ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ

0
176

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ) ਰੋਪੜ- 94170-20961

ਜਾ ਕਉ, ਹਰਿ ਰੰਗੁ ਲਾਗੋ ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ॥ ੧॥ ਠਾਕੁਰੁ ਗਾਈਐ, ਆਤਮ ਰੰਗਿ॥ ਸਰਣੀ ਪਾਵਨ, ਨਾਮ ਧਿਆਵਨ; ਸਹਜਿ ਸਮਾਵਨ ਸੰਗਿ॥ ੧॥ ਰਹਾਉ॥ ਜਨ ਕੇ ਚਰਨ, ਵਸਹਿ ਮੇਰੈ ਹੀਅਰੈ; ਸੰਗਿ ਪੁਨੀਤਾ ਦੇਹੀ॥ ਜਨ ਕੀ ਧੂਰਿ, ਦੇਹੁ ਕਿਰਪਾ ਨਿਧਿ ! ਨਾਨਕ ਕੈ ਸੁਖੁ ਏਹੀ॥ ੨॥

ਵੀਚਾਰ ਅਧੀਨ ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੬੭੯ ’ਤੇ ਸੁਭਾਇਮਾਨ ਹੈ। ਗੁਰਦੇਵ ਪਿਤਾ ਜੀ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਕਿਸ ਤਰੀਕੇ ਨਾਲ ਗਾਉਣੇ ਚਾਹੀਦੇ ਹਨ ਅਤੇ ਗੁਣ ਗਾਇਣ ਕਰਨ ਵਾਲੇ ਦੀ ਆਤਮਕ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ।

ਪਰਮੇਸ਼ਰ ਦੇ ਗੁਣਾਂ ਦੀ ਸਿਫਤ ਸਲਾਹ ਕਰਨ ਤੋਂ ਭਾਵ ਇਹ ਹੈ ਕਿ ਜੋ ਗੁਣ ਵਾਹਿਗੁਰੂ ਜੀ ਦੇ ਬਾਣੀ ਵਿਚ ਦੱਸੇ ਗਏ ਹਨ ਉਹਨਾਂ ਗੁਣਾਂ ਨਾਲ, ਗੁਣ ਗਾਇਨ ਕਰਨ ਵਾਲੇ ਦੀ ਪੱਕੀ ਸਾਂਝ ਬਣ ਜਾਏ। ਗੁਰਬਾਣੀ ਵਿਚ ਜਿੱਥੇ ਰਸਨਾ ਨਾਲ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਹਦਾਇਤ ਹੈ, ਓਥੇ ਮਨ ਨਾਲ ਵੀ ਪਰਮਾਤਮਾ ਦੀਸਿਫਤ-ਸਾਲਾਹ ਕਰਨੀ ਬਹੁਤ ਜ਼ਰੂਰੀ ਦੱਸੀ ਗਈ ਹੈ। ਵੀਚਾਰ ਅਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਸਮਝਾਉਦੇ ਹੋਏ ਫੁਰਮਾ ਰਹੇ ਹਨ: ‘‘ਠਾਕੁਰੁ ਗਾਈਐ, ਆਤਮ ਰੰਗਿ॥ ਸਰਣੀ ਪਾਵਨ, ਨਾਮ ਧਿਆਵਨ; ਸਹਜਿ ਸਮਾਵਨ ਸੰਗਿ॥ ੧॥ ਰਹਾਉ॥’’ ਹੇ ਭਾਈ ! ਪ੍ਰਭੂ ਮਾਲਕ ਨੂੰ ਦਿਲੀ ਪਿਆਰ ਨਾਲ ਗਾਉਣਾ ਚਾਹੀਦਾ ਹੈ, ਇਸ ਤਰ੍ਹਾਂ ਉਸ ਪਰਮਾਤਮਾ ਦੀ ਸ਼ਰਨ ਵਿਚ ਪੈਣਾ, ਨਾਮ ਦਾ ਧਿਆਉਣਾ ਅਤੇ ਉਸ ਦੀ ਸੰਗਤ ਕਰਕੇ ਅਡੋਲ ਅਵਸਥਾ ਵਿਚ ਸਮਾਉਣਾ ਹੋ ਜਾਂਦਾ ਹੈ। ਅਡੋਲਤਾ ਜਾਂ ਸਹਜ ਦੀ ਪ੍ਰਾਪਤੀ ਤਦੋਂ ਹੁੰਦੀ ਹੈ ਜਦੋਂ ਮਨ ਵਿੱਚੋਂ ਭਰਮ ਦੂਰ ਹੋ ਜਾਂਦੇ ਹਨ। ਭਰਮ ਤਦੋਂ ਦੂਰ ਹੁੰਦੇ ਹਨ ਜਦੋਂ ਗੁਰੂ ਜੀਵਲੋਂ ਗਿਆਨ ਦੀ ਬਖ਼ਸ਼ਸ਼ ਹੋ ਜਾਏ। ਪਾਵਨ ਫੁਰਮਾਨ ਹੈ: ‘‘ਡੀਗਨ ਡੋਲਾ ਤਊ ਲਉ, ਜਉ ਮਨ ਕੇ ਭਰਮਾ॥ ਭ੍ਰਮ ਕਾਟੇ ਗੁਰਿ ਆਪਣੈ, ਪਾਏ ਬਿਸਰਾਮਾ॥’’ ਭਗਤ ਕਬੀਰ ਜੀ ਦੇ ਵੀ ਬਚਨ ਹਨ_ ‘‘ਕਹਤ ਕਬੀਰ ਸੁਨਹੁ ਰੇ ਪ੍ਰਾਨੀ ! ਛੋਡਹੁ ਮਨ ਕੇ ਭਰਮਾ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ! ਪਰਹੁ ਏਕ ਕੀ ਸ਼ਰਨਾ॥’’ ਇਕ ਦੀ ਸ਼ਰਨ ਵਿਚ ਆਉਣ ਵਾਲੇ ਨੂੰ ਸਤਿਗੁਰੂ ਜੀ ਨੇ ਸੂਰਮੇ ਦੀ ਉਪਾਧੀ ਨਾਲ ਨਿਵਾਜਿਆ ਹੈ। ਸੰਸਾਰ ਵਿਚ ਸਰੀਰਕ ਤੌਰ ’ਤੇ ਸੂਰਮੇ ਜਾਂ ਬਹਾਦਰਅਖਵਾਉਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਹੋ ਸਕਦੀ ਹੈ ਪਰ ਆਤਮਕ ਤੌਰ ਤੇ ਜੇ ਸੂਰਮਿਆਂ ਦੀ ਭਾਲ ਕਰਨੀ ਹੋਵੇ ਤਾਂ ਵਿਰਲੇ ਹੀ ਲੱਭਣਗੇ। ਗੁਰੂ ਅਰਜਨਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਜੋ ਕਿ ਸਹਸਕ੍ਰਿਤੀ ਸਿਰਲੇਖ ਬਾਣੀ ਅੰਦਰ ੨੯ ਨੰਬਰ ’ਤੇ ਹੈ, ਉਸ ਵਿਚ ਫੁਰਮਾਨ ਕਰਦੇ ਹਨ_ ‘‘ਸੈਨਾ ਸਾਧ ਸਮੂਹ, ਸੂਰ ਅਜਿੰਤੁ; ਸੰਨਾਹੰ ਤਨਿ ਨਿੰਮ੍ਰਤਾਹ॥ ਆਵਧਹ ਗੁਣ ਗੋਬਿੰਦ ਰਮਣੰ; ਓਟ ਗੁਰ ਸਬਦ ਕਰ ਚਰਮਣਹ ॥ ਆਰੂੜਤੇ ਅਸ੍ਵ, ਰਥ, ਨਾਗਹ; ਬੁਝੰਤੇ, ਪ੍ਰਭ ਮਾਰਗਹ॥ ਬਿਚਰਤੇ ਨਿਰਭੰ ਸਤ੍ਰੁ ਸੈਨਾ; ਧਾਯੰਤੇ ਗੋੁਪਾਲ ਕੀਰਤਨਹ॥ ਜਿਤਤੇ ਬਿਸ੍ਵ ਸੰਸਾਰਹ; ਨਾਨਕ ਵਸ੍ਹੰ ਕਰੋਤਿ ਪੰਚ ਤਸਕਰਹ॥’’ ਗੁਰਮੁਖ ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗਰੀਬੀ ਸੁਭਾਉ ਉਹਨਾਂ ਦੇ ਸਰੀਰ ਉੱਤੇ ਸੰਜੋਅ ਜਾਂ ਕਵਚ ਹੈ, ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ, ਗੁਰ ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ। ਗੁਰਮੁਖ ਜਨ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਭਾਲਦੇ ਰਹਿੰਦੇ ਹਨ, ਇਹ ਮਾਨੋ ਉਹ ਘੋੜੇ ਰੱਥ-ਹਾਥੀਆਂ ਦੀ ਸਵਾਰੀ ਕਰਦੇ ਹਨ। ਗੁਰਮੁਖ ਜਨ ਪਰਮਾਤਮਾ ਦੀ ਸਿਫਤ-ਸਾਲਾਹ ਦੀ ਮਦਦ ਨਾਲ ਕਾਮਾਦਿਕ ਵੈਰੀ-ਦਲ ਉੱਤੇ ਹੱਲਾ ਕਰਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਵਿਚ ਨਿਡਰ ਹੋ ਕੇ ਤੁਰੇ ਫਿਰਦੇ ਹਨ। ਹੇ ਨਾਨਕ! ਗੁਰਮੁਖ ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ਭਾਵ ਨਿਮ੍ਰਤਾ, ਸਿਮਰਨ ਸ਼ਬਦ ਦੀ ਓਟ ਰੂਪ ਜਿਸ ਮਨੁੱਖ ਦੇ ਕੋਲ ਹਰ ਵੇਲੇ ਹਥਿਆਰ ਹਨ, ਕਾਮਾਦਿਕ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਅਸਲ ਵਿਚ ਸੂਰਮਾ ਕਹਿਲਾਉਣ ਹਾ ਹੱਕਦਾਰ ਵੀ ਓਹੀ ਹੈ। ਗੁਰਬਾਣੀ ਵਿਚ ਇਸ ਸਬੰਧੀ ਹੋਰ ਵੀ ਅਨੇਕਾਂ ਪ੍ਰਮਾਣ ਮਿਲਦੇ ਹਨ ਜਿਵੇਂ ਕਿ: ‘‘ਨਾਨਕ! ਸੋ ਸੂਰਾ ਵਰੀਆਮੁ; ਜਿਨੀ, ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ ਜਿਨਿ, ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨ ਬਲੀ ਰੇ ? ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ; ਸੋ ਪੂਰਾ ਇਹ ਕਲੀ ਰੇ॥’’

ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਦੀਆਂ ਪਉੜੀਆਂ ਰਾਹੀਂ ਗੁਰੂ ਅਰਜਨ ਦੇਵ ਜੀ ਫੁਰਮਾ ਰਹੇ ਹਨ ਕਿ: ‘‘ਜਾ ਕਉ ਹਰਿ ਰੰਗੁ ਲਾਗੋ, ਇਸੁ ਜੁਗ ਮਹਿ; ਸੋਕਹੀਅਤ ਹੈ ਸੂਰਾ॥ ਆਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ॥ ੧॥’’ ਹੇ ਭਾਈ! ਇਸ ਜੁਗ ਵਿਚ ਜਿਸ ਮਨੁੱਖ ਨੂੰ ਹਰੀ ਨਾਮ ਦਾ ਪ੍ਰੇਮ ਲੱਗ ਗਿਆ ਹੈ, ਉਸ ਨੂੰ ਸੂਰਮਾ ਆਖਿਆ ਜਾਂਦਾ ਹੈ। ਜਿਸ ਦਾ ਸਤਿਗੁਰੂ ਪੂਰਾ ਹੈ, ਉਹ ਆਪਣੀ ਆਤਮਾ ਨੂੰ ਜਿੱਤ ਲੈਂਦਾ ਹੈ ਅਤੇ ਸਭ ਕੁਝ ਉਸ ਦੇ ਵੱਸ ਵਿਚ ਹੋ ਜਾਂਦਾ ਹੈ।

ਸਾਰੇ ਕੰਮਾਂ ਵਿਚੋਂ ਆਪਣੀ ਆਤਮਾ ਜਾਂ ਮਨ ਨੂੰ ਜਿੱਤਣਾ ਭਾਵ ਆਪਣੇ-ਆਪ ’ਤੇ ਕਾਬੂ ਰੱਖਣਾ ਮੁਸ਼ਕਲ ਕੰਮ ਹੈ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਅੰਦਰ ਫੁਰਮਾਉਂਦੇ ਹਨ_‘‘ਮਨਿ ਜੀਤੈ, ਜਗੁ ਜੀਤੁ॥’’ ਭਾਵ ਜੇ ਆਪਣਾ ਮਨ ਜਿੱਤਿਆ ਜਾਵੇ ਤਾਂ ਸਾਰਾ ਸੰਸਾਰ ਹੀ ਜਿੱਤਿਆ ਜਾਂਦਾ ਹੈ। ਹੁਣ ਮਨ ਨੂੰ ਕਿਵੇਂਜਿੱਤਿਆ ਜਾਂ ਵੱਸ ਵਿਚ ਕੀਤਾ ਜਾ ਸਕਦਾ ਹੈ। ਇਸ ਪ੍ਰਥਾਇ ਗੁਰ ਬਚਨ ਹਨ_ ‘‘ਮਨ ਵਸਿ ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ॥’’ ਪੂਰਨ ਕਿਰਪਾ ਦੇ ਪਾਤਰ ਉਹ ਜਗਿਆਸੂ ਬਣਦੇ ਹਨ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਾ ਭਾਵ ਗਵਾ ਲਿਆ ਹੈ ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਗੁਰਸਿੱਖਾਂ ਤੋਂ ਸਦਕੇ ਜਾਂਦੇ ਹੋਏ ਕਹਿ ਰਹੇ ਹਨ_‘‘ਹਉ ਸਦਕੇ ਤਿਨਾ ਗੁਰਸਿਖਾਂ, ਸਤਿਗੁਰ ਨੋ ਮਿਲਿ ਆਪ ਗਵਾਇਆ॥’’ ਪੂਰੇ ਸਤਿਗੁਰੂ ਜੀ ਦਾ ਪੂਰਨ ਕਿਰਪਾ ਰੂਪ ਫਲ ਹੀ ਇਹ ਹੈ ਕਿ ਉਸ ਵਿਚ ਨਿਮਰਤਾ ਅਤੇ ਹੋਰ ਸ਼ੁਭ ਗੁਣ ਸਦਾ ਲਈ ਆ ਕੇ ਟਿਕ ਜਾਂਦੇ ਹਨ ਅਤੇ ਉਹ ਪ੍ਰੇਮ ਪੂਰਵਕ ਸ਼ਰਧਾ ਨਾਲ ਆਪਣੇ ਮਾਲਕ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ; ਜਿਵੇਂ ਕਿ ਸ਼ਬਦ ਦੇ ਦੂਸਰੇ ਅਤੇ ਅਖੀਰਲੇ ਪਦੇ ਵਿਚ ਸਤਿਗੁਰੂ ਜੀ ਫੁਰਮਾ ਰਹੇ ਹਨ_ ‘‘ਜਨ ਕੇ ਚਰਨ, ਵਸਹਿ ਮੇਰੈ ਹੀਅਰੈ; ਸੰਗਿ ਪੁਨੀਤਾ ਦੇਹੀ॥ ਜਨ ਕੀ ਧੂਰਿ, ਦੇਹੁ ਕਿਰਪਾ ਨਿਧਿ ! ਨਾਨਕ ਕੈ ਸੁਖੁ ਏਹੀ॥ ੨॥’’ ਹੇ ਕਿਰਪਾ ਦੇ ਖਜ਼ਾਨੇ! ਮੇਰੇ ’ਤੇ ਕਿਰਪਾ ਕਰੋ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸਣ ਭਾਵ ਉਨ੍ਹਾਂ ਦੇ ਗੁਰਮਤਿ ਅਨੁਸਾਰੀ ਉਪਦੇਸ਼ ਕਮਾਉਣ ’ਚ ਸਫਲਤਾ ਮਿਲੇ। ਜਿਨ੍ਹਾਂ ਦਾ ਸੰਗ ਕਰਕੇ ਮੇਰੀ ਦੇਹੀ ਪਵਿੱਤਰ ਹੋ ਜਾਵੇ। ਮੈਨੂੰ ਆਪਣੇ ਦਾਸਾਂ ਦੀ ਚਰਨ ਧੂੜ ਬਖਸ਼ੋ, ਨਾਨਕ ਵਾਸਤੇ ਇਹੋ ਹੀ ਅਸਲ ਸੁੱਖ ਹੈ। ਇਸ ਸੁੱਖ ਦੇ ਮੁਕਾਬਲੇ ਬਾਕੀ ਸਾਰੇ ਸੁੱਖ ਕੋਈ ਮਹੱਤਤਾ ਨਹੀਂ ਰੱਖਦੇ, ਤਾਂ ਹੀ ਗੁਰੂ ਤੇ ਪ੍ਰਭੂ ਦਾ ਪਿਆਰਾ ਗੁਰਸਿੱਖ ਨੀਂਦ ਦੀ ਗੋਦ ’ਚ ਜਾਣ ਤੋਂ ਪਹਿਲਾਂ ਨਿਤਾਪ੍ਰਤੀ ਗੁਰੂ ਜੀ ਦੇ ਇਹਨਾਂ ਬਚਨਾਂ ਨਾਲ ਸੁਰਤ ਜੋੜਦਾ ਹੈ_ ‘‘ਅੰਤਰਜਾਮੀ, ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ॥ ਨਾਨਕ ! ਦਾਸੁ ਇਹੈ ਸੁਖੁ ਮਾਂਗੈ; ਮੋ ਕਉ ਕਰਿ ਸੰਤਨ ਕੀ ਧੂਰੇ॥’’