ਨਦਰਿ ਕਰੇ ਤਾ ਸਿਮਰਿਆ ਜਾਇ ॥

0
165

ਨਦਰਿ ਕਰੇ ਤਾ ਸਿਮਰਿਆ ਜਾਇ ॥

ਗਿਆਨੀ ਬਲਜੀਤ ਸਿੰਘ

ਗੁਰਬਾਣੀ ਦੀ ਜਿਸ ਪਵਿੱਤਰ ਪੰਕਤੀ ‘‘ਨਦਰਿ ਕਰੇ ਤਾ ਸਿਮਰਿਆ ਜਾਇ ’’  ਦੇ ਸੰਬੰਧ ਵਿੱਚ ਵੀਚਾਰ ਅਸੀਂ ਸਾਂਝੀ ਕਰ ਰਹੇ ਹਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 661 ’ਤੇ ਧਨਾਸਰੀ ਰਾਗੁ ਅੰਦਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਸ਼ਬਦ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ਅਰਥਾਤ ‘ਰਹਾਉ’ ਵਾਲਾ ਪਦਾ ਹੈ ‘‘ਗੁਰ ਪਰਸਾਦੀ; ਪਾਇਆ ਜਾਇ   ਹਰਿ ਸਿਉ ਚਿਤੁ ਲਾਗੈ; ਫਿਰਿ ਕਾਲੁ ਖਾਇ ਰਹਾਉ ’’ (ਮਹਲਾ /੬੬੧) ਇਸ ਦਾ ਅਰਥ ਹੈ ਕਿ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਜਦੋਂ ਮਨੁੱਖ ਦਾ ਚਿਤ, ਸੁਰਤ ਹਰੀ ਨਾਲ ਲੱਗ ਜਾਂਦੀ ਹੈ ਫਿਰ ਉਹ ਆਤਮਿਕ ਮੌਤ ਨਹੀਂ ਮਰਦਾ ਅਤੇ ਸਰੀਰਕ ਮੌਤ ਦਾ ਵੀ ਡਰ ਮੁੱਕ ਜਾਂਦਾ ਹੈ।

ਜਗਤ ਦੇ ਆਰੰਭ ਤੋਂ ਹੀ ਮਨੁੱਖਤਾ ਅੰਦਰ ਦੋ ਤਰ੍ਹਾਂ ਦੀ ਵਿਚਾਰ ਚਲਦੀ ਆਈ ਹੈ। ਇੱਕ ਧਾਰਾ ਦੇ ਲੋਕ ਇਹ ਕਹਿੰਦੇ ਹਨ ਕਿ ਇਨਸਾਨ ਦਾ ਦੁਖੀ-ਸੁਖੀ, ਅਮੀਰ-ਗਰੀਬ ਤਥਾ ਰੋਗੀ ਅਰੋਗੀ ਹੋਣਾ; ਆਪਣੇ ਕਰਮਾਂ ਦੇ ਵੱਸ ਹੈ ਅਤੇ ਦੂਜੇ ਪ੍ਰਕਾਰ ਦੇ ਲੋਕ ਇਹ ਕਹਿੰਦੇ ਹਨ ਕਿ ਮਨੁੱਖ ਤਾਂ ਇੱਕ ਪ੍ਰਕਾਰ ਦੀ ਕਠਪੁਤਲੀ ਹੈ। ਕਿਸੇ ਦਾ ਅਮੀਰ-ਗਰੀਬ, ਰਾਣੀ ਤੇ ਦਾਸੀ, ਸੁਚੱਜੀ-ਕੁਚੱਜੀ ਹੋਣਾ; ਆਪਣੇ ਅਧੀਨ ਨਹੀਂ ਸਗੋਂ ਪਰਮਾਤਮਾ ਪ੍ਰਭੂ ਨਚਾਵਣਹਾਰ ਦੀ ਆਗਿਆ ਅਧੀਨ ਹੈ। ਇਹ ਲੋਕ ਨਿਰਾ ਕਹਿੰਦੇ ਹੀ ਨਹੀਂ ਸਗੋਂ ਧਾਰਮਿਕ ਗੰ੍ਰਥਾਂ ਵਿੱਚੋਂ ਹਵਾਲਾ ਵੀ ਦਿੰਦੇ ਹਨ । ਇਹ ਦੋਵੇਂ ਲੋਕ ਆਪੋ ਆਪਣੀ ਥਾਂ ਸੱਚੇ ਹੁੰਦੇ ਵੀ ਵਾਸਤਵਿਕਤਾ ਭਾਵ ਅਸਲੀਅਤ ਤੋਂ ਬਹੁਤ ਦੂਰ ਹਨ। ਕਾਰਨ ਇਹ ਕਿ ਉਹ ਮੂਰਤੀ ਦੇ ਦੋਵੇਂ ਪਹਿਲੂ ਨਹੀਂ ਵੇਖਦੇ ਅਥਵਾ ਉਹ ਆਪਣਾ ਪੱਖ ਉਘਾੜਨ ਲਈ ਆਪਣੇ-ਆਪਣੇ ਪੱਖ ਦੀਆਂ ਉਦਾਹਰਣਾਂ ਦਿੰਦੇ ਹਨ। ਹਰ ਮਨੁੱਖ ਆਪਣੀ ਪੱਖਤਾ ਦੀ ਪ੍ਰੋੜਤਾ ਦੇ ਹਵਾਲੇ ਦਿੰਦਾ ਹੈ। ਇਨ੍ਹਾਂ ਇੱਕ ਪੱਖੀ ਵਿਚਾਰਧਾਰਾ ਤੋਂ ਦੋ ਪ੍ਰਕਾਰ ਦੇ ਵਿਚਾਰ ਪੈਦਾ ਹੋਏ ਹਨ। ਜਿਹੜੇ ਕਹਿੰਦੇ ਹਨ ਕਿ ਹਰ ਗੱਲ ਦਾ ਕਰਤਾ ਮਨੁੱਖ ਆਪ ਹੈ, ਉੱਥੇ ਹੰਕਾਰ ਦਾ ਵਾਸਾ ਹੈ। ਦੂਸਰੀ ਧਾਰਾ ਦੇ ਲੋਕ ਜੋ ਕਹਿੰਦੇ ਹਨ ‘‘ਜਿਉ ਨਚਾਏ ਤਿਉ ਤਿਉ ਨਚਨਿ ..’’ (ਮਹਲਾ /੧੦੨੦ਉਹ ਆਲਸੀ ਤੇ ਵਿਹਲੜ ਬਣ ਗਏ ਹਨ। ਪਰਮਾਤਮਾ ਦੀ ਥਾਂ ਜਿਹੜੇ ਮਨੁੱਖ ਆਪ ਕਰਤਾ ਬਣ ਬੈਠੇ। ਉਹ ਕਰਤੇ ਨੂੰ ਭੁੱਲ ਕੇ ਮਾਇਆ ਵਿੱਚ ਗਲਤਾਨ ਹੋ ਗਏ ਤਥਾ ਪਰਮੇਸ਼ਰ ਨੂੰ ਭੁੱਲ ਕੇ ਬੁਰਾਈਆਂ ਵਿੱਚ ਪੈ ਗਏ ਹਨ ਅਤੇ ਦੂਸਰੀ ਵਿਚਾਰਧਾਰਾ ਦੇ ਲੋਕ ਸੰਸਾਰ ਤੋਂ ਪਰੇ ਉੱਠ ‘‘ਹੋਇ ਅਤੀਤੁ ਗ੍ਰਿਹਸਤਿ ਤਜਿ; ਫਿਰਿ ਉਨਹੁ ਕੇ ਘਰਿ ਮੰਗਣਿ ਜਾਈ’’ ਭਾਈ ਗੁਰਦਾਸ ਜੀ (ਵਾਰ ਪਉੜੀ ੪੦) ਭਾਵ ਭਿਖਾਰੀਆਂ ਵਾਲਾ ਜੀਵਨ ਜੀ ਰਹੇ ਹਨ। ਫਿਰ ਇੰਨਾ ਦੋਹਾਂ ਵਿਚਾਰਾਂ ਦੇ ਸੁਮੇਲ ਤੋਂ ਤੀਜੀ ਧਾਰਾ ਪੈਦਾ ਹੋ ਗਈ। ਤੀਸਰੀ ਵਿਚਾਰਧਾਰਾ ਦੇ ਲੋਕਾਂ ਨੇ ਆਪਣੇ ਬਲ, ਬੁੱਧੀ, ਧਨ ਭਾਵ ਆਪਣੇ ਸੁੱਖ ਅਤੇ ਸਫਲਤਾ ਨੂੰ ਤਾਂ ਆਪਣੇ ਕਰਮਾਂ ਦਾ ਫਲ ਕਹਿਣਾ ਸ਼ੁਰੂ ਕਰ ਦਿੱਤਾ ਪਰ ਆਪਣੀ ਕਮਜ਼ੋਰੀ, ਆਪਣੀ ਗਰੀਬੀ, ਆਪਣੇ ਦੋਸ਼ਾਂ ਅਤੇ ਅਸਫਲਤਾ ਦਾ ਜ਼ੁੰਮੇਵਾਰ, ਉਸ ਨਿਰੰਕਾਰ ਅਕਾਲ ਪੁਰਖ ਨੂੰ ਠਹਿਰਾ ਦਿੱਤਾ।

ਸਮਾਜ ਲਈ ਇਹ ਤਿੰਨੇ ਧਾਰਾਵਾਂ ਖਤਰਨਾਕ ਸਿੱਧ ਹੋਈਆਂ ਹਨ। ਸਮਾਜ ਨੂੰ ਨਾ ਹੀ ਸਵਾਰਥ ਵਿੱਚ ਡੁੱਬੇ ਅਹੰਕਾਰੀਆਂ ਦੀ ਲੋੜ ਹੈ। ਨਾ ਹੀ ਲੱਤ ’ਤੇ ਲੱਤ ਧਰ ਵਿਹਲੇ ਬੈਠ ਕੇ ਖਾਣ ਵਾਲੇ ਰੱਬ ਪੂਜਕਾਂ ਦੀ ਅਤੇ ਨਾ ਹੀ ਅਜਿਹੇ ਲੋਕਾਂ ਦੀ, ਜੋ ਹਰ ਨੇਕ ਕੰਮ ਦਾ ਕਰਤਾ ਆਪਣੇ ਆਪ ਨੂੰ ਜਤਾਉਣ ਪਰ ਬੁਰੇ ਕੰਮ ਲਈ ਦੂਸਰੇ ਨੂੰ ਦੋਸ਼ੀ ਬਣਾਉਣ।  ਗੁਰੂ ਵਾਕ ਹੈ ‘‘ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਆਸਾ ਕੀ ਵਾਰ/ਮਹਲਾ /੪੭੪)

ਗੀਤਾ ਵਿੱਚ ਕਰਮਾਂ ਦੀ ਸਿੱਧੀ ਲਈ ਪੰਜ ਸਿਧਾਂਤ ਦਰਜ ਹਨ (1) ਕਰਤਾ (2) ਕਰਣ (3) ਆਧਾਰ (ਜਿਵੇਂ ਹਲ ਆਦਿ) (4) ਚੇਸ਼ਟਾ ਭਾਵ ਇੱਛਾ, ਲਗਨ, ਮਿਹਨਤ, ਗਿਆਨ (5) ਦੈਵ ਸ਼ਕਤੀ ਕੁਦਰਤਿ । ਗੁਰੂ ਨਾਨਕ ਦੇਵ ਜੀ ਨੇ ਸੋਰਠਿ ਰਾਗ ਅੰਦਰ ਬਖਸ਼ਿਸ਼ ਕੀਤੀ ਹੈ ‘‘ਮਨੁ ਹਾਲੀ, ਕਿਰਸਾਣੀ ਕਰਣੀ; ਸਰਮੁ ਪਾਣੀ, ਤਨੁ ਖੇਤੁ   ਨਾਮੁ ਬੀਜੁ, ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ   ਭਾਉ ਕਰਮ ਕਰਿ ਜੰਮਸੀ; ਸੇ ਘਰ ਭਾਗਠ ਦੇਖੁ ’’ (ਮਹਲਾ /੫੯੫) ਇਸ ਸ਼ਬਦ ਵਿੱਚ ਜਿੱਥੇ ਭਾਉ ਜਾਂ ਪ੍ਰੇਮ ਰੂਪੀ ਫਲ਼ ਪ੍ਰਾਪਤੀ ਵਿੱਚ ਤਨ ਮਨ ਦੀ ਸ਼ੁੱਧਤਾ ਤਥਾ ਸ਼ਰਮੁ (ਮਿਹਨਤ) ਸੰਤੋਖ ਗਰੀਬੀ ਆਦਿ ਸ਼ੁਭ ਗੁਣਾ ਨੂੰ ਵਸੀਲਾ ਗਿਣਿਆ ਗਿਆ ਹੈ। ਉੱਥੇ ‘‘ਨਾਨਕ ! ਵੇਖੈ ਨਦਰਿ ਕਰਿ; ਚੜੈ ਚਵਗਣ ਵੰਨੁ ’’ (ਮਹਲਾ /੫੯੬) ਵਚਨਾਂ ਰਾਹੀਂ ਪ੍ਰਭੂ ਦੀ ਮਿਹਰ, ਕਿਰਪਾ, ਦ੍ਰਿਸ਼ਟੀ ਨੂੰ ਕਿਸੇ ਸਿਧੀ ਜਾਂ ਸਫਲਤਾ ਦਾ ਆਧਾਰ ਮੰਨਿਆ ਹੈ। ਹਰ ਕਾਰਜ ਦੀ ਸਫਲਤਾ ਮਨੁੱਖ ਦੇ ਕਰਮ ਭਾਵ ਪੁਰਸ਼ਾਰਥ ਅਤੇ ਪ੍ਰਭੂ ਦੀ ਨਦਰਿ ਦੇ ਸੁਮੇਲ ਦੇ ਅਧੀਨ ਹੈ। ਈਸ਼ਵਰ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਜੋ ਸਹਾਇਕ ਲਈ ਦਿਲੋਂ ਪੁਕਾਰ ਕਰਦੇ ਹਨ। ਗੁਰਮਤਿ ਨੇ ਜਿੱਥੇ ਸਾਨੂੰ ‘‘ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ’’ (ਮਹਲਾ /੫੧੯ਰਾਹੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਸਿਖਾਇਆ ਉੱਥੇ ‘‘ਆਗਾਹਾ ਕੂ ਤ੍ਰਾਘਿ.. (ਮਹਲਾ /੧੦੯੬), ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ   ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ’’ (ਮਹਲਾ /੫੨੨) ਵਰਗੀ ਵਡਮੁੱਲੀ ਸਿੱਖਿਆ ਬਖ਼ਸ਼ੀ ਹੈ ਭਾਵ ਕਿ ਇਸ ਬਿਖਮ ਮਾਰਗ ’ਤੇ ਚੱਲ ਕੇ ਸੁੱਖ ਫਲ ਜਾਂ ਪਿਰਮ ਰਸ ਨੂੰ ਚੱਖਣ ਵਾਲੇ ਵਿਰਲੇ ਹੀ ਹੁੰਦੇ ਹਨ। ਭਾਈ ਗੁਰਦਾਸ ਜੀ  28ਵੀਂ ਵਾਰ ਦੀ 17ਵੀਂ ਪਉੜੀ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਉਹ ਵਿਰਲੇ ਮਨੁੱਖ ਹੁੰਦੇ ਹਨ, ਜੋ ਪਤੰਗੇ ਦੀ ਤਰ੍ਹਾਂ ਜੋਤੀ ਜੋਤ ਹੋਣ ਲਈ ਮਰ ਮਿਟਣ। ਮਿਰਗ ਦੀ ਤਰ੍ਹਾਂ ਸ਼ਬਦ ਸੁਰਤ ਦਾ ਸੁਮੇਲ ਕਰਦੇ ਹਨ। ਭਵਰੇ ਦੀ ਤਰ੍ਹਾਂ ਸਮਰਪਣ ਹੁੰਦੇ ਹਨ, ਮੱਛੀ ਦੀ ਤਰ੍ਹਾਂ ਰੱਬ ਦੀ ਯਾਦ ਨਹੀਂ ਭੁੱਲਦੇ। ਗੁਰੂ ਦੀ ਸਿੱਖਿਆ ਰਾਹੀਂ ਸੱਚੇ ਸੇਵਕ ਬਣਦੇ ਹਨ। ਜਨਮ ਤੋਂ ਮਰਨ ਤੱਕ ਗੁਰੂ ਅਤੇ ਪਰਮਾਤਮਾ ਦੇ ਭੈ ਵਿੱਚ ਜੀਵਦੇ ਹੋਇ ਆਪਾ ਭਾਵ ਮਿਟਾ ਕੇ ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ’’ (ਮਹਲਾ /੧੪੨) ਪਦਵੀ ਹਾਸਲ ਕਰਦੇ ਹਨ। ਕਥਨ ਹੈ :

ਤੇ ਵਿਰਲੇ ਸੈਂਸਾਰ ਵਿਚਿ; ਦਰਸਨ ਜੋਤਿ ਪਤੰਗ ਮਿਲੰਦੇ

ਤੇ ਵਿਰਲੇ ਸੈਂਸਾਰ ਵਿਚਿ; ਸਬਦ ਸੁਰਤਿ ਹੋਇ ਮਿਰਗ ਮਰੰਦੇ

ਤੇ ਵਿਰਲੇ ਸੈਂਸਾਰ ਵਿਚਿ; ਚਰਣ ਕਵਲ ਹੁਇ ਭਵਰ ਵਸੰਦੇ

ਤੇ ਵਿਰਲੇ ਸੈਂਸਾਰ ਵਿਚਿ; ਪਿਰਮ ਸਨੇਹੀ ਮੀਨ ਤਰੰਦੇ

ਤੇ ਵਿਰਲੇ ਸੈਂਸਾਰ ਵਿਚਿ; ਗੁਰੁ ਸਿਖ ਗੁਰੁ ਸਿਖ ਸੇਵ ਕਰੰਦੇ

ਭੈ ਵਿਚਿ ਜੰਮਨਿ ਭੈ ਰਹਨਿ; ਭੈ ਵਿਚਿ ਮਰਿ ਗੁਰੁ ਸਿਖ ਜੀਵੰਦੇ

ਗੁਰਮੁਖ ਸੁਖ ਫਲੁ ਪਿਰਮੁ ਚਖੰਦੇ ੧੭ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੭)

ਗੁਰਬਾਣੀ ਵਿੱਚ ਇੱਕ ਥਾਂ ਲਿਖਣਾ ‘‘ਦਦੈ; ਦੋਸੁ ਦੇਊ ਕਿਸੈ; ਦੋਸੁ ਕਰੰਮਾ ਆਪਣਿਆ (ਪਟੀ/ਮਹਲਾ /੪੩੩), ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ   ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ਰਹਾਉ ’’ (ਭਗਤ ਤ੍ਰਿਲੋਚਨ/੬੯੫) ਅਤੇ ਦੂਸਰੀ ਜਗ੍ਹਾ ਇਹ  ‘‘ਆਪਣਾ ਲਾਇਆ ਪਿਰਮੁ ਲਗਈ; ਜੇ ਲੋਚੈ ਸਭੁ ਕੋਇ   ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ’’ (ਮਹਲਾ /੧੩੭੮) ਦੋ ਪਰਸਪਰ ਵਿਰੋਧੀ ਵਿਚਾਰਾਂ ਦੇ ਆਉਣ ਦਾ ਕਾਰਨ ਕੇਵਲ ਸਥਾਨ ਦੀ ਵਿਰੋਧਤਾ ਕਰਕੇ ਹੈ ‘‘ਦੋਸੁ ਕਰੰਮਾ ਆਪਣਿਆ (ਮਹਲਾ /੪੩੩), ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ਰਹਾਉ ’’ (ਭਗਤ ਤ੍ਰਿਲੋਚਨ/੬੯੫) ਵਚਨ ਉਨ੍ਹਾਂ ਭੁੱਲੜ ਲੋਕਾਂ ਲਈ ਹਨ, ਜੋ ਕਿਸੇ ਅਸਫਲਤਾ ਸਮੇਂ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਦੋਸ਼ਾਂ ਜਾਂ ਕਮਜ਼ੋਰੀਆਂ ਨੂੰ ਲੱਭਣ ਦੀ ਥਾਂ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ ਜਾਂ ਪ੍ਰਭੂ ਨੂੰ ਨਿੰਦਣ ਲੱਗਣ ਪੈਂਦੇ ਹ, ਪਰ ਦੂਸਰਾ ਪੱਖ ‘‘ਏਹੁ ਪਿਰਮੁ ਪਿਆਲਾ ਖਸਮ ਕਾ’’  ਵਾਲਾ ਉਪਦੇਸ਼ ਕਿਸੇ ਪ੍ਰਭੂ ਪਿਆਰੇ ਵੱਲੋਂ ਹੈ, ਜੋ ਮਾਲਕ ਨਾਲ ਪਿਆਰ ਪਾ ਕੇ ਹੰਕਾਰੀ ਨਹੀਂ ਹੁੰਦਾ ਸਗੋਂ ਨਿਮਰਤਾ ਵਿੱਚ ਆਖਦਾ ਹੈ ਕਿ ਤੇਰੇ ਨਾਲ ਜੋ ਮੇਰਾ ਪਿਆਰ ਹੈ, ਉਹ ਕਿਸੇ ਮੇਰੀ ਖੂਬੀ ਕਾਰਨ ਨਹੀਂ ਸਗੋਂ ਸਭ; ਗੁਰੂ ਅਤੇ ਤੇਰੀ ਮਿਹਰ ਸਦਕਾ ਹੈ ਬਸ ਇਸੇ ਆਸ਼ੇ ਨੂੰ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਹਨ ‘‘ਬਾਬਾ ! ਜਿਸੁ ਤੂ ਦੇਹਿ; ਸੋਈ ਜਨੁ ਪਾਵੈ   ਪਾਵੈ ਸੋ ਜਨੁ ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ  ?’’ (ਅਨੰਦ/ਮਹਲਾ /੯੧੮)

ਗੁਰੂ ਸਿੱਖਿਆ ’ਤੇ ਤੁਰ ਕੇ ਜੋ ਆਪਾ ਸਵਾਰ ਲੈਂਦੇ ਹਨ ਉਹ ਪ੍ਰਭੂ ਦਾ ਧੰਨਵਾਦ ਕਰਨ ਲਈ ਕਹਿੰਦੇ ਹਨ ਕਿ ਜੇ ਤੇਰੀ ਮਿਹਰ ਨ ਹੁੰਦੀ ਤਾਂ ਮੈਂ ਵੀ ਹੋਰਨਾਂ ਦੀ ਤਰ੍ਹਾਂ ਭਰਮਾਂ ਭੁਲੇਖਿਆਂ ਵਿੱਚ, ਭਟਕਣਾ ਵਿੱਚ ਫਿਰਨਾ ਸੀ ਹੇ ਦਾਤਾ ! ਤੇਰਾ ਲੱਖ-ਲੱਖ ਸ਼ੁੱਕਰ ਹੈ। ਪਰਮਾਤਮਾ ਦੀ ਨਦਰਿ ਕਰਮ ਤੋਂ ਬਿਨਾਂ ਤਾਂ ‘‘ਕੀਟਾ ਅੰਦਰਿ ਕੀਟੁ ਕਰਿ; ਦੋਸੀ ਦੋਸੁ ਧਰੇ ’’ (ਜਪੁ) ਵਚਨਾਂ ਵਾਲੀ ਦੁਰਦਸ਼ਾ ਹੈ ਕਿਉਂਕਿ ਮਾਇਆ ਤੋਂ ਪੈਦਾ ਹੋਏ ਉਸ ਦੇ ਪੰਜ ਲਾਡਲੇ ਵਿਕਾਰ ਬਿਨਾਂ ਦੰਦਾਂ ਤੋਂ ਹੀ ਮਨੁੱਖਤਾ ਨੂੰ ਨਿਗਲ ਰਹੇ ਹਨ ‘‘ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ ਜਗੁ ਖਾਇਆ ’’ (ਮਹਲਾ /੬੪੪)

ਕਿਤੇ ਕਾਮ ਆਪਣੀ ਸੋਹਣੀ ਸੂਰਤ ਨਾਲ ਸਾਨੂੰ ਆਪਣੀ ਬੁੱਕਲ ’ਚ ਲੈ ਰਿਹਾ ਹੈ। ਕਿਤੇ ਕ੍ਰੋਧ ਸਾਡੇ ਅੰਦਰ ਚੰਡਾਲ ਦਾ ਰੂਪ ਧਾਰ ਲੈਂਦਾ ਹੈ; ਇਉਂ ਹੀ ਨਿਰੰਤਰ ਸਾਡਾ ਰੱਤ ਪੀਂਦੇ ਜਾਂਦੇ ਹਨ ‘‘ਕਾਮੁ ਕ੍ਰੋਧੁ ਕਾਇਆ ਕਉ ਗਾਲੈ   ਜਿਉ ਕੰਚਨ ਸੋਹਾਗਾ ਢਾਲੈ ’’ (ਮਹਲਾ /੯੩੨) ਇਹ ਦੋਵੇਂ ਵਿਕਾਰ ਕੇਵਲ ਸਰੀਰਕ ਸੱਤਿਆ ਹੀ ਨਹੀਂ ਮੁਕਾਂਦੇ ਸਗੋਂ ਮਨੁੱਖ ਨੂੰ ਸ਼ਰਮਿੰਦਗੀ ਤੇ ਪਛੁਤਾਵਾ ਵੀ ਦੇਂਦੇ ਹਨ। ਜੋਗੀ, ਸੰਨਿਆਸੀ ਜੰਗਮ, ਰਾਜੇ, ਮਹਾਰਾਜੇ, ਰੰਕ ਆਦਿਕ ਕੋਈ ਵੀ ਇਨ੍ਹਾਂ ਦੀ ਗ੍ਰਿਫ਼ਤ ਤੋਂ ਨਹੀਂ ਬਚ ਸਕਿਆ ‘‘ਜੋਗੀ ਜੰਗਮ ਅਰੁ ਸੰਨਿਆਸ   ਸਭ ਹੀ ਪਰਿ ਡਾਰੀ ਇਹ ਫਾਸ ’’ (ਮਹਲਾ /੧੧੮੬)

ਕ੍ਰੋਧੀ ਮਨੁੱਖ ਨਿਗੁਣੀ ਜਿਹੀ ਵਸਤੂ ਤੋਂ ਮਹਾਂ ਭਾਰਤ ਮਚਾ ਦਿੰਦਾ ਹੈ ਅਤੇ ਫਿਰ ਅਦਾਲਤਾਂ ਦੇ ਚੱਕਰ ਲਗਾਉਂਦਾ ਧੱਕੇ ਖਾਂਦਾ, ਧਨ ਅਤੇ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਦਾ ਫਿਰਦਾ ਹੈ, ਇਸੇ ਲਈ ਗੁਰਬਾਣੀ ਉਪਦੇਸ਼ ਬਖ਼ਸ਼ਦੀ ਹੈ ‘‘ਓਨਾ ਪਾਸਿ ਦੁਆਸਿ ਭਿਟੀਐ; ਜਿਨ ਅੰਤਰਿ ਕ੍ਰੋਧੁ ਚੰਡਾਲ ’’ (ਮਹਲਾ /੪੦)

ਲੋਕ ਲਾਜ ਵਿੱਚ ਬੰਦਾ; ਕਾਮ, ਕ੍ਰੋਧ ਤੋਂ ਬਚਣ ਦਾ ਵਿਖਾਵਾ ਮਾਤਰ ਯਤਨ ਕਰ ਲੈਂਦਾ ਹੈ, ਪਰ ਮੋਹ ਤੋਂ ਕੋਈ ਨਹੀਂ ਬਚ ਸਕਿਆ; ਜਿਧਰ ਦੇਖੋ ‘‘ਸਭ ਹੀ ਪਰਿ ਡਾਰੀ ਇਹ ਫਾਸ ’’ (ਮਹਲਾ /੧੧੮੬) ਪਰਤੀਤ ਹੁੰਦਾ ਹੈ ਬਸ ਇੰਜ ਲੱਗਦਾ ਹੈ ‘‘ਏਤੁ ਮੋਹਿ (’), ਡੂਬਾ ਸੰਸਾਰੁ   ਗੁਰਮੁਖਿ ਕੋਈ ਉਤਰੈ ਪਾਰਿ ’’ (ਮਹਲਾ /੩੫੬)  ਸਤਿਗੁਰ ਜੀ ਦੀ ਸਿੱਖਿਆ ਤਾਂ ਸਮੁੱਚੀ ਮਨੁੱਖਤਾ ਲਈ ਹੈ ‘‘ਜੇਤਾ ਮੋਹੁ ਪਰੀਤਿ ਸੁਆਦ   ਸਭਾ ਕਾਲਖ ਦਾਗਾ ਦਾਗ   ਦਾਗ ਦੋਸ ਮੁਹਿ ਚਲਿਆ ਲਾਇ   ਦਰਗਹ ਬੈਸਣ ਨਾਹੀ ਜਾਇ ’’ (ਮਹਲਾ /੬੬੨) ਇਸੇ ਕਰਕੇ ਗੁਰਮੁਖ ਜਨ ‘‘ਮਾਨ ਮੋਹ ਅਰੁ ਲੋਭ ਵਿਕਾਰਾ; ਬੀਓ ਚੀਤਿ ਘਾਲਿਓ   ਨਾਮ ਰਤਨੁ ਗੁਣਾ ਹਰਿ ਬਣਜੇ; ਲਾਦਿ ਵਖਰੁ ਲੈ ਚਾਲਿਓ ’’ (ਮਹਲਾ /੧੦੦੦) ਗੁਰੂ ਉਪਦੇਸ਼ ਰਾਹੀਂ ਜ਼ਿੰਦਗੀ ਸਫਲ ਕਰਦੇ ਹਨ।

ਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ   ਲੋਭੀ ਜੰਤੁ ਜਾਣਈ; ਭਖੁ ਅਭਖੁ ਸਭ ਖਾਇ (ਮਹਲਾ /੫੦) ਕਹਿ ਕੇ ਗੁਰੂ ਸਾਹਿਬ ਲੋਭੀ ਦੀ ਤੁਲਨਾ ਕੁੱਤੇ ਨਾਲ ਕਰਦੇ ਹਨ ਤੇ ਨਾਲ ਹੀ ਸਿੱਖਿਆ ਦਰਜ ਕੀਤੀ ਹੈ ‘‘ਲੋਭੀ ਕਾ ਵੇਸਾਹੁ ਕੀਜੈ; ਜੇ ਕਾ ਪਾਰਿ ਵਸਾਇ   ਅੰਤਿ ਕਾਲਿ ਤਿਥੈ ਧੁਹੈ; ਜਿਥੈ ਹਥੁ ਪਾਇ ’’ (ਮਹਲਾ /੧੪੧੭) ਹੰਕਾਰ ਤਾਂ ਇਨ੍ਹਾਂ ਸਾਰਿਆਂ ਦਾ ਸਰਦਾਰ ਹੈ ‘ਜਿਡਾ ਸਿਰ ਓਡੀ ਪੀੜਾ’ ਦੇ ਕਥਨ ਅਨੁਸਾਰ ਸਾਰੀਆਂ ਜੋਨੀਆਂ ਦੇ ਸਿਕਦਾਰ ਮਨੁੱਖ ਦੇ ਹਿੱਸੇ ਹੀ ਆਇਆ ਹੈ ‘‘ਹਉਮੈ ਰੋਗੁ ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਵਚਨਾਂ ਤੋਂ ਸਪਸ਼ਟ ਹੈ ਕਿ ਇਹ ਰੋਗ ਹੋਰ ਕਿਸੇ ਜੀਵ ਜੰਤੂ ਅੰਦਰ ਨਹੀਂ। ਹੰਕਾਰ ਅਜਿਹਾ ਢੀਠ ਹੈ ਕਿ ਧਾਰਮਿਕ ਲੋਕਾਂ ਅਤੇ ਧਾਰਮਿਕ ਸਥਾਨਾਂ ’ਤੇ ਵੀ ਪ੍ਰਵੇਸ਼ ਕਰ ਲੈਂਦਾ ਹੈ। ਦਾਨੀ ਦੇ ਲੰਗਰ ਵਿੱਚ ਜਾ ਵੜਦਾ ਹੈ। ਪਾਠਾਂ, ਵਰਤਾਂ, ਨੇਮਾਂ ਆਦਿ ਨੇਕ ਕਾਰਜਾਂ ਵਿੱਚ ਮਨੁੱਖ ਦੀ ਕੀਤੀ ਕਰਾਈ ਘਾਲਣਾ ’ਤੇ ਪਾਣੀ ਫੇਰ ਦਿੰਦਾ ਹੈ: ਨਾਵੇਂ ਪਾਤਿਸ਼ਾਹ ਜੀ ਫ਼ੁਰਮਾਨ ਕਰਦੇ ਹਨ ‘‘ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ   ਨਾਨਕ ! ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ’’ (ਮਹਲਾ /੧੪੨੮) ਇੰਨਾ ਕੁਝ ਜਾਣਦਿਆਂ ਵੀ ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ   ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਦੀ ਭਾਵਨਾ ’ਚ ਫਸੇ ਜੀਵਨ ਬਰਬਾਦ ਕਰੀ ਜਾਂਦੇ ਹਾਂ ਪਰ ਪਰਮਾਤਮਾ ਕੰਤ ਦਾ ਮਿਲਾਪ ਤਾਂ ‘‘ਹਉਮੈ ਜਾਈ ਤਾ ਕੰਤ ਸਮਾਈ ’’ (ਮਹਲਾ /੭੫੦) ਦੇ ਸਿਧਾਂਤ ਵਿਚ ਹੀ ਹੈ। ਇਸੇ ਲਈ ਜਗਿਆਸੂ ਹਾਰ ਥੱਕ ਕੇ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਦਾ ਹੈ ‘‘ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ   ਨਾਨਕ ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ’’ (ਸੁਖਮਨੀ/ਮਹਲਾ /੨੬੯) ਗੁਰੂ ਅਰਜਨ ਦੇਵ ਜੀ ਨੇ ਮਨੁੱਖ ਨੂੰ ‘‘ਨਦਰਿ ਕਰੇ ਤਾ ਸਿਮਰਿਆ ਜਾਇ ’’ (ਮਹਲਾ /੬੬੧) ਦੀ ਸੋਝੀ ਦੇਣ ਲਈ ਸੁਖਮਨੀ ਸਾਹਿਬ ਜੀ ਦੀ 6ਵੀਂ ਅਸ਼ਟਪਦੀ ਵਿੱਚ 37 ਵਾਰ ‘ਪ੍ਰਸਾਦਿ’ ਲਫ਼ਜ਼ ਦੀ ਵਰਤੋਂ ਕੀਤੀ ਹੈ ਤਾਂ ਕਿ ਸਮਝ ਲੱਗ ਸਕੇ ਕਿ ਜਿੱਥੇ ਦਾਤੇ ਵੱਲੋਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ, ਉੱਥੇ ਨਾਲ ਹੀ ਪ੍ਰਤੀਤ ਕਰਨੀ ਹੈ ਕਿ ‘‘ਆਪਿ ਜਪਾਏ; ਜਪੈ ਸੋ ਨਾਉ   ਆਪਿ ਗਾਵਾਏ; ਸੁ ਹਰਿ ਗੁਨ ਗਾਉ   ਪ੍ਰਭ ਕਿਰਪਾ ਤੇ; ਹੋਇ ਪ੍ਰਗਾਸੁ   ਪ੍ਰਭੂ ਦਇਆ ਤੇ; ਕਮਲ ਬਿਗਾਸੁ   ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ   ਪ੍ਰਭ ਦਇਆ ਤੇ; ਮਤਿ ਊਤਮ ਹੋਇ   ਸਰਬ ਨਿਧਾਨ ਪ੍ਰਭ ! ਤੇਰੀ ਮਇਆ   ਆਪਹੁ ਕਛੂ ਕਿਨਹੂ ਲਇਆ   ਜਿਤੁ ਜਿਤੁ ਲਾਵਹੁ; ਤਿਤੁ ਲਗਹਿ ਹਰਿ ਨਾਥ !  ਨਾਨਕ ! ਇਨ ਕੈ ਕਛੂ ਹਾਥ ’’ (ਸੁਖਮਨੀ/ਮਹਲਾ /੨੭੧)

ਸੋ ਧਾਰਮਿਕ ਭਾਸ਼ਾ ਵਿੱਚ ਨਦਰਿ, ਮਿਹਰ ਜਾਂ ਕ੍ਰਿਪਾ ਦਾ ਭਾਵ ਹੈ ਕਿ ਸਾਡੀ ਯੋਗਤਾ ਤੋਂ ਬਿਨਾਂ ਵੀ ਅਕਾਲ ਪੁਰਖ ਦੀ ਰਹਿਮਤ ਹੋਣੀ। ਸਿੱਖੀ ਆਸ਼ੇ ਮੁਤਾਬਕ ‘ਨਦਰਿ’ ਦੇ ਅਰਥ ਹਨ ਕਿ ਪਰਮਾਤਮਾ ਦੀ ਦਇਆਲਤਾ ਨਾਲ ਯੋਗਤਾ-ਅਯੋਗਤਾ, ਪੜ੍ਹਿਆ-ਅਣਪੜ੍ਹਿਆ, ਅਮੀਰ-ਗਰੀਬ ਦਾ ਖ਼ਿਆਲ ਮਨ ਅੰਦਰ ਨਾ ਰਹੇ ਕਿਉਂਕਿ ਉਸ ਦੇ ਦਰ ਘਰ ਵਿੱਚ ‘‘ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ’’ (ਜਪੁ) ਦਾ ਸਿਧਾਂਤ ਚੱਲਦਾ ਹੈ। ‘‘ਨਾਨਕ ! ਨਦਰੀ ਕਰਮੀ ਦਾਤਿ ੨੪’’ (ਜਪੁ) ਵਾਲਾ ਨਿਯਮ ਪੱਕਾ ਹੈ।  ਉੱਥੇ ਤਾਂ ‘‘ਨਦਰੀ ਕਰਮਿ ਪਵੈ ਨੀਸਾਣੁ ’’ (ਜਪੁ) ਭਾਵਨਾ ਪ੍ਰਗਟ ਹੋਣੀ ਹੈ। ਜਿਸ ਪਰਮਾਤਮਾ ਦਾ ਸੁਭਾਅ ‘‘ਨਾਨਕ ! ਨਦਰੀ ਨਦਰਿ ਨਿਹਾਲ ੩੮’’ (ਜਪੁ) ਕਰਨਾ ਹੈ ਅਤੇ ਜਗਿਆਸੂ ਆਪਾ ਤਿਆਗ ਉਸ ਨਾਲ ਸਾਂਝ ਪਾ ਲੈਂਦਾ ਹੈ। ਸਿਮਰਨ ਕਰਦਾ ਕਰਦਾ ਉਸ ਦਾ ਰੂਪ ਹੋ ਕੇ ਵੀ ਨਿਮਰਤਾ ਸਹਿਤ ਇਹੀ ਆਖਦਾ ਹੈ ‘‘ਨਦਰਿ ਕਰੇ ਤਾ ਸਿਮਰਿਆ ਜਾਇ   ਆਤਮਾ ਦ੍ਰਵੈ ਰਹੈ; ਲਿਵ ਲਾਇ ’’ (ਮਹਲਾ /੬੬੧)