ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਮਹੱਤਵ

0
152

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਮਹੱਤਵ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)

ਸਿੱਖ ਧਰਮ ਜਾਂ ਸਿੱਖ ਸਿਧਾਂਤ ਦੀ ਜਿੰਦ-ਜਾਨ ਤੇ ਪ੍ਰਾਣ; ਕੇਵਲ ਗੁਰਬਾਣੀ ਹੀ ਹੈ, ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੨) ਅਨੁਸਾਰ ਇਹੋ ਮਨੁੱਖਾ ਜ਼ਿੰਦਗੀ ਨੂੰ ‘ਜੀਅ ਦਾਨੁ’ ਦੇਣ ਲਈ ਅਕਾਲ ਪੁਰਖ ਦੀ ਪ੍ਰਕਾਸ਼ਕ ਗਿਆਨ ਸ਼ਕਤੀ ‘ਗੁਰੂ’ ਬਣ ਕੇ ਪ੍ਰਗਟ ਹੋਈ ਹੈ ਅਤੇ ਉਸ ‘ਗੁਰੂ ਜੋਤੀ’ ਨੇ ਮਹਾਨ ਲੋੜੀਦੇ ਦੈਵੀ ਗੁਣਾਂ (ਗਿਆਨ) ਨੂੰ ਸ਼ਬਦ ਰੂਪ ਵਿੱਚ ਟਿਕਾ, ਸਦਾ ਲਈ ਅਮਰ ਕਰ ਕੇ ਮਨੁੱਖਤਾ ਦੀ ਝੋਲੀ ਪਾਇਆ, ‘‘ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੩) ਵਾਕ ਅਨੁਸਾਰ ਨਾਮ ਰੂਪ ਗੁਰਬਾਣੀ ਗੁਰੂਆਂ ਦੀ ਸਭ ਤੋਂ ਵੱਡੀ ਕਰਾਮਾਤ ਸੀ, ਇਸੇ ਬਾਣੀ ਦੇ ਸੰਗ੍ਰਹਿ ਨੂੰ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਨਾਲ ਜਾਣਿਆ ਤੇ ਮੰਨਿਆ ਜਾਂਦਾ ਹੈ। ਇਹ ਇਕ ‘ਲਾਸਾਨੀ ਉਚਤਮ ਗ੍ਰੰਥ’ ਹੈ ਜਿਸ ਵਿੱਚ ਜ਼ਿੰਦਗੀ, ਸਮਾਜ ਤੇ ਵਿਗਿਆਨ ਬਾਰੇ ਹਰ ਪਹਿਲੂ ਤੋਂ ਰੌਸ਼ਨੀ ਪਾਈ ਗਈ ਹੈ, ਇਹ ਸਾਡੀਆਂ ਜੀਵਨ ਗੁੰਝਲ਼ਾਂ ਨੂੰ ਖੋਲ੍ਹਣ ਦਾ ਸਭ ਤੋਂ ਸੋਹਣਾ ਸਾਰਥਕ ਹੱਲ ਹੈ ਕਿਉਂਕਿ ਸਾਡੀ ਸਾਰਿਆਂ ਦੀ ਭਾਵਨਾ ਜਾਂ ਮਨੋਰਥ ਸਚਿਆਰ ਜੀਵਨ ਦੀ ਪ੍ਰਾਪਤੀ ਹੀ ਹੈ ਜਿਸ ਨੂੰ ਧਾਰਮਿਕ ਬੋਲੀ ਵਿੱਚ ‘‘ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ (ਮਹਲਾ /੧੨), ਇਹੀ ਤੇਰਾ ਅਉਸਰੁ, ਇਹ ਤੇਰੀ ਬਾਰ ’’ (ਭਗਤ ਕਬੀਰ/੧੧੫੯) ਅਤੇ ਰੱਬੀ ਮਿਲਾਪ ਕਿਹਾ ਜਾਂਦਾ ਹੈ। ਹਰ ਮਨੁੱਖੀ ਜ਼ਿੰਦਗੀ ਦੇ ਸਾਹਮਣੇ ਅਹਿਮ ਸਵਾਲ ਇਹ ਹੈ ਕਿ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’ ਜਾਂ ‘‘ਫੇਰਿ ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ ਧਰੇ ਪਿਆਰੁ ’’ (ਜਪੁ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨ੍ਹਾਂ ਸਾਰੇ ਸਵਾਲਾਂ ਬਾਰੇ ਅਨੁਭਵੀ ਜਵਾਬ ਹੈ ਭਾਵ ਸਤਿ ਗੁਰੂਆਂ ਨੇ ਸਚਾਈ ਦੀ ਦਵਾਈ ਨਾਲ ਰੋਗੀ (ਸੰਸਾਰੀ ਮਾਨਵਤਾ) ਦਾ ਇਲਾਜ ਕੀਤਾ ਹੈ। ਜੇ ਅਸੀਂ ਧਾਰਮਿਕ ਨਜ਼ਰੀਏ (ਦ੍ਰਿਸ਼ਟੀਕੋਣ) ਤੋਂ ਵਿਚਾਰੀਏ ਤਾਂ ਗੁਰਬਾਣੀ ਦੀ ਮਹਾਨਤਾ ਬਹੁਤ ਵਧੀਕ ਹੈ। ਸੰਸਾਰ ਜਾਂ ਵਿਸ਼ਵ ਦਾ ਇਹ ਪਹਿਲਾ ਗ੍ਰੰਥ ਜਾਂ ਰਚਨਾ ਹੈ ਜਿਸ ਵਿੱਚ ਸਾਰੇ ਦੇਸ਼ਾਂ, ਨਸਲਾਂ ਦੀਆਂ ਵਿੱਥਾਂ ਦੂਰ ਕਰ ਕੇ, ਹਰ ਇੱਕ ਦੇ ਪਵਿੱਤ੍ਰ ਬਚਨਾਂ, ਚਾਹੇ ਉਹ ਹਿੰਦੂ, ਮੁਸਲਮਾਨ ਅਤੇ ਕਹੀ ਜਾਂਦੀ ਅਖੌਤੀ ਅਛੂਤ ਜਾਤੀ ਵਿੱਚੋਂ ਸਨ, ਦੀ ਨਿਰਮਲ ਰੂਹਾਨੀ ਬਾਣੀ ਨੂੰ ‘ਧੁਰ ਕੀ ਬਾਣੀ’ (ਸਚ ਕੀ ਬਾਣੀ) ਸਮਝਦਿਆਂ ਇਕੱਤਰ ਕਰ ਕੇ ਇੱਕ ਸਮਾਨ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਦੂਜਾ ਇਸ ਦੀ ਨਿਰੋਲਤਾ ਦਾ ਪਰਮਾਣ ਇਹ ਹੈ ਕਿ ਜਿੱਥੇ ਬਾਕੀ ਸਾਰੇ ਧਰਮਾਂ ਦੇ ਆਗੂਆਂ (ਪੈਗ਼ੰਬਰਾਂ) ਦੇ ਇਲਾਹੀ ਕਲਾਮ ਉਨ੍ਹਾਂ ਦੇ ਸੰਸਾਰ ਤੋਂ ਅਲਵਿਦਾ ਕਹੇ ਜਾਣ ਤੋਂ ਢੇਰ ਚਿਰ ਬਾਅਦ ਦੂਸਰਿਆਂ ਹੱਥੋਂ ਸੰਪਾਦਤ ਹੋਏ; ਉੱਥੇ ਸਿੱਖ ਗੁਰੂਆਂ ਨੇ ਆਪਣੀ ਹਜ਼ੂਰੀ ਵਿੱਚ ਜਿਊਂਦੇ ਜੀ ਆਪਣੇ ਹੱਥੀਂ ਮਹਾਨ ਘਾਲਨਾ ਨਾਲ ਚੰਦਨ ਵਰਗੀ ਖ਼ੁਸ਼ਬੂ ਨਾਲ ਭਰੀ ਸਚਾਈ ਨੂੰ ਆਪ ਇਕੱਤਰ ਕੀਤਾ।  ਗੁਰਬਾਣੀ ਵਿੱਚ ਕੇਵਲ ਜੀਵਨ ਸਿਧਾਂਤਾਂ ’ਤੇ ਹੀ ਵੀਚਾਰ ਕੀਤੀ ਗਈ ਹੈ, ਜਿਸ ਦੁਆਰਾ ਦਰਸਾਇਆ ਗਿਆ ਜੀਵਨ ਨਜ਼ਰੀਆ (ਆਦਰਸ਼) ਮਾਨਵਤਾ ਲਈ ਸਭ ਤੋਂ ਜ਼ਿਆਦਾ ਮਹੱਤਵ ਪੂਰਨ ਹੈ, ਇਸ ਕਰਕੇ ਅਸੀਂ ਇਸ ਨੂੰ ‘ਗੁਰੂ’ ਮੰਨਦੇ ਹਾਂ ਇਸ ਤੋਂ ਪਹਿਲਾਂ ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਫ਼ਜ਼ੂਲ ਕਰਮਕਾਂਡਾਂ ਬਾਰੇ ਬਹੁਤ ਕੁਝ (ਉਪਦੇਸ਼ਮਈ) ਦਰਜ ਹੈ। ਕੋਈ ਗ੍ਰਹਿਸਤ (ਜੀਵਨ ਅਖਾੜੇ) ਵਿੱਚੋਂ ਭਗੌੜੇ ਹੋਣ ਦਾ ਉਪਦੇਸ਼ ਕਰਦਾ ਰਿਹਾ, ਕਿਤੇ ਘੁੰਤਰਬਾਜ਼ੀ (ਨਘੋਚ ਕੱਢਣਾ), ਕਿਤੇ ਵਾਧੂ ਕਾਲਪਨਿਕ ਹਵਾਈ ਕਹਾਣੀਆਂ ਦਰਸਾ (ਸੁਣਾ) ਕੇ ਦਿਲ ਨੂੰ ਲਲਚਾਉਂਦੇ ਰਹੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਵਿੱਚ ਅਜਿਹੀ ਕੋਈ ਗੱਲ ਦਰਜ ਨਹੀਂ ਹੈ। ਇੱਥੇ ਨਾ ਹੀ ਨਿਰੀ ਦਿਮਾਗ਼ੀ ਗਿਆਨ ਬਾਜ਼ੀ ਹੈ ਤੇ ਨਾ ਹੀ ਅੰਧ-ਵਿਸ਼ਵਾਸੀ ਪ੍ਰੇਰਨਾ ਹੈ। ਇਸ ਦੀ ਸਿੱਖਿਆ, ਨਾ ਜੋਗ ਮੱਤ ਦੀ ਤਰ੍ਹਾਂ ਕੇਵਲ ਅੰਤਰਮੁਖੀ ਹੈ ਤੇ ਨਾ ਹੀ ਪਦਾਰਥਵਾਦੀਆਂ ਵਾਂਗੂ ਬਾਹਰਮੁਖੀ ਹੈ, ਇਸ ਵਿੱਚ ਵੱਖ-ਵੱਖ ਧਰਮਾਂ (ਮਜ਼੍ਹਬਾਂ) ਦੇ ਭੁਲੇਖਿਆਂ, ਵਹਿਮਾਂ, ਭਰਮਾਂ ਤੇ ਔਖਿਆਈਆਂ ਨੂੰ ਸੋਧ ਕੇ ਇੱਕ ਨਵਾਂ ਜੀਵਨ ਸਿਧਾਂਤ ਦਰਸਾਇਆ ਗਿਆ ਹੈ। ਗੁਰਬਾਣੀ ਦਾ ਟੀਚਾ ਹੈ: ‘ਨਿਰੋਲ ਸੱਚ’ ।

(੧). ਸੱਚ ਦਾ ਸਹੀ ਰੂਪ ਕੀ ਹੈ  ?, (੨). ਸੱਚ ਦੀ ਪ੍ਰਾਪਤੀ ਦੇ ਸਾਧਨ ਕੀ ਹਨ ?, (੩). ਜਿਨ੍ਹਾਂ ਨੇ ਸੱਚ ਪ੍ਰਾਪਤ ਕਰ ਲਿਆ, ਉਨ੍ਹਾਂ ਦੀ ਜੀਵਨ ਅਵਸਥਾ ਕੀ ਹੈ ?, (੪). ਜਿਨ੍ਹਾਂ ਨੇ ਸੱਚ ਪ੍ਰਾਪਤ ਨਹੀਂ ਕੀਤਾ ਕੇਵਲ ‘‘ਖਾਣਾ, ਪੀਣਾ, ਹਸਣਾ, ਸਉਣਾ; ਵਿਸਰਿ ਗਇਆ ਹੈ ਮਰਣਾ ॥’’ (ਮਹਲਾ ੧/੧੨੫੪) ਤੱਕ ਹੀ ਮਨਮੁਖਤਾ ਵਿੱਚ ਉਲ਼ਝੇ ਪਏ ਹੋਏ ਹਨ, ਉਨ੍ਹਾਂ ਦਾ ਜੀਵਨ ਕੀ ਹੈ ?

ਇਨ੍ਹਾਂ ਚੌਹਾਂ (ਮਾਨਵਤਾ ਲਈ ਅਤਿ ਜ਼ਰੂਰੀ ਵਿਸ਼ਿਆਂ) ਦੀ ਖੋਲ੍ਹ ਕੇ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ।  ‘ਸੱਚ’; ‘ਨਾਮ’ ਦਾ ਹੀ ਵਿਸਮਾਦੀ ਰੂਪ ਹੈ; ਇਹ ਸਚਾਈ ਮਾਨੋ, ਨਾਮ ਦੀ ਹੀ ਤਾਰੀਫ਼ ਹੈ, ‘‘ਇਹੁ ਸਚੁ ਸਭਨਾ ਕਾ ਖਸਮੁ ਹੈ, ਜਿਸੁ ਬਖਸੇ ਸੋ ਜਨੁ ਪਾਵਹੇ (ਮਹਲਾ /੯੨੨), ਸਚੁ ਸਭਨਾ ਹੋਇ ਦਾਰੂ, ਪਾਪ ਕਢੈ ਧੋਇ ’’ (ਮਹਲਾ /੪੬੮) ਵਾਲੀ ਸਮਰੱਥਾ ਰੱਖਦਾ ਹੈ।

ਜੇ ਅਸੀਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਸ਼ਬਦ ਨੂੰ ਸੁਣੀਏ, ਸਮਝੀਏ ਤਾਂ ਜੀਵਨ ਦਾ ਸਪਸ਼ਟ ਮਾਰਗ ਨਜ਼ਰ ਆ ਸਕਦਾ ਹੈ। ਅਸੀਂ ਕੁਦਰਤੀ ਜੀਵਨ (ਸਹਿਜ ਪਦ) ਹਾਸਲ ਕਰ ਸਕਦੇ ਹਾਂ, ਇਸ ਅਵਸਥਾ ਨੂੰ ਗੁਰਬਾਣੀ ਵਿੱਚ ‘ਅਮਰਪਦ, ਪਰਮਪਦ, ਸਹਿਜ ਪਦ, ਚਉਥਾ ਪਦ, ਤੁਰੀਆ ਪਦ, ਨਿਰਬਾਣ ਪਦ (ਵਾਸ਼ਨਾ ਰਹਿਤ), ਬੇਗ਼ਮਪੁਰਾ, ਹਉਮੈ ਨੂੰ ਤਿਆਗਣਾ ਅਤੇ ਮੁਕਤਿ ਪਰਾਇਣ’ (ਮੁਕਤੀ ਦੇ ਆਸਰੇ) ਆਦਿ ਬਿਆਨਿਆ ਗਿਆ ਹੈ, ਜੋ ਮਨੁੱਖ ਇਹ ਅਵਸਥਾ ਹਾਸਲ ਕਰ ਲੈਂਦਾ ਹੈ, ਉਹੋ ‘ਸੱਚਾ ਗੁਰਮੁਖ, ਸੱਚਾ ਸੰਤ, ਸੱਚਾ ਸਿੱਖ, ਸੱਚਾ ਬ੍ਰਹਮਗਿਆਨੀ, ਸੱਚਾ ਭਗਤ ਜਾਂ ਸੱਚਾ ਸਾਧੂ ਬਣ ਸਕਦਾ ਹੈ। ਜੋ ਜੀਵ ਇਸਤ੍ਰੀ; ਆਪਣੇ ਪ੍ਰੀਤਮ ਪ੍ਰਭੂ ਨੂੰ ਨਾਮ ਸਿਮਰਨ ਅਤੇ ਸੇਵਾ ਰਾਹੀਂ ਪ੍ਰਸੰਨ ਨਹੀਂ ਕਰ ਸਕਦੀ ਉਹ ‘ਸੁਚੱਜੀ’ ਤੇ ‘ਗੁਣਵੰਤੀ’ ਵੀ ਨਹੀਂ ਹੋ ਸਕਦੀ, ਨਾ ਹੀ ਸੋਹਾਗਣ ਅਖਵਾ ਸਕਦੀ ਹੈ। ਇਸ ਤਰ੍ਹਾਂ ਦੇ ਘਟੀਆ ਜੀਵਨ ਨੂੰ ‘ਮਨਮੁਖ, ਸਾਕਤ, ਦੁਰਜਨ ਤੇ ਦੁਹਾਗਣੀ’ ਆਦਿਕ ਨਾਵਾਂ ਦੁਆਰਾ ਬਿਆਨ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪ੍ਰਦਾਈ ਤਾਲੀਮ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਹੈ। ਇੱਥੇ ਤਾਂ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ, ਬਾਹਰਾ ਜੀਉ (ਮਹਲਾ /੯੭), ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ  ? ਕੋ ਮੰਦੇ  ? (ਭਗਤ ਕਬੀਰ/੧੩੪੯), ਬੁਰਾ ਭਲਾ ਕਹੁ ਕਿਸ ਨੋ ਕਹੀਐ  ? ਸਗਲੇ ਜੀਅ ਤੁਮ੍ਹਾਰੇ ’’ (ਮਹਲਾ /੩੮੩) ਆਦਿ ਉਪਦੇਸ਼ਮਈ ਸਦਭਾਵਨਾ ਸਿਖਾਈ ਜਾਂਦੀ ਹੈ। ਇੱਥੇ ਅੱਲ੍ਹਾ, ਪਾਰਬ੍ਰਹਮ, ਰਾਮ, ਰਹੀਮ, ਵੇਦ, ਕਤੇਬ, ਕੁਰਾਨ, ਪੁਰਾਣ ਆਦਿਕ ਦਾ ਸਾਂਝਾ ਜ਼ਿਕਰ ਕੀਤਾ ਹੋਇਆ ਮਿਲਦਾ ਹੈ। ਗੁਰਬਾਣੀ ਦੀ ਸਿੱਖਿਆ ਅਤੇ ਪਿਆਰ ਸਰਬ ਵਿਆਪੀ ਹਨ। ਪੰਜਵੇਂ ਗੁਰਦੇਵ ਜੀ ਦਾ ਸੁੰਦਰ ਫ਼ੁਰਮਾਨ ਹੈ, ‘‘ਏਕ ਰੂਪ ਸਗਲੋ ਪਾਸਾਰਾ ਆਪੇ ਬਨਜੁ ਆਪਿ ਬਿਉਹਾਰਾ ਐਸੋ ਗਿਆਨੁ ਬਿਰਲੋ ਪਾਏ ਜਤ ਜਤ ਜਾਈਐ, ਤਤ ਦ੍ਰਿਸਟਾਏ ਰਹਾਉ ਅਨਿਕ ਰੰਗ, ਨਿਰਗੁਨ ਇਕ ਰੰਗਾ ਆਪੇ ਜਲੁ, ਆਪ ਹੀ ਤਰੰਗਾ ਆਪ ਹੀ ਮੰਦਰੁ, ਆਪਹਿ ਸੇਵਾ ਆਪ ਹੀ ਪੂਜਾਰੀ, ਆਪ ਹੀ ਦੇਵਾ ਆਪਹਿ ਜੋਗ, ਆਪ ਹੀ ਜੁਗਤਾ ਨਾਨਕ ਕੇ ਪ੍ਰਭ, ਸਦ ਹੀ ਮੁਕਤਾ’’ (ਮਹਲਾ /੮੦੩)

ਇਸ ਕਰਕੇ ਗੁਰੂ ਗ੍ਰੰਥ ਸਹਿਬ ਜੀ ਦਾ ਸੰਦੇਸ਼, ਇਸ ਦੀ ਸੰਥਿਆ, ਪੂਜਾ, ਇਸ ਦੀ ਆਰਤੀ ਅਤੇ ਨਮਾਜ਼; ਨਿਰਾਲੀ ਤੇ ਆਪਣੀ ਕਿਸਮ ਦੀ ਹੈ ਜਿਸ ਦਾ ਹਰ ਕੋਈ ਭਾਈਵਾਲ ਹੋ ਸਕਦਾ ਹੈ। ਗੁਰਬਾਣੀ ਦੇ ਸੰਦੇਸ਼; ਬਾਹਰਮੁਖੀ (ਵਿਖਾਵੇ) ਦੀ ਥਾਂ ਵਿਅਕਤੀਗਤ ਦੀ ਅੰਦਰਲੀ ਸ਼ੁੱਧਤਾ ਜਾਂ ਸੋਧ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ ਕਿਉਂਕਿ ਸੋਧੇ ਜੀਵਨ ਨਾਲ ਹੀ ਚੰਗਾ ਪਰਿਵਾਰ ਅੱਗੋਂ ਚੰਗਾ ਸਮਾਜ; ਸਿਰਜਿਆ ਜਾ ਸਕਦਾ ਹੈ। ਕੱਚੀਆਂ ਇੱਟਾਂ ਨਾਲ ਕਦੇ ਪੱਕੇ ਮਕਾਨ ਨਹੀਂ ਉਸਾਰੇ ਜਾ ਸਕਦੇ; ਇਵੇਂ ਹੀ ਕੱਚੇ (ਝੂਠੇ) ਵਿਖਾਵੇ ਦੇ ਜੀਵਨ ਨਾਲ ਚੰਗਾ ਸਮਾਜ ਨਹੀਂ ਉਪਜ ਸਕਦਾ। ਇਸ ਲਈ ਪਹਿਲੇ ਜੀਵਨ ਦੀ ਹਰ ਇਕਾਈ ਦੀ ਸੁਧਾਈ ਪਕਿਆਈ ਦੀ ਲੋੜ ਹੈ।

ਜਦੋਂ ਸਤਿਗੁਰੂ ਸਾਹਿਬਾਨ; ਸਰੀਰਕ ਅਗਵਾਈ ਵਜੋਂ ਸਿੱਖੀ ਦੀ ਸਿਰਜਣਾ ਕਰ ਰਹੇ ਸਨ; ਓਦੋਂ ਵੀ ਉਨ੍ਹਾਂ ਨੇ ‘ਸ਼ਬਦ’ (ਧੁਰ ਕੀ ਬਾਣੀ) ਨੂੰ ਹੀ ‘ਗੁਰੂ’ ਮੰਨਿਆ ਹੈ। ਸ਼ਬਦ ਨੂੰ ਇਹ ਮਹਾਨਤਾ; ਗੁਰੂ ਨਾਨਕ ਕਾਲ ਤੋਂ ਹੀ ਚਲੀ ਆ ਰਹੀ ਹੈ। ਗੁਰੂ ਫ਼ੁਰਮਾਨ ਹਨ, ‘‘ਇਸੁ ਜਗ ਮਹਿ, ਸਬਦੁ ਕਰਣੀ ਹੈ ਸਾਰੁ ਬਿਨੁ ਸਬਦੈ, ਹੋਰੁ ਮੋਹੁ ਗੁਬਾਰੁ ਸਬਦੇ, ਨਾਮੁ ਰਖੈ, ਉਰਿ ਧਾਰਿ ਸਬਦੇ, ਗਤਿ ਮਤਿ ਮੋਖ ਦੁਆਰੁ (ਮਹਲਾ /੧੩੪੨), ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ (ਮਹਲਾ /੬੩੫), ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ (ਮਹਲਾ /੧੨੪੩), ਗੁਰਬਾਣੀ, ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ (ਮਹਲਾ / ੬੭), ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ’’ (ਮਹਲਾ /੯੮੨) ਆਦਿਕ।

ਇਸ ਬਾਣੀ ਨੂੰ ਇਕੱਤ੍ਰ ਕਰਨ ਦਾ ਖ਼ਿਆਲ ਨਵਾਂ ਨਹੀਂ ਸੀ ਬਲਕਿ ਇਹ ਤਾਂ ਸਿੱਖ ਧਰਮ ਦੇ ਆਦਿ ਗੁਰੂ; ਪਹਿਲੇ ਪਾਤਿਸ਼ਾਹ ਤੋਂ ਹੀ ਆਰੰਭ ਹੋ ਚੁੱਕਾ ਸੀ। ਉਨ੍ਹਾਂ ਨੇ ਪੰਦਰਾਂ ਮਹਾਂ ਪੁਰਖ ਭਗਤਾਂ ਦੀ ਰਚਨਾ (ਬਾਣੀ) ਨੂੰ ਇਕੱਤਰ ਕਰ ਕੇ ਆਪਣੇ ਜੀਵਨ ਸਮੇਂ ਵਿੱਚ ਹੀ ਉਸ ਨੂੰ ਪੋਥੀ ਰੂਪ ਵਿੱਚ ਸੰਪਾਦਿਤ ਕੀਤਾ, ਜਿਸ ਦਾ ਪ੍ਰਮਾਣ ਭਾਈ ਗੁਰਦਾਸ ਜੀ ਰਾਹੀਂ ਮਿਲਦਾ ਪਿਆ ਹੈ, ‘‘ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸਲਾਧਾਰੀ (ਵਾਰ ਪਉੜੀ ੩੨), ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ  ?’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩)  ਆਦਿਕ।

ਪਹਿਲੇ ਪਾਤਸ਼ਾਹ ਕੋਲ ਭਗਤ ਬਾਣੀ ਮੌਜੂਦ ਹੋਣ ਅਤੇ ਉਨ੍ਹਾਂ ਦੀ ਆਪਸੀ ਸਾਂਝ ਦੇ ਪ੍ਰਤੱਖ ਸਬੂਤ; ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹਨ; ਜਿਵੇਂ ‘ਜਪੁ’ ਜੀ ਸਾਹਿਬ ਦੀ ਪ੍ਰਸਿੱਧ ਪੰਕਤੀ ‘‘ਮਨਿ ਜੀਤੈ ਜਗੁ ਜੀਤੁ’’ ਹੈ, ਵੈਸੇ ਹੀ ਕਬੀਰ ਜੀ; ਮਾਰੂ ਰਾਗ ਅੰਦਰ ‘‘ਮਨੁ ਜੀਤੇ, ਜਗੁ ਜੀਤਿਆ.. ’’ (ਭਗਤ ਕਬੀਰ/੧੧੦੩)  ਕਥਨ ਕਰਦੇ ਹਨ। ਜੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ‘‘ਇਹੁ ਮਨੁ, ਪੰਚ ਤਤੁ ਤੇ ਜਨਮਾ ’’ (ਮਹਲਾ /੪੧੫)  ਉਚਾਰਨ ਕੀਤਾ ਹੈ ਤਾਂ ਗਉੜੀ ਰਾਗ ਵਿੱਚ ਕਬੀਰ ਜੀ ਨੇ ‘‘ਇਹੁ ਮਨੁ, ਪੰਚ ਤਤ ਕੋ ਜੀਉ ’’ (ਭਗਤ ਕਬੀਰ/੩੪੨) ਕਿਹਾ ਹੈ। ਜੇ ਆਸਾ ਕੀ ਵਾਰ ’ਚ ਪਹਿਲੇ ਪਾਤਿਸ਼ਾਹ ‘‘ਕਹੁ ਨਾਨਕ ਨਿਹਚਉ ਧਿਆਵੈ ਵਿਣੁ ਸਤਿਗੁਰ, ਵਾਟ ਪਾਵੈ ’’ (ਮਹਲਾ /੪੭੦) ਅਤੇ ਸਹਸਕ੍ਰਿਤੀ ਸ਼ਬਦਾਂ ’ਚ, ‘‘ਬਿਨੁ ਸਤਿਗੁਰ, ਬਾਟ ਪਾਵੈ ’’ (ਮਹਲਾ /੧੩੫੩) ਫ਼ੁਰਮਾਇਆ ਹੈ ਤਾਂ ਪ੍ਰਭਾਤੀ ਰਾਗ ਵਿੱਚ ਭਗਤ ਬੇਣੀ ਜੀ ਨੇ ਵੀ ਬਚਨ ਕੀਤੇ ਹਨ, ‘‘ਕਹੁ ਬੇਣੀ ਗੁਰਮੁਖਿ ਧਿਆਵੈ ਬਿਨੁ ਸਤਿਗੁਰ, ਬਾਟ ਪਾਵੈ ’’ (ਭਗਤ ਬੇਣੀ/੧੩੫੧) ਕਬੀਰ ਜੀ ਦੇ ਵੀ ਬਚਨ ਹਨ ‘‘ਬਿਨੁ ਸਤਿਗੁਰ, ਬਾਟ ਪਾਈ ਕਹੁ ਕਬੀਰ ਸਮਝਾਈ ’’ (ਭਗਤ ਕਬੀਰ/੧੧੯੪)

ਬਾਬਾ ਫਰੀਦ ਜੀ ਦੇ ਕਈ ਸਲੋਕ; ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਮਿਲਦੇ-ਜੁਲਦੇ ਹਨ; ਜਿਵੇਂ ਕਿ ‘‘ਮੈ ਜਾਣਿਆ ਵਡ ਹੰਸੁ ਹੈ; ਤਾਂ ਮੈ ਕੀਤਾ ਸੰਗੁ ਜੇ ਜਾਣਾ ਬਗੁ ਬਪੁੜਾ; ਜਨਮਿ ਭੇੜੀ ਅੰਗੁ ੧੨੩ (ਬਾਬਾ ਫਰੀਦ ਜੀ/੧੩੮੪) ਸ਼ਬਦ ਦੇ ਪ੍ਰਥਾਇ ਗੁਰੂ ਨਾਨਕ ਜੀ ਲਿਖਦੇ ਹਨ, ‘‘ਕਿਆ ਹੰਸੁ ਕਿਆ ਬਗੁਲਾ ? ਜਾ ਕਉ ਨਦਰਿ ਧਰੇ   ਜੇ ਤਿਸੁ ਭਾਵੈ ਨਾਨਕਾ ! ਕਾਗਹੁ ਹੰਸੁ ਕਰੇ ੧੨੪’’ (ਮਹਲਾ /੧੩੮੪), ਸੂਹੀ ਰਾਗ ਵਿੱਚ ਬਾਬਾ ਫਰੀਦ ਜੀ ਦੇ ਬਚਨ ਹਨ, ‘‘ਬੇੜਾ ਬੰਧਿ ਸਕਿਓ, ਬੰਧਨ ਕੀ ਵੇਲਾ’’ (ਬਾਬਾ ਫਰੀਦ ਜੀ/੭੯੪) ਅਤੇ ਇਸੇ ਰਾਗ ’ਚ ਗੁਰੂ ਨਾਨਕ ਜੀ ਦੇ ਬਚਨ ਹਨ ‘‘ਜਪ ਤਪ ਕਾ ਬੰਧੁ ਬੇੜੁਲਾ; ਜਿਤੁ ਲੰਘਹਿ ਵਹੇਲਾ’’ (ਮਹਲਾ /੭੨੯) ਆਦਿਕ।

ਇਹੋ ਜਿਹੀ ਸਾਂਝ ਹੀ ਭਗਤ ਬਾਣੀ ਅਤੇ ਬਾਕੀ ਗੁਰੂ ਸਾਹਿਬਾਨ ਦੀ ਰਚਨਾ ਵਿੱਚੋਂ ਮਿਲਦੀ ਹੈ। ਇਹ ਇਕਸਾਰਤਾ ਇਹੀ ਸੰਕੇਤ ਦਿੰਦੀ ਹੈ ਕਿ ਸਾਰੇ ਗੁਰੂ ਸਾਹਿਬਾਨ ਕੋਲ਼ ਭਗਤਾਂ ਦੀ ਬਾਣੀ ਵੀ ਮੌਜੂਦ ਸੀ, ਜੋ ਪਹਿਲੇ ਪਾਤਿਸ਼ਾਹ ਤੋਂ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਪਾਤਿਸ਼ਾਹ ਤੱਕ ਤਰਤੀਬਵਾਰ ਪਹੁੰਚਦੀ ਗਈ। ਇਸ ਬਾਣੀ ਨੂੰ ਸੈਂਚੀਆਂ ’ਚ ਇਕੱਤਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਬਾਬਾ ਸਹੰਸ਼ਰ ਰਾਮ ਜੀ (ਸਪੁੱਤਰ ਬਾਬਾ ਮੋਹਨ ਜੀ) ਤੋਂ ਕਾਰਜ ਕਰਵਾਇਆ।  ਦੋ ਸਾਲ (1570-72) ਦਾ ਸਮਾਂ ਲਗਾ ਕੇ ਸੈਂਚੀਆਂ ਦੇ ਰੂਪ ਵਿੱਚ ਸਮੁੱਚੀ ਬਾਣੀ ਇਕੱਤ੍ਰ ਕੀਤੀ ਗਈ।

ਗੁਰੂ ਨਾਨਕ ਸਾਹਿਬ ਜੀ ਦਾ ਇਹ ਪਹਿਲੇ ਸੋਚਿਆ-ਮਿਥਿਆ ਨਿਸ਼ਾਨਾ ਹੀ ਸੀ ਕਿ ਸਾਰੇ ਗੁਰੂ ਸਾਹਿਬਾਨ; ਆਪਣੇ ਰੂਹਾਨੀ ਤਜਰਬੇ (ਸਾਹਿਤਿਕ ਅਤੇ ਸੰਗੀਤਮਈ ਰੰਗ ਵਿੱਚ) ਕਲਮਬੰਦ ਕਰਦੇ ਜਾਣ ਕਿਉਂਕਿ ਸਮੇਂ ਦੇ ਸਾਹਿਤਕਾਰ (ਲਿਖਾਰੀ); ਜ਼ਿੰਦਗੀ ਦੇ ਅਸਲ ਅਮਲਾਂ ਤੋਂ ਸੱਖਣੇ ਹੋਣ ਕਾਰਨ ਕੁਰਾਹੇ ਪਏ ਸਨ। ਇਸ ਦੀ ਪੁਸ਼ਟੀ ਇਉਂ ਕੀਤੀ ਗਈ, ‘‘ਨਾਉ ਵਿਸਾਰਹਿ, ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ’’ (ਮਹਲਾ /੧੦੧੫)

ਗੁਰੂ ਸਾਹਿਬਾਨ ਨੇ ਜ਼ਮੀਨੀ ਹਾਲਾਤ ਬਦਲੇ ਅਤੇ ਪੁਸ਼ਟੀ ਕਰਦਿਆਂ ਹੁਕਮ ਕੀਤਾ ‘‘ਧੰਨੁ ਸੁ ਕਾਗਦੁ, ਕਲਮ ਧੰਨੁ; ਧਨੁ ਭਾਂਡਾ, ਧਨੁ ਮਸੁ (ਸਿਆਹੀ) ਧਨੁ ਲੇਖਾਰੀ ਨਾਨਕਾ  ! ਜਿਨਿ ਨਾਮੁ ਲਿਖਾਇਆ, ਸਚੁ’’  (ਮਹਲਾ /੧੨੯੧) ਭਾਈ ਗੁਰਦਾਸ ਜੀ ਵੀ ਇਸ ਦੀ ਵਾਰ-ਵਾਰ ਹਾਮੀ ਭਰਦੇ ਹਨ ‘‘ਗੁਰਮੁਖਿ ਹਥਿ ਸਕਥ ਹਨਿ, ਸਾਧਸੰਗਤਿ ਗੁਰ ਕਾਰ ਕਮਾਵੈ  ਪਾਣੀ ਪਖਾ ਪੀਹਣਾ, ਪੈਰ ਧੋਇ ਚਰਣਾਂਮਤੁ ਪਾਵੈ ਗੁਰਬਾਣੀ ਲਿਖਿ ਪੋਥੀਆ, ਤਾਲ ਮ੍ਰਿਦੰਗ ਰਬਾਬ ਵਜਾਵੈ ਨਮਸਕਾਰ ਡੰਡਉਤ ਕਰਿ, ਗੁਰ ਭਾਈ ਗਲਿ ਮਿਲਿ, ਗਲਿ ਲਾਵੈ (ਵਾਰ ਪਉੜੀ ੧੨), ਗੁਰਸਿਖੀ ਦਾ ਲਿਖਣਾ, ਗੁਰ ਬਾਣੀ ਸੁਣਿ ਸਮਝੈ ਲਿਖੈ (ਵਾਰ ੨੮ ਪਉੜੀ ), ਪਾਂਧਾ ਬੂਲਾ ਜਾਣੀਐ, ਗੁਰਬਾਣੀ ਗਾਇਣੁ ਲੇਖਾਰੀ ਡਲੇ ਵਾਸੀ ਸੰਗਤਿ ਭਾਰੀ ’’ (ਵਾਰ ੧੧ ਪਉੜੀ ੧੬) ਆਦਿਕ।

ਜਦੋਂ ਗੁਰੂ ਅਰਜਨ ਸਾਹਿਬ ਜੀ ਤੱਕ ‘‘ਧੁਰ ਕੀ ਬਾਣੀ..’’ ਦਾ ਭਰਪੂਰ ਖਜ਼ਾਨਾ ਇਕੱਠਾ ਹੋ ਗਿਆ। ਇਸ ਖ਼ਜ਼ਾਨੇ ਬਾਬਤ ਭੱਟ ਕਲਿਸਹਾਰ ਜੀ ਲਿਖਦੇ ਹਨ ‘‘ਸਤਿਗੁਰ ਸਬਦੁ ਅਥਾਹੁ; ਅਮਿਅ ਧਾਰਾ ਰਸੁ ਗੁਟਇ ’’ (ਭਟ ਕਲੵ /੧੩੯੭) ਤਾਂ ਇਸ ਕਰਾਮਾਤੀ ਖ਼ੁਸ਼ਬੂ ਦੇ ਦੀਵਾਨੇ ਸਿੱਖ-ਭੌਰੇ; ਸੁਗੰਧੀ ਲੈਣ ਲਈ ਦੂਰੋਂ-ਦੂਰੋਂ ਪੁੱਜਣ ਲੱਗ ਪਏ। ਇਸ ਤੋਂ ਦੁਖੀ ਹੋ ਕੇ ਗੁਰੂ ਜੀ ਦੇ ਵੱਡੇ ਭ੍ਰਾਤਾ ਬਾਬਾ ਪ੍ਰਿਥੀ ਚੰਦ ਜੀ ਨੇ ਚੌਹਾਂ ਗੁਰੂਆਂ ਦੇ ਬਚਨਾਂ ਦੀ ਇੱਕ ਵੱਡੀ ਪੁਸਤਕ ਤਿਆਰ ਕਰਵਾ ਲਈ ਕਿਉਂਕਿ ਉਹ ਸਿੱਖੀ ਸੇਵਕੀ (ਭਾਵਨਾ) ਨੂੰ ਆਪਣੇ ਵਿਅਕਤੀਗਤ ਨਾਲ ਜੋੜਨਾ ਚਾਹੁੰਦੇ ਸਨ। ਇਸ ਦਾ ਪ੍ਰਮਾਣ; ਗੁਰੂ ਸਾਹਿਬਾਨ ਦੇ ਹਜ਼ੂਰੀ ਖ਼ਾਨਦਾਨ ’ਚ ਰਹੇ ਅਤੇ ਭਾਈ ਮਨੀ ਸਿੰਘ ਜੀ ਦੇ ਸਮਕਾਲੀ ਵਿਦਵਾਨ ਭਾਈ ਕੇਸਰ ਸਿੰਘ ਜੀ ਛਿੱਬਰ ਦੇ ਬੰਸਾਵਲੀ ਨਾਮੇ ਵਿੱਚ ਦਰਜ ਹੈ, ਡੂਮ ਲਗੇ ਸ਼ਬਦ ਮੀਣਿਆ ਦੇ ਗਾਵਣ ਦੂਯਾ ਦਰਬਾਰ, ਦਰਬਾਰ ਵਡਾ ਗੁਰਿਆਈ ਦਾ ਲਗੇ ਲਾਵਣ ਮੀਣਿਆ ਭੀ ਇਕ ਪੁਸਤਕ ਗ੍ਰੰਥ ਬਣਾਇਆ ਚਹੁ ਪਾਤਸ਼ਾਹੀਆ ਦੇ ਸ਼ਬਦ ਬਾਣੀ ਲਿਖਿ ਪਾਇਆ (ਕੇਸਰ ਸਿੰਘ ਛਿੱਬਰ)

ਗੁਰੂ ਅਰਜਨ ਸਾਹਿਬ ਜੀ ਨੇ ਗੁਰਧਾਮਾਂ ਦੀ ਉਸਾਰੀ ਤੇ ਹੋਰ ਲੋੜੀਦੇ ਕਾਰਜਾਂ ਤੋਂ ਵਿਹਲੇ ਹੋ ਕੇ ਸਿਆਣੇ ਸੁਘੜ ਲਿਖਾਰੀ ਭਾਈ ਸੰਤ ਰਾਮ, ਹਰੀਆ, ਸੁਖਾ ਤੇ ਮਨਸਾ ਰਾਮ ਜੀ ਆਦਿਕ ਨੂੰ ਨਾਲ ਲੈ ਕੇ ਸ਼ੁੱਧ ਬਾਣੀ (ਕੱਚੀ ਬਾਣੀ ਦੀ ਮਿਲਾਵਟ ਤੋਂ ਨਿਰਲੇਪ) ਲਿਖਾਉਣ ਦਾ ਕੰਮ ਆਰੰਭਿਆ ਇਸ ਦਾ ਹਵਾਲਾ ਵੀ ਭਾਈ ਕੇਸਰ ਸਿੰਘ ਛਿੱਬਰ ਜੀ ਦਰਜ ਕਰਦੇ ਹਨ, ਸਾਹਿਬ ਲਗੇ ਰਸਨਾ ਤੇ ਸਬਦ ਬਾਣੀ ਚਾਰ ਲਿਖਾਈ ਤੀਰ ਅਪਨੇ ਠਹਿਰਾਏ ਲਿਖਦੇ ਜਾਣ ਸਾਹਿਬ ਜੋ ਰਸਨੀ ਅਲਾਏ ਭਾਈ ਸੰਤ ਰਾਮ ਤੇ ਹਰੀਆ, ਸੁਖਾ, ਮਨਸਾ ਰਾਮ ਲਿਖਦੇ ਜਾਣ ਸਾਹਿਬ ਜੋ ਕਰਨ ਬਖਾਨ

ਪਾਤਸ਼ਾਹ ਜੀ ਨੇ ਆਪਣੇ ਮਾਮੇ ਬਾਬਾ ਮੋਹਨ ਜੀ ਪਾਸੋਂ ਵੀ ਗੁਰਬਾਣੀ ਦੀਆਂ ਸੈਂਚੀਆਂ ਲਿਆਦੀਆਂ ਤਾਂ ਕਿ ਸੰਪਾਦਨਾ ਸਮੇਂ ਇਨ੍ਹਾਂ ’ਚੋਂ ਵੀ ਸਹਾਇਤਾ ਲਈ ਜਾ ਸਕੇ। ਇਹ ਸਾਰਾ ਖ਼ਜ਼ਾਨਾ ਜਮ੍ਹਾ ਕਰਨ ’ਤੇ ਗੁਰੂ ਜੀ ਨੇ ਕਲਮ ਦੇ ਧਨੀ ਮਹਾਨ ਤਤਵੇਤਾ ਵਿਦਵਾਨ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲਾਇਆ ਕਿਉਂਕਿ ਇਹ ਕਾਫ਼ੀ ਸਿਆਣਪ ਅਤੇ ਲਗਾਤਾਰ ਮਿਹਨਤ ਦਾ ਕਾਰਜ ਸੀ। ਸਾਰੀ ਬਾਣੀ ਨੂੰ ਰਾਗਾਂ, ਛੰਦਾਂ, ਲਗਾਂ ਮਾਤ੍ਰਾਵਾਂ ਤੇ ਵੱਖ-ਵੱਖ ਗੁਰੂ ਸਾਹਿਬਾਨ ਦੀ ਤਰਤੀਬ ਅਨੁਸਾਰ ਇਕੱਠਾ ਕਰਨਾ ਸੀ। ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਹਨ, ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ ਮੀਣੇ ਪਾਣ ਲਗੇ ਨੀ ਰਲਾ, ਸੋ ਨਿਆਰੀ ਕਰ ਧਰੀਏ ਸੋ ਸਾਹਿਬ ਅਗੇ ਹੀ ਬਾਣੀ ਉਚਾਰ ਕਰਤ ਭਏ ਸੋ ਭਾਈ ਗੁਰਦਾਸ, ਸਭ ਇਕੱਤਰ ਕਰ ਲਏ

ਜਦੋਂ ਅਸੀਂ ਸਿੱਖ ਇਤਿਹਾਸ ਵਿੱਚ ਗੁਰਬਾਣੀ ਸੰਬੰਧੀ ਸਿੱਖ ਗੁਰੂ ਸਾਹਿਬਾਨ ਦੀ ਅਣਥੱਕ ਘਾਲਣਾ, ਇਸ ਦੀ ਅਹਿਮੀਅਤ ਅਤੇ ਇਸ (ਸਬਦੁ ਗੁਰੂ) ਦੇ ਸਤਿਕਾਰ ਬਾਰੇ ਪੜ੍ਹਦੇ ਤੇ ਵਿਚਾਰਦੇ ਹਾਂ ਤਾਂ ਇਉਂ ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਰੂਹਾਨੀਅਤ ਦਾ ਚਮਨ (ਫੁਲਵਾੜੀ) ਬਗ਼ੀਚਾ ਲਾਇਆ ਹੈ। ਮਾਨੋ ਕਿ ‘‘ਪੋਥੀ ਪਰਮੇਸਰ ਕਾ ਥਾਨੁ’’ ਨੂੰ ਚੋਣਵੇਂ ਫੁੱਲਾਂ ਦੇ ਗੁਲਦਸਤੇ ਵਾਙ ਤਿਆਰ ਕੀਤਾ ਗਿਆ ਹੈ। ਇਹ ਸਚਾਈ ਦਾ ਨਿਚੋੜ ਹੈ, ਜੋ ਵੰਡ ਵਖਰੇਵਿਆਂ ਵਾਲੇ ਭਾਰਤ ਦੇਸ਼ ਸਮੇਤ ਪੂਰੇ ਸੰਸਾਰ ਵਿੱਚ; ਮਨੁੱਖੀ ਸਮਾਨਤਾ ਪੈਦਾ ਕਰਨਯੋਗ ਸ਼ਕਤੀ ਹੈ। ਗੁਰੂ ਸਾਹਿਬਾਨ ਨੇ ਇਹ ਨਾਮੁਮਕਿਨ ਕਾਰਜ ਕਰ ਵਿਖਾਇਆ।

ਰੂਹਾਨੀਅਤ ਵਜੋਂ ਸਭ ਤੋਂ ਵਧੀਕ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਸਪਸ਼ਟ ਕੀਤਾ ਕਿ ਸੱਚੀ ਬਾਣੀ ਉਹ ਹੈ ਜਿਸ ਵਿੱਚ ਰੱਬ ਦੇ ਨਾਮ ਨੂੰ ਪ੍ਰਮੁੱਖਤਾ ਦਿੱਤੀ ਗਈ ਹੋਵੇ। ਨਾਮ ਨਿਧਾਨ ਹੀ ਪ੍ਰਤੱਖ ਗੁਰੂ ਵਜੋਂ ਪ੍ਰਗਟ ਹੋ ਕੇ ਮਨੁੱਖਤਾ ਨੂੰ ਪਾਰ ਉਤਾਰਦਾ ਹੈ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ’’ (ਮਹਲਾ /੯੮੨) ਇਹ ਬਾਣੀ ਮਨੁੱਖੀ ਜ਼ਿੰਦਗੀ ਦੀ ਟੇਕ ਹੈ ‘‘ਜਿਉ ਮੰਦਰ ਕਉ ਥਾਮੈ ਥੰਮਨੁ ਤਿਉ ਗੁਰ ਕਾ ਸਬਦੁ, ਮਨਹਿ ਅਸਥੰਮਨੁ’’ (ਮਹਲਾ /੨੮)

ਸੋ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ (ਜੀਵਨ ਕਾਲ) ਵਿੱਚ ਹੀ ‘‘ਸਬਦੁ ਗੁਰੂ ਪਰਕਾਸਿਓ, ਹਰਿ ਰਸਨ ਬਸਾਯਉ’’ (ਭਟ ਕਲੵ /੧੪੦੭) ਦਾ ਉਹ ਅੰਮ੍ਰਿਤ ਭੋਜਨ; ਮਾਨਵਤਾ ਨੂੰ ਬਖ਼ਸ਼ਸ ਕੀਤਾ, ਜਿਸ ਤੋਂ ਸਮੁੱਚੀ ਲੁਕਾਈ (ਖਤ੍ਰੀ, ਬ੍ਰਾਹਮਣ, ਸੂਦ, ਵੈਸ਼ ਆਦਿ) ਸਦੀਵੀ ਆਤਮਕ ਤ੍ਰਿਪਤੀ ਹਾਸਲ ਕਰ ਸਕਦੀ ਹੈ। ਜੋ ਵੀ ਮਨੁੱਖ; ਸੱਚ ਦਾ ਚਾਹਵਾਨ (ਖੋਜੀ) ਹੋਏਗਾ ਉਹ ਇਸ ਨੂੰ ਮਾਣੇਗਾ। ਆਤਮਕ ਗਿਆਨ ਅਤੇ ਸ਼ਾਂਤੀ; ਸਦੀਵੀ ਹਾਸਲ ਕਰੇਗਾ। ਇਸ ਅੰਧਕਾਰ-ਸੰਸਾਰ ਵਿੱਚ ਆਤਮਕ ਰੌਸ਼ਨੀ ਹੀ ਆਦਰਸ਼ ਜੀਵਨ ਹੈ, ਜੋ ਸਚਿਆਰ ਹੋ ਕੇ ਜੀਵਨ ਦੀਆਂ ਔਕੜਾਂ ਤੋਂ ਪਾਰ ਹੁੰਦਾ ਹੋਇਆ ਅਕਾਲ ਪੁਰਖ ਪ੍ਰਭੂ ਦਾ ਸਦੀਵੀ ਮਿਲਾਪ ਪਾ ਲੈਂਦਾ ਹੈ। ਸਤਿਗੁਰੂ ਅਰਜਨ ਸਾਹਿਬ ਜੀ ਨੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਇਸੇ ਵਿਸ਼ੇਸ਼ਤਾ ਨੂੰ ਪਰਗਟ ਕਰਦਿਆਂ ਇਸ ਦੇ ਅੰਤ ਵਿੱਚ ਫ਼ੁਰਮਾਇਆ ਹੈ, ‘‘ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ ਜੇ ਕੋ ਖਾਵੈ, ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ ਏਹ ਵਸਤੁ ਤਜੀ ਨਹ ਜਾਈ, ਨਿਤ ਨਿਤ ਰਖੁ, ਉਰਿ ਧਾਰੋ ਤਮ ਸੰਸਾਰੁ, ਚਰਨ ਲਗਿ ਤਰੀਐ, ਸਭੁ ਨਾਨਕ ਬ੍ਰਹਮ ਪਸਾਰੋ ’’ (ਮਹਲਾ /੧੪੨੯)