ਸਗਲੀ ਥੀਤਿ ਪਾਸਿ ਡਾਰਿ ਰਾਖੀ ॥

0
126

ਸਗਲੀ ਥੀਤਿ ਪਾਸਿ ਡਾਰਿ ਰਾਖੀ ॥

ਗਿਅਨੀ ਬਲਜੀਤ ਸਿੰਘ ਜੀ

ਭੈਰਉ ਮਹਲਾ ੫ ਘਰੁ ੧  ੴ ਸਤਿ ਗੁਰ ਪ੍ਰਸਾਦਿ ॥

ਸਗਲੀ ਥੀਤਿ; ਪਾਸਿ ਡਾਰਿ ਰਾਖੀ ॥  ਅਸਟਮ ਥੀਤਿ; ਗੋਵਿੰਦ ਜਨਮਾ ਸੀ ॥੧॥

ਭਰਮਿ ਭੂਲੇ ਨਰ; ਕਰਤ ਕਚਰਾਇਣ ॥  ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥

ਕਰਿ ਪੰਜੀਰੁ; ਖਵਾਇਓ ਚੋਰ ॥  ਓਹੁ ਜਨਮਿ ਨ ਮਰੈ; ਰੇ ਸਾਕਤ ਢੋਰ  !॥੨॥

ਸਗਲ ਪਰਾਧ ਦੇਹਿ ਲੋਰੋਨੀ ॥  ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ॥੩॥

ਜਨਮਿ ਨ ਮਰੈ ਨ; ਆਵੈ ਨ ਜਾਇ ॥  ਨਾਨਕ ਕਾ ਪ੍ਰਭੁ; ਰਹਿਓ ਸਮਾਇ ॥੪॥੧॥ (ਮਹਲਾ ੫/੧੧੩੬)

ਵੀਚਾਰ ਅਧੀਨ ਇਹ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਦਾ ਉਚਾਰਨ ਕੀਤਾ ਹੋਇਆ ਗੁਰੂ ਗਰੰਥ ਸਾਹਿਬ ਜੀ ਦੇ ਭੈਰਉ ਰਾਗ ਵਿੱਚ, ਜੋ ਲੜੀ ਅਨੁਸਾਰ ਗੁਰਬਾਣੀ ਦੇ ਰਾਗ ਨੰਬਰ 24 ਵਿੱਚ, ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 1136 ’ਤੇ ਸੁਭਾਇਮਾਨ ਹੈ।

ਭਰਮ, ਪੂਰੀ ਮਨੁੱਖਤਾ ਲਈ ਖਤਰਾ ਹੈ ਕਿਉਂਕਿ ਇਹ ਮਨੁੱਖੀ ਜ਼ਿੰਦਗੀ ਦੀ ਭਟਕਣਾ ਦਾ ਕਾਰਨ ਬਣਿਆ ਹੋਇਆ ਹੈ। ਸਪਸ਼ਟ ਹੈ ‘‘ਡੀਗਨ ਡੋਲਾ ਤਊ ਲਉ; ਜਉ ਮਨ ਕੇ ਭਰਮਾ ॥’’ (ਮਹਲਾ ੫/੪੦੦) ਜੀਵਨ ਦੀ ਸਥਿਰਤਾ ਲਈ ‘‘ਭਰਮ ਭੇਖ ਤੇ ਰਹੇ ਨਿਆਰਾ’’ ਦਾ ਸਿਧਾਂਤ ਲਾਜ਼ਮੀ ਹੈ। ਭਰਮ ਹੀ ਸਭ ਤੋਂ ਵੱਡੀ ਅਪਵਿੱਤਰਤਾ ਹੈ, ਜਿਸ ਕਾਰਨ ਮਨੁੱਖ ‘‘ਦੂਜੈ ਲਗੈ ਜਾਇ’’ ਅਨੁਸਾਰ ਆਪਣੇ ਸਿਰਜਣਹਾਰ ਨੂੰ ਭੁੱਲ ਹੀ ਜਾਂਦਾ ਹੈ।

ਅਨਮਤ ਦਾ ਵਿਸ਼ਵਾਸ ਹੈ ਕਿ ਸਮੇਂ ਸਮੇਂ ਕੁਝ ਕੁ ਤਾਕਤ ਲੈ ਕੇ ਅਵਤਾਰ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਭਰਮੀ ਲੋਕ ਪਰਮਾਤਮਾ ਕਰਕੇ ਪੂਜਣ ਲੱਗ ਜਾਂਦੇ ਹਨ। ਪਰਮਾਤਮਾ ਦੀ ਕੁਝ ਅੰਸ਼ (ਤਾਕਤ) ਉਨ੍ਹਾਂ ਕੋਲ ਹੋਣ ਕਰਕੇ ਉਹ ਲੋਕ ਉਨ੍ਹਾਂ ਸ਼ਖ਼ਸੀਅਤਾਂ ਨੂੰ ‘ਅੰਸਾ ਅਵਤਾਰ’ ਆਖਦੇ ਹਨ। ਆਸਾ ਦੀ ਵਾਰ ਦੀ ਪਉੜੀ ਨੰਬਰ 13 ਨਾਲ ਸਲੋਕ ਨੰਬਰ 2 ਇਸੇ ਵੀਚਾਰ ਦੀ ਪੁਸ਼ਟੀ ਕਰਦਾ ਹੈ :

(1). ਸਾਮ ਕਹੈ ਸੇਤੰਬਰੁ ਸੁਆਮੀ; ਸਚ ਮਹਿ ਆਛੈ ਸਾਚਿ ਰਹੇ ॥

(2). ਰਿਗੁ ਕਹੈ ਰਹਿਆ ਭਰਪੂਰਿ ॥  ਰਾਮ ਨਾਮੁ ਦੇਵਾ ਮਹਿ ਸੂਰੁ ॥

(3). ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ ॥

(4). ਕਲਿ ਮਹਿ ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥ (ਮਹਲਾ ੧/੪੭੦)

ਸ਼ਾਮ ਵੇਦ ਨੇ ਸਤਿਜੁਗ ਦੇ ਮਾਲਕ ਦਾ ਨਾਂ ‘ਸੇਤੰਬਰ’ (ਸਫ਼ੈਦ/ਚਿੱਟਾ) ਪ੍ਰਗਟ ਕੀਤਾ। ਰਿਗ ਵੇਦ ਨੇ ਤੇਤੇ ਜੁਗ ’ਚ ਪਰਮਾਤਮਾ ਸ਼੍ਰੀ ਰਾਮਚੰਦ੍ਰ ਜੀ ਨੂੰ ਆਖਿਆ। ਯਜੁਰ ਵੇਦ ਨੇ ਯਾਦਮਾਂ ਦੀ ਕੁਲ ਵਾਲੇ ਸ਼੍ਰੀ ਕ੍ਰਿਸ਼ਨ ਜੀ ਨੂੰ ਰੱਬ ਮੰਨ ਲਿਆ। ਕਲਿਜੁਗ ਵਿੱਚ ਅਥਰਬਣ ਵੇਦ ਨੇ ‘ਅਲਹੁ’ ਤੇ ਖੁਦਾ ਦੇ ਨਾਂ ’ਤੇ ਰੱਬ ਪਰਗਟ ਕੀਤਾ। ਇਸ ਤਰ੍ਹਾਂ ਪ੍ਰਭੂ ਦੀ ਏਕਤਾ ਖ਼ਤਮ ਕਰਕੇ ਉਸ ਨੂੰ ਅਨੇਕਾਂ ਰੂਪਾਂ ਵਿੱਚ ਪਰਗਟ ਕੀਤਾ। ਜੋ ਅੱਗੇ ਜਾ ਕੇ ਮਨੁੱਖਤਾ ਦੀਆਂ ਵੰਡੀਆਂ ਦਾ ਕਾਰਨ ਬਣਿਆ ਕਿਉਂਕਿ ਜਦੋਂ ਰੱਬ ਅਨੇਕ ਹੋ ਗਏ ਉਸ ਨੂੰ ਪੂਜਣ ਵਾਲੇ ਅਤੇ ਉਸ ਦੀ ਪੂਜਾ ਵੀ ਅਨੇਕਤਾ ਤੱਕ ਪਹੁੰਚ ਗਈ, ਇਸ ਕਾਰਨ ਹਿੰਦੂ ਵੀਰਾਂ ਵਿੱਚ ਤਿੰਨ ਪ੍ਰਕਾਰ ਦੀ ਪੂਜਾ ਪ੍ਰਚਲਿਤ ਹੋ ਗਈ।

ਪਹਿਲਾ ਮੰਤ੍ਰ ਪੂਜਾ ਕਿਸੇ ਖਾਸ ਮੰਤ੍ਰ ਨੂੰ ਅਨੁਲੋਮ ਵਿਲੋਮ (ਉਲਟਾਸਿਧਾ) ਰੂਪ ਵਿੱਚ ਰਟਨਾ।  ਭਗਤ ਨਾਮਦੇਵ ਜੀ ਨੇ ਇਸ ਵੀਚਾਰ ਨੂੰ ਗੌਂਡ ਰਾਗ ਵਿੱਚ ਸਪਸ਼ਟ ਕੀਤਾ ਹੈ।,  ਦੂਜੀ ਦੇਵ ਪੂਜਾ ਅਤੇ ਤੀਜੀ ਅਵਤਾਰ ਪੂਜਾ, ਪਰ ਸਿੱਖ ਸਿਧਾਂਤ ਅਨੁਸਾਰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ, ਤਿੰਨ ਨੁਕਤੀ ਨਿਯਮ ਕਾਇਮ ਕੀਤਾ ਗਿਆ ਹੈ।

  1. ਪਾਂਡੇ ! ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥ (ਗਇਤ੍ਰੀ ਮੰਤ੍ਰ ਦਾ ਰਟਨਾ ਮੰਤ੍ਰ ਪੂਜਾ ਦੀ ਵਿਧੀ ਹੈ)
  2. ਪਾਂਡੇ ! ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ (ਦੇਵ ਪੂਜਾ ਦਾ ਪ੍ਰਤੀਕ ਹੈ)
  3. ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥ (ਭਗਤ ਨਾਮਦੇਵ/੮੭੫) (ਅਵਤਾਰ ਵਾਦ ਦੀ ਪੂਜਾ ਦਾ ਪ੍ਰਤੀਕ ਹੈ)

ਅੱਜ ਸਿੱਖ ਧਰਮ ਲਈ ਵੀ ਦੁਖਦਾਈ ਕਹਾਣੀ ਹੈ ਕਿ ਗੁਰੂ ਸਾਹਿਬਾਨ ਨੂੰ ਵੀ ਵਿਸ਼ਨੂੰ ਦੇ ਅਵਤਾਰ ਸਿੱਧ ਕਰਨ ਦਾ ਪੂਰਾ ਯਤਨ ਅਨਮਤੀ ਭਰਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਉੱਥੇ ਸਾਡੇ ਅਖੌਤੀ ਧਾਰਮਿਕ ਤੇ ਰਾਜਨੀਤਕ ਲੀਡਰ ਅਗਿਆਨਤਾ ਅਤੇ ਚੌਧਰ ਦੀ ਭੁੱਖ ਵਿੱਚ ਫਸੇ ਇਸ ਵੀਚਾਰ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਸਤਿਗੁਰੂ ਜੀ ਨੇ ‘‘ਪੂਜਾ ਕੀਚੈ ਨਾਮੁ ਧਿਆਈਐ; ਬਿਨੁ ਨਾਵੈ ਪੂਜ ਹੋਇ ਰਹਾਉ ’’ (ਮਹਲਾ /੪੮੯) ਦਾ ਵਡਮੁੱਲਾ ਸਿਧਾਂਤ ਹੀ ਦਿੱਤਾ ਹੈ। ਆਓ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਵੀਚਾਰ ਕਰੀਏ ਕਿ ਗੁਰਬਾਣੀ ਕੀ ਹੁਕਮ ਕਰਦੀ ਹੈ।

  1. ਪਰਮਾਤਮਾ ਅਨੇਕ ਨਹੀਂ ਹੋ ਸਕਦੇ ‘‘ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ! ਏਕੋ ਹੈ ਰਹਾਉ ’’ (ਮਹਲਾ /੩੫੦), ਜੋ ‘‘ਸਭਨਾ ਜੀਆ ਕਾ ਇਕੁ ਦਾਤਾ’’ (ਜਪੁ) ਹੋ ਕੇ ਮਨੁੱਖ ਮਾਤਰ ਅਤੇ ਜੀਵ ਜੰਤੂ ਬਨਸਪਤੀ ਦੀ ਪਾਲਣਾ ਕਰਦਾ ਹੈ।
  2. ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ। ਕਬੀਰ ਸਾਹਿਬ ਨੇ ਸਵਾਲ ਕੀਤਾ ਕਿ ‘‘ਨੰਦ ਕੋ ਨੰਦਨੁ’’ ਨੂੰ ਪੂਜਣ ਵਾਲਿਓ ! ਤੁਸੀਂ ਦੱਸ ਸਕਦੇ ਹੋ ਕਿ ‘‘ਧਰਨਿ ਅਕਾਸੁ ਦਸੋ ਦਿਸ ਨਾਹੀ; ਤਬ ਇਹੁ ਨੰਦੁ ਕਹਾ ਥੋ ? ਰੇ ਰਹਾਉ ’’ (ਭਗਤ ਕਬੀਰ/੩੩੯), ਇਸ ਲਈ ਸਪਸ਼ਟ ਕੀਤਾ ਪ੍ਰਭੂ ਦਾ ਸਰੂਪ ‘‘ਸੰਕਟਿ ਨਹੀ ਪਰੈ; ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ਕਬੀਰ ਕੋ ਸੁਆਮੀ ਐਸੋ ਠਾਕੁਰੁ; ਜਾ ਕੈ, ਮਾਈ ਬਾਪੋ ਰੇ !’’ (ਭਗਤ ਕਬੀਰ/੩੩੯)
  3. ਪਰਮਾਤਮਾ ਦਾ ਅੰਤ ਅਵਤਾਰ ਵੀ ਨਹੀਂ ਪਾ ਸਕੇ ‘‘ਅਵਤਾਰ ਜਾਨਹਿ ਅੰਤੁ ਪਰਮੇਸਰੁ ਪਾਰਬ੍ਰਹਮ ਬੇਅੰਤੁ (ਮਹਲਾ /੮੯੪), ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ਤਿਨ ਭੀ ਅੰਤੁ ਪਾਇਆ ਤਾ ਕਾ; ਕਿਆ ਕਰਿ ਆਖਿ ਵੀਚਾਰੀ  ?’’ (ਮਹਲਾ /੪੨੩)

ਗੁਰਮਤਿ ਤਤ ਬੇਤਾ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ‘ਪਰਮਾਤਮਾ ਅਜੋਨੀ ਹੈ’ ਫਿਰ ਉਸ ਨੂੰ ਜਨਮਿਆ ਸਮਝ ਜਨਮ ਅਸ਼ਟਮੀ ਨੂੰ ਕਿਵੇਂ ਬਰਤ ਕੀਤਾ ਹੈ ? ਉਹ ਜਗਜੀਵਨ ਅਕਾਲ ਤੇ ਅਬਿਨਾਸ਼ੀ ਹੈ। ਉਸ ਨੂੰ ਬਧਿਕ (ਸ਼ਿਕਾਰੀ) ਨੇ ਮਾਰਨ ਦਾ ਕਿਵੇਂ ਅਪਜਸ ਲਿਆ ਹੈ। ਜਿਸ ਨੂੰ ਨਿਰਮਲ ਨਿਰਦੋਖ ਅਤੇ ਮੋਖ ਪਦਵੀ ਵਾਲਾ ਕਰਕੇ ਜਾਣਦੇ ਹਾਂ। ਉਹ ਗੋਪੀਆਂ ਨੂੰ ਵਿਛੋੜੇ ਦਾ ਦੁੱਖ ਕਿਉਂ ਦੇ ਰਿਹਾ ਹੈ। ਪੂਜਾਰੀ ਮੂਰਖਤਾ ਅਗਿਆਨਤਾ ਕਾਰਨ ਪੱਥਰ ਦੀ ਮੂਰਤੀ ਨੂੰ ਹੀ ਰੱਬ ਮੰਨ ਕੇ ਪੂਜਦਾ ਹੈ ਕਿਉਂਕਿ ਉਹ ਗੁਰੂ ਦੇ ਗਿਆਨ ਤੋਂ ਹੀਣਾ ਹੋਣ ਕਰਕੇ ਐਸਾ ਕਰਦਾ ਹੈ। ਕਥਨ ਹੈ :

ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ।

ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ।

ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ।

ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ ਗਿਆਨ ਗੁਰ ਹੀਨੋ ਹੈ ॥੪੮੫॥

(ਭਾਈ ਗੁਰਦਾਸ ਜੀ/ਕਬਿੱਤ ੪੮੫)

ਤੇਤੀ ਸਵੱਈਆਂ ਵਿੱਚ ਵੀ ਦਰਜ ਹੈ ਕਿ ਜਿਹ ਪਰਮਾਤਮਾ ਨੂੰ ‘‘ਆਦਿ ਅਜੋਨਿ ਕਹਾਇ ਕਹੋ; ਕਿਮ ਦੇਵਕਿ ਕੇ ਜਠਰੰਤਰ ਆਯੋ ਤਾਤ ਮਾਤ ਕਹੈ ਜਿਹ ਕੋ; ਤਿਹ ਕਯੋ ਬਸੁਦੇਵਹਿ ਬਾਪੁ ਕਹਾਯੋ  ?੧੪’’ (੩੩ ਸਵੈਯੇ)

ਭਾਈ ਬਾਲੇ ਵਾਲੀ ਜਨਮ ਸਾਖੀ ਰਾਹੀਂ ਵੀ ਐਸਾ ਪ੍ਰਤੀਤ ਹੁੰਦਾ ਹੈ ਬ੍ਰਹਮਾ ਬਿਸ਼ਨ ਮਹੇਸ਼ ਓਹ ਭੀ ਅੰਤ ਪਾਇ ਥਕੇ ਹੈਨ ਤੇ ਕਿਸੇ ਨੂੰ ਅੰਤ ਨਹੀ ਆਇਆ ਉਹ ਪਰਮੇਸ਼ਰ ਆਪਣੀ ਕੁਦਰਤਿ ਕਉ ਆਪੇ ਹੀ ਜਾਣੈ ਕਮਲਾ ਸੰਸਾਰ ਅਵਤਾਰਾਂ ਨੂੰ ਪਰਮੇਸ਼ਰ ਆਖਦਾ ਹੈ ਅਤੇ ਉਨ੍ਹਾਂ ਭੀ ਅੰਤ ਨਹੀ ਪਾਇਆ

ਗਿ. ਗਿਆਨ ਸਿੰਘ ਜੀ ਦੇ ਨਵੀਨ ਪੰਥ ਪ੍ਰਕਾਸ਼ ਵਿੱਚ ਸਪਸ਼ਟ ਹੈ ਹਿੰਦੂ ਕਹਿਤ ਜਿਨੈਂ ਅਵਤਾਰ ਪਰਮੇਸ਼ਰ ਤਨ ਧਾਰੇ ਸਾਰ ਸਿੱਖ ਉਨੇ ਪਰਮੇਸ਼ਰ ਮਾਨੈ ਪਰਮੇਸ਼ਰ ਕੇ ਸੇਵਕ ਜਾਨੈ

ਵੀਚਾਰ ਅਧੀਨ ਇਹ ਸ਼ਬਦ ਇਤਿਹਾਸਕ ਮਹੱਤਤਾ ਵੀ ਰੱਖਦਾ ਹੈ ਕਿ ਭਾਈ ਕਲਿਆਣਾ ਜੀ ਨੇ ਆਪਣੇ ਨਿਆਰੇ ਜੀਵਨ ਨਾਲ ਜਨਮ ਅਸ਼ਟਮੀ ਵਾਲੇ ਦਿਨ ਸੰਕੇਤ ਮੰਡੀ ਦੇ ਰਾਜੇ ਹਰੀ ਸੈਨ ਦਾ ਜੀਵਨ ਇਸੇ ਸ਼ਬਦ ਨਾਲ ਬਦਲਿਆ ਸੀ। ਰਾਜਾ ਸਿੱਖੀ ਧਾਰਨ ਕਰਨ ਲਈ ਆਪਣੇ ਪਰਵਾਰ ਤੇ ਵਜ਼ਾਰਤ ਸਹਿਤ ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ’ਚ ਪਹੁੰਚਿਆ ਸੀ। ਆਓ ਹੁਣ ਇਕ ਇਕ ਪੰਗਤੀ ਦੀ ਵੀਚਾਰ ਕਰੀਏ ਯਾਦ ਰੱਖਣਾ ਕਿ ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਵਾਲੇ ਬੰਦ ਵਿੱਚ ਹੁੰਦਾ ਹੈ। ਇਸ ਲਈ ਵੀਚਾਰ ਇੱਥੋਂ ਸ਼ੁਰੂ ਕਰ ਰਿਹਾ ਹਾਂ :

ਭਰਮਿ ਭੂਲੇ ਨਰ; ਕਰਤ ਕਚਰਾਇਣ ॥  ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥

ਅਰਥ : ਭਰਮ ਵਿੱਚ ਭੁਲੇ ਲੋਕ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ (ਕਚਰਾਇਣ-ਕਿਸੇ ਖੀਰੇ ਆਦਿਕ ਕਕੜੀ ਨੂੰ ਚੀਰ ਕੇ ਉਸ ਵਿੱਚ ਸਾਲਗਰਾਮ ਰੱਖ ਕੇ ਫਿਰ ਜਨਮ ਸਮੇਂ ਪਰਗਟ ਕਰਨਾ, ਪਰ) ਨਾਰਾਇਣ ਜਨਮ ਮਰਨ ਦੋਹਾਂ ਤੋਂ ਰਹਿਤ ਹੈ। ਫਿਰ ਵੀ ਭਰਮ ਵਿੱਚ ਭੁਲੇ ਹੋਏ ਪੁਜਾਰੀ ਨੇ ਐਸਾ ਕੀਤਾ ‘‘ਸਗਲੀ ਥੀਤਿ ਪਾਸਿ ਡਾਰਿ ਰਾਖੀ   ਅਸਟਮ ਥੀਤਿ; ਗੋਵਿੰਦ ਜਨਮਾ ਸੀ ’’ ਅਰਥ : ਹੇ ਭਾਈ (ਬਾਕੀ) ਸਾਰੀਆਂ ਤਿਥਾਂ ਇਕ ਪਾਸੇ ਰੱਖ ਦਿੱਤੀਆਂ ਕੇਵਲ ਅਸ਼ਟਮੀ ਥਿਤ ਵਾਲੇ ਦਿਨ ਆਖਣਾ ਕਿ (ਅੱਜ ਹੀ) ਗੋਬਿੰਦ (ਕ੍ਰਿਸ਼ਨ) ਜੰਮਿਆ ਸੀ (ਕੇਵਲ ਭਰਮ ਹੈ)। ਭਰਮ ਵਿੱਚ ਭੁਲੇ ਮਨੁੱਖ ਨੂੰ ਹੀ ਸੰਬੋਧਨ ਕਰਕੇ ਸਾਹਿਬ ਫ਼ੁਰਮਾਨ ਕਰਦੇ ਹਨ ‘‘ਕਰਿ ਪੰਜੀਰੁ ਖਵਾਇਓ ਚੋਰ   ਓਹੁ ਜਨਮਿ ਮਰੈ; ਰੇ ਸਾਕਤ ਢੋਰ  !’’ ਅਰਥ : (ਹੇ ਭਾਈ ਭਰਮ ਵਿੱਚ ਭੁਲੇ ਪੁਜਾਰੀ ਨੇ) ਪੰਜੀਰ ਬਣਾ ਕੇ ਲੁਕਾ ਕੇ (ਪੜਦਾ ਕਰਕੇ ਠਾਕੁਰ ਨੂੰ) ਖਵਾਇਆ ਭੋਗ ਲਗਾਇਆ। ਹੇ ਸਾਕਤ ! ਹੇ ਪਸ਼ੂ ਬ੍ਰਿਤੀ ਵਾਲੇ ! ਉਹ ਪਰਮਾਤਮਾ ਕਿਸੇ ਜਨਮ ਵਿੱਚ ਨਹੀਂ ਆਉਂਦਾ ਤੇ ਨਾ ਹੀ ਮਰਦਾ ਹੈ।੨।

ਭਰਮ ਵਿੱਚ ਭੁਲਿਆ ‘‘ਹੋਇ ਇਆਣਾ ਕਰੇ ਕੰਮੁ; ਆਣਿ ਸਕੈ ਰਾਸਿ ’’ (ਮਹਲਾ /੪੭੪) ਦੇ ਸਿਧਾਂਤ ਅਨੁਸਾਰ ਠਾਕੁਰ ਦੀ ਪੂਜਾ ਕਰਦਾ ਹੋਇਆ ਵੀ ਵੱਡਾ ਅਪਰਾਧ ਕਰੀ ਜਾ ਰਿਹਾ ਹੈ। ਫ਼ੁਰਮਾਨ ਹੈ ‘‘ਸਗਲ ਪਰਾਧ ਦੇਹਿ ਲੋਰੋਨੀ   ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ’’ ਅਰਥ : (ਹੇ ਪੰਡਿਤ) ਇਹ ਸਭ ਤੋਂ ਵੱਡਾ ਅਪਰਾਧ ਹੈ ਕਿ (ਪਰਮਾਤਮਾ ਨੂੰ ਬੱਚਾ ਸਮਝ ਜਨਮ ਸਮੇਂ ਰੋਂਦੇ ਨੂੰ) ਲੋਰੀਆਂ ਦੇ ਕੇ ਚੁਪ ਕਰਵਾਉਂਦੇ ਹੋ। ਉਹ ਮੂੰਹ ਸੜ ਜਾਏ ਜਿਹੜਾ ਆਖਦਾ ਹੈ ਕਿ ਠਾਕੁਰ ਜੋਨੀਆਂ (ਦੇ ਸੰਕਟਾਂ ਵਿੱਚ) ਪੈਂਦਾ ਹੈ।

ਅਖੀਰ ਪੂਰੀ ਮਨੁੱਖਤਾ ਨੂੰ ਭਰਮ ਵਿੱਚੋਂ ਮੁਕਤ ਕਰਨ ਲਈ ਗੁਰਮਤਿ ਸਿਧਾਂਤ ਫ਼ੁਰਮਾਨ ਕਰਦੇ ਹਨ ‘‘ਜਨਮਿ ਮਰੈ ; ਆਵੈ ਜਾਇ   ਨਾਨਕ ਕਾ ਪ੍ਰਭੁ; ਰਹਿਓ ਸਮਾਇ ’’ ਅਰਥ : (ਹੇ ਭਾਈ !) ਧਿਆਨ ਨਾਲ ਸੁਣ, ਉਹ ਠਾਕੁਰ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਕਿਤੋਂ ਆਉਂਦਾ ਜਾਂਦਾ ਹੈ। ਨਾਨਕ ਦਾ ਠਾਕੁਰ ਸਭ ਥਾਵਾਂ ’ਤੇ ਵਿਆਪਕ ਹੈ॥੪॥੧॥

ਸੋ ਆਓ ਅਸੀਂ ਸਿੱਖ ਵੀਚਾਰਧਾਰਾ ’ਤੇ ਪਹਿਰਾ ਦਿੰਦਿਆਂ ਅਵਤਾਰਵਾਦ ਜਾਂ ਦੇਹਧਾਰੀ ਗੁਰੂ ਡੰਮ ਤੋਂ ਮੁਕਤ ਹੋ ਗੁਰੂ ਸ਼ਬਦ ਰਾਹੀਂ ਆਪਣੇ ਪ੍ਰਭੂ ਦੀ ਪਛਾਣ ਕਰੀਏ, ਜਿਸ ਦੇ ਬਾਰੇ ਸਤਿਗੁਰੂ ਦੇ ਵੀਚਾਰ ਅਧੀਨ ਸ਼ਬਦ ਰਾਹੀਂ ਸਮਝ ਪਈ ਹੈ ਤੇ ਮਾਣ ਨਾਲ ਕਹਿ ਸਕਦੇ ਹਾਂ ‘‘ਪੂਰਿ ਰਹਿਆ ਸ੍ਰਬ ਠਾਇ; ਹਮਾਰਾ ਖਸਮੁ ਸੋਇ ॥  ਏਕੁ ਸਾਹਿਬੁ ਸਿਰਿ ਛਤੁ; ਦੂਜਾ ਨਾਹਿ ਕੋਇ ॥’’ (ਮਹਲਾ ੫/੩੯੮)