ਮਨ ਮੇਰੇ ਤਿਨ ਕੀ ਓਟ ਲੇਹਿ॥
ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥
ਜਿਨਿ ਜਨਿ; ਅਪਨਾ ਪ੍ਰਭੂ ਪਛਾਤਾ ॥ ਸੋ ਜਨੁ; ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥
ਅਵਰ ਸਿਆਨਪ; ਸਗਲੀ ਛਾਡੁ ॥ ਤਿਸੁ ਜਨ ਕੀ; ਤੂ ਸੇਵਾ ਲਾਗੁ ॥
ਆਵਨੁ ਜਾਨੁ; ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ; ਪੂਜਹੁ ਸਦ ਪੈਰਾ ॥੮॥੧੭॥
(ਸੁਖਮਨੀ/ਮਹਲਾ ੫/੨੮੬)
ਵਿਚਾਰ ਅਧੀਨ ਅਨਮੋਲ ਪਾਵਨ ਪੰਕਤੀਆਂ; ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਸੁਖਮਨੀ ਸਾਹਿਬ (ਬਾਣੀ) ਦੀ 17ਵੀਂ ਅਸ਼ਟਪਦੀ ਦੇ ਅੱਠਵੇਂ ਪਦੇ ਦੀਆਂ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 286 ’ਤੇ ਸੁਭਾਇਮਾਨ ਹੈ। ਇਨ੍ਹਾਂ ਪੰਕਤੀਆਂ ਰਾਹੀਂ ਗੁਰਦੇਵ ਪਿਤਾ ਜੀ ਆਪਣੇ ਮਨ ਨੂੰ ਸਮਝਾਉਂਦੀ ਮਿਸਾਲ ਨਾਲ਼ ਕਹਿ ਰਹੇ ਹਨ ਕਿ ਹੇ ਮੇਰੇ ਮਨ ! ਉਨ੍ਹਾਂ ਮਨੁੱਖਾਂ ਦੀ ਸੰਗਤ ਕਰ, ਜੋ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ (ਹਰੀ ਦੇ ਚਰਨਾਂ ਨਾਲ਼ ਜੁੜੇ) ਰਹਿੰਦੇ ਹਨ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸ ਨੂੰ ਸੰਸਾਰ ਵਿੱਚ ਰਹਿਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿਸੇ ਨ ਕਿਸੇ ਸਾਥ ਦੀ ਲੋੜ ਪੈਂਦੀ ਹੈ। ਜੇ ਧਿਆਨ ਨਾਲ ਵੇਖਿਆ ਜਾਏ ਤਾਂ ਸਰੀਰ ਕਰਕੇ ਇਸ ਨੇ ਆਪਣੇ ਆਲੇ-ਦੁਆਲੇ ਬਹੁਤ ਸੱਜਣ ਮਿੱਤਰ ਬਣਾਏ ਹੋਏ ਹਨ, ਜਿਨ੍ਹਾਂ ਦੇ ਆਸਰੇ ਇਹ ਆਪਣਾ ਜੀਵਨ ਬਤੀਤ ਕਰਦਾ ਹੈ। ਇਨ੍ਹਾਂ ਵਿੱਚ ਰਹਿਣ ਕਰਕੇ ਅਤੇ ਆਪਣੀ ਅਗਿਆਨਤਾ ਕਾਰਨ ਇਨ੍ਹਾਂ ਨੂੰ ਹੀ ਆਪਣਾ ਸਭ ਕੁੱਝ ਸਮਝਣ ਲੱਗ ਪਿਆ ਹੈ, ਪਰ ਜਦੋਂ ਵੱਡੇ ਭਾਗਾਂ ਨਾਲ ਗੁਰਮੁਖ ਜਨਾਂ ਦੀ ਸੰਗਤ ਇਸ ਨੂੰ ਮਿਲਦੀ ਹੈ ਤਾਂ ਉਨ੍ਹਾਂ ਪਾਸੋਂ ਸਤਿਗੁਰੂ ਦੇ ਬਚਨ ਸੁਣ-ਸੁਣ ਕੇ ਇਸ ਦੇ ਮਨ ਅੰਦਰ ਵਿਸ਼ਵਾਸ ਬੱਝ ਜਾਂਦਾ ਹੈ ਕਿ ਹੁਣ ਤੱਕ ਮੈਂ ਜੋ ਕੁੱਝ ਵੀ ਕਰਦਾ ਆਇਆ ਹਾਂ, ਉਹ ਸਭ ਵਿਅਰਥ ਹੀ ਸੀ। ਇਸ ਲਈ ਹੁਣ ਮੈਨੂੰ ਉਹ, ਕਰਨਾ ਚਾਹੀਦਾ ਹੈ, ਜੋ ਸਤਿ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰੇ ਕਹਿੰਦੇ ਅਤੇ ਕਰਦੇ ਹਨ। ਮਨ; ਸਰੀਰ ਰੂਪੀ ਗੱਡੀ ਦਾ ਡਰਾਇਵਰ ਹੈ। ਗੱਡੀ ਨੇ ਓਧਰ ਹੀ ਜਾਣਾ ਹੁੰਦਾ ਹੈ, ਜਿਧਰ ਡਰਾਇਵਰ ਚਾਹੁੰਦਾ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਇਸ ਪਦੇ ਦੀਆਂ ਆਰੰਭਕ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ‘‘ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥’’ ਭਾਵ ਹੇ ਮੇਰੇ ਮਨ ! (ਜੋ ਮਨੁੱਖ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ) ਉਨ੍ਹਾਂ ਦੀ ਸ਼ਰਨੀ ਪਓ ਅਤੇ ਆਪਣਾ ਤਨ ਮਨ ਉਨ੍ਹਾਂ ਨੂੰ ਸਦਕੇ ਕਰ ਦੇਹ। ਪ੍ਰਭੂ ਦੀ ਨੇੜਤਾ, ਜਿਨ੍ਹਾਂ ਵਡਭਾਗੀ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਨ੍ਹਾਂ ਅੰਦਰ ਪ੍ਰਭੂ ਵਾਲੇ ਗੁਣ ਪਨਪਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਮਨੋਰਥ ਹੀ ਐਸਾ ਬਣ ਜਾਂਦਾ ਹੈ ‘‘ਹਰਿ ਕਾ ਨਾਮੁ ਧਿਆਇ, ਸੁਣਿ; ਸਭਨਾ ਨੋ ਕਰਿ ਦਾਨੁ ॥’’ (ਬਾਰਹਮਾਹਾ/ਮਹਲਾ ੫/੧੩੬) ਯਾਨੀ ਗੁਰੂ ਬਚਨਾਂ ਅਨੁਸਾਰ ਉਹ, ਨਾਮ ਦੀ ਦਾਤ ਹੋਰਾਂ ਨੂੰ ਵੀ ਵੰਡਦੇ ਹਨ।
ਜੋ ਵਸਤੂ ਕਿਸੇ ਕੋਲ਼ ਹੋਵੇਗਾ, ਉਹੀ ਦੂਜੇ ਨੂੰ ਦਿੱਤੀ ਜਾ ਸਕਦੀ ਹੈ; ਜਿਵੇਂ ਫੁੱਲਾਂ ਨਾਲ਼ ਖਿੜੀ ਹੋਈ ਕਿਸੇ ਫੁਲਵਾੜੀ ਕੋਲ, ਕੋਈ ਜਾਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਸੁਗੰਧ ਪ੍ਰਾਪਤ ਨਾ ਹੋਵੇ। ਸੁਗੰਧੀ ਤਾਂ ਅਵੱਸ਼ ਮਿਲਣੀ ਹੀ ਹੈ। ਇਸੇ ਤਰ੍ਹਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚੋਂ ਵੀ ਪ੍ਰਭੂ ਦੇ ਗੁਣਾਂ ਦੀ ਖ਼ੁਸ਼ਬੋ ਅਵੱਸ਼ ਮਿਲਦੀ ਹੈ। ਜਿਨ੍ਹਾਂ ਪਾਸੋਂ ਕੁਝ ਮਿਲੇ, ਫਿਰ ਉਸ ਬਦਲੇ ਕੁੱਝ ਦੇਣਾ ਵੀ ਫ਼ਰਜ਼ ਹੁੰਦਾ ਹੈ ਭਾਵੇਂ ਕਿ ਦੇਣ ਵਾਲਿਆਂ ਅੰਦਰ ਬਦਲੇ ’ਚ ਲੈਣ ਦੀ ਲਾਲਸਾ ਰੰਚਕ ਮਾਤਰ ਵੀ ਨ ਹੋਵੇ। ਜੋ ਦਾਤ ਉਨ੍ਹਾਂ ਪਾਸੋਂ ਮਿਲਦੀ ਹੈ ਉਸ ਬਦਲੇ ਜੋ ਵੀ ਕੁੱਝ ਦਿੱਤਾ ਜਾਏ, ਉਹ ਥੋੜ੍ਹਾ ਹੀ ਹੁੰਦਾ ਹ; ਜਿਵੇਂ ਕਿ ਗੁਰੂ ਬਚਨ ਹਨ ‘‘ਮਨੁ ਅਰਪਉ, ਧਨੁ ਰਾਖਉ ਆਗੈ; ਮਨ ਕੀ ਮਤਿ, ਮੋਹਿ ਸਗਲ ਤਿਆਗੀ ॥ ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ, ਤਿਸੁ ਪਿਛੈ ਵਿਰਾਗੀ ॥’’ (ਮਹਲਾ ੫/੨੦੪)
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ, ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ ‘‘ਜਿਨਿ ਜਨਿ, ਅਪਨਾ ਪ੍ਰਭੂ ਪਛਾਤਾ ॥ ਸੋ ਜਨੁ, ਸਰਬ ਥੋਕ ਕਾ ਦਾਤਾ ॥’’ (ਸੁਖਮਨੀ/ਮਹਲਾ ੫/੨੮੬)
ਮਨੁੱਖ ਦੇ ਜੀਵਨ ਦਾ ਮਨੋਰਥ ਹੀ ਪ੍ਰਭੂ ਨੂੰ ਪਛਾਣਨਾ ਹੈ ਭਾਵ ਉਸ ਵਿੱਚ ਇੱਕ ਮਿਕ ਹੋਣਾ ਹੈ। ਪਰਮਾਤਮਾ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਨਾ ਹੀ ਸਫਲ ਮਨੁੱਖੀ ਜੀਵਨ ਹੈ। ਪਰਮਾਤਮਾ ਕੀ ਕਰਦਾ ਹੈ, ਜਦ ਮਨੁੱਖ ਨੂੰ ਆਪਣੇ ਅੰਗ-ਸੰਗ ਮਹਿਸੂਸ ਹੁੰਦਾ ਹੈ। ਇਸ ਪ੍ਰਸ਼ਨ ਦਾ ਜਵਾਬ ਹੈ ਕਿ ਉਹ, ਆਪਣੇ ਪਿਆਰੇ ਭਗਤ ਦਾ ਪੱਖ ਪੂਰਦਾ ਹੈ, ਉਸ ਦੇ ਸਾਰੇ ਕਾਰਜ ਸਿਰੇ ਚਾੜਦਾ ਹੈ ‘‘ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥’’ (ਅਨੰਦ/ਮਹਲਾ ੩/੯੧੭)
ਜਦ ਪਰਮਾਤਮਾ; ਮਨੁੱਖ ਦਾ ਅੰਗੀਕਾਰ ਕਰੇ ਤਾਂ ਮਨੁੱਖ ਨੂੰ ਆਪਣੇ ਜੀਵਨ ਦਾ ਮੰਤਵ ਪ੍ਰਾਪਤ ਹੁੰਦਾ ਹੈ; ਜਿਵੇਂ ਪ੍ਰਭੂ ਦਾ ਸੁਭਾਅ, ਦੇਣਾ ਹੀ ਹੈ, ਇਸੇ ਲਈ ਉਸ ਨੂੰ ਦਾਤਾ ਕਿਹਾ ਜਾਂਦਾ ਹੈ। ਅੱਜ ਤੱਕ ਉਸ ਨੇ ਹਰ ਜੀਵ-ਜੰਤ ਨੂੰ ਬਹੁਤ ਕੁੱਝ ਦਿੱਤਾ ਹੈ ਤੇ ਅੱਗੋਂ ਵੀ ਦੇਂਦਾ ਰਹੇਗਾ। ਇਸ ਅਸ਼ਟਪਦੀ ਦੀ ਅਰੰਭਤਾ ’ਚ ਵਿਸ਼ੇ ਨਾਲ਼ ਸੰਬੰਧਿਤ ਹੀ ਇੱਕ ਸਲੋਕ ਹੈ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ! ਹੋਸੀ ਭਿ ਸਚੁ ॥੧॥’’ (ਸੁਖਮਨੀ/ਮਹਲਾ ੫/੨੮੫), ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਭ ਕੁੱਝ ਦੇਣ ਵਾਲ਼ਾ ਪਰਮਾਤਮਾ; ਸ੍ਰਿਸ਼ਟੀ ਦੇ ਆਦਿ ਤੋਂ ਅੰਤ ਤੱਕ ਯਾਨੀ ਸਦੀਵੀ ਸਥਿਰ ਹੈ। ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਪ੍ਰਮਾਤਮਾ; ਕੁਦਰਤਿ ਦੇ ਆਤਿ ਤੋਂ ਅੰਤ ਤੱਕ ਸਥਿਰ ਹੋਣਾ ਵੀ ਚਾਹੀਦਾ ਹੈ। ਐਸੇ ਸੱਚ ਨਾਲ ਜੁੜਿਆ ਹੋਇਆ ਮਨੁੱਖ; ਸੁਭਾਵਕ ਹੀ ਉਸ ਵਰਗਾ ਹੋ ਜਾਏਗਾ।
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ ਦੀ ਸ਼ਰਨ ਪੈ ਕੇ, ਉਸ ਦਾ ਦੀਦਾਰ ਕਰਕੇ ਤੂੰ ਆਪਣੇ ਸਾਰੇ ਪਾਪ ਦੂਰ ਕਰ ਅਨੰਦ ਪ੍ਰਾਪਤ ਕਰ ਲਏਂਗਾ ‘‘ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਕੇ ਪਿਆਰੇ ਦੀ ਸ਼ਰਨ ਤੋਂ ਭਾਵ ਗੁਰੂ ਦੀ ਸ਼ਰਨ ਹੀ ਹੈ ਕਿਉਂਕਿ ਅਸਲ ਗੁਰਸਿੱਖ; ਕਿਸੇ ਨੂੰ ਆਪਣੇ ਨਾਲ ਨਹੀਂ, ਗੁਰੂ ਨਾਲ ਜੋੜਦਾ ਹੈ। ਭਾਈ ਗੁਰਦਾਸ ਜੀ ਵੀ ਐਸਾ ਹੀ ਵਚਨ ਕਰਦੇ ਹਨ ‘‘ਗੁਰਮੁਖਿ ਜਨਮ ਸਕਾਰਥਾ; ਗੁਰਸਿਖ ਮਿਲਿ ਗੁਰ ਸਰਣੀ ਆਇਆ। ਆਦਿ ਪੁਰਖ ਆਦੇਸੁ ਕਰਿ; ਸਫਲ ਮੂਰਤਿ ਗੁਰ ਦਰਸਨੁ ਪਾਇਆ।’’ (ਭਾਈ ਗੁਰਦਾਸ ਜੀ/ਵਾਰ ੧੧ ਪਉੜੀ ੩) ਗੁਰੂ ਰਾਮਦਾਸ ਜੀ ਦੇ ਬਚਨ ਵੀ ਗੁਰਸਿਖ ਦੇ ਸੰਬੰਧ ’ਚ ‘ਰਾਗ ਵਡਹੰਸ ਕੀ ਵਾਰ’ ਵਿੰਚ ਅੰਕਿਤ ਹਨ ‘‘ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ (ਨੇ) ਹਰਿ ਨਾਮਾ ਮੁਖਿ (ਨਾਲ਼) ਰਾਮੁ ਕਹਿਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਸੁ, ਹਰਿ ਨਾਮਿ+ਸੁਣਿਐ (ਨਾਲ਼), ਮਨਿ (’ਚ) ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ, ਸਤਿਗੁਰ ਸੇਵਾ ਕਰਿ, ਹਰਿ ਨਾਮੁ ਲਇਆ ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ; ਜੋ ਗੁਰ ਕੈ ਭਾਣੈ (’ਚ), ਗੁਰਸਿਖੁ ਚਲਿਆ ॥੧੮॥’’ (ਮਹਲਾ ੪/੫੯੩) ਕਿਉਂਕਿ ਉਸ ਨੇ ਆਪ ਗੁਰੂ ਦੀ ਰਜ਼ਾ ਵਿੱਚ ਚੱਲ ਕੇ ਸੁੱਖ ਪ੍ਰਾਪਤ ਕੀਤੇ ਹੁੰਦੇ ਹਨ ਤਾਂ ਤੇ ਜੋ ਜਗਿਆਸੂ, ਉਸ ਕੋਲ ਆਏਗਾ ਉਸ ਨੂੰ ਭੀ ਗੁਰੂ ਦੇ ਭਾਣੈ ਵਿੱਚ ਚੱਲਣ ਲਈ ਪ੍ਰੇਰੇਗਾ। ਹਥਲੇ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰ ਜੀ ਫ਼ੁਰਮਾ ਰਹੇ ਹਨ ਕਿ ਬਾਕੀ ਚਤੁਰਾਈ ਛੱਡ ਦੇਹ ਅਤੇ ਉਸ ਸੇਵਕ ਦੀ ਸੇਵਾ ਵਿੱਚ ਲੱਗ ਜਾਹ ‘‘ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਅਮਰਦਾਸ ਜੀ ਭੀ ਮਨ ਨੂੰ ਇਉਂ ਹੀ ਸਮਝਾਉਂਦੇ ਹਨ ‘‘ਏ ਮਨ ਚੰਚਲਾ ! ਚਤੁਰਾਈ ਕਿਨੈ ਨ ਪਾਇਆ ॥’’ (ਅਨੰਦ/ਮਹਲਾ ੩/੯੧੮) ਰੂਹਾਨੀਅਤ ਮਾਰਗ ਵਿੱਚ ਸਿਆਣਪਾਂ, ਚਤੁਰਾਈਆਂ ਕੋਈ ਕੰਮ ਨਹੀਂ ਆਉਂਦੀਆਂ, ਇਹ ਤਾਂ ਰੁਕਾਵਟਾਂ ਬਣ ਅੱਗੇ ਖਲੋਦੀਆਂ ਹਨ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਪੰਕਤੀਆਂ, ਜੋ ਉਨ੍ਹਾਂ ਨੇ ਸ਼ੇਖ਼ ਸੱਜਣ ਨੂੰ ਸੰਬੋਧਨ ਕਰਦਿਆਂ ਉਚਾਰੀਆਂ ਹਨ, ਅੱਜ ਭੀ ਹਰ ਮਨੁੱਖ ’ਤੇ ਹੂਬਹੂ ਢੁੱਕਦੀਆਂ ਹਨ ‘‘ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥ ਨਾਨਕ ! ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥’’ (ਮਹਲਾ ੧/੭੨੯) ਅਰਥ : ਹੇ ਸ਼ੇਖ਼ ਜੀ ! ਦੁਨੀਆਂ ਦੀਆਂ ਖ਼ੁਸ਼ਾਮਦਾਂ, ਬਾਹਰਲੇ ਵਿਖਾਵੇ ਅਤੇ ਹੋਰ ਸਿਆਣਪਾਂ ਕਿਸ ਕੰਮ ਵਿੱਚ ਹਨ ? ਯਾਨੀ ਕੋਈ ਲਾਭ ਨਹੀਂ ਪਹੁੰਚਾਦੀਆਂ, ਇਸ ਲਈ ਤੂੰ ਹਰੀ ਦੇ ਨਾਮ ਨੂੰ ਯਾਦ ਕਰ, ਜਿਸ ਨਾਲ਼ ਤੂੰ (ਇੰਨ੍ਹਾਂ ਬੰਧਨਾਂ ’ਚ) ਫਸਿਆ ਮੁਕਤ ਹੋ ਜਾਵੇਂਗਾ।
ਸੋ ਅਸਫਲ ਮਨੁੱਖੀ ਜੀਵਨ ਹੋਣ ਦਾ ਮੂਲ ਕਾਰਨ, ਬੰਦੇ ਦੀ ਨਾਸਮਝੀ ਹੁੰਦੀ ਹੈ, ਜੋ ਆਪਣੀ ਅਰਥਹੀਣ ਚਤੁਰਾਈ ਨਾਲ਼ ਗੁਣਕਾਰੀ ਗੁਰੂ ਗਿਆਨ ਦਾ ਵੀ ਵਿਰੋਧ ਕਰ ਬੈਠਦੀ ਹੈ। ਇਸ ਸੰਬੰਧ ’ਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਥੋੜੀ; ਸੇਵ ਗਵਾਈਐ ॥੧੦॥’’ (ਆਸਾ ਕੀ ਵਾਰ/ਮਹਲਾ ੧/੪੬੮) ਜਿੰਨੀ ਦੇਰ ਤੱਕ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਤਦ ਤੱਕ ਦੂਸਰੇ ਦੁਆਰਾ ਕੀਤੀ ਜਾਂਦੀ ਸੇਵਾ-ਭਗਤੀ ਤੋਂ ਲਾਭ ਲੈਣ ਲਈ ਉਸ ਨਾਲ਼ ਨੇੜਤਾ ਨਹੀਂ ਬਣਾ ਸਕਦਾ, ਉਸ ਦੀ ਸੰਗਤ ਨਹੀਂ ਮਾਣ ਸਕਦਾ ਭਾਵੇਂ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਨਿਮਰਤਾ ਭਰੇ ਇਹ ਬਚਨ ਭੀ ਕਿਉਂ ਨਾ ਸੇਧ ਬਖ਼ਸਦੇ ਹੋਣ ‘‘ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ !॥’’ (ਮਹਲਾ ੪/੬੯੬) ਹਥਲੇ ਪਦੇ ਦੀਆਂ ਅੰਤਮ ਪੰਕਤੀਆਂ ’ਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ (ਭਗਤੀ ਕਰਨ ਵਾਲ਼ੇ) ਜਨ ਦੇ ਸਦਾ ਪੈਰਾਂ ਨੂੰ ਪੂਜ ਤਾਂ ਜੋ ਤੇਰਾ ਵੀ ਜੀਵਨ ਸਫਲ ਹੋ ਜਾਵੇ ਤੇ ਤੈਨੂੰ ਸੰਸਾਰ ਵਿੱਚ ਵਾਰ-ਵਾਰ ਜਨਮ ਨਾ ਲੈਣਾ ਪਵੇ ‘‘ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥’’ (ਸੁਖਮਨੀ/ਮਹਲਾ ੫/੨੮੬)