ਮਾਧਵੇ !.. ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

0
182

ਮਾਧਵੇ !..ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥  ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥  ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ  ?॥੧॥ ਰਹਾਉ ॥  ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥  ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥ (ਭਗਤ ਰਵਿਦਾਸ/੬੫੯)

ਵਿਚਾਰ ਅਧੀਨ ਇਹ ਪਾਵਨ ਸ਼ਬਦ ਸੋਰਠਿ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ, ਪੰਜਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 658-659 ’ਤੇ ਸ਼ੋਭਨੀਕ ਹੈ। ਇਸ ਸ਼ਬਦ ਰਾਹੀਂ ਭਗਤ ਜੀ ਅਕਾਲ ਪੁਰਖ ਦੇ ਨਾਲ ਆਪਣੀ ਸੱਚੀ ਪ੍ਰੀਤ ਦਾ ਪ੍ਰਗਟਾਵਾ ਵੱਖ-ਵੱਖ ਦ੍ਰਿਸ਼ਟਾਂਤ ਦੇ ਕੇ ਕਰਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥ (ਮਹਲਾ ੧/੧੪੫) ਤੇ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਵਚਨ ‘‘ਭਗਤਾ ਕੀ ਚਾਲ ਨਿਰਾਲੀ ॥’’ (ਮਹਲਾ ੩/੯੧੮), ਆਦਿ ਵਾਕਾਂ ਮੁਤਾਬਕ ਭਗਤਾਂ ਦੀ ਚਾਲ ਕਿਵੇਂ ਨਿਰਾਲੀ ਹੁੰਦੀ ਹੈ ?  ਜਾਂ ਭਗਤਾਂ ਅਤੇ ਆਮ ਸੰਸਾਰੀ ਮਨੁੱਖਾਂ ਦਾ ਜੋੜ ਕਿਉਂ ਨਹੀਂ ਬਣਦਾ ?  ਇਸ ਦਾ ਜਵਾਬ ਲੱਭਣ ਲਈ ਗੁਰਬਾਣੀ ਸਿਧਾਂਤ ਨੂੰ ਗਹੁ ਨਾਲ ਵਿਚਾਰਨ ਦੀ ਜ਼ਰੂਰਤ ਹੈ।

ਸੰਸਾਰੀ ਮਨੁੱਖ ਉਨ੍ਹਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ ਦੀ ਪ੍ਰੀਤ ਕੇਵਲ ਸੰਸਾਰ ਨਾਲ ਹੀ ਹੋਵੇ, ਪਰ ਭਗਤ ਕਹਿਲਾਉਣ ਦੇ ਹੱਕਦਾਰ ਉਹੀ ਹੁੰਦੇ ਹਨ, ਜੋ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਣਾ ਪਰਿਵਾਰਕ ਤੇ ਸਮਾਜਕ ਫ਼ਰਜ਼ ਨਿਭਾਉਂਦਿਆਂ ਹੋਇਆਂ ਵੀ ਆਪਣੀ ਪ੍ਰੀਤ ਸੰਸਾਰ ਦੇ ਰਚਨਹਾਰ ਨਿਰੰਕਾਰ ਨਾਲ ਅੰਤ ਤੱਕ ਪਾਈ ਰੱਖਦੇ ਹਨ।  ਕਿਸੇ ਪ੍ਰਕਾਰ ਦੀ ਕੋਈ ਵੀ ਲਾਲਚ ਜਾਂ ਹੋਰ ਵਿਕਾਰ ਉਨ੍ਹਾਂ ਦੀ ਪ੍ਰੀਤ ਵਿੱਚ ਰੁਕਾਵਟ ਨਹੀਂ ਬਣਦੇ, ਸਗੋਂ ਉਹ ਤਾਂ ਹਰ ਵੇਲੇ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ‘‘ਮੂ, ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥  ਤੋਰੀ ਨ ਤੂਟੈ, ਛੋਰੀ ਨ ਛੂਟੈ; ਐਸੀ ਮਾਧੋ ਖਿੰਚ ਤਨੀ ॥’’ (ਮਹਲਾ ੫/੮੨੭) ਨੂੰ ਗਾ- ਗਾ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਨ।  ਜਿਨ੍ਹਾਂ ਦੇ ਜੀਵਨ ਦਾ ਆਧਾਰ ਪ੍ਰਮਾਤਮਾ ਦਾ ਪਿਆਰ ਤੇ ਉਸ ਦੀ ਹੋਂਦ ਨੂੰ ਸਵੀਕਾਰਨਾ ਬਣ ਗਿਆ, ਉਹ ਤਾਂ ਸਹਿਜ ਵਿੱਚ ਆ ਕੇ ਕਬੀਰ ਜੀ ਦੇ ਇਨ੍ਹਾਂ ਵਚਨਾਂ ‘‘ਤੂੰ ਮੇਰੋ ਮੇਰੁ ਪਰਬਤੁ ਸੁਆਮੀ  !  ਓਟ ਗਹੀ ਮੈ ਤੇਰੀ ॥  ਨਾ ਤੁਮ ਡੋਲਹੁ, ਨਾ ਹਮ ਗਿਰਤੇ; ਰਖਿ ਲੀਨੀ ਹਰਿ ਮੇਰੀ ॥ (ਭਗਤ ਕਬੀਰ/੯੬੯)  ਨੂੰ ਨਿਰੰਤਰ ਗਾਉਂਦੇ ਰਹਿੰਦੇ ਹਨ।

ਵਿਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਰਾਹੀਂ ਭਗਤ ਜੀ ਫ਼ੁਰਮਾ ਰਹੇ ਹਨ ਕਿ ਹੇ ਮਾਧੋ (ਮਾਇਆ ਦੇ ਪਤੀ) !  ਜੇ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇਂ ਤਾਂ ਮੈ ਵੀ ਨਹੀਂ ਤੋੜਾਂਗਾ ਭਾਵ ਤੈਥੋਂ ਦੂਰ ਨਹੀਂ ਜਾ ਸਕਦਾ ਕਿਉਂਕਿ ਤੇਰੇ ਨਾਲੋਂ ਪਿਆਰ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ?  ਹੋਰ ਕੋਈ ਤੇਰੇ ਵਰਗਾ ਸ਼ਕਤੀਸ਼ਾਲੀ ਹੈ ਹੀ ਨਹੀਂ: ‘‘ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥੧॥ ਰਹਾਉ ॥’’

ਪ੍ਰਭੂ ਜੀ ਦੀ ਰਹਿਮਤ ਨਾਲ ਹੀ ਉਸ ਦੇ ਚਰਨਾਂ ਵਿੱਚ ਪ੍ਰੀਤ ਟਿਕੀ ਰਹਿ ਸਕਦੀ ਹੈ ਤੇ ਇਹੀ ਪ੍ਰੀਤ ਉੱਚੇ ਦਰਜੇ ਦੀ ਕਹੀ ਜਾ ਸਕਦੀ ਹੈ। ਗੁਰਬਾਣੀ ’ਚ ਭਿੰਨ-ਭਿੰਨ ਪ੍ਰੀਤਾਂ ਪ੍ਰਤੀ ਕੁਝ ਵਚਨ ਦਰਜ ਹਨ; ਜਿਵੇਂ ਕਿ ਮੱਛੀ ਦੀ ਪ੍ਰੀਤ ਪਾਣੀ ਨਾਲ, ਭੰਵਰੇ ਦੀ ਕਮਲ-ਫੁੱਲ ਨਾਲ, ਮਿਰਗ ਦੀ ਘੰਡੇਹੇੜੇ ਦੀ ਆਵਾਜ਼ ਨਾਲ, ਚਕੋਰ ਦੀ ਚੰਦ ਨਾਲ ਪ੍ਰੀਤ, ਚਕਵੀ ਦੀ ਸੂਰਜ ਨਾਲ, ਪਪੀਹੇ ਦੀ ਬੱਦਲ (ਬਾਰਸ਼) ਨਾਲ, ਪਤਨੀ ਦੀ ਪਤੀ ਨਾਲ, ਮਾਤਾ ਦੀ ਪੁੱਤਰ ਨਾਲ ਪ੍ਰੀਤ, ਆਦਿ।  ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਨ੍ਹਾਂ ਦਾ ਜ਼ਿਕਰ ਮਿਸਾਲ ਵਜੋਂ ਆਪਣੀ ਰਚਨਾ ਵਿੱਚ ਕੀਤਾ ਹੈ ਤੇ ਅਖੀਰ ਵਿੱਚ ਇੱਕ ਗੁਰਸਿੱਖ ਦੀ ਪ੍ਰਤੀ, ਆਪਣੇ ਗੁਰੂ ਨਾਲ ਪਈ ਹੋਈ ਨੂੰ ਦਰਸਾਇਆ ਗਿਆ ਹੈ, ਜੋ ਇਸ ਤਰ੍ਹਾਂ ਹੈ:

ਚੰਦ ਚਕੋਰ ਪਰੀਤ ਹੈ; ਲਾਇ ਤਾਰ ਨਿਹਾਲੇ।ਚਕਵੀ ਸੂਰਜ ਹੇਤ ਹੈ; ਮਿਲਿ ਹੋਨਿ ਸੁਖਾਲੇ।

ਨੇਹੁ ਕਵਲ ਜਲ ਜਾਣੀਐ; ਖਿੜਿ ਮੁਹ ਵੇਖਾਲੇ।ਮੋਰ ਬਬੀਹੇ ਬੋਲਦੇ; ਵੇਖਿ ਬਦਲ ਕਾਲੇ।

ਨਾਰਿ ਭਤਾਰ ਪਿਆਰੁ ਹੈ; ਮਾਂ ਪੁਤ ਸਮ੍ਹਾਲੇ।ਪੀਰ ਮੁਰੀਦਾ ਪਿਰਹੜੀ; ਓਹੁ ਨਿਬਹੈ ਨਾਲੇ ॥੪॥

(ਭਾਈ ਗੁਰਦਾਸ ਜੀ/ਵਾਰ ੨੭ ਪਉੜੀ ੪)

ਭਗਤ ਰਵਿਦਾਸ ਜੀ ਦੇ ਧਨਾਸਰੀ ਰਾਗ ਵਿੱਚ ਦਰਜ ਕੀਤੇ ਗਏ ਸ਼ਬਦ ਰਾਹੀਂ ਪ੍ਰੀਤ ਨੂੰ ਹੋਰ ਵੀ ਪਰਪੱਕਤਾ ਮਿਲਦੀ ਹੈ, ਜਿਸ ਵਿੱਚ ਦਰਜ ਹੈ: ‘‘ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ ਕਿਤੇ) ਘਟੈ ॥  ਮੈ ਤਉ ਮੋਲਿ ਮਹਗੀ ਲਈ; ਜੀਅ ਸਟੈ (ਜਿੰਦ ਬਦਲੇ)॥੧॥ ਰਹਾਉ ॥ (ਭਗਤ ਰਵਿਦਾਸ/੬੯੪)

ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ’ਚ ਭਗਤ ਜੀ ਵਚਨ ਕਰਦੇ ਹਨ ਕਿ ਹੇ ਮਾਧੋ !  ਜੇ ਤੂੰ ਸੋਹਣਾ ਜਿਹਾ ਬੱਦਲ ਬਣੇਂ ਤਾਂ ਮੈਂ ਤੇਰਾ ਮੋਰ ਬਣਾਂਗਾ (ਭਾਵ ਤੈਨੂੰ ਵੇਖ ਕੇ ਪੈਲਾਂ ਪਾਵਾਂਗਾ) ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਭਾਵ ਤੈਨੂੰ ਵੇਖ-ਵੇਖ ਖ਼ੁਸ ਹੋ-ਹੋ ਕੇ ਬੋਲਾਂਗੀ): ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥’’

ਜਿਸ ਪ੍ਰੀਤ ਦਾ ਜ਼ਿਕਰ ਭਗਤ ਜੀ ਕਰ ਰਹੇ ਹਨ ਇਹ ਪ੍ਰੀਤ, ਨਾ ਤਾਂ ਦੁਨਿਆਵੀ ਧਨ ਬਦਲੇ ਅਤੇ ਨਾ ਹੀ ਧਰਮ ਦੇ ਨਾਂ ’ਤੇ ਕੀਤੇ ਜਾਂਦੇ ਕਰਮਕਾਂਡਾਂ ਬਦਲੇ ਪ੍ਰਾਪਤ ਹੁੰਦੀ ਹੈ, ਸਗੋਂ ਇਹ ਪ੍ਰੀਤ ਤਾਂ ਸੀਸ ਭੇਟ ਕਰਨ ਭਾਵ ਆਪਣੀ ਮਤਿ ਤਿਆਗਣ ਨਾਲ ਹੀ ਮਿਲਦੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਹਵਾਲਾ ਦਿੰਦਿਆਂ ਸਮਝਾਇਆ ਕਿ ਦਿਲੀ ਪ੍ਰੀਤ ਅਤੇ ਧਨ ਸਮਰਪਤ ਕਰਨ ’ਚ ਫ਼ਰਕ ਹੁੰਦਾ ਹੈ; ਜਿਵੇਂ ਰਾਵਨ ਨੇ ਸ਼ਿਵਜੀ ਅੱਗੇ 11 ਵਾਰ ਆਪਣਾ ਸੀਸ ਭੇਟ ਕੀਤਾ, ਮੰਨਿਆ ਗਿਆ ਹੈ, ਪਰ ਅਗਰ ਧਨ ਭੇਟ ਕਰਨ ਨਾਲ ਇਹੀ ਪਿਆਰ ਮਿਲਦਾ ਤਾਂ ਰਾਵਨ ਦੇ ਪਾਸ ਕਿਹੜਾ ਧਨ ਦੀ ਕੋਈ ਕਮੀ ਸੀ: ‘‘ਸੰਮਨ ਜਉ ਇਸ ਪ੍ਰੇਮ ਕੀ; ਦਮ ਕਿੵਹੁ ਹੋਤੀ ਸਾਟ ॥  ਰਾਵਨ ਹੁਤੇ ਸੁ ਰੰਕ ਨਹਿ; ਜਿਨਿ ਸਿਰ ਦੀਨੇ ਕਾਟਿ ॥’’ (ਮਹਲਾ ੫/੧੩੬੩)

ਵਿਚਾਰ ਅਧੀਨ ਸ਼ਬਦ ਦੇ ਦੂਸਰੇ ਤੇ ਤੀਸਰੇ ਬੰਦ ’ਚ ਵੀ ਭਗਤ ਰਵਿਦਾਸ ਜੀ ਸਮਝਾਉਂਦੇ ਹਨ ਕਿ ਹੇ ਮਾਧੋ ਜੀ  !  ਅਗਰ ਤੁਸੀਂ ਸੋਹਣਾ ਦੀਵਾ ਹੋ ਤਾਂ ਮੈਂ ਉਸ ਦੀ ਬੱਤੀ ਬਣਾਂ।  ਜੇਕਰ ਤੁਸੀਂ ਕੋਈ ਤੀਰਥ ਬਣ ਜਾਓਂ ਤਾਂ ਮੈ (ਤੇਰੇ ਦੀਦਾਰ ਕਰਨ ਲਈ) ਉਸ ਤੀਰਥ ਉੱਤੇ ਆਉਣ ਵਾਲ਼ਾ ਯਾਤ੍ਰੀ ਬਣ ਜਾਵਾਂ ਕਿਉਂਕਿ ਮੈਂ ਤੇਰੇ ਨਾਲ ਪੱਕਾ ਪਿਆਰ ਪਾਉਣਾ ਚਾਹੁੰਦਾ ਹਾਂ ਜਿਸ ਬਦਲੇ ਹੋਰ ਸਾਰੇ ਪਿਆਰਾਂ ਨਾਲੋਂ ਮੈਂ ਆਪਣੇ ਸੰਬੰਧ ਤੋੜ ਲਏ ਹਨ: ‘‘ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥’’

(ਨੋਟ: ਧਿਆਨ ਰਹੇ ਕਿ ਸਭਨਾਂ ਨਾਲੋਂ ਸੰਬੰਧ ਤੋੜਨ ਦਾ ਇਹ ਮਤਲਬ ਕਦਾਚਿਤ ਨਹੀਂ ਲੈਣਾ ਚਾਹੀਦਾ ਕਿ ਉਨ੍ਹਾਂ ਆਪਣੀ ਬਣਦੀ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਗ੍ਰਹਿਸਤੀ ਤਿਆਗ ਜੰਗਲਾਂ ’ਚ ਚਲੇ ਗਏ ਬਲਕਿ ਇਸ ਦਾ ਭਾਵ ਹੈ ਕਿ ਕੇਵਲ ਇਨ੍ਹਾਂ (ਪਰਿਵਾਰਕ ਜਾਂ ਸਮਾਜਿਕ) ਤੱਕ ਹੀ ਸੀਮਤ ਰਹਿਣਾ ਛੱਡ ਦਿੱਤਾ ਹੈ।  ਭਗਤ ਜੀ ਦੇ ਜੀਵਨ ’ਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਆਪ ਜੁੱਤੀਆਂ ਗੰਢਣ ਵਾਲੀ ਕਿਰਤ ਕਰਦੇ ਰਹੇ ਸਨ; ਜਿਵੇਂ ਕਿ ਉਨ੍ਹਾਂ ਦੇ ਹੀ ਵਚਨ ਹਨ: ‘‘ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ (ਜੁੱਤੀ)॥’’ (ਭਗਤ ਰਵਿਦਾਸ/੬੫੯), ਪਰ ਭਗਤ ਜੀ ਇਸ ਕਿਰਤ ਨੂੰ ਕਰਦਿਆਂ ਇਉਂ ਨਿਰਮੋਹ ਰਹਿ ਕੇ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜੀ ਰੱਖਦੇ ਸਨ, ਜਿਸ ਤਰ੍ਹਾਂ ਦੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਦਾ ਜ਼ਿਕਰ ਭਗਤ ਕਬੀਰ ਜੀ ਕਰਦੇ ਹਨ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ ਭਗਤ ਕਬੀਰ/੧੩੭੬)

ਵਿਚਾਰ ਅਧੀਨ ਸ਼ਬਦ ਦੇ ਚੌਥੇ ਤੇ ਪੰਜਵੇਂ ਪਦੇ ’ਚ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਹੇ ਮਾਧੋ ਜੀ  !  ਜਿੱਥੇ ਜਿੱਥੇ ਵੀ ਮੈਂ ਜਾਂਦਾ ਹਾਂ (ਮੈਨੂੰ ਹਰ ਥਾਂ ਤੁਹੀਂ ਤੁਹੀਂ ਦਿਸਦਾ ਹੈਂ ਤੇ ਹਰ ਥਾਂ) ਮੈਂ ਤੇਰੀ ਹੀ ਸੇਵਾ ਕਰ ਸਕਦਾ ਹਾਂ।  ਹੇ ਪ੍ਰਕਾਸ਼ ਰੂਪ ਦੇਵ !  ਤੇਰੀ ਹਸਤੀ ਵਰਗਾ ਮੈਨੂੰ ਹੋਰ ਕੋਈ ਮਾਲਕ ਨਜ਼ਰ ਨਹੀਂ ਆਇਆ।  ਤੇਰੀ ਬੰਦਗੀ ਕੀਤਿਆਂ ਆਤਮਕ ਵਿਕਾਰ ਰੂਪ ਜਮਰਾਜ ਦੇ ਦੂਤਾਂ ਦੇ ਬੰਧਨ ਟੁੱਟ ਜਾਂਦੇ ਹਨ, ਇਸੇ ਲਈ ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਦਿਆਂ ਤੇਰੇ ਗੁਣ ਗਾਉਂਦਾ ਹੈ: ‘‘ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥’’

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦੀ ਵਿਚਾਰ ਨਾਲ ਸਮੁੱਚੀ ਲੁਕਾਈ ਨੂੰ ਇਹ ਸੇਧ ਮਿਲਦੀ ਹੈ ਕਿ ਦੁਨੀਆਵੀ ਕਰਮਕਾਂਡਾਂ ਨੂੰ ਤਿਆਗ ਕੇ ਸੱਚੇ ਦਿਲ ਨਾਲ ਅਕਾਲ ਪੁਰਖ (ਨਿਰਾਕਾਰ) ਦੀ ਬੰਦਗੀ ਕਰਦਿਆਂ ਉਸ ਨਾਲ ਸਦਾ ਪ੍ਰੀਤ ਪਾਉਣੀ ਚਾਹੀਦੀ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ।  ਇਸ ਲਈ ਕੋਈ ਸਮਾਜਿਕ ਵਿਤਕਰਾ ਜਾਂ ਔਰਤ-ਮਰਦ ਦਾ ਭੇਦ ਉਸ ਦੇ ਦਰਬਾਰ ਵਿੱਚ ਕੋਈ ਮਾਇਨਾ ਨਹੀਂ ਰੱਖਦਾ। ਭਗਤ ਜੀ ਆਪਣੀ ਤਮਾਮ ਰਚਨਾ ਰਾਹੀਂ ਆਕਾਰ ਪੂਜਾ ਨਾਲ ਆਪਣੀ ਅਸਹਿਮਤੀ ਜਤਾਉਂਦੇ ਹਨ ਇਸ ਲਈ ਉਨ੍ਹਾਂ ਦੀ ਮੂਰਤੀ ਬਣਾ ਕੇ ਆਕਾਰ ਪੂਜਾ ਕਰਨ ਨਾਲ ਭਗਤ ਜੀ ਦਾ ਕੋਈ ਸਰੋਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਧਾਰਨਾ (ਸ਼ਰਧਾ) ਉਨ੍ਹਾਂ ਦੀ ਸੋਚ ਦੇ ਵਿਪਰੀਤ ਹੈ।  ਭਗਤ ਕਬੀਰ ਜੀ ਵੀ ਭਗਤ ਰਵਿਦਾਸ ਜੀ ਦੇ ਹਵਾਲੇ ਨਾਲ ਇਹੀ ਸਮਝਾ ਰਹੇ ਹਨ ਕਿ: ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)