਾਤ ਸੰਖੁ, ਸਾਰੰਗ ਧਣਖੁ, ਬਿਸਨੁ ਵਸਿ ਕੀਤੇ।
ਕਾਮਧੇਣੁ ਤੇ ਅਪਛਰਾਂ, ਐਰਾਪਤਿ ਇੰਦ੍ਰਾਸਣਿ ਸੀਤੇ।
ਕਾਲਕੂਟ ਤੇ ਅਰਧ ਚੰਦੁ, ਮਹਾਂਦੇਵ ਮਸਤਕਿ ਧਰਿ ਪੀਤੇ।
ਘੋੜਾ ਮਿਲਿਆ ਸੂਰਜੈ, ਮਦੁ ਅੰਮ੍ਰਿਤ ਦੇਵ ਦਾਨਵ ਰੀਤੇ।
ਕਰੇ ਧਨੰਤਰੁ ਵੈਦਗੀ, ਡਸਿਆ ਤੱਛਕਿ ਮਤਿ ਬਿਪਰੀਤੇ।
(ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੩)
ਭਾਈ ਗੁਰਦਾਸ ਜੀ ਨੇ ਪਉੜੀ ਦੀਆਂ ਆਖਰੀ ਪੰਕਤੀਆਂ ਵਿੱਚ ਗੁਰਮਤਿ ਸਮਝਾਉਂਦਿਆਂ ਕਥਨ ਕੀਤਾ ਹੈ ਕਿ ਇਸ ਮਿੱਥ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਉਪਦੇਸ਼ ਰੂਪ ਸਾਗਰ ਵਿੱਚੋਂ ਕੇਵਲ ਚੌਦਾਂ ਰਤਨ ਨਹੀਂ ਬਲਕਿ ਅਣਗਿਣਤ ਦੈਵੀ ਗੁਣ ਰੂਪ ਰਤਨ ਸਿੱਖ ਦੀ ਮਤਿ ਵਿੱਚ ਪ੍ਰਗਟ ਹੁੰਦੇ ਹਨ ਇਸ ਲਈ ਸਿੱਖ ਤੇ ਸਤਿਗੁਰੂ ਜੀ ਦੀ ਹੀ ਸੱਚੀ ਪ੍ਰੀਤ ਹੈ, ਕਥਨ ਹੈ ‘‘ਗੁਰ ਉਪਦੇਸੁ ਅਮੋਲਕਾ, ਰਤਨ ਪਦਾਰਥ ਨਿਧਿ ਅਗਣੀਤੇ। ਸਤਿਗੁਰ ਸਿਖਾ ਸਚੁ ਪਰੀਤੇ ॥੨੩॥’’ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੩)
ਉਪਰੋਕਤ ਬਿਆਨ ਕੀਤੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਮਨੁੱਖ ਹਰ ਵਾਰੀ ਮੌਤ ਅੱਗੇ ਹਾਰ ਜਾਂਦਾ ਰਿਹਾ। ਇਹ ਲੜਾਈ ਅੱਜ ਵੀ ਜਾਰੀ ਹੈ। ਸੰਸਾਰ ਅੰਦਰ ਦੋ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਹੁੰਦੇ ਹਨ । ਇਕ ਉਹ ਜਿਹੜੇ ‘‘ਦਾਤਿ ਪਿਆਰੀ, ਵਿਸਰਿਆ ਦਾਤਾਰਾ ॥’’ (ਮਹਲਾ ੫/੬੭੬) ਅਨੁਸਾਰ ਪ੍ਰਮਾਤਮਾ ਅਤੇ ਮੌਤ ਵੱਲੋਂ ਅਚੇਤ ਹੋ ਕੇ ਜ਼ਿੰਦਗੀ ਜੀਅ ਰਹੇ ਹਨ, ਕੇਵਲ ਜਿਉਣਾ ਹੀ ਚਾਹੁੰਦੇ ਹਨ, ਮਰਨਾ ਨਹੀਂ। ਦੂਸਰੇ ਪਾਸੇ ਉਹ ਲੋਕ ਹਨ, ਜਿਨ੍ਹਾਂ ਨੂੰ ਸੰਸਾਰ ਰਿਸ਼ੀ, ਮੁਨੀ, ਦੇਵਤੇ ਆਦਿ ਮੰਨੀਦਾ ਹੈ, ਇਨ੍ਹਾਂ ਨੂੰ ਮਨੁੱਖਾ ਦੇਹੀ ਰਾਹੀਂ ਇਹ ਗਿਆਨ ਹੋਇਆ ਕਿ ਇਹ ‘‘ਕਹੁ ਕਬੀਰ ! ਹਮ ਰਾਮ ਕੀ ਅੰਸ॥’’ ਜੀਵ ਹਨ। ਕਿਉਂਕਿ ਮਨੁੱਖ ਜੂਨੀ ਨੂੰ ਮਨੁੱਖਾ ਜੀਵਨ ਤੋਂ ਪਹਿਲਾਂ ਕਈ ਜੂਨਾਂ ਵਿੱਚ ਭਟਕਣਾ ਪਿਆ ਹੈ। ਗੁਰੂ ਫ਼ੁਰਮਾਨ ਹੈ :
ਕਈ ਜਨਮ ਭਏ, ਕੀਟ ਪਤੰਗਾ ॥ ਕਈ ਜਨਮ, ਗਜ ਮੀਨ ਕੁਰੰਗਾ ॥
ਕਈ ਜਨਮ, ਪੰਖੀ ਸਰਪ ਹੋਇਓ ॥ ਕਈ ਜਨਮ, ਹੈਵਰ ਬ੍ਰਿਖ ਜੋਇਓ ॥
ਮਿਲੁ ਜਗਦੀਸ, ਮਿਲਨ ਕੀ ਬਰੀਆ ॥ ਚਿਰੰਕਾਲ, ਇਹ ਦੇਹ ਸੰਜਰੀਆ ॥ (ਮਹਲਾ ੫/੧੭੬)
ਗਿਆਨਵਾਨਾਂ ਨੂੰ ਇਹ ਸੋਝੀ ਹੋਈ ਕਿ ਜੋ ਮਨੁੱਖਾ ਦੇਹੀ ਮਿਲੀ ਹੈ, ਇਹੀ ਪ੍ਰਭੂ ਨੂੰ ਮਿਲਣ ਦੀ ਪਉੜੀ ਹੈ, ਜਿਹੜਾ ਬੰਦਾ ਇਸ ਪਉੜੀ ਤੋਂ ਤਿਲਕ ਜਾਂਦਾ ਹੈ ਉਹ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ ॥’’ (ਮਹਲਾ ੫/੧੦੭੫) ਅਨੁਸਾਰ ਆਵਾਗਵਣ ਦੇ ਚੱਕਰ ਵਿੱਚ ਪੈਂਦਾ ਹੈ। ਗੱਲ ਕੀ, ਦੋਵੇਂ ਤਰ੍ਹਾਂ ਦੇ ਲੋਕ ਜਦੋਂ ਤੋਂ ਸੰਸਾਰ ਬਣਿਆ ਹੈ, ਇਸ ਅਮਰ ਕਰਨ ਵਾਲੇ ਅੰਮ੍ਰਿਤ ਦੀ ਖੋਜ ਕਰਦੇ ਆ ਰਹੇ ਹਨ। ਅੰਮ੍ਰਿਤ ਜਾਂ ਅੰਮ੍ਰਿਤ ਫਲ਼ ਦੀ ਖੋਜ ਵਿੱਚ ਮਨੁੱਖ ਨੇ ਸਮੁੰਦਰਾਂ, ਪਰਬਤਾਂ, ਜੰਗਲ਼ਾਂ ਆਦਿ ਨੂੰ ਗਾਹ ਮਾਰਿਆ ਅਤੇ ਹੁਣ ਵੀ ਸਾਇੰਸਦਾਨ ਇਸੇ ਦੀ ਖੋਜ ਵਿੱਚ ਲੱਗੇ ਹੋਏ ਹਨ। ਭੋਲੇ ਲੋਕ ਇਹ ਨਹੀਂ ਜਾਣਦੇ ਕਿ ਅੰਮ੍ਰਿਤ ਰੂਪ ਵਸਤੂ, ਜੋ ਮਿੱਟੀ ਪਦਾਰਥ ਜਾਂ ਤੱਤਾਂ ਤੋਂ ਨਹੀਂ ਬਣੀ ਉਹ ਸਮੁੰਦਰਾਂ, ਵਣਾਂ, ਪਰਬਤਾਂ ਜਾਂ ਪਦਾਰਥਾਂ ਵਿੱਚੋਂ ਨਹੀਂ ਮਿਲਦੀ। ਸਮੁੰਦਰ ਵਿੱਚੋਂ ਮਿਲਿਆ ਅੰਮ੍ਰਿਤ ਜਲ ਜਾਂ ਕਿਸੇ ਪਰਬਤ ਤੋਂ ਲੱਭੀ ਗਈ ਸੰਜੀਵਨੀ ਬੂਟੀ ਜਾਂ ਅੰਮ੍ਰਿਤ ਫਲ਼; ਕਿਸੇ ਬੰਦੇ ਦੇ ਮਨੋਂ ਮ੍ਰਿਤੂ ਨੂੰ ਭਾਵੇਂ ਟਾਲ ਦੇਣ ਪਰ ਉਹ ਅਖੌਤੀ ਅੰਮ੍ਰਿਤ ਜਾਂ ਅਖੌਤੀ ਅੰਮ੍ਰਿਤ-ਫਲ਼ ਆਪ ਕਿਸੇ ਤੱਤ ਜਾਂ ਮਿੱਟੀ ਤੋਂ ਬਣਿਆ ਹੈ, ਇਸ ਲਈ ਉਹ ਬੰਦੇ ਨੂੰ ਮਿੱਟੀ ਰਹਿਤ ਨਹੀਂ ਕਰ ਸਕਦਾ।
ਦੁਨੀਆਂ ਦਾ ਕੋਈ ਐਸਾ ਤੱਤ ਜਾਂ ਪਦਾਰਥ ਨਹੀਂ, ਜੋ ਦੂਸਰੇ ਤੱਤ ਨਾਲ ਮਿਲ ਕੇ ਆਪਣਾ ਤੇ ਦੂਸਰੇ ਦਾ ਵਿਨਾਸ਼ ਕਰ ਸਕੇ, ਸਗੋਂ ਇੱਕ ਤੱਤ ਦੂਜੇ ਤੱਤ ਨਾਲ ਮਿਲ ਕੇ ਨਵੀਂ ਸਿਰਜਣਾ ਕਰਦਾ ਹੈ; ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਪਾਣੀ ਤੱਤ ਨੂੰ ਪੈਦਾ ਕਰਦੀਆਂ ਹਨ। ਕਾਸਟਕ ਸੋਡਾ ਤੇ ਤੇਲ ਮਿਲ ਕੇ ਸਾਬਣ ਬਣ ਜਾਂਦਾ ਹੈ। ਇਸ ਲਈ ਦੁਨੀਆਂ ਅੰਦਰ ਅਜਿਹੇ ਪਦਾਰਥ ਤਾਂ ਹਨ, ਜੋ ਕਿਸੇ ਦੇ ਜੀਵਨ ਨੂੰ ਤੰਦਰੁਸਤ ਕਰ ਸਕਣ, ਪਰ ਉਹ ਕਿਸੇ ਨੂੰ ਅਬਿਨਾਸ਼ੀ ਨਹੀਂ ਬਣਾ ਸਕਦੇ, ਜਿਵੇ ਲੱਕੜੀ ਅਤੇ ਗਾਰੇ ਦੀ ਥਾਂ ਸੀਮਿੰਟ ਅਤੇ ਲੋਹਾ ਵਰਤਿਆਂ ਕਿਸੇ ਮਕਾਨ ਦੀ ਉਮਰ ਬੇਸ਼ੱਕ ਵਧ ਜਾਂਦੀ ਹੈ ਪਰ ਉਹ ਕਦੇ ਅਬਿਨਾਸ਼ੀ ਹੋਵੇ, ਇਹ ਸੰਭਵ ਨਹੀਂ। ਇਹੀ ਕਾਰਨ ਹੈ ਕਿ ਅੱਜ ਤੱਕ ਕੋਈ ਪੀਰ, ਪੈਗੰਬਰ, ਰਾਜਾ, ਮਹਾਰਾਜਾ, ਸੂਰਬੀਰ; ਮੌਤ ਜਾਂ ਕਾਲ ਨੂੰ ਨਹੀਂ ਜਿੱਤ ਸਕਿਆ। ਹਰਨਾਕਸ਼ ਤੇ ਰਾਵਣ ਵਰਗਿਆਂ ਦੀ ਬੰਦਗੀ ਦਾ ਮਕਸਦ ਵੀ ਇਹੋ ਸੀ ਕਿ ਮੈ ਕਦੇ ਨਾਂ ਮਰਾਂ, ਪਰ ਹਰ ਵਾਰੀ ਇਹੋ ਜਿਹੇ ਲੋਕ ਮੌਤ ਅੱਗੇ ਹਾਰਦੇ ਗਏ। ਆਪੋ ਆਪਣੇ ਖ਼ਿਆਲਾਂ ਵਿੱਚ ਨਾਮ ਭਾਵੇਂ ਅਲੱਗ ਹਨ, ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਕਹੇ ਜਾਂ ਅੰਮ੍ਰਿਤ ਆਖਿਆ ਜਾਏ ਪਰ ਭਾਵਨਾ ਸਭ ਪਿੱਛੇ ਇੱਕੋ ਹੀ ਹੈ ਕਿ ਮ੍ਰਿਤੂ ਤੋਂ ਬਚਾਅ ਕਿਵੇਂ ਹੋਵੇ।
ਗੁਰਮਤਿ ਦੀ ਰੌਸ਼ਨੀ ਵਿੱਚ ਜਿੱਥੇ ਹਰ ਅਸੂਲ ਰੱਬੀ ਰਜ਼ਾ ਅਨੁਸਾਰ ਚੱਲ ਰਿਹਾ ਹੈ ਉੱਥੇ ਅੰਮ੍ਰਿਤ ਦੀ ਵਿਚਾਰਧਾਰਾ ਵੀ ਨਿਰਾਲੀ ਹੈ, ਜਦੋਂ ਸਿੱਖ ਅੰਮ੍ਰਿਤ ਦੀ ਦਾਤਿ ਲੈਣ ਲਈ ਗੁਰ ਚਰਨਾਂ ਵਿੱਚ ਪੁੱਜਦਾ ਹੈ ਤਾਂ ਇਸ ਨੂੰ ਪਹਿਲਾ ਸਬਕ ਹੀ ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ ॥’’ (ਮਹਲਾ ੫/੧੧੦੨) ਦ੍ਰਿੜ੍ਹਾਇਆ ਜਾਂਦਾ ਹੈ ਕਿ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ ਮੁੱਕ ਜਾਏਗੀ, ਇਹ ਮੌਤ ਨਹੀਂ ਬਲਕਿ ਇਸ ਨੂੰ ਗੁਰਮਤਿ ਭਾਸ਼ਾ ਵਿੱਚ ‘ਨਿੱਜ ਘਰ’ ਜਾਣਾ ਆਖਿਆ ਗਿਆ ਹੈ। ਗੁਰਮਤਿ ਨੇ ਜਿੱਥੇ ਜੁਗਾਂ ਜੁਗੰਤਰਾਂ ਤੋਂ ਮੰਨੇ ਜਾਂਦੇ ਅੰਮ੍ਰਿਤ ਦੀ ਗੱਲ ਕੀਤੀ ਹੈ, ਉੱਥੇ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ॥’’ (ਮਹਲਾ ੩/੯੧੮) ਫ਼ੁਰਮਾਨ ਨਾਲ ਸ਼ਪਸਟ ਕੀਤਾ ਕਿ ਅਸਲ ਅੰਮ੍ਰਿਤ ਦੀ ਦਾਤਿ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਵੀ ਇਸ ਤਰ੍ਹਾਂ ਹੈ ‘‘ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥’’ (ਮਹਲਾ ੧/੫੯੮) ਅੰਮ੍ਰਿਤ ਦਾ ਧਾਰਨੀ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ॥’’ (ਮਹਲਾ ੧/੫੯੮) ਦਾ ਪਾਂਧੀ ਬਣ ਕੇ ਹੀ ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ, ਮਿਲਿ ਪੀਵਹੁ ਭਾਈ !॥’’ (ਮਹਲਾ ੫/੩੧੮) ਪ੍ਰਾਪਤ ਕਰਨ ਲਈ ਮਿਲ ਬੈਠਿਆ ਜਾ ਸਕਦਾ ਹੈ। ਪ੍ਰਭੂ ਨਾਮ ਹੀ ਅੰਮ੍ਰਿਤ ਹੈ, ਇਸ ਦਾ ਟਿਕਾਣਾ ‘‘ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ ॥ ਦੇਹੀ ਮਹਿ, ਇਸ ਕਾ ਬਿਸ੍ਰਾਮੁ ॥’’ (ਮਹਲਾ ੫/੨੯੩) ਹੈ। ਸਾਡੀ ਇਸ ਦੇਹੀ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਕਿਵੇਂ ਹੋਵੇ ? ਇਸ ਸਵਾਲ ਦਾ ਜਵਾਬ ਅਤੇ ਪ੍ਰਾਪਤੀ ਦਾ ਸਾਧਨ ਗੁਰੂ ਸਾਹਿਬਾਨ ਨੇ ਇੰਝ ਅੰਕਿਤ ਕੀਤਾ ‘‘ਕਾਇਆ ਨਗਰ ਮਹਿ ਰਾਮ ਰਸੁ ਊਤਮੁ; ਕਿਉ ਪਾਈਐ ? ਉਪਦੇਸੁ ਜਨ ! ਕਰਹੁ ॥ ਸਤਿਗੁਰੁ ਸੇਵਿ, ਸਫਲ ਹਰਿ ਦਰਸਨੁ; ਮਿਲਿ, ਅੰਮ੍ਰਿਤੁ ਹਰਿ ਰਸੁ ਪੀਅਹੁ ॥ (ਮਹਲਾ ੪/੮੦੦), ਅੰਮ੍ਰਿਤ ਬਾਣੀ ਤਤੁ ਵਖਾਣੀ.. ॥’’ (ਮਹਲਾ ੨/੧੨੪੩) ਜਾਂ ‘‘ਵਿਚਿ ਬਾਣੀ ਅੰਮ੍ਰਿਤੁ, ਸਾਰੇ॥’’ (ਮਹਲਾ ੪/੯੮੨) ਅਨੁਸਾਰ ‘ਬਾਣੀ ਹੀ ਅੰਮ੍ਰਿਤ’ ਹੈ ਤੇ ਇਸ ਦੀ ਸੰਭਾਲ ਵੀ ਗੁਰਬਾਣੀ ਵਿੱਚੋਂ ਹੀ ਕਰਨੀ ਹੈ।
ਪੰਚਮ ਪਿਤਾ ਜੀ ਨੇ ਫ਼ੁਰਮਾਇਆ ਹੈ ਕਿ ‘‘ਹਮਾਰੀ ਪਿਆਰੀ ਅੰਮ੍ਰਿਤ ਧਾਰੀ; ਗੁਰਿ (ਨੇ) ਨਿਮਖ ਨ ਮਨ ਤੇ ਟਾਰੀ ਰੇ॥’’ (ਮਹਲਾ ੫/੪੦੪) ਮਨੁੱਖਤਾ ਨੂੰ ਅੰਮ੍ਰਿਤਮਈ ਜੀਵਨ ਦੇਣ ਲਈ ਪਹਿਲੇ ਪਾਤਿਸ਼ਾਹ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਜੀ ਤੱਕ ‘ਚਰਨ ਪਾਹੁਲ’ ਦੀ ਮਰਿਆਦਾ ਚੱਲਦੀ ਰਹੀ ‘‘ਚਰਨ ਧੋਇ ਰਹਿਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ।’’ ਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਗੁਰਮਤਿ ਰੌਸ਼ਨੀ ਵਿੱਚ ‘ਚਰਨ ਪਾਹੁਲ’ ਦਾ ਭਾਵ ‘‘ਹਿਰਦੈ ਚਰਣ, ਸਬਦੁ ਸਤਿਗੁਰ ਕੋ; ਨਾਨਕ ! ਬਾਂਧਿਓ ਪਾਲ ॥’’ (ਮਹਲਾ ੫/੬੮੦) ਬੜਾ ਸਪਸ਼ਟ ਹੈ।
ਸੰਨ 1699 ਦੀ ਵਿਸਾਖੀ ਨੂੰ ਦਸਮ ਪਿਤਾ ਜੀ ਨੇ ‘ਖੰਡੇ ਬਾਟੇ ਦੀ ਪਾਹੁਲ’ ਦਾ ਨਿਯਮ ਬਖ਼ਸ਼ਿਆ, ਜੋ ਗੁਰੂ ਗ੍ਰੰਥ ਤੇ ਪੰਥ ਦੀ ਹਜ਼ੂਰੀ ਵਿੱਚ ਸਿੱਖਾਂ ਨੂੰ ਬਖਸ਼ਸ਼ ਹੁੰਦਾ ਹੈ। ਆਪ ਜੀ ਨੇ ਜਾਤਾਂ ਪਾਤਾਂ, ਅਮੀਰ ਗ਼ਰੀਬ, ਊਚ ਨੀਚ ਆਦਿ ਦਾ ਭੇਦ ਭਾਵ ਖ਼ਤਮ ਕਰ ਕੇ ਇੱਕੋ ਬਾਟੇ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾਇਆ ਤੇ ਫਿਰ ਉਹੀ ਬਾਟਾ ਆਪ ਪੰਥ ਨਾਲ ਸਾਂਝਾ ਕੀਤਾ, ਜਿਹੜੇ ਲੋਕ ਕਦੀ ਨਿਮਾਣੇ ਤੇ ਨਿਤਾਣੇ ਸਨ, ਅੱਜ ‘ਖਾਲਸਾ ਮੇਰੋ ਰੂਪ ਹੈ ਖਾਸ’ ਬਣ ਗਏ। ਗੁਰੂ ਨੇ ਮਾਣ ਕੀਤਾ ‘‘ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ॥’’ ਕਹਿ ਕੇ ਨਿਵਾਜਿਆ, ਇਹੀ ਹੈ ‘ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਿਖਾਲਸ ਜਾਨੈ ॥’ (33 ਸਵੱਈਏ)
ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਅੰਮ੍ਰਿਤ ਦੇ ਸੰਕਲਪ ਨੂੰ ਇੰਝ ਅੰਕਿਤ ਕੀਤਾ ਗਿਆ ਹੈ ‘ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ। ਤਾ ਕੋ ਸਿਰ ਧਰਿ, ਛਕ ਪੁਨ ਲੇਵੈ॥ ਪੁੰਨ ਮਿਲਿ ਪਾਂਚਹੁ, ਰਹਿਤ ਜੋ ਭਾਖੈ। ਤਾ ਕੋ, ਮਨ ਮਹਿ ਦ੍ਰਿੜ ਕਰ ਰਾਖੈ।’ ਇਨ੍ਹਾਂ ਪੜਾਵਾਂ ਨੂੰ ਪਾਰ ਕਰ ਕੇ ਸਿੱਖ ‘‘ਅੰਮ੍ਰਿਤ ਪੀਵਹੁ; ਸਦਾ ਚਿਰ ਜੀਵਹੁ॥ (ਮਹਲਾ ੫/੪੯੬), ਅੰਮ੍ਰਿਤ ਪੀਵੈ; ਅਮਰ ਸੁ ਹੋਇ॥ (ਸੁਖਮਨੀ/ਮਹਲਾ ੫/੨੮੭), ਪੀ ਅੰਮ੍ਰਿਤੁ, ਆਘਾਨਿਆ; ਗੁਰਿ, ਅਮਰੁ ਕਰਾਇਆ ॥’’ (ਮਹਲਾ ੫/੮੦੮) ਦੀ ਪਦਵੀ ਪ੍ਰਾਪਤ ਕਰਦਾ ਹੈ। ਲੋੜ ਹੈ ਭੁੱਲੜ ਮਨੁੱਖ, ਆਪਣੇ ਮਨ ਨੂੰ ਸੰਸਾਰ ਤੇ ਸਰੀਰਕ ਮੋਹ ਤੋਂ ਹਟਾ ਕੇ ਪ੍ਰਭੂ ਵੱਲ ਲਗਾਵੇ, ਗੁਰਮਤਿ ਵਿੱਚ ਇਸੇ ਵਿਚਾਰ ਨੂੰ ‘ਅੰਮ੍ਰਿਤ’ ਕਿਹਾ ਗਿਆ ਹੈ। ਜਿਹੜਾ ਆਤਮਾ, ਗੁਰੂ ਸ਼ਬਦ ਰੂਪ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦਾ ਹੈ, ਉਸ ਦੀ ਗਤੀ ਹੋ ਜਾਂਦੀ ਹੈ, ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਉਹ ਪਾਰਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ਅਰਥਾਤ ਪਰਮ ਅਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਸੋ, ਜੇ ਅਸੀਂ ਅਮਰ ਹੋਣਾ ਲੋਚਦੇ ਹਾਂ ਤਾਂ ਸਾਨੂੰ ਸਾਹਿਬ ਜੀ ਦੇ ਇਸ ਫ਼ੁਰਮਾਨ ਦੇ ਪਾਂਧੀ ਬਣਨਾ ਹੀ ਪਵੇਗਾ ‘‘ਅੰਮ੍ਰਿਤ ਬਚਨ, ਸਾਧ ਕੀ ਬਾਣੀ ॥ ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ, ਨਿਤ ਰਸਨ ਬਖਾਨੀ ॥’’ (ਮਹਲਾ ੫/੭੪੪)