ਗੁਰਬਾਣੀ ਸੰਥਿਆ ਦੀ ਲੋੜ ਤੇ ਉਸ ਦੀ ਮਹੱਤਤਾ

0
167

ਗੁਰਬਾਣੀ ਸੰਥਿਆ ਦੀ ਲੋੜ ਤੇ ਉਸ ਦੀ ਮਹੱਤਤਾ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਪ੍ਰਮਾਤਮਾ ਨੇ ਆਪਣੀ ਕੁਦਰਤ ਵਿੱਚ ਅਣਗਿਣਤ ਜੀਵ ਪੈਦਾ ਕਰ ਕੁਦਰਤ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਜਿਨ੍ਹਾਂ ਵਿੱਚ ਮਨੁੱਖੀ ਜੀਵਨ ਸਭ ਤੋਂ ਸ੍ਰੇਸ਼ਟ ਹੈ, ਪਰ ਇਹ ਕੁਦਰਤ ਦੇ ਸਾਰੇ ਜੀਵਾਂ ਉੱਤੇ ਜੇਕਰ ਰਾਜ ਕਰਨ ਵਿੱਚ ਸਫਲ ਹੋਇਆ ਹੈ, ਤਾਂ ਇਹ ਆਪਣੀ ਬੋਲਣ-ਸ਼ਕਤੀ ਦੁਆਰਾ ਹੀ ਸਫਲ ਹੋਇਆ ਹੈ। ਹਰ ਇੱਕ ਦੇਸ਼ ਅਤੇ ਕੌਮ ਨੇ ਆਪਣੀ-ਆਪਣੀ ਬੋਲੀ ਨੂੰ ਆਪਣੀ ਸਹੂਲਤ ਅਨੁਸਾਰ ਵੱਖ-ਵੱਖ ਨਾਮ ਦਿੱਤੇ ਹਨ, ਇਸ ਤਰ੍ਹਾਂ ਸੰਸਾਰ ਵਿੱਚ ਅਣਗਿਣਤ ਮੰਨੀਆਂ ਜਾਣ ਵਾਲੀਆਂ ਬੋਲੀਆਂ ਨੇ ਆਪਣੇ-ਆਪਣੇ ਫਿਰਕੇ-ਕਬੀਲਿਆਂ ਨੂੰ ਆਪਣੇ ਸੂਤਰ, ਸਭਿਆਚਾਰਕ ਏਕਤਾ ਵਿੱਚ ਪ੍ਰੋ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੋਈ ਹੈ।

ਇਸ ਵੀਚਾਰ ਸੰਬੰਧੀ ਗੁਰੂ ਨਾਨਕ ਸਾਹਿਬ ਜੀ ਨੇ -‘‘ਅਖਰੀ ਨਾਮੁ; ਅਖਰੀ ਸਾਲਾਹ॥ ਅਖਰੀ; ਗਿਆਨੁ ਗੀਤ ਗੁਣ ਗਾਹ॥ ਅਖਰੀ; ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ; ਸੰਜੋਗ ਵਖਾਣਿ॥’’ ਦੇ ਭਾਵ ਪ੍ਰਗਟ ਕੀਤੇ ਹਨ।

ਅਜੋਕੇ ਵਿਗਿਆਨਕ ਯੁੱਗ ਨੇ ਸਮਾਜਿਕ ਜੀਵਾਂ ਦੀਆਂ ਦੂਰੀਆਂ ਨੂੰ ਮਿਟਾਉਣ ਵਿੱਚ, ਇਸ ਬੋਲੀ ਨੂੰ ਹੀ ਮਾਧਿਅਮ (ਵਸੀਲਾ) ਬਣਾਇਆ ਹੋਇਆ ਹੈ, ਪਰ ਬਹੁਤ ਹੀ ਤੀਬਰਤਾ ਤੇ ਨਿਰੰਤਰ ਹੋ ਰਹੇ ਇਸ ਵਿਕਾਸ ਵਿੱਚ ਜੋ ਕੌਮ, ਆਪਣੀ ਬੋਲੀ ਨੂੰ ਲੈ ਕੇ ਸਮੇਂ ਅਨੁਸਾਰ ਚੱਲਣ ਵਿੱਚ ਸਫਲ ਨਹੀਂ ਹੋਈ, ਉਹ ਕੌਮ ਅਤੇ ਉਸ ਦੀ ਬੋਲੀ ਦਾ ਭਵਿੱਖ ਨਿਸ਼ਚਿਤ ਹੀ ਆਪਣੇ ਖ਼ਾਤਮੇ ਵੱਲ ਵਧਦਾ ਪ੍ਰਤੀਤ ਹੁੰਦਾ ਹੈ। ਜੇਕਰ ਕਿਸੇ ਕੌਮ ਨੇ ਆਪਣੀ ਪਹਿਚਾਣ ਨੂੰ ਮਨੁੱਖਤਾ ਵਿੱਚ ਸਦੀਵੀ ਬਣਾਏ ਰੱਖਣਾ ਹੈ ਤਾਂ ਸਭ ਤੋਂ ਮਹੱਤਵ ਪੂਰਨ ਕਦਮ (ਫ਼ੈਸਲਾ) ਇਹ ਹੋਵੇਗਾ ਕਿ ਉਹ ਆਪਣੀ ਬੋਲੀ ਨੂੰ ਸੰਭਾਲ਼ੇ ਭਾਵ ਆਪਣੀ ਮਾਤ੍ਰੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਬਹੁਤ ਹੀ ਸਿਦਕੀ ਤੇ ਮਹੱਤਵ ਪੂਰਨ ਯੋਗਦਾਨ ਪਾਵੇ ਕਿਉਂਕਿ ਜਿਹੜੀਆਂ ਕੌਮਾਂ ਅਜਿਹਾ ਕਰਨ ਵਿੱਚ ਅਸਫਲ ਰਹਿ ਜਾਦੀਆਂ ਹਨ ਉਹ ਆਪਣੀ ਹੋਂਦ ਤੇ ਆਪਣੀ ਬੋਲੀ ਨੂੰ ਦੂਸਰੀਆਂ ਕੌਮਾਂ ਦੇ ਨਿਰੰਤਰ ਵਧਦੇ ਪ੍ਰਭਾਵ ਹੇਠਾਂ ਅਲੋਪ ਕਰ ਲੈਣਗੀਆਂ, ਨਸ਼ਟ ਕਰ ਲੈਣਗੀਆਂ ਕਿਉਂਕਿ ਜਿੱਥੇ ਬੋਲ-ਸ਼ਕਤੀ ਨੇ ਆਪਣੀ ਕੌਮੀ ਏਕਤਾ ਨੂੰ ਬਣਾਏ ਰੱਖਣਾ ਹੈ, ਉੱਥੇ ਕੌਮ ਨੇ ਉਸ ਬੋਲੀ ਵਿੱਚ ਸੰਭਾਲੇ ਹੋਏ ਬਹੁ ਕੀਮਤੀ ਗਿਆਨ ਦੇ ਖਜ਼ਾਨੇ ਬਾਰੇ ਆਪਣੀ ਨਸਲ, ਪੀੜੀ ਜਾਂ ਸਮਾਜ ਨੂੰ ਜਾਣਕਾਰੀ ਦੇਣੀ ਹੁੰਦੀ ਹੈ। ਵਿਸ਼ਵ ਸ਼ਾਂਤੀ ਅਤੇ ਆਪਸੀ ਸਦਭਾਵਨਾ, ਪ੍ਰੇਮ-ਸਾਂਝ ਨੂੰ ਬਣਾਏ ਰੱਖਣ ਲਈ ਬੋਲੀ ਹੀ ਆਪਣੀ ਕੌਮ ਦੇ ਵਡਮੁੱਲੇ ਇਤਿਹਾਸ ਦੇ ਰਾਹੀਂ ਪਵਿਤ੍ਰ ਸਮਾਜ ਦੀ ਸਿਰਜਣਾ ਕਰ ਸਕਦੀ ਹੈ, ਜੋ ਕਿ ਅਜੋਕੇ ਸੰਸਾਰ ਵਿੱਚ ਆਪਸੀ ਮਤਭੇਦਾਂ ਰਾਹੀਂ ਬਣੇ ਅਸਾਂਤ ਵਾਤਾਵਰਣ ਵਿੱਚ ਸ਼ਾਤਮਈ ਮਾਹੌਲ ਪੈਦਾ ਹੋਵੇਗਾ, ਉੱਥੇ ਪ੍ਰਮਾਤਮਾ ਦੁਆਰਾ ਸਾਜੀ ਗਈ ਕੁਦਰਤ ਲਈ ਵੀ ਲਾਭਕਾਰੀ ਹੋਵੇਗਾ ਕਿਉਂਕਿ ਮਨੁੱਖ ਹੀ ਸਾਰੀਆਂ ਜੂਨਾਂ ਤੋਂ ਸਰਬ ਸ੍ਰੇਸ਼ਟ ਜੂਨੀ ਹੈ ਇਸ ਲਈ ਮਨੁੱਖ ਦੇ ਰਹਿਮ-ਦਿਲ ਸੁਭਾਅ ਕਾਰਨ ਹੀ ਬਾਕੀ ਜੂਨਾਂ ਦਾ ਵਿਕਾਸ ਹੋਣਾ ਸੰਭਵ ਹੈ।

ਬੇਸ਼ੱਕ ਹਰ ਇੱਕ ਕੌਮ, ਆਪਣੀ ਬੋਲੀ ਨੂੰ ਉੱਤਮ ਮੰਨਦੀ ਹੈ ਪਰ ਉਸ ਦੀ ਉਚਤਾ ਦੀ ਪਰਖ, ਉਸ ਵਿੱਚ ਦਰਜ ਸਿਧਾਂਤਾਂ ਰਾਹੀਂ ਸਮੂਹ ਮਾਨਵਤਾ ਦੇ ਕਲਿਆਣ ਦੁਆਰਾ ਹੋਣੀ ਹੈ ‘‘ਸਫਲ ਸੁ ਬਾਣੀ, ਜਿਤੁ ਨਾਮੁ ਵਖਾਣੀ॥ ਗੁਰ ਪਰਸਾਦਿ, ਕਿਨੈ ਵਿਰਲੈ ਜਾਣੀ॥’’ (ਮਹਲਾ ੫/੧੦੩) ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਬਹੁਤ ਹੀ ਘੱਟ ਮਰਜੀਵੜੇ, ਮਾਨਵਤਾ ਦੀ ਭਲਾਈ ਲਈ ਸੰਘਰਸਮਈ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤਾਤ ਦੇ ਵੀਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਕੀਤਾ ਹੋਇਆ ਮਿਲਦਾ ਹੈ, ਜੋ ਉੱਤਮ ਵੀਚਾਰ ਕਿਸੇ ਮਹਾਂਪੁਰਖ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੋਂ ਕਿਸੇ ਕਾਰਨ ਰਹਿ ਗਏ ਉਨ੍ਹਾਂ ਦੀ ਸਮੇਂ ਅਨੁਸਾਰ ਹੋਂਦ ਹੀ ਖ਼ਤਮ ਹੋ ਗਈ ਹੈ ਜਾਂ ਕਹਿ ਸਕਦੇ ਹਾਂ ਕਿ ਕਾਲ-ਚੱਕ੍ਰ ਦੀ ਸ਼ਕਤੀ ਦੇ ਮੁਕਾਬਲੇ ਉਹ ਕੀਮਤੀ ਬਚਨ ਹੋਣ ਦੇ ਬਾਵਜੂਦ ਵੀ ਅਲੋਪ ਹੋ ਗਏ ਹਨ।

ਇਹ ਵੀ ਅਟੱਲ ਸਚਾਈ ਹੈ ਕਿ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਂ ਪੁਰਖਾਂ ਦੇ, ਸਮਾਜ ਦੀਆਂ ਜ਼ਿਆਦਾਤਰ ਕੌਮਾਂ ਦੇ ਜਨਮ ਦਾਤਿਆਂ ਨੇ ਆਪਣੇ ਵੀਚਾਰਾਂ ਨੂੰ ਆਪ, ਕਿਸੇ ਵੀ ਬੋਲੀ ਵਿੱਚ ਦਰਜ ਨਹੀਂ ਕੀਤਾ, ਸਿੱਖ ਗੁਰੂਆਂ ਦੇ ਉਪਰੋਕਤ ਸ਼ਬਦ ਨੂੰ ਆਧੁਨਿਕ ਜੁਗ ਦੇ ਤੁਲਨਾਤਮਕ ਧਰਮ ਦੇ ਅਧਿਐਨ ਦੇ ਇਕ ਪੱਛਮੀ ਵਿਦਵਾਨ ਖੋਜੀ ਨੇ ਕਿਵੇਂ ਰਹੱਸਮਈ ਕਰਾਰ ਦਿੱਤਾ, ਇਹ ਇੱਕ ਅਦਭੁਤ ਕਹਾਣੀ ਹੈ। ਸੰਨ 1862 ਈਸਵੀ ਦੀ ਗੱਲ ਹੈ ਕਿ ਇੱਕ ਆਇਰਿਸ਼ ਗਭਰੂ ਇੰਡੀਅਨ ਸਿਵਲ ਸਰਵਿਸ ਵਿੱਚ ਪ੍ਰੀਖਿਆ ਪਾਸ ਕਰਨ ਪਿੱਛੋਂ ਨੌਕਰੀ ਉੱਤੇ ਹਾਜ਼ਰ ਹੋਣ ਲਈ ਪੰਜਾਬ ਆਇਆ। ਉਸ ਦਾ ਨਾਮ ਮਿਸਟਰ ਮੈਕਸ ਆਰਥਰ ਮੈਕਾਲਿਫ ਸੀ। ਉਹ ਲਾਹੌਰ ਨੂੰ ਜਾਂਦਿਆਂ ਅੰਮ੍ਰਿਤਸਰ ਸਟੇਸ਼ਨ ’ਤੇ ਉੱਤਰ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਚਲਾ ਗਿਆ। ਪਾਵਨ ਵਾਤਾਵਰਣ ਨੇ ਉਸ ਨੂੰ ਮੋਹ ਲਿਆ। ਅੰਤਰੀ ਖਿੱਚ ਕਾਰਨ ਉਹ ਨੌਕਰੀ ਦੇ ਨਾਲੋਂ ਨਾਲ ਪੰਜਾਬੀ ਜ਼ਬਾਨ, ਗੁਰਮੁਖੀ ਲਿੱਪੀ, ਗੁਰਬਾਣੀ ਤੇ ਗੁਰੂਆਂ ਦੇ ਜੀਵਨ ਬਾਰੇ ਲਗਾਤਾਰ ਅਧਿਐਨ ਕਰਦਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਦੀ ਡੂੰਘੀ ਲਗਨ ਅਧੀਨ ਉਸ ਨੇ 1892 ਈਸਵੀ ਨੂੰ ਉੱਚ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਆਪ ਇਸੇ ਲਗਨ ਨੂੰ ਸਮਰਪਨ ਕਰ ਦਿੱਤਾ ਅਤੇ ਸੰਨ 1899 ਨੂੰ ਖਾਲਸੇ ਦੇ ਜਨਮ ਦੀ ਦੂਜੀ ਸ਼ਤਾਬਦੀ ਸਮੇਂ ਉਸ ਨੇ ਅਕਾਲਬੁੰਗੇ (ਅਕਾਲ ਤਖ਼ਤ ਸਾਹਿਬ) ਸ੍ਰੀ ਅੰਮ੍ਰਿਤਸਰ ਵਿਖੇ, ਸਿੱਖ ਗਿਆਨੀਆਂ ਨੂੰ ਆਪਣੇ ਅਨੁਭਵ ਪੰਜਾਬੀ ਜ਼ਬਾਨ ਵਿੱਚ ਸੁਣਾਏ। ਓਹੀ ਸ੍ਰੇਸ਼ਟ ਅਨੁਭਵ ਮੂਲ ਰੂਪ ਵਿੱਚ ਪੇਸ਼ ਹਨ ‘ਸਿੱਖ ਧਰਮ ਵਿੱਚ ਭਾਰਾ ਗੁਣ ਇਹ ਹੈ ਕਿ ਸੰਸਾਰ ਦੇ ਅਨਯ ਧਰਮਾਂ ਦੇ, ਜੋ ਵੱਡੇ ਵੱਡੇ ਗੁਰੂ ਹੋ ਬੀਤੇ ਹਨ, ਉਹਨਾਂ ਨੇ ਕਦੀ ਇਕ ਸਤਰ ਤਕ ਬੀ ਆਪਣੇ ਹੱਥੀਂ ਨਹੀਂ ਲਿਖੀ ਸੀ। ਆਪ ਵਿੱਚੋਂ ਸ਼ਾਇਦ ਕਿਸੇ ਕਿਸੇ ਨੇ ਸੁਣਿਆ ਹੋਵੇਗਾ ਕਿ ਯੂਨਾਨ ਦੇਸ ਦਾ ਵੱਡਾ ਤਤਵੇਤਾ ਜਿਸ ਦਾ ਨਾਉਂ ਪਾਇਥਾਗੋਰਸ ਸੀ, ਜਿਸ ਦੇ ਬਹੁਤ ਸਾਰੇ ਚੇਲੇ ਬਣ ਗਏ ਸਨ ਤੇ ਜੋ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਪੁਰਸ਼ ਹੋ ਗਿਆ ਸੀ ਪਰ ਉਸ ਨੇ ਇਕ ਸਤਰ ਵੀ ਆਪਣੇ ਹੱਥੀਂ ਲਿਖ ਕੇ ਪਿੱਛੇ ਨਹੀਂ ਛੱਡੀ ਜਿਸ ਕਰਕੇ ਅਸੀਂ ਜਾਣ ਲੈਂਦੇ ਕਿ ਇਹ ਉਸ ਦੇ ਨਿਯਮ ਸਨ। ਇਸ ਸੰਸਾਰ ਵਿੱਚ ਦੂਸਰਾ ਵੱਡਾ ਉਸਤਾਦ ਸੁਕਰਾਤ ਸੀ, ਜੋ ਮਸੀਹ ਤੋਂ ਪੰਜ ਸੌ ਵਰ੍ਹੇ ਪਹਿਲੇ ਯੂਨਾਨ ਦੇਸ ਵਿੱਚ ਵੱਡਾ ਧਾਰਮਕ ਮਹਾਤਮਾ ਪ੍ਰਸਿੱਧ ਹੋਇਆ ਸੀ। ਉਹ ਆਖਦਾ ਸੀ ਕਿ ਮੇਰੇ ਅੰਦਰ ਪਰਮਾਤਮਾ ਦੀ ਅਕਾਸ਼ ਬਾਣੀ ਹੁੰਦੀ ਹੈ, ਜੋ ਮੈਨੂੰ ਚੰਗੇ ਕੰਮਾਂ ਵੱਲ ਪ੍ਰੇਰਦੀ ਹੈ ਤੇ ਮੰਦੇ ਕੰਮਾਂ ਤੋਂ ਹਟਾਉਂਦੀ ਹੈ। ਉਹ ਵੀ ਆਪਣੇ ਪਿੱਛੇ ਕੋਈ ਤੁਕ ਅਜਿਹੀ ਲਿਖ ਕੇ ਨਾ ਛੱਡ ਗਿਆ, ਜਿਸ ਤੋਂ ਉਸ ਦਾ ਨਿਸ਼ਾਨਾ ਅਰ ਉਸ ਦੇ ਧਰਮ ਦੇ ਨਿਯਮਾਂ ਦੀ ਸਿਮਰਤੀ ਬਣੀ ਰਹਿੰਦੀ। ਜੋ ਕੁਝ ਉਸ ਦੀ ਸਿਖਿਆ ਪ੍ਰਗਟ ਹੈ, ਉਹ ਵੀ ਉਸ ਦੇ ਚੇਲੇ ਅਫਲਾਤੂਨ ਦੀ ਰਾਹੀਂ ਹੀ ਪ੍ਰਸਿੱਧ ਹੋਈ ਹੈ। ਉਪਰੰਤ ਇਸ ਭਾਰਤ-ਵਰਸ਼ ਵਿੱਚ ਵੱਡਾ ਧਾਰਮਕ ਗੁਰੂ ਬੁੱਧ ਹੋਇਆ ਹੈ। ਉਸ ਨੇ ਵੀ ਆਪਣੇ ਹੱਥੀਂ ਕਦੇ ਕੋਈ ਸਤਰ ਨਹੀਂ ਲਿਖੀ ਸੀ। ਫੇਰ ਉਸ ਦੇ ਪਿਛੋਂ ਬੜਾ ਪ੍ਰਸਿੱਧ ਧਾਰਮਕ ਗੁਰੂ ਮਸੀਹ ਹੋਇਆ ਸੀ, ਉਸ ਨੇ ਵੀ ਕੋਈ ਅੱਖਰ ਸਾਰਖਾ ਨਹੀਂ ਲਿਖਿਆ ਸੀ। ਇਸ ਦੀਆਂ ਸਿਖਿਆਵਾਂ ਵੀ ਉਨ੍ਹਾਂ ਦੇ ਚੇਲਿਆਂ ਦੁਆਰਾ ਲਿਖੀਆਂ ਅੰਜੀਲ ਨਾਮੇ ਪੋਥੀ ਦਵਾਰਾ ਹੀ ਪ੍ਰਸਿੱਧ ਹੋਈਆਂ ਸਨ, ਪ੍ਰੰਤੂ ਸਿੱਖਾਂ ਦੇ ਧਾਰਮਕ ਗੁਰੂ ਇਹਨਾਂ ਤੋਂ ਵਿਲੱਖਣ ਹੋਏ ਹਨ, ਕਿਉਂ ਜੋ ਉਹਨਾਂ ਨੇ ਆਪਣੇ ਧਰਮ ਦੇ ਨਿਯਮਾਂ ਨੂੰ ਆਪ ਲਿਖਿਆ ਤੇ ਸਤਯ ਉਪਦੇਸਾਂ ਦਾ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਰਚ ਗਏ। ਇਸ ਗੱਲ ਵਿੱਚ ਸਿੱਖਾਂ ਦਾ ਮਤ ਸਭ ਤੋਂ ਵਧ ਕੇ ਹੈ।’

ਇਕ ਵਿਦੇਸ਼ੀ ਹਾਕਮ ਸ਼੍ਰੇਣੀ ਦਾ ਵਿਦਵਾਨ ਜੋ ਸਮੂਹ ਧਰਮਾਂ ਦਾ ਅਧਿਐਨ ਕਰ ਚੁੱਕਾ ਹੋਵੇ ਅਤੇ ਖਾਨਦਾਨੀ ਤੌਰ ’ਤੇ ਵਿਸ਼ਵ ਦੇ ਪ੍ਰਮੁੱਖ ਈਸਾਈ ਧਰਮ ਦਾ ਪੈਰੋਕਾਰ ਹੋਵੇ, ਪਰ ਆਪਣੀ ਨਿਰਪੱਖ ਖੋਜ ਦੇ ਬਲਬੋਤੇ ਉੱਤੇ, ਅਤਿ ਬਾਰੀਕੀ ਨਾਲ, ਸਿੱਖ ਧਰਮ ਦੀ ਅਲੋਕਾਰੀ ਵਡਿਆਈ ਦਾ ਵਰਣਨ ਕਰੇ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੌਰਵ ਭਰਪੂਰ ਰਹੱਸ ਦੀ ਪ੍ਰਮਾਣਿਕਤਾ ਦਾ ਮੂੰਹ ਬੋਲਦਾ ਪ੍ਰਗਟਾਵਾ ਹੈ।

ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਕੌਮਾਂ ਦੀ ਬੋਲੀ ਵਿੱਚ ਦਰਜ ਵੀਚਾਰਾਂ ਨੂੰ 100% ਸੱਚ ਮੰਨਣ ਵਿਚ ਵੀ ਸੰਦੇਹ ਪੈਦਾ ਹੁੰਦਾ ਹੈ ਜਿਵੇਂ ਕਿ ਵੇਦ 900 ਸਾਲ ਤੱਕ ਜ਼ਬਾਨੀ ਯਾਦ ਰੱਖੇ ਗਏ, ਜੋ ਕਿ ਇੱਕ ਇਤਿਹਾਸਕ ਸਚਾਈ ਹੈ, ਜਿਸ ਤੋਂ ਉਪਰੰਤ ਉਸ ਕੌਮ ਦੇ ਕੁਝ ਬੁਧੀਜੀਵੀਆਂ ਨੇ ਉਨ੍ਹਾਂ ਬਚਨਾਂ ਨੂੰ ਬੋਲੀ (ਸੰਸਕ੍ਰਿਤ) ਦਾ ਨਾਮ ਦਿੱਤਾ, ਜਿਸ ਦਾ ਕਿ ਉਹ ਲੋਕ ਅੱਜ ਵਖਿਆਨ ਕਰ ਸਮਾਜ ਨੂੰ ਆਪਣੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰ ਸਕਣ ਵਿੱਚ ਸਮਰੱਥ ਹੋਏ ਹਨ । ਸਮਾਜਿਕ ਜ਼ਿੰਦਗੀ ਵਿੱਚ ਵਿਖਾਈ ਦੇ ਰਹੀ ਗਿਰਾਵਟ ਦਾ ਇੱਕ ਉਪਰੋਕਤ ਕਾਰਨ ਵੀ ਮੰਨਿਆ ਜਾ ਸਕਦਾ ਹੈ ਕਿ ਸਾਰੇ (ਸਮੂਹ) ਮਤਾਂ (ਸਿਧਾਂਤਾਂ) ਦੇ ਮੂਲ ਸਰੋਤ ਮਹਾਂ ਪੁਰਖਾਂ ਵੱਲੋਂ ਆਪਣੇ ਬਚਨਾਂ ਨੂੰ ਖੁਦ ਆਪ ਕਿਸੇ ਲਿਖਤੀ ਰੂਪ ਵਿੱਚ ਸੰਭਾਲ ਕੇ ਰੱਖਣ ’ਚ ਤਰੁਟੀ ਰਹਿ ਗਈ। ਇੱਕ ਗੁਰਸਿੱਖ ਇਸ ਤਰੁਟੀ ਦੇ ਸਮਾਜਿਕ ਨੁਕਸਾਨ ਬਾਰੇ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਜੋ ਕੇਵਲ 400 ਸਾਲ ਹੀ ਪਹਿਲਾਂ ਹੋਈ ਹੈ; ਜੇਕਰ ਉਸ ਸਮੇਂ ਲਿਖਤੀ ਰੂਪ ਦੇਣ ਦੀ ਬਜਾਏ ਅੱਜ ਤੱਕ (ਭਾਵ 400 ਸਾਲ ਤੱਕ) ਹੀ ਜ਼ਬਾਨੀ ਯਾਦ ਰੱਖ ਕੇ ਸਿੱਖ ਕੌਮ ‘ਗੁਰਮਤਿ ਸਿਧਾਂਤ’ ਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਤਾਂ ਸਾਡੀ ਸਥਿਤੀ ਅਕਾਸ਼ ਵੇਲ ਵਾਲੀ ਹੀ ਹੋਣੀ ਸੀ। ਇਹੀ ਹਾਲ ਉਨ੍ਹਾਂ ਕੌਮਾਂ ਦਾ ਅੱਜ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਦੇ ਮਹਾਂਪੁਰਖਾਂ ਦੇ ਬਚਨਾਂ ਨੂੰ ਕਿਸੇ ਕਾਰਨ (ਕਿਸੇ ਬੋਲੀ ਰਾਹੀਂ) ਸੰਭਾਲਿਆ ਨਹੀਂ ਭਾਵ ਸਮੇਂ ਦਾ ਹਾਣੀ ਨਹੀਂ ਬਣਾਇਆ ਜਾ ਸਕਿਆ।

‘ਗੁਰਮੁਖੀ ਭਾਸ਼ਾ’ (ਪੁਰਾਤਨ ਪੰਜਾਬੀ) ਦੀ ਲਿਖਤ ਤੇ ਨਵੀਨਤਮ ‘ਪੰਜਾਬੀ ਭਾਸ਼ਾ’ ਦੀ ਲਿਖਤ ਵਿੱਚ ਕੁਝ ਵਖਰੇਵੇਂ ਦਰਜ ਸਨ ਜਿਨ੍ਹਾਂ ਬਾਰੇ ਸਿੱਖ ਕੌਮ ਜਾਂ ਪੰਜਾਬੀ ਨਾਲ ਪਿਆਰ ਕਰਨ ਵਾਲੇ ਬੁਧੀਜੀਵੀਆਂ ਨੇ ਪੰਜਾਬੀ ਭਾਸ਼ਾ ਦੇ 35 ਵਰਣਾਂ ਵਿੱਚ 6 ਅੱਖਰ (ਸ਼, ਖ਼, ਗ਼, ਜ਼, ਫ਼ ਤੇ ਲ਼) ਸ਼ਾਮਲ ਕਰ ਇਸ ਵਰਣਮਾਲਾ ਦੀ ਗਿਣਤੀ 35 ਤੋਂ 41 ਕਰ ਦਿੱਤੀ ਤਾਂ ਜੋ ਗੁਰਮੁਖੀ ਲਿਪੀ ਨੂੰ ਸਮੇਂ ਦਾ ਹਾਣੀ ਬਣਾ ਕੇ ਰੱਖਣ ਵਿੱਚ ਸਫਲਤਾ ਮਿਲਦੀ ਰਹੇ ਤੇ ਸਾਧਾਰਨ ਬੋਧ ਰੱਖਣ ਵਾਲਾ ਇੱਕ ਗੁਰਸਿੱਖ, ਗੁਰਬਾਣੀ ਦੇ ਅਰਥ ਭਾਵ ਤੋਂ ਨਿਰੰਤਰ ਲਾਭ ਉਠਾਉਂਦਾ ਰਹੇ। ਸਿੱਖ ਕੌਮ ਨਾਲ ਸੰਬੰਧਿਤ ਬੁਧੀਜੀਵੀ ਵਰਗ ਤੇ ਪ੍ਰਚਾਰਕਾਂ ਨੂੰ ਵੀ ਆਮ ਜਨਤਾ ਤੱਕ ਅੰਮ੍ਰਿਤਮਈ ਬਚਨਾਂ ਦੇ ਬਹੁ ਕੀਮਤੀ ਖਜ਼ਾਨੇ ਨੂੰ ਪਹੁੰਚਾਉਣ ਵਿੱਚ ਆਸਾਨੀ ਬਣੀ ਰਹੇ, ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਦੂਜੀਆਂ ਭਾਸ਼ਾਵਾਂ ਦੇ ਹੋ ਰਹੇ ਨਿਰੰਤਰ ਵਿਕਾਸ ਦੇ ਮੁਕਾਬਲੇ ਪੰਜਾਬੀ ਦਾ ਉਸ ਤਰ੍ਹਾਂ ਵਿਕਾਸ ਸਿੱਖ ਕੌਮ ਨਹੀਂ ਕਰ ਸਕੀ, ਜਿਸ ਤਰ੍ਹਾਂ ਹੋਣਾ ਚਾਹੀਦਾ ਸੀ, ਇਸ ਕਾਰਨ ਪੰਜਾਬੀ (ਗੁਰਮੁਖੀ) ਨੂੰ ਪੰਜਾਬ ਸੂਬੇ ਤੋਂ ਬਾਹਰ ਭਾਰਤ ਦੇ ਕਿਸੇ ਵੀ ਹੋਰ ਪ੍ਰਾਂਤ ਵਿੱਚ ਬਣਦਾ ਹੱਕ ਜਾਂ ਸਥਾਨ ਨਹੀਂ ਮਿਲ ਸਕਿਆ।

ਲੋਕਤੰਤਰੀ ਢਾਂਚੇ ਰਾਹੀਂ, ਜਿੱਥੇ ਵੋਟ ਸ਼ਕਤੀ ਤੇ ਮਜ਼੍ਹਬੀ ਸੋਚ ਨੂੰ ਤਰਜੀਹ ਦਿੱਤੀ ਜਾਂਦੀ ਹੋਵੇ ਉੱਥੇ ਘੱਟ ਗਿਣਤੀਆਂ ਦੇ ਅਧਿਕਾਰ ਤੇ ਉਨ੍ਹਾਂ ਦੀਆਂ ਮਾਤ-ਭਾਸ਼ਾਵਾਂ (ਬੋਲੀਆਂ) ਦੀ ਹੋਂਦ ਨੂੰ ਬਚਾਏ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿਕ ਵਿੱਚ ਸਾਡੇ ਬੱਚਿਆਂ ਨੂੰ ਗੁਰਮੁਖੀ (ਪੰਜਾਬੀ) ਦੇ ਮੁਕਾਬਲੇ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਨੂੰ ਪੜ੍ਹਾਉਣ ’ਤੇ ਵਧੇਰੇ ਜੋਰ ਦਿੱਤਾ ਜਾਂਦਾ ਹੈ ਜੋ ਕਿ ਭਾਰਤ ਦੀ ਨਵੀਂ ਪੀੜੀ (ਬੱਚਿਆਂ) ਦੇ ਭਵਿੱਖ ’ਤੇ (ਵੋਟ ਸ਼ਕਤੀ ਰਾਹੀਂ ਪਾਇਆ ਗਿਆ) ਇਹ ਵਾਧੂ ਬੋਝ ਹੀ ਹੈ।

ਸਿੱਖ ਸਮਾਜ ਵੱਲੋਂ ਗੁਰਦੁਆਰੇ ਬਣਾਉਣ ਦੇ ਮੁਕਾਬਲੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਨਾ-ਮਾਤਰ ਰੱਖੀ ਹੋਣ ਕਾਰਨ ਹੀ ਸਾਡੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ-ਕਾਲਜਾਂ ਵਿੱਚ ਜਾ ਕੇ ਸਮੇਂ ਲਈ ਅਢੁਕਵੀਂਆਂ ਭਾਸ਼ਾਵਾਂ ਨੂੰ ਪੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ ਹੈ; ਜੋ ਸਕੂਲ ਜਾਂ ਕਾਲਜ, ਗੁਰਦੁਆਰਾ ਪ੍ਰਬੰਧ ਅਧੀਨ ਚੱਲ ਰਹੇ ਹਨ ਉਨ੍ਹਾਂ ਦਾ ਹਾਲ ਵੀ ਕੋਈ ਬਹੁਤਾ ਚੰਗਾ (ਭਾਵ ਸਮੇਂ ਦਾ ਹਾਣੀ) ਨਹੀਂ ਕਿਹਾ ਜਾ ਸਕਦਾ, ਜਿਸ ਕਾਰਨ ਅੱਜ ਪੰਜਾਬ ਵਿੱਚ ਹੀ ਮਾਝਾ ਤੇ ਦੁਆਬਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪੰਜਾਬੀ ਦੇ ਮੁਕਾਬਲੇ ਦੂਜੀਆਂ ਭਾਸ਼ਾਵਾਂ (ਸਿੱਖ ਪਰਿਵਾਰਾਂ ਸਮੇਤ) ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹੀ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਵੱਲ ਮੁੜਨ ਦਾ ਮੂਲ ਕਾਰਨ ਹੈ ਕਿਉਂਕਿ ਜਿਸ (ਗੁਰਮੁਖੀ) ਭਾਸ਼ਾ ਵਿੱਚ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹੀਂ ਸਿੱਖ ਸਮਾਜ ਦੇ ਭਲੇ ਲਈ ਨੈਤਿਕਤਾ ਦਰਜ ਕੀਤੀ ਸੀ, ਜ਼ਿਆਦਾਤਰ ਅਜੋਕਾ ਸਮਾਜ ਜਾਂ ਸਿੱਖ ਪਰਿਵਾਰ ਉਸ ਭਾਸ਼ਾ ਦੀ ਸਮਝ ਤੋਂ ਦੂਰ ਚਲਾ ਗਿਆ ਹੈ।

ਉਪਰੋਕਤ ਕੀਤੀ ਗਈ ਵੀਚਾਰ ਕਿ ‘ਗੁਰਮੁਖੀ ਲਿਪੀ’ ਨੂੰ ਸਮੇਂ ਦਾ ਹਾਣੀ ਬਣਾਉਣ ਲਈ, ਉਸ ਵਿੱਚ 6 ਵਰਣ ਵਧੀਕ ਜੋੜਨੇ ਪਏ ਸਨ, ਇਸ ਤੋਂ ਇਲਾਵਾ ਸਮੇਂ ਦੇ ਪ੍ਰਭਾਵ ਕਾਰਨ ਗੁਰਬਾਣੀ ਵਿੱਚ ਦਰਜ ਕੁਝ ਸ਼ਬਦ ਅਜਿਹੇ ਹਨ ਜੋ ਅਜੋਕੀ ਪੰਜਾਬੀ ਵਿੱਚ ਸ਼ਾਮਲ ਨਹੀਂ ਹਨ, ਜਿਵੇਂ ‘ਕਉ’ ਤੇ ‘ਨੋ’, ਜਿਸ ਦਾ ਬਦਲ ਅਜੋਕੀ ਪੰਜਾਬੀ ਵਿੱਚ ‘ਨੂੰ’ ਹੈ, ਜੋ ਕਿ ਗੁਰਬਾਣੀ ਵਿੱਚ ਦਰਜ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਪਾਵਨ ਬਾਣੀ ਦੀ ਬੋਲੀ ਪੁਰਾਤਨ ਪੰਜਾਬੀ ਦੀ ਸ਼ੈਲੀ ਵਿੱਚ ਹੈ। ਗੁਰਬਾਣੀ ਦੀ ਲਿਖਤ ਵੀ ਲਗਭਗ ਚਾਰ ਸੋ ਸਾਲ ਪੁਰਾਣੀ ਹੈ। ਗੁਰਬਾਣੀ ਵਿੱਚ ਪੰਜਾਬੀ ਬੋਲੀ ਤੋਂ ਛੁਟ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ ਆਦਿ ਬੋਲੀਆਂ ਦੇ ਸ਼ਬਦ ਕਾਫੀ ਗਿਣਤੀ ਵਿੱਚ ਮਿਲਦੇ ਹਨ; ਕੁਝ ਆਪਣੇ ਸਗਵੇਂ (ਤਤਸਮ) ਰੂਪ ਵਿੱਚ ਅਤੇ ਕੁਝ ਬਦਲਵੇਂ (ਤਤਭਵ) ਰੂਪ ਵਿੱਚ।

ਗੁਰਬਾਣੀ ਦੇ ਸ਼ੁੱਧ ਉਚਾਰਣ ਨਾਲ ਹੇਠ ਲਿਖੇ ਤੱਥ ਸਿੱਧਾ ਸੰਬੰਧ ਰੱਖਦੇ ਹਨ:

(ੳ). ਸ਼ਬਦ-ਜੋੜਾਂ ਦੇ ਭੇਦ।

ਅੱਖਰਾਂ ਦਾ ਦੁੱਤ ਉਚਾਰਣ, (ਅੱਧਕ ਸਹਿਤ ਉਚਾਰਣ) ਅਤੇ ਹੋਰ ਲਗਾਖਰਾਂ ਦਾ ਧਿਆਨ।

ਦੂਜੀਆਂ ਬੋਲੀਆਂ ਦੇ ਅਪਣਾਏ ਗਏ ਸ਼ਬਦਾਂ ਦਾ ਉਚਾਰਣ।

ਗੁਰਬਾਣੀ ਵਿੱਚ ਆਏ ਪੈਰ-ਚਿੰਨ੍ਹਾਂ ਅਤੇ ‘ਯ’ ਅੱਖਰ ਦਾ ਉਚਾਰਣ।

(ਅ). ਗੁਰਬਾਣੀ-ਪਾਠ ਦੀ ਸਪੱਸ਼ਟਤਾ ਲਈ ਅਰਧ ਬਿਸਰਾਮ।

(ੳ). ਸ਼ਬਦਜੋੜਾਂ ਦੇ ਭੇਦ:-

ਗੁਰਬਾਣੀ ਵਿੱਚ ‘ਕਉ’ ਤੇ ‘ਨੋ’ ਅੱਖਰ ਦੀ ਵਰਤੋਂ ‘ਨੂੰ’ ਅੱਖਰ ਦੇ ਸੰਬੰਧ ’ਚ ਕੀਤੀ ਹੋਈ ਮਿਲਦੀ ਹੈ; ਜਿਵੇਂ :-

(1). ‘ਕਉ’ ਦੀ ਵਰਤੋਂ (‘ਨੂੰ’ ਦੇ ਪ੍ਰਥਾਏ) 1571 ਵਾਰ ਕੀਤੀ ਗਈ ਹੈ; ਜਿਵੇਂ ‘‘ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ॥ (ਜਪੁ /ਮਹਲਾ ੧), ਤਿਸੁ ਊਚੇ ਕਉ, ਜਾਣੈ ਸੋਇ ॥ (ਜਪੁ /ਮਹਲਾ ੧), ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ ॥’’ (ਮਹਲਾ ੪) ਆਦਿ।

(2). ‘ਨੋ’ ਸ਼ਬਦ ਦੀ ਵਰਤੋਂ (‘ਨੂੰ’ ਦੇ ਪ੍ਰਥਾਏ) 428 ਵਾਰ ਹੈ; ਜਿਵੇਂ ਕਿ ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥ (ਜਪੁ /ਮਹਲਾ ੧), ਜਿਸ ਨੋ ਕ੍ਰਿਪਾ ਕਰਹਿ, ਤਿਨਿ ਨਾਮ ਰਤਨੁ ਪਾਇਆ ॥ (ਮਹਲਾ ੪), ਸਤਿਗੁਰੁ ਮਨ ਕਾਮਨਾ ਤੀਰਥੁ ਹੈ, ਜਿਸ ਨੋ ਦੇਇ ਬੁਝਾਇ ॥ (ਮਹਲਾ ੩/੨੬), ਧਰਮ ਰਾਇ ਨੋ ਹੁਕਮੁ ਹੈ, ਬਹਿ ਸਚਾ ਧਰਮੁ ਬੀਚਾਰਿ ॥’’ (ਮਹਲਾ ੩/੩੮) ਆਦਿ।

ਗੁਰਬਾਣੀ ਵਿੱਚ ਅੰਕਿਤ ਇਕੋ ਲਿਖਤੀ ਰੂਪ ਬਹੁ ਅਰਥੀ ਵੀ ਹੁੰਦਾ ਹੈ ਜਿਸ ਦਾ ਭੇਦ, ਪਾਠਕ ਨੂੰ ਪਤਾ ਹੋਣਾ ਜਰੂਰੀ ਹੈ। ਜਿਵੇਂ ‘‘ਜਾਗਨਾ ਜਾਗਨੁ ਨੀਕਾ’’ (ਨੀਕਾ ਭਾਵ ਚੰਗਾ, ਪਰ) ‘‘ਨਾਨਕ ਮੁਕਤਿ ਦੁਆਰਾ ਅਤਿ ਨੀਕਾ’’ (ਨੀਕਾ ਭਾਵ ਛੋਟਾ), ਅਨਾਜੁ ਮਗਉ ਸਤ ਸੀ ਕਾ ॥   (ਸੀ ਕਾ = ਸੀਆਂ ਭਾਵ ਵਾਹਿਆ ਹੋਇਆ, ਪਰ)  ‘‘ਲਖਿਮੀ ਕੇਤਕ ਗਨੀ ਨ ਜਾਈਐ; ਗਨਿ ਨ ਸਕਉ ਸੀਕਾ॥’’ (ਸੀਕਾ ਭਾਵ ਸਿੱਕਾ)

(ਅ). ਅੱਖਰਾਂ ਦਾ ਦੁੱਤ ਉਚਾਰਣ (ਅੱਧਕ ਸਹਿਤ ਉਚਾਰਣ) ਅਤੇ ਹੋਰ ਲਗਾਖਰਾਂ ਦਾ ਧਿਆਨ :-

ਲਗਾਂ-ਮਾਤ੍ਰਾਵਾਂ ਤੋਂ ਇਲਾਵਾ ਲਗਾਖਰ (ਭਾਵ ‘ਅੱਧਕ, ਬਿੰਦੀ ਤੇ ਟਿੱਪੀ’) ਦਾ ਵੀ ਗੁਰਬਾਣੀ ਉਚਾਰਨ ਵਿੱਚ ਬਹੁਤ ਮਹੱਤਵ ਹੈ। ਇਨ੍ਹਾਂ ਵਿੱਚੋਂ ‘ਅੱਧਕ’ ਗੁਰਬਾਣੀ ਵਿੱਚ ਦਰਜ ਨਹੀਂ, ਜਿਸ (ਅੱਧਕ) ਦੇ ਬਦਲੇ, ਅਨਭਾਸ਼ਾ ਵਿੱਚ ਸ਼ਬਦ ਨੂੰ ਦੁੱਤ ਕਰਨ ਲਈ ‘ਦੋਹਰੇ ਅੱਖਰ’ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਹਿੰਦੀ ਵਿੱਚ ‘ਦਿੱਲੀ’ ਲਿਖਣ ਲਈ ਦੋਹਰੇ (ਡਬਲ) ‘ਲ’ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਪੰਜਾਬੀ ਵਿੱਚ ਲਿਖਤੀ ਰੂਪ ‘ਦਿੱਲੀ’ ਭਾਵ ‘ਅੱਧਕ’ ਲਗਾ ਕੇ ਹੀ (‘ਲ’ ਧੁਨੀ ਡਬਲ) ਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਇਸ (ਅੱਧਕ) ਦਾ ਅਭਾਵ ਹੋਣ ਕਾਰਨ ਸ਼ਬਦ ਉਚਾਰਨ ਵਧੇਰੇ ਧਿਆਨ ਮੰਗਦਾ ਹੈ; ਜਿਵੇਂ ‘ਮਸੱਕਤਿ, ਦੁੱਖ, ਸੁੱਖ, ਮੁਸੱਲਾ, ਅਟੱਲ, ਮੁਸੱਲਿਮ’ ਆਦਿ; ਜਿਵੇਂ ‘‘ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ (ਅੰਕ ੮), ਦੁਖੁ ਸੁਖੁ ਤੇਰੈ ਭਾਣੈ ਹੋਵੈ, ਕਿਸ ਥੈ ਜਾਇ ਰੂਆਈਐ॥ (ਅੰਕ ੪੧੮), ਫਰੀਦਾ! ਕੰਨਿ ਮੁਸਲਾ, ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ॥ (ਅੰਕ ੧੩੮੦), ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ; ਅਰੁ ਨਿਰਭੈ ਪਦੁ ਪਾਇਆ॥ (ਅੰਕ ੬੩੨), ਹੋਇ ਮੁਸਲਿਮੁ, ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ॥ (ਅੰਕ ੧੪੧) ਆਦਿ।

ਗੁਰਬਾਣੀ ਵਿਚ ਸਾਨੂੰ ਇਹ ਵੀ ਸੰਕੇਤ ਮਿਲਦਾ ਹੈ, ਕਿ ਕਿਸੇ ਇੱਕ ਸ਼ਬਦ ਨੂੰ ਇੱਕ ਜਗ੍ਹਾ ਬਿੰਦੀ ਲੱਗੀ ਹੁੰਦੀ ਹੈ ਪਰ ਦੂਸਰੀ ਥਾਂ ਨਹੀਂ ਜਦਕਿ ਅਰਥ ਸਮਾਨ ਹੋਣ ਕਾਰਨ ਉਚਾਰਨ ਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ, ਜਿਨ੍ਹਾਂ ਵਿੱਚੋਂ ਹੇਠਾਂ ਅੰਡਰ ਲਾਇਨ ਕੀਤੇ ਸ਼ਬਦ ਵੰਨਗੀ ਮਾਤ੍ਰ ਦਿੱਤੇ ਗਏ ਹਨ :

(1). ਆਵਹੁ ਮਿਲਹੁ ਸਹੇਲੀਹੋ ! ਸਚੜਾ ਨਾਮੁ ਲਏਹਾਂ .. ਜੋ ਤਿਨਿ ਕਰਿ ਪਾਇਆ, ਸੁ ਆਗੈ ਆਇਆ; ਅਸੀ ਕਿ ਹੁਕਮੁ ਕਰੇਹਾ ॥ ਆਵਹੁ ਮਿਲਹੁ ਸਹੇਲੀਹੋ! ਸਚੜਾ ਨਾਮੁ ਲਏਹਾ

(2). ਮਰਣੁ ਮੁਣਸਾ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥ .. ਊਚਾ ਨਹੀ ਕਹਣਾ, ਮਨ ਮਹਿ ਰਹਣਾ; ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥ (ਮਹਲਾ ੧/੫੮੦)

(3). ‘ਸਾਂਈਂ’ (1 ਵਾਰ) ਤੇ ‘ਸਾਂਈ’ 22 ਵਾਰ (ਬਿੰਦੀ ਸਮੇਤ) ਗੁਰਬਾਣੀ ਵਿੱਚ ਦਰਜ ਹੈ; ਜਿਵੇਂ ‘‘ਸਾਂਈਂ ਮੇਰੈ ਚੰਗਾ ਕੀਤਾ, ਨਾਹੀ ਤ ਹੰ ਭੀ ਦਝਾਂ ਆਹਿ ॥ (ਬਾਬਾ ਫਰੀਦ/੧੩੭੮), ਤੂੰ ਕਰਤਾ ਸਚਿਆਰੁ, ਮੈਡਾ ਸਾਂਈ ॥ (ਮਹਲਾ ੪), ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਦੀਜੈ ਡਾਰਿ ॥ (ਮਹਲਾ ੨/੮੯), ਕਬੀਰ! ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ ॥’’ (ਭਗਤ ਕਬੀਰ/੧੩੭੪) ਆਦਿ, ਪਰ 71 ਵਾਰ ‘ਸਾਈ’ ਸ਼ਬਦ ਨੂੰ ਬਿੰਦੀ ਲਿਖਤ ਰੂਪ ’ਚ ਨਹੀਂ। ਜਿਸ ਦੇ ਦੋ ਅਰਥ ਬਣਦੇ ਹਨ:

(ੳ). ‘ਸਾਂਈਂ’ (ਭਾਵ ਮਾਲਕ, 53 ਵਾਰ); ਜਿਵੇਂ ‘‘ਸਾਈ ਨਾਮੁ ਅਮੋਲੁ, ਕੀਮ ਨ ਕੋਈ ਜਾਣਦੋ ॥ (ਮਹਲਾ ੫/੮੧), ਹਰਿ! ਤੁਧਹੁ ਬਾਹਰਿ ਕਿਛੁ ਨਾਹੀ, ਤੂੰ ਸਚਾ ਸਾਈ ॥ (ਮਹਲਾ ੪/੮੩), ਤੁਮ੍ਹ ਕਰਹੁ ਦਇਆ; ਮੇਰੇ ਸਾਈ ! ॥’’ ਆਦਿ।

(ਅ). ‘ਉਹੀ’ (ਇਸਤ੍ਰੀ ਲਿੰਗ, 18 ਵਾਰ); ਜਿਵੇਂ ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ (ਜਪੁ /ਮਹਲਾ ੧), ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥ (ਮਹਲਾ ੧/੭੫), ਸਾਈ ਪੁਤ੍ਰੀ ਜਜਮਾਨ ਕੀ, ਸਾ ਤੇਰੀ; ਏਤੁ ਧਾਨਿ ਖਾਧੈ, ਤੇਰਾ ਜਨਮੁ ਗਇਆ ॥ (ਮਹਲਾ ੩/੪੩੫), ਜੋ ਤਿਸੁ ਭਾਵੈ ਨਾਨਕਾ! ਸਾਈ ਭਲੀ ਕਾਰ ॥’’ (ਮਹਲਾ ੨/੧੨੩੯), ਆਦਿ।

(4). ਗੁਰਬਾਣੀ ਵਿੱਚ ‘ਗਲੀ’ ਸ਼ਬਦ 29 ਵਾਰ ਦਰਜ ਹੈ, ਜਿਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ ‘ਗਲ ਵਿੱਚ’, ‘ਗੱਲਾਂ ਨਾਲ’ ਤੇ ‘ਘਰਾਂ ਵਿਚਕਾਰ ਬਣਿਆ ਤੰਗ ਰਸਤਾ’। ਇਨ੍ਹਾਂ ਅਲੱਗ-ਅਲੱਗ ਅਰਥਾਂ ਵਾਲੇ ਕਿਸ ਸ਼ਬਦ ਦਾ ਉਚਾਰਨ ਬਿੰਦੀ ਰਾਹੀਂ (ਨਾਸਿਕੀ) ਕਰਨਾ ਹੈ ਤੇ ਕਿਸ ਦਾ ਨਹੀਂ; ਇਹ ਬੋਧ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ ਭਾਵ 3 ਵਾਰ (ਬਿੰਦੀ ਸਮੇਤ) ਦਰਜ ਹੈ; ਜਿਵੇਂ ‘‘ਇਕਨ੍ਾ ਗਲੀਂ ਜੰਜੀਰ ਬੰਦਿ ਰਬਾਣੀਐ ॥ (ਮਹਲਾ ੧/੧੨੮੭), ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ ॥ (ਮਹਲਾ ੧/੮੫), ਫਰੀਦਾ ! ਗਲਂੀ ਸੁ ਸਜਣ ਵੀਹ, ਇਕੁ ਢੂੰਢੇਦੀ ਨ ਲਹਾਂ ॥’’ (ਬਾਬਾ ਫਰੀਦ/੧੩੮੨)

ਉਕਤ ਪੰਕਤੀਆਂ ਤੋਂ ਸਪਸ਼ਟ ਹੈ ਕਿ ਜਦ ‘ਗਲੀ’ ਸ਼ਬਦ ਦੇ ਅਰਥ ‘ਗਲਾਂ ਵਿੱਚ’ ਜਾਂ ‘ਗੱਲਾਂ ਨਾਲ’ ਹੁੰਦੇ ਹਨ ਤਾਂ ‘ਗਲੀ’ ਦਾ ਉਚਾਰਨ ‘ਗਲੀਂ ’ (ਬਿੰਦੀ ਸਹਿਤ) ਹੈ ਪਰ ਜਦ ‘ਗਲੀ’ ਦਾ ਅਰਥ ‘ਰਸਤਾ’ ਹੋਵੇ ਤਾਂ ਬਿੰਦੀ ਰਹਿਤ ਉਚਾਰਨ ਹੋਵੇਗਾ; ਜਿਵੇਂ 4 ਵਾਰ (ੳ). ‘‘ਮੇਰੋ ਸੁੰਦਰੁ ਕਹਹੁ; ਮਿਲੈ ਕਿਤੁ ਗਲੀ ॥ (ਮਹਲਾ ੪/੫੨੭), ਆਵਣੁ ਜਾਣੁ ਨ ਸੁਝਈ; ਭੀੜੀ ਗਲੀ ਫਹੀ ॥ (ਮਹਲਾ ੧/੯੫੩), ਖੰਡੇ ਧਾਰ, ਗਲੀ ਅਤਿ ਭੀੜੀ ॥ (ਮਹਲਾ ੧/੧੦੨੮), ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮਹਲਾ ੧/੧੪੧੨)

(ਅ). ‘ਗਲੀ’ ਭਾਵ ਗਲਾਂ ਵਿੱਚ (ਉਚਾਰਨ ‘ਗਲੀਂ ’); ਜਿਵੇਂ 3 ਵਾਰ ‘‘ਇਕਨ੍ਰਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥ (ਮਹਲਾ ੧/੪੭੫), ਗਲੀ ਜਿਨ੍ਰਾ ਜਪਮਾਲੀਆ; ਲੋਟੇ ਹਥਿ ਨਿਬਗ ॥ (ਭਗਤ ਕਬੀਰ/੪੭੬), ਨਾਨਕ ! ਅਉਗੁਣ ਜੇਤੜੇ; ਤੇਤੇ ਗਲੀ ਜੰਜੀਰ ॥’’ (ਮਹਲਾ ੧/੫੯੫)

(ੲ). ‘ਗਲੀ’ ਭਾਵ ਨਿਰੀਆਂ ਗੱਲਾਂ ਨਾਲ (ਉਚਾਰਨ ‘ਗਲੀਂ ’); ਜਿਵੇਂ 15 ਵਾਰ ‘‘ਗਲੀ ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥ (ਮਹਲਾ ੧/੧੪੧), ਭੁਖਿਆ ਭੁਖ ਨ ਉਤਰੈ; ਗਲੀ ਭੁਖ ਨ ਜਾਇ ॥ (ਮਹਲਾ ੨/੧੪੭), ਗਲੀ ਹਉ ਸੋਹਾਗਣਿ ਭੈਣੇ ! ਕੰਤੁ ਨ ਕਬਹੂੰ ਮੈ ਮਿਲਿਆ ॥’’ (ਮਹਲਾ ੧/੪੩੩) ਆਦਿ।

(5). ਗੁਰਬਾਣੀ ’ਚ ‘ਗਲਾ’ (ਬਿੰਦੀ ਰਹਿਤ) ਸ਼ਬਦ 29 ਵਾਰ ਹੈ, ਜਿਸ ਦੇ ਦੋ ਅਰਥ ਹਨ (ੳ). ਗੱਲਾਂ-ਬਾਤਾਂ (ਅ). ਗਰਦਨ

ਗੁਰਬਾਣੀ ਵਿੱਚ 3 ਵਾਰ ‘ਗਲਾਂ’ (ਬਿੰਦੀ ਸਹਿਤ) ਵੀ ਦਰਜ ਹੈ; ਜਿਵੇਂ ‘‘ਹੋਰਿ ਗਲਾਂ ਸਭਿ ਕੂੜੀਆ; ਤੁਧੁ ਭਾਵੈ ਪਰਵਾਣੁ ॥ (ਮਹਲਾ ੧/੧੬), ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥ (ਮਹਲਾ ੧/੧੨੪੫), ਗਲਾਂ ਕਰੇ ਘਣੇਰੀਆ; ਤਾਂ ਅੰਨ੍ਰੇ ਪਵਣਾ ਖਾਤੀ ਟੋਵੈ ॥’’ (ਮਹਲਾ ੧/੧੪੧੨)

ਉਪਰੋਕਤ ਪੰਕਤੀਆਂ ਤੋਂ ਸਪਸ਼ਟ ਹੈ ਕਿ ਜਿੱਥੇ ‘ਗਲਾ’ ਸ਼ਬਦ ਦੇ ਅਰਥ ‘ਗੱਲਾਂ-ਬਾਤਾਂ’ ਹਨ ਉੱਥੇ ਬਿੰਦੀ (ਨਾਸਕੀ) ਉਚਾਰਨ ‘ਗੱਲਾਂ’ ਹੈ, ਪਰ ਜਦ ਇਸ ਦੇ ਅਰਥ ‘ਗਰਦਨ’ ਭਾਵ ‘ਗਲ’ ਹਨ ਉੱਥੇ ਉਚਾਰਨ ‘ਬਿੰਦੀ ਰਹਿਤ’ (ਗਲਾ) ਭਾਵ ਮੂਲ ਪਾਠ ਅਨੁਸਾਰ ਹੀ ਉਚਾਰਨ ਹੋਵੇਗਾ; ਜਿਵੇਂ

(ੳ). ‘ਗਲਾ’ ਭਾਵ ‘ਗਰਦਨ’; ਉਚਾਰਨ ‘ਗਲਾ’ (ਬਿੰਦੀ ਰਹਿਤ), 2 ਵਾਰ ਦਰਜ ਹੈ :

ਗਲਾ ਬਾਂਧਿ; ਦੁਹਿ ਲੇਇ ਅਹੀਰੁ ॥ (ਭਗਤ ਨਾਮਦੇਵ/੧੨੫੨) ਭਾਵ ਵੱਛੇ ਦਾ ਗਲਾ ਬੰਨ੍ਹ ਕੇ ਗੁੱਜਰ ਗਾਂ ਨੂੰ ਚੋ ਲੈਂਦਾ ਹੈ।

ਹੇਰਾ (ਮਾਸ ਤੇ) ਰੋਟੀ ਕਾਰਨੇ; ਗਲਾ ਕਟਾਵੈ ਕਉਨੁ ॥ (ਭਗਤ ਕਬੀਰ/੧੩੭੪)

(ਅ). ‘ਗਲਾ’ ਭਾਵ ‘ਕੇਵਲ ਗੱਲਾਂ ਵਾਲੇ’; ਉਚਾਰਨ ‘ਗੱਲਾਂ’ (ਬਿੰਦੀ ਰਹਿਤ); ਜਿਵੇਂ 26 ਵਾਰ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥ (ਜਪੁ /ਮਹਲਾ ੧), ਤਾ ਕੀਆ ਗਲਾ; ਕਥੀਆ ਨਾ ਜਾਹਿ ॥ (ਜਪੁ /ਮਹਲਾ ੧), ਗਲਾ ਕਰੇ ਘਣੇਰੀਆ; ਖਸਮ ਨ ਪਾਏ ਸਾਦੁ ॥ (ਮਹਲਾ ੨/੪੭੪), ਨਾਨਕ ! ਗਲਾ ਝੂਠੀਆ; ਸਚਾ ਨਾਮੁ ਸਮਾਲਿ ॥’’ (ਮਹਲਾ ੩/੧੦੮੯) ਆਦਿ।

ਦੂਜੀਆਂ ਬੋਲੀਆਂ ਦੇ ਅਪਣਾਏ ਗਏ ਸ਼ਬਦਾਂ ਦਾ ਉਚਾਰਣ :

ਗੁਰਬਾਣੀ ਵਿੱਚ ਪੰਜਾਬੀ ਬੋਲੀ ਤੋਂ ਛੁਟ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ ਆਦਿ ਬੋਲੀਆਂ ਦੇ ਸ਼ਬਦ ਕਾਫ਼ੀ ਮਾਤਰਾ ’ਚ ਹਨ; ਕੁਝ ਆਪਣੇ ਸਗਵੇਂ (ਤਤਸਮ) ਰੂਪ ਵਿੱਚ ਅਤੇ ਕੁਝ ਬਦਲਵੇਂ (ਤਤਭਵ) ਰੂਪ ਵਿੱਚ, ਜੋ ਉਚਾਰਨ ਸਮੇਂ ਖ਼ਾਸ ਧਿਆਨ ਮੰਗਦੇ ਹਨ; ਜਿਵੇਂ

(1). ਬਲਵੰਡ ਖੀਵੀ ਨੇਕ ‘ਜਨ’; ਜਿਸੁ ਬਹੁਤੀ ਛਾਉ ਪਤ੍ਰਾਲੀ ॥ (ਬਲਵੰਡ ਸਤਾ/੯੬੭) (‘ਜ਼ਨ’ ਭਾਵ ਇਸਤ੍ਰੀ)

(2). ਹਰਿ ‘ਜਨ’ ਕੇ ਵਡ ਭਾਗ ਵਡੇਰੇ  (ਅੰਕ ੧੦) (‘ਜਨ’ ਭਾਵ ਸੇਵਕ)

ਇਸੇ ਤਰ੍ਹਾਂ ਪੈਦਾਇਸਿ, ਸੇਰ, ਸਾਇਰੁ, ਗੋਸ ਆਦਿ ਪੈਰ ’ਚ ਬਿੰਦੀ ਸਮੇਤ ਉਚਾਰਨ ਕਰਨ ਨਾਲ਼ ਸਹੀ ਅਰਥ ਸਪਸ਼ਟ ਹੋਣਗੇ।

ਗੁਰਬਾਣੀ ਵਿੱਚ ਆਏ ਪੈਰਚਿੰਨ੍ਹਾਂ ਅਤੇਅੱਖਰ ਦਾ ਉਚਾਰਣ :

ਗੁਰਬਾਣੀ ਵਿੱਚ ਕਈ ਅੱਖਰਾਂ ਦੇ ਹੇਠ ਉਦਾਤ ਚਿੰਨ੍ਹ ਹਲੰਤ ( ੍ ), ਹ ਚਿੰਨ੍ਹ ( ੍ਹ ) ਅਤੇ ਯਕਸ਼ ਚਿੰਨ੍ਹ (ਯ੍) ਲੱਗੇ ਹਨ, ਜਿਨ੍ਹਾਂ ਦਾ ਸ਼ਬਦ ਦੇ ਉਚਾਰਨ ’ਚ ਬਹੁਤ ਮਹੱਤਵ ਹੈ; ਜਿਵੇਂ (੧). ਗੁਣ ਰਾਸਿ ਬੰਨਿ੍ ਪਲੈ ਆਨੀ ॥ (ਅੰਕ ੩੭੨)

(੨). ‘ਨ੍ਾਤੀ’ ਧੋਤੀ ਸੰਬਹੀ, ਸੁਤੀ ਆਇ ਨਚਿੰਦੁ ॥ (ਅੰਕ ੧੩੭੯) (ਜਾਂ) ਇਕੁ ਲਖੁ ਪੂਤ, ਸਵਾ ਲਖੁ ‘ਨਾਤੀ’॥ (ਅੰਕ ੪੮੧)

ਇਸੇ ਤਰ੍ਹਾਂ ਯਕਸ਼ ਚਿੰਨ੍ਹ ਜੋ ਕਿ ਅੱਧੇ ਯੱਯੇ ਦੇ ਉਚਾਰਨ ਦਾ ਕੰਮ ਕਰਦਾ ਹੈ। ਗੁਰਬਾਣੀ ਵਿੱਚ ਇਸ ਦੀ ਵਰਤੋਂ ਕੀਤੀ ਗਈ ਹੈ; ਜਿਸ ਦਾ ਉਚਾਰਨ ਸਿੱਖਣ ਲਈ ਯੋਗ ਪਾਠੀ ਸਿੰਘ ਕੋਲੋਂ ਸੰਥਿਆ ਲੈਣੀ ਜ਼ਰੂਰੀ ਹੈ; ਜਿਵੇਂ:

       ਸ਼ਬਦ                  ਉਚਾਰਨ

‘ਸੁਧਾਖ੍ਹਰ’; ਉਚਾਰਨ ‘ਸ਼ੁਧਾਖਿਅਰ’; ਜਿਵੇਂ  ‘‘ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ॥’’

‘ਆਖ੍ਹਰ’; ਉਚਾਰਨ ‘ਆਖਿਅਰ’; ਜਿਵੇਂ ‘‘ਕੀਨੇ ਰਾਮ ਨਾਮ ਇਕ ਆਖ੍ਹਰ ॥’’

‘ਲਬਧ੍ਹਿੰ’; ਉਚਾਰਨ ‘ਲਬਧਿਅੰ’ ; ਜਿਵੇਂ ‘‘ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਹਿੰ ਸਾਧਸੰਗਿ ਕ੍ਰਿਪਾ ਪ੍ਰਭੰ॥’’

‘ਲਿਪ੍ਹਤੇ’; ਉਚਾਰਨ ‘ਲਿਪਿਅਤੇ’; ਜਿਵੇਂ ‘‘ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਹਤੇ ॥’’ ਆਦਿ।

ਯਾਦ ਰਹੇ ਕਿ ‘ਯ’ ਅੱਖਰ ਦੇ ਉਚਾਰਨ ਢੰਗ ਨਵੇਕਲੇ ਹੋਣ ਕਾਰਨ ਸਿੱਖਣ ਦੀ ਜਰੂਰਤ ਹੈ ਜਿਵੇ ‘‘ਨੀਚ ਕੁਲਾ ਜੋਲਾਹਰਾ; ਭਇਓ ‘ਗੁਨੀਯ’ ਗਹੀਰਾ॥’’ (ਅੰਕ ੪੮੭) (ਗੁਨੀਯ ਉਚਾਰਨ ਗੁਨੀਅ)

‘‘ਜਿਹ ਕਾਟੀ ਸਿਲਕ ‘ਦਯਾਲ’ ਪ੍ਰਭਿ; ਸੇਇ ਜਨ ਲਗੇ ਭਗਤੇ॥’’ (ਅੰਕ ੧੩੮੬) (ਦਯਾਲ ਉਚਾਰਨ ਦਇਆਲ)

ਗੁਣ ਗਾਵਹਿ ‘ਪਾਯਾਲਿ’; ਭਗਤ ਨਾਗਾਦਿ ‘ਭੁਯੰਗਮ’॥ (ਅੰਕ ੧੩੯੦) (ਪਾਯਾਲਿ ਉਚਾਰਨ ਪਾਇਆਲ) ਆਦਿ।

ਗੁਰਬਾਣੀਪਾਠ ਦੀ ਸਪੱਸ਼ਟਤਾ ਲਈ ਅਰਧ ਬਿਸਰਾਮ :

ਅਰਥ ਦੀ ਸਪੱਸ਼ਟਤਾ ਲਈ ਯੋਗ ਥਾਂ ’ਤੇ ਵਿਸਰਾਮ ਦੇਣਾ ਜ਼ਰੂਰੀ ਹੈ। ਗ਼ਲਤ ਥਾਂ ’ਤੇ ਦਿੱਤਾ ਅਰਧ ਵਿਸਰਾਮ, ਦੋਹੇ ਉਪਵਾਕਾਂ ਦੇ ਭਾਵਾਰਥ ਬਦਲ ਦਿੰਦਾ ਹੈ; ਜਿਵੇ ‘‘ਨਾਨਕ ! ਕੂੜੁ ਰਹਿਆ ਭਰਪੂਰਿ॥’’ ਵਾਕ ਨੂੰ ‘‘ਨਾਨਕ ਕੂੜੁ; ਰਹਿਆ ਭਰਪੂਰਿ॥’’ ਪੜ੍ਹਨ ਨਾਲ ਭਾਵਾਰਥ ਬਦਲ ਜਾਣਗੇ)

ਹਰਣਾਖਸੁ ਦੁਸਟੁ; ਹਰਿ ਮਾਰਿਆ  (‘ਦੁਸਟੁ ਹਰਿ’ ਇਕੱਠਾ ਕੀਤਾ ਗਿਆ ਪਾਠ ਅਸ਼ੁੱਧ ਹੋਵੇਗਾ।)

ਗੁਰੁ ਅਰਜੁਨ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥ (‘ਘਰਿ’ ਤੋਂ ਬਾਅਦ ਦਿੱਤਾ ਗਿਆ ਵਿਸਰਾਮ ਅਗਿਆਨਤਾ ਦੀ ਨਿਸ਼ਾਨੀ ਹੈ।)।

ਵਿਣੁ ਸਚੇ; ਦਰਬਾਰੁ, ਕੂੜਿ ਨ ਪਾਈਐ॥ (‘ਸਚੇ’ ਅਤੇ ‘ਦਰਬਾਰੁ’ ਦੋਹਾਂ ਸਬਦਾਂ ਤੋਂ ਬਾਅਦ ਦਿੱਤਾ ਗਿਆ ਵਿਸਰਾਮ ਹੀ ਦਰੁਸਤ ਹੋਵੇਗਾ।) ਆਦਿ।

ਉਪਰੋਕਤ ਵੀਚਾਰੇ ਗਏ ਕੁਝ ਕੁ ਨੁਕਤਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਸ਼ ਕੀਤੀ ਗਈ ਉਪਰੋਕਤ ਸਮੁੱਚੀ ਸੇਧ ਤੋਂ ਜੇਕਰ ਅਸੀਂ ਸਮੇਂ ਅਨੁਸਾਰ ਉਚਿਤ ਅਗਵਾਈ ਲੈਣ ਦੀ ਬਜਾਏ ‘ਗੁਰਬਾਣੀ’ ਦੇ ਹੀ ਗ਼ਲਤ (ਮਨਮਤੀ) ਅਰਥ ਕੱਢਦਿਆਂ ਇਹੀ ਕਹੀ ਜਾਈਏ ਕਿ ‘‘ਅਖਰ ਲਿਖੇ ਸੇਈ ਗਾਵਾ; ਅਵਰ ਨ ਜਾਣਾ ਬਾਣੀ ॥’’ (ਮਹਲਾ ੧/੧੧੭੧) ਤਾਂ ਅਸੀਂ ਜਿੱਥੇ ਆਪਣਾ ਕੌਮੀ ਨੁਕਸਾਨ ਕਰਾਂਗੇ ਜਾਂ ਕਰ ਵੀ ਰਹੇ ਹਾਂ ਉੱਥੇ ‘ਗੁਰਬਾਣੀ ਸਿਧਾਂਤ’ ਰਾਹੀਂ ਸਮੂਹ ਮਾਨਵਤਾ ਨੂੰ ਦਿੱਤੇ ਗਏ ਕਲਿਆਣਕਾਰੀ ਉਪਦੇਸ਼ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ॥’’ (ਅੰਕ ੭੪੭) ਨੂੰ ਵੀ ਸੀਮਤ ਕਰ ਬੈਠਾਂਗੇ।