ਮਾਨੈ ਹੁਕਮੁ, ਸੋਹੈ ਦਰਿ ਸਾਚੈ.. ॥

0
184

ਮਾਨੈ ਹੁਕਮੁ ਸੋਹੈ ਦਰਿ ਸਾਚੈ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਸਰਵ ਸ਼ਕਤੀਮਾਨ ਪਿਤਾ ਅਕਾਲ ਪੁਰਖ ਨੇ ‘ਕੀਤਾ ਪਸਾਉ’ ਏਕੋ ਕਵਾਉ ਰਾਹੀਂ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ ਤੇ ਬੱਸ ਇਸ ਤਰ੍ਹਾਂ ਹੁਕਮ ਹੋਂਦ ਵਿਚ ਆਇਆ ਜੇ ਸ਼ਬਦ ਕੋਸ਼ (ਡਿਕਸ਼ਨਰੀ) ਵਿਚੋਂ ‘ਹੁਕਮ’ ਸ਼ਬਦ ਦੇ ਅਰਥਾਂ ਨੂੰ ਸਮਝੀਏ ਤਾਂ ਉਹ ‘ਆਗਿਆ’ ਆਦੇਸ਼ ਫੁਰਮਾਨ ਜਾਂ ਰਜ਼ਾ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਸੋ ਸ਼ਬਦ ਕੋਸ਼ ਦੇ ਆਧਾਰ ਤੇ ਵੀ ‘ਹੁਕਮ’ ਦੇ ਅਰਥ ਅਕਾਲ ਪੁਰਖ ਦੇ ਸਰਬ ਸ੍ਰੇਸ਼ਟ ਫੁਰਮਾਨ ਹੀ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਅਸੀਂ ਅਸਚਰਜ ਤਾਂ ਹੋ ਸਕਦੇ ਹਾਂ ਪਰ ‘ਹੁਕਮ ਨ ਕਹਿਆ ਜਾਈ॥’ ਅਨੁਸਾਰ ਪ੍ਰਭੂ ਦਾ ਇਹ ਹੁਕਮ ਮਨੁੱਖੀ ਬਿਆਨ ਤੋਂ ਬਾਹਰ ਦੀ ਗੱਲ ਹੈ। ਹੀਲ ਹੁੱਜਤ ਨਾਲ ਮਨੁੱਖ ਉਸ ਅਸੀਮ ਸ਼ਕਤੀ ਦੀ ਕ੍ਰਿਪਾ ਦਾ ਪਾਤਰ ਨਹੀਂ ਬਣ ਸਕਦਾ। ਸਗੋਂ ‘ਤਾ ਕਉ ਕੀਜੈ ਸਦ ਨਮਸਕਾਰਾ’ ਰਾਹੀਂ ਇਲਾਹੀ ਹੁਕਮ ਅੱਗੇ ਸਿਰ ਝੁਕ ਜਾਣਾ ਹੀ ਸ਼ੋਭਨੀਕ ਹੈ। ਇਹ ਝੁਕਣਾ ‘ਬਧਾ ਚਟੀ’ ਨਹੀਂ ਸਗੋਂ ਆਪਣੇ ਪਿਤਾ ਪਰਮਾਤਮਾ ਜਾਂ ਗੁਰੂ ਦੀ ਕਦਮ ਬੋਸੀ ਕਰਨ ਜਾਂ ਆਪਣਾ ਸਤਿਕਾਰ ਵਿਅਕਤ ਕਰਨ ਦੀ ਮਨਮੋਹਕ ਇੱਛਾ ਦਾ ਦਿਲੋਂ ਉਮੜਿਆ ਉਮਾਹ ਹੈ ਜੋ ਅਨੰਦਦਾਯਕ ਤੇ ਸੁਖਦਾਈ ਹੈ। ਹੁਕਮਾਂ ਨੂੰ ਬਿਨਾਂ ਹੀਲ ਹੁੱਜਤ ਕੀਤਿਆਂ ਪ੍ਰਵਾਨ ਕਰਨਾ ਉਸ ਦੇ ਉੱਚੇ ਸੁੱਚੇ ਨਾਮ ਵਿਚ ਲੀਨ ਹੋਣ ਦੀ ਅਮਲੀ ਕਿਰਿਆ ਹੈ। ‘‘ਹੁਕਮੁ ਤੇਰਾ ਖਰਾ ਭਾਰਾ (ਅੰਕ ੪੪੧) ਅਨੁਸਾਰ ਬੜੀ ਔਖੀ ਖੇਡ ਹੈ, ਪਰ ‘‘ਏਕੋ ਨਾਮੁ ਹੁਕਮੁ ਹੈ, ਨਾਨਕ ਸਤਿਗੁਰ ਦੀਆ ਬੁਝਾਇ ਜੀਉ॥’’ (ਅੰਕ ੭੨) ਅਨੁਸਾਰ ਉਸ ਦੇ ਭਗਤਾਂ ਲਈ ਆਮ ਖੇਡ ਹੋ ਜਾਂਦੀ ਹੈ। ਮਨੁੱਖ ਇਸ ਮਾਇਆ ਜਾਲ ਵਿਚ ਫਸ ਕੇ ਭਟਕ ਨਾ ਜਾਏ ਉਸ  ਨੂੰ ਸੁਚੇਤ ਕਰਨ ਲਈ ਫੁਰਮਾਨ ਹੈ, ‘‘ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜ਼ਾਨੈ॥ ਖੋਟੇ ਠਵਰ ਨ ਪਾਇਨੀ ਰਲੇ ਜੂਠਾਨੇ॥’’ ਗੁਰੂ ਅੰਗਦ ਦੇਵ ਜੀ ਅਨੁਸਾਰ ਅੰਨ੍ਹਾ ਵਿਅਕਤੀ ਉਹ ਨਹੀਂ ਜੋ ਨੇਤਰਹੀਣ ਹੈ ਬਲਕਿ ਅੰਨ੍ਹਾ ਉਹ ਹੈ ਜੋ ਅਕਾਲ ਪੁਰਖ ਗੁਰੂ ਦੇ ਹੁਕਮ ਦੀ ਪਛਾਣ ਨਹੀਂ ਕਰਦਾ। ਫੁਰਮਾਨ ਹੈ_

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥

ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ॥ (ਅੰਕ ੯੫੪)

ਤੀਜੇ ਪਾਤਸ਼ਾਹ ਨੇ ‘‘ਹੁਕਮੁ ਮੰਨੇ ਸੋ ਜਨੁ ਪਰਵਾਣੁ॥ ਗੁਰ ਕੈ ਸਬਦਿ ਨਾਮਿ ਨੀਸਾਣੁ॥’’ ਦਾ ਸਿਧਾਂਤ ਬਖਸ਼ਿਆ ਹੈ। ਗੁਰੂ ਰਾਮਦਾਸ ਜੀ ਨੇ ਮਨ ਰੂਪੀ ਥੜੇ ਦੀ ਤਿਆਰੀ ਕਰਕੇ ਗੁਰੂ ਨੂੰ ਸੁਸ਼ੋਭਿਤ ਕਰ ਲਿਆ ‘ਸੋ ਥਾਨੁ ਸੁਹਾਵਾ’ ਹੋ ਗਿਆ। ਹੁਕਮ ਮੰਨਣ ਦੀ ਤਾਕੀਦ ਕਰਦਿਆਂ ‘‘ਹਮਰੈ ਮਸਤਕਿ ਦਾਗੁ ਦਗਾਨਾ ਹਮ ਕਾਰਜ ਗੁਰੂ ਬਹੁ ਸਾਂਢੇ॥’’ ਰਾਹੀਂ ਮਨੁੱਖਤਾ ਨੂੰ ਝੰਜੋੜਿਆ। ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਕਿ ਧਰਮੀ ਮਨੁੱਖ ਦੀ ਨਿਸ਼ਾਨੀ ਇਹ ਨਹੀਂ ਕਿ ਉਹ ਰੱਬ ਨੂੰ ਅੱਲਾ ਖੁਦਾ ਰਾਮ ਵਾਹਿਗੁਰੂ ਕਹਿ ਕੇ ਚੇਤੇ ਕਰਦਾ ਹੈ। ਹਜ ਜਾਂ ਯਾਤਰਾ ਕਰਦਾ ਹੈ ਕੱਪੜੇ ਨੀਲੇ ਜਾਂ ਚਿੱਟੇ ਪਹਿਨਦਾ ਹੈ ਸਗੋਂ ਉਸ ਦੇ ਜੀਵਨ ਦੀ ਕਸਵੱਟੀ ‘‘ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥’’ ਹੀ ਹੈ। ਇਹ ਹੁਕਮ ਮੰਨਣ ਦਾ ਸਿਧਾਂਤ ਦਸਮ ਪਾਤਸ਼ਾਹ ਜੀ ਤੱਕ ਲੋਕਾਈ ਨੂੰ ਸਿਖਾਇਆ ਗਿਆ ਤੇ ਸਿੱਖ ਪ੍ਰਤੀ ਹੁਕਮ ਕੀਤਾ ‘‘ਰਹਿਣੀ ਰਹੈ ਸੋਈ ਸਿੱਖ ਮੇਰਾ॥ ਉਹ ਸਾਹਿਬ ਮੈਂ ਉਸ ਕਾ ਚੇਰਾ॥’’ ਜੇ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਜਿਹੀਆਂ ਸ਼ਾਨਦਾਰ ਮਿਸਾਲਾਂ ਹਰ ਪੰਨੇ ਤੇ ਮਿਲ ਸਕਦੀਆਂ ਹਨ। ਜਿੱਥੇ ਗੁਰਸਿੱਖ ਸੂਰਬੀਰ ਯੋਧਿਆਂ ਬੀਬੀਆਂ ਤੇ ਬੱਚਿਆਂ ਨੇ ਹਰ ਪ੍ਰਕਾਰ ਦੇ ਤਸੀਹੇ ਖੁਸ਼ੀ-ਖੁਸ਼ੀ ਝੱਲ ਕੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਿਨ੍ਹਾਂ ਤੇ ਹਰੇਕ ਯੁੱਗ ਵਿਚ ਹਰ ਕੋਈ ਮਾਣ ਕਰਦਾ ਹੈ ਤੇ ਕਰਦਾ ਰਹੇਗਾ। ਅਕਾਲ ਪੁਰਖ ਦੀ ਰਜ਼ਾ ਨੂੰ ਇਲਾਹੀ ਫੁਰਮਾਨ ਸਮਝਦਿਆਂ ਹੋਇਆਂ ਹੱਕ ਇਨਸਾਫ ਖਾਤਰ ਚੜ੍ਹਦੀ ਕਲਾ ਵਿਚ ਵਿਚਰਦਾ ਹੋਇਆ ਆਪਣੇ ਪ੍ਰਾਨਾਂ ਦੀ ਆਹੂਤੀ ਦੇ ਕੇ ਵੀ ਮਾਨਵਤਾ ਵਿਚ ਨੇਕ ਕਦਰਾਂ ਕੀਮਤਾਂ ਨੂੰ ਬਲਵਾਨ ਬਣਾਉਣ ਵਿਚ ਪਿੱਛੇ ਨਹੀਂ ਹਟੇਗਾ।

ਪਰ ਜਿਹੜਾ ਅਗਿਆਨੀ ਦੁਨੀਆਂ ਵਿਚ ਮਾਇਕ ਪ੍ਰਾਪਤੀਆਂ ਜਾਂ ਮਾਨ ਮਾਨਤਾਵਾਂ ਕਾਰਨ ਆਪਣੇ ਆਪ ਨੂੰ ਪਰਮ ਸ੍ਰੇਸ਼ਟ ਸਮਝ ਕੇ ਰੱਬ ਜਾਂ ਗੁਰੂ ਦੇ ਮੁਕਾਬਲੇ ਆ ਖੜ੍ਹਾ ਹੁੰਦਾ ਹੈ ਉਹ ਭਟਕਣਾ ਵਿਚ ਪੈ ਕੇ ਕਿਸੇ ਪਾਸੇ ਤੋਂ ਢੋਈ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਸਦੀ ਹਾਲਤ ਹੀ ਐਸੀ ਹੈ_

ਮਨਮੁਖ ਜੇ ਸਮਝਾਈਐ ਭੀ ਉਝੜਿ ਜਾਇ॥

ਬਿਨੁ ਹਰਿ ਨਾਮ ਨ ਛੁਟਸੀ ਮਰਿ ਨਰਕ ਸਮਾਇ॥

ਆਮ ਮਨੁੱਖ ਤਾਂ ਕਿਤੇ ਰਿਹਾ ਜੇ ਕਿਸੇ ਗੁਰੂ ਵੰਸ਼ੀ ਸਾਹਿਬਜ਼ਾਦੇ ਨੇ ਅਭਿਮਾਨੀ ਬਿਰਤੀ ਵਿਚ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਉਹ ਗੁਰਮਤਿ ਦੇ ਮਾਰਗ ਵਿਚ ਪਰਵਾਨ ਨਹੀਂ ਕੀਤਾ। ਸਗੋਂ ਉਹ ਜ਼ਰੂਰ ਮਾਰਗ ਤੋਂ ਭਟਕ ਕੇ ਚੋਟਾਂ ਖਾਣ ਦਾ ਭਾਗੀ ਬਣਿਆ। ਭਾਈ ਗੁਰਦਾਸ ਜੀ ਨੇ ਕੁਝ ਕੁ ਜ਼ਿਕਰ ਵਾਰ ਨੰਬਰ 26 ਦੀ ਪਉੜੀ ਨੰਬਰ 33 ਵਿਚ ਇਸ ਤਰ੍ਹਾਂ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਬਾਬਾ ਸਿਰੀਚੰਦ ਜੀ ਨੇ ਵਿਰਕਤ ਮਾਰਗ ਅਪਨਾਇਆ, ਰਾਵੀ ਕੰਢੇ ਬਾਬੇ ਨਾਨਕ ਦਾ ਦੇਹੁਰਾ ਬਣਾ ਕੇ ਬੈਠ ਗਏ ਦੂਜੇ ਪੁੱਤਰ ਤੋਂ ਪੈਦਾ ਹੋਏ ਧਰਮ ਚੰਦ ਨੇ ਪੋਤਾ ਹੋਣ ਦਾ ਮਾਣ ਕਰਦਿਆਂ ਆਪਾ-ਭਾਵ ਨਹੀਂ ਗੁਆਇਆ। ਦਾਸੂ ਨੂੰ ਗੋਇੰਦਵਾਲ ਸਾਹਿਬ ਮੰਜੀ ’ਤੇ ਬਿਠਾ ਦਿੱਤਾ ਤੇ ਦਾਤੂ ਜੀ ਆਪ ਹੀ ਸਿੰਘਾਸਨ ਲਾ ਬੈਠੇ ਭਾਵ ਦੋਵੇਂ ਪੁੱਤਰ ਗੱਦੀ ਦੀ ਜ਼ਿੰਮੇਵਾਰੀ ਲਾਇਕ ਨਾ ਬਣ ਸਕੇ। ਬਾਬਾ ਮੋਹਰੀ ਚਉਬਾਰੇ ਦੀ ਟਹਲ ਕਰਨ ਲੱਗਾ। ਪ੍ਰਿਥੀਆ ਮੀਣਾ ਅਰਥਾਤ ਕਪਟੀ ਨਿਕਲਿਆ ਤੇ ਝੱਲਪੁਣੇ ਵਿਚ ਹੀ ਰਿਹਾ। ਮਹਾਂਦੇਉ ਨੇ ਵੀ ਹੰਕਾਰ ਹੀ ਕੀਤਾ। ਪ੍ਰਿਥੀਏ ਨੇ ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। ਇਹ ਸਾਰੇ ਸਾਹਿਬਜ਼ਾਦੇ ਅਭਿਮਾਨੀ ਹੋਣ ਕਰਕੇ ਗੁਰੂ ਰੂਪ ਚੰਦਨ ਕੋਲ ਬਾਂਸ ਦੀ ਤਰ੍ਹਾਂ ਹੀ ਰਹੇ ਜੋ ਕਠੋਰਤਾ ਕਾਰਨ ਸੁਗੰਧਤ ਨਹੀਂ ਹੋ ਸਕੇ। ਕਥਨ ਹੈ_

ਬਾਲਜਤੀ ਸਿਰੀਚੰਦ ਹੈ ਬਾਬਾਣਾ ਦੇਹੁਰਾ ਬਣਾਇਆ

ਲਖਿਸੀ ਦਾਸਹੁ ਧਰਮਦਾਸ ਪੋਤਾ ਹੋਇਕੈ ਆਪੁ ਬਣਾਇਆ

ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ

ਮੋਹਨ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ॥

ਮੀਣਾ ਹੋਆ ਪਿਰਥੀਆ ਕਰਿ ਕਰਿ ਟੇਡਕ ਬਰਲ ਚਲਾਇਆ॥

ਮਹਾਂਦੇਉ ਅਹੰਮੇਉ ਕਰਿ ਬੇਮੁਖ ਕੁੱਤਾ ਭਉਕਾਇਆ॥

ਚੰਦਨ ਵਾਸੁ ਨ ਬਾਂਸ ਬੋਹਾਇਆ॥ ੨੬॥ ੩੩॥

ਇਸ ਲਈ ਦੁਨੀਆਂ ਦਾ ਕੋਈ ਮਨੁੱਖ ਹੋਵੇ ‘‘ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥’’ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਦੋਂ ਤੱਕ ਉਹ ਕਰਮ ਅਨੁਸਾਰੀ ਨਹੀਂ ਹੁੰਦਾ। ਪਰ ਦੂਜੇ ਪਾਸੇ ‘‘ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥’’ ਦੀ ਵਡਿਆਈ ਕਲਗੀਧਰ ਦੇ ਲਾਲਾਂ ਚਾਰੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ (ਮਾਤਾ ਗੁਜਰੀ ਜੀ) ਨੂੰ ਪ੍ਰਾਪਤ ਹੋਈ ਹੈ ਕਿਉਂਕਿ ਜਿੱਥੇ ਬਾਬਾ ਸਿਰੀਚੰਦ (ਤੇ ਲਖਮੀ ਦਾਸ) ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥’ ਆਦਿ ਬਚਨ ਹਨ, ਉੱਥੇ ਚੌਹਾਂ ਸਾਹਿਬਜ਼ਾਦਿਆਂ ਨੇ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ’’ ਦੇ ਵੱਡਮੁੱਲੇ ਸਿਧਾਂਤ ਨੂੰ ਕਮਾਇਆ। ਅੱਲਾ ਯਾਰ ਖਾਂ ਦੇ ਕਹਿਣ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਔਕੜਾਂ ਦਾ ਸਾਹਮਣਾ ਕਰਦੇ ਚਮਕੌਰ ਸਾਹਿਬ ਨੇੜੇ ਪੁੱਜੇ ਤਾਂ ਕੱਚੀ ਗੜ੍ਹੀ ਨੂੰ ਵੇਖ ਕੇ ਇਸ ਤਰ੍ਹਾਂ ਉਤਸ਼ਾਹਿਤ ਹੋਏ ਤੇ ਫੁਰਮਾਇਆ :

ਹਮ ਨੇ ਇਸ ਜਗਾ ਪੇ ਜਾਨਾ ਹੈ ਜਲਦਤਰ

ਕਟਾਨੇ ਪੜੇਂਗੇ ਜਹਾਂ ਆਪ ਕੋ ਸਰ।

ਰਹਿ ਜਾਊਂਗਾ ਇਕੇਲਾ ਕਲ ਤਕ ਲੁਟਾ ਕੇ ਘਰ

ਪਹਿਲੇ ਪਿਤਾ ਕਟਾਯਾ ਅਬ ਬੱਚੇ ਕਟਾਊਂਗਾ

ਨਾਨਕ ਕਾ ਬਾਗ ਖ਼ੂਨ ਜਿਗਰ ਸੇ ਖਿਲਾਊਂਗਾ।

ਬੁਰਜ ਜਿੱਥੇ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਉਮਰ 9 ਸਾਲ ਅਤੇ 7 ਸਾਲ ਨੂੰ ਧਰਮ ਤੋਂ ਕੁਰਬਾਨ ਹੋਣ ਲਈ ‘ਪਿਉ ਦਾਦੇ ਦੇ ਰਾਹਿ ਚਲੰਦਾ’ (ਭਾਈ ਗੁਰਦਾਸ) ਦੀ ਸਿੱਖਿਆ ਦ੍ਰਿੜ੍ਹ ਕਰਵਾ ਰਹੀ ਹੈ ਤਾਂ ਹੀ ਉਨ੍ਹਾਂ ਨੰਨ੍ਹੇ ਬੱਚਿਆਂ ਨੇ ਨੀਹਾਂ ਵਿਚ ਆਪਾ ਚਿਣਾ ਕੇ ਸਿੱਖੀ ਦੇ ਮਹਲ ‘ਸਚੁ ਕੋਟੁ ਸਤਾਣੀ ਨੀਵ ਦੈ’ ਨੂੰ ਹੋਰ ਬਲਵਾਨ ਕਰ ਦਿੱਤਾ। ਮਾਤਾ ਜੀ ਵੀ ਸ਼ਹੀਦੀ ਪਾ ਗਏ। ਮੁਗਲ ਹਕੂਮਤ ਦੀਆਂ ਨੀਹਾਂ ਪੁੱਟੀਆਂ ਗਈਆਂ। ਇਹ ਸ਼ਹੀਦੀ 1710 ਵਿਚ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰੂਪ ਵਿਚ ਪੰਥ ਦਾ ਤਾਜ ਬਣ ਗਈ। ਮੁਗਲਾਂ ਦੀ ਰਾਜਧਾਨੀ ‘‘ਜੋਗੀ ਜੀ ਹੂਈ ਅਭੀ ਕੁਝ ਦੇਰ ਥੀ (ਕਿ) ਬਸਤੀ ਸਰਹਿੰਦ ਕੀ ਈਟੋਂ ਕਾ ਢੇਰ ਥੀ।’’ ਜਿਸ ਨੂੰ ਅੱਜ ਵੀ ਥੇਹ ਰੂਪ ਵਿਚ ਅੱਖੀਂ ਵੇਖ ਸਕਦੇ ਹਾਂ। ਜਿਹੜੇ ਗੁਰੂ ਸੰਤਾਨ ਹੋ ਕੇ ਵੀ ‘ਦਿਲਿ ਖੋਟੈ ਆਕੀ ਫਿਰਨਿ’’ ਜਾਂ ‘‘ਆਕੀ ਮਰਹਿ ਅਫਾਰੀ॥’’ ਦੀ ਅਵਸਥਾ ਵਿਚ ਰਹੇ ਪੰਥ ਉਨ੍ਹਾਂ ਨੂੰ ਚੇਤੇ ਨਹੀਂ ਕਰਦਾ ਪਰ ਸਾਡੀ ਪੰਥਕ ਅਰਦਾਸ ਅੰਦਰ ਗੁਰੂ ਸਾਹਿਬਾਨ, ਪੰਜ ਪਿਆਰਿਆਂ ਤੋਂ ਬਾਅਦ ਜੇ ਕੋਈ ਜ਼ਿਕਰ ਹੈ ਉਹ ‘ਚਾਰ ਸਾਹਿਬਜ਼ਾਦਿਆਂ’ ਦਾ ਹੈ ਜਿਨ੍ਹਾਂ ਨੇ ‘ਪਿਤਾ ਜਾਤਿ ਤਾ ਹੋਈਐ ਗੁਰ ਤੁਠਾ ਕਰੇ ਪਸਾਉ’ (੮੨) ਦੇ ਹੁਕਮ ਨੂੰ ਪਹਿਚਾਣਿਆ ਤੇ ਮੰਨਿਆ। ਸਰਬੰਸ ਦਾਨੀ ਪਿਤਾ ਦੀ ਇਸ ਕੁਰਬਾਨੀ ਨੇ ਪੰਥ ਨੂੰ ਐਸਾ ਬਲਵਾਨ ਕਰ ਦਿੱਤਾ ਕਿ ਪੰਥ ਅੱਜ ਤੱਕ ਕਿਸੇ ਜ਼ੁਲਮ ਅੱਗੇ ਨਹੀਂ ਝੁਕਿਆ। ਜਦੋਂ ਭਾਈ ਸੁਬੇਗ ਸਿੰਘ ਜੀ ਨੂੰ ਜ਼ਕਰੀਆ ਖਾਂ ਦੀ ਹਕੂਮਤ ਨੇ ਉਨ੍ਹਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣ ਕੇ ਆਪਣੀ ਅੰਸ਼ ਬਚਾ ਸਕਦਾ ਹੈ ਕਿਹਾ ਤਾਂ ਕਲਗੀਧਰ ਜੀ ਵਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਸਿੱਖੀ ਸਿਦਕ ਨਿਭਾਉਂਦੇ ਹੋਏ ਹੱਸ ਹੱਸ ਚਰਖੜੀਆਂ ਤੇ ਚੜ੍ਹਨਾ ਕਬੂਲ ਕੀਤਾ ਤੇ ਆਖਿਆ, ‘‘ਸਿਖਨ ਕਾਜ ਸੋ ਗੁਰੂ ਹਮਾਰੇ॥ ਸੀਸ ਦੀਉ ਨਿਜ ਸਣ ਪਰਵਾਰੇ॥ ਹਮ ਕਾਰਨਿ ਗੁਰਿ ਕੁਲਹ ਗਵਾਈ॥ ਹਮ ਕੁਲ ਰਾਖਹਿ ਕਵਨ ਵਡਾਈ॥’’ (ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ) ਅੱਜ ਸਿੱਖ ਜਗਤ ਅੰਦਰ ਜਿਸ ਪੱਧਰ ’ਤੇ ਦੁਨਿਆਵੀ ਸਵਾਰਥਾਂ ਲਈ ਪਤਿਤਪੁਣੇ ਦੀ ਲਹਿਰ ਵਗ ਰਹੀ ਹੈ, ਉਸ ਨੂੰ ਵੇਖ ਕੇ ਸ਼ਰਮ ਨਾਲ ਸਿਰ ਝੁਕਦਾ ਹੈ ਜਦ ਕਿ ਸਤਿਗੁਰੂ ਨੇ ਇਨ੍ਹਾਂ ਤੇ ਮਾਣ ਕੀਤਾ ਸੀ ਕਿ ‘‘ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੁਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥’’

ਆਓ, ਅਸੀਂ ਗੁਰੂ ਦੇ ਸਿਧਾਂਤ ਵਿਚ ਪਰਪੱਕ ਹੋ ਕੇ ਖ਼ਾਲਸਾਈ ਆਚਰਨ ਨੂੰ ਉਜਾਗਰ ਕਰੀਏ। ਫਿਰ ਖ਼ਾਲਸੇ ਦੀ ਜਾਂ ਸਿੱਖ ਜਗਤ ਦੀ ਸੋਭਾ ਵੀ ਸਾਹਿਬਜ਼ਾਦਿਆਂ ਦੀ ਤਰ੍ਹਾਂ ਹੀ ਚਮਕੇਗੀ ਕਿਉਂਕਿ ‘‘ਮੰਨੈ ਹੁਕਮੁ ਸੁ ਪਰਗਟੁ ਜਾਇ॥ ਸਚ ਨੀਸਾਣੈ ਠਾਕ ਨ ਪਾਇ॥’’ (੩੫੫) ਜਾਂ ‘‘ਮਾਨੈ ਹੁਕਮੁ ਸੋਹੈ ਦਰਿ ਸਾਚੈ’’ ਰੂਪ ਫੁਰਮਾਨ ਅਟੱਲ ਸੱਚਾਈ ਹੈ। ਅੰਤ ਵਿਚ ਸ਼ਹੀਦਾਂ ਨੂੰ ਲੱਖ-ਲੱਖ ਪ੍ਰਣਾਮ ਹੈ।