ਸਤਿਗੁਰੂ ਕੀ ਸੇਵਾ ਸਫਲ ਹੈ..॥

0
175

ਸਤਿਗੁਰੂ ਕੀ ਸੇਵਾ ਸਫਲ ਹੈ..॥

ਗਿ: ਹਰਭਜਨ ਸਿੰਘ (ਪ੍ਰਿੰਸੀਪਲ)

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥

ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ॥ ਇਸੁ ਜਗ ਮਹਿ ਨਾਮੁ ਅਲਭੁ ਹੈ , ਗੁਰਮੁਖਿ ਵਸੈ ਮਨਿ ਆਇ॥

ਨਾਨਕ ! ਜੋ ਗੁਰੁ ਸੇਵਹਿ ਆਪਣਾ , ਹਉ ਤਿਨ ਬਲਿਹਾਰੈ ਜਾਉ॥ ੧॥

ਵੀਚਾਰ ਅਧੀਨ ਪਾਵਨ ਸਲੋਕ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠਿ ਕੀ ਵਾਰ ਦੀ ਛੇਵੀਂ ਪਉੜੀ ਨਾਲ ਪਹਿਲਾ ਸਲੋਕ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੬੪੪ ਤੇ ਸੁਭਾਇਮਾਨ ਹੈ। ਗੁਰਮਤਿ ਅਨੁਸਾਰ ਆਤਮਕ ਜੀਵਨ ਰੂਪੀ ਮਹਿਲ ਦੇ ਦੋ ਮਜ਼ਬੂਤ ਥੰਮ ਸੇਵਾ ਅਤੇ ਸਿਮਰਨ ਮੰਨੇ ਹਨ, ਇਹਨਾਂ ਥੰਮਾਂ ਨੂੰ ਅਡੋਲ ਅਤੇ ਅਡਿੱਗ ਰੱਖਣ ਲਈ ਸੇਵਾ ਅਤੇ ਸਿਮਰਨ ਦੋਨੋਂ ਅਤਿ ਜ਼ਰੂਰੀ ਹਨ। ਸੇਵਾ ਕਿਸ ਦੀ ਕੀਤੀ ਜਾਏ, ਕਿਵੇਂ ਕੀਤੀ ਜਾਏ, ਕਦੋਂ ਕੀਤੀ ਜਾਏ, ਸਿਮਰਨ ਕਿਸ ਦਾ ਅਤੇ ਕਿਸ ਢੰਗ ਨਾਲ ਕੀਤਾ ਜਾਏ ਇਸ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਨਹੀਂ ਤਾਂ ਗਿਆਨ ਵਿਹੂਣੀ ਸੇਵਾ ਅਤੇ ਸਿਮਰਨ ਨਾਲ ਕੁਝ ਵੀ ਸੰਵਰਨ ਵਾਲਾ ਨਹੀਂ ਹੈ। ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਵਿਚਾਰ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਤਾਂ ਇਹ ਸੂਝ ਬਖਸ਼ਸ਼ ਕਰਦੀ ਹੈ ਕਿ ਥੋੜ੍ਹੀ ਮਤਿ ਨਾਲ ਬਹੁਤੀ ਕੀਤੀ ਹੋਈ ਸੇਵਾ ਮਨੁੱਖ ਨੂੰ ਹੰਕਾਰੀ ਬਣਾ ਦਿੰਦੀ ਹੈ। ਫੁਰਮਾਣ ਹੈ ‘‘ਮਤਿ ਥੋੜੀ ਸੇਵ ਗਵਾਈਐ॥’’ ਦੂਜੇ ਪਾਸੇ ਉਹਨਾਂ ਗੁਰਮੁਖ ਪਿਆਰਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਸੱਚ ਨਾਲ ਜੁੜ ਕੇ ਸੰਤੋਖ ਧਾਰਨ ਕਰਕੇ ਸੇਵਾ ਕੀਤੀ। ਫੁਰਮਾਨ ਹੈ :

ਸੇਵ ਕੀਤੀ ਸੰਤੋਖੀਈ ਜਿਨ੍ੀ ਸਚੋ ਸਚੁ ਧਿਆਇਆ॥ ਓਨ੍ੀ ਮੰਦੈ ਪੈਰੁ ਨ ਰਖਿਓ, ਕਰਿ ਸੁਕ੍ਰਿਤੁ ਧਰਮੁ ਕਮਾਇਆ॥

ਓਨ੍ੀ ਦੁਨੀਆ ਤੋੜੇ ਬੰਧਨਾ, ਅੰਨੁ ਪਾਣੀ ਥੋੜਾ ਖਾਇਆ॥ ਤੂੰ ਬਖਸੀਸੀ ਅਗਲਾ, ਨਿਤ ਦੇਵਹਿ ਚੜਹਿ ਸਵਾਇਆ॥ ਵਡਿਆਈ ਵਡਾ ਪਾਇਆ॥ ੭॥

ਭਗਤ ਕਬੀਰ ਜੀ ਨੇ ਆਪਣੇ ਸਲੋਕ ਨੰ: ੧੬੪ ਵਿਚ ਕਿਸ-ਕਿਸ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਬਾਰੇ ਇਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਕਿ ਹੇ ਕਬੀਰ ਮਾਇਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ ਅਤੇ ਸੰਤ ਗੁਰੂ ਉਸ ਪਰਮਾਤਮਾ ਦੇ ਨਾਮ ਸਿਮਰਨ ਵੱਲ ਪ੍ਰੇਰਦਾ ਹੈ ਸੋ ਇਕ ਸੰਤ ਗੁਰੂ ਅਤੇ ਇਕ ਪਰਮਾਤਮਾ ਇਹਨਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਫੁਰਮਾਣ ਹੈ :‘‘ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮ॥ ਰਾਮੁ ਜੁ ਦਾਤਾ ਮੁਕਤਿ ਕੋ, ਸੰਤੁ ਜਪਾਵੈ ਨਾਮ॥ ੧੬੪॥’’

ਵੀਚਾਰ ਅਧੀਨ ਸਲੋਕ ਦੀਆਂ ਅਰੰਭ ਵਾਲੀਆਂ ਪੰਕਤੀਆਂ ਵਿਚ ਵੀ ਗੁਰੂ ਅਮਰਦਾਸ ਸਾਹਿਬ ਜੀ ਫੁਰਮਾ ਰਹੇ ਹਨ :

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥

ਭਾਵ ਜੇ ਕੋਈ ਮਨੁੱਖ ਚਿਤ ਲਗਾ ਕੇ ਸਤਿਗੁਰੂ ਦੀ ਸੇਵਾ ਕਰੇ ਤਾਂ ਸਤਿਗੁਰੂ ਦੀ ਕੀਤੀ ਸੇਵਾ ਜ਼ਰੂਰ ਫਲ ਲਾਉਂਦੀ ਹੈ, ਮਨ ਇੱਛਤ ਫਲ ਮਿਲਦਾ ਹੈ ਅਤੇ ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ। ਚਿੱਤ ਲਾ ਕੇ ਕੀਤੀ ਹੋਈ ਸੇਵਾ ਵਿਚੋਂ ਸੁਆਰਥ ਦੀ ਬਦਬੂ ਨਹੀਂ ਸਗੋਂ ਨਿਸ਼ਕਾਮਤਾ ਦੀ ਸੁਗੰਧੀ ਆਉਂਦੀ ਹੈ। ਅੱਜ ਕੱਲ੍ਹ ਤਾਂ ਆਪਣੇ ਇਸਟ ਦੀ ਸੇਵਾ ਨੂੰ ਆਮ ਲੋਕਾਂ ਨੇ ਵਪਾਰ ਜਾਂ ਸੌਦੇਬਾਜ਼ੀ ਬਣਾਇਆ ਹੋਇਆ ਹੈ। ਪਹਿਲਾਂ ਸੁੱਖਣਾ ਸੁੱਖਣਗੇ ਕਿ ਜੇ ਸਾਡਾ ਕੰਮ ਸਿਰੇ ਚੜ੍ਹ ਗਿਆ ਤਾਂ ਫਲਾਣੀ ਸੇਵਾ ਕਰਾਂਗੇ ਨਹੀਂ ਤਾਂ ਕੁਝ ਵੀ ਨਹੀਂ। ਇੱਥੇ ਤਾਂ, ‘‘ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨ॥’’ ਜਾਂ ‘‘ਗੁਰ ਕੈ ਗ੍ਰਿਹਿ ਸੇਵਕੁ ਜੁ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ॥ ਆਪਸ ਕਉ ਕਰਿ ਕਛੁ ਨ ਜਨਾਵੈ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥ ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ॥’’ ਸੇਵਾ ਕਰਨ ਵਾਲੇ ਨੂੰ ਹੀ ਸੇਵਕ ਆਖਿਆ ਜਾਂਦਾ ਹੈ। ਸੇਵਕ ਦੀ ਪਰਿਭਾਸ਼ਾ ਦਿੰਦਿਆਂ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਫੁਰਮਾਣ ਹੈ : ‘‘ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ॥ ਸਤਿਗੁਰ ਕਾ ਭਾਣਾ ਮੰਨ ਲਏ, ਸਬਦੁ ਰਖੈ ਉਰਧਾਰਿ॥’’

ਮਨ ਇੱਛਤ ਹੀ ਫਲ ਇਹ ਹੈ ਕਿ ਸੇਵਾ ਕਰਦਿਆਂ-ਕਰਦਿਆਂ ਹਉਮੈ ਨਾਸ਼ ਹੋ ਜਾਏ। ਸਲੋਕ ਦੀਆਂ ਅਗਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਹੋਏ ਫੁਰਮਾ ਰਹੇ ਹਨ ‘‘ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ॥’’

ਭਾਵ ਚਿੱਤ ਲਾ ਕੇ ਕੀਤੀ ਹੋਈ ਸੇਵ ਬੰਧਨਾਂ ਨੂੰ ਤੋੜਦੀ ਹੈ, ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲਭ ਹੈ ਜੋ ਗੁਰੂ ਦੁਆਰਾ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ। ਸੰਸਾਰ ਵਿਚ ਕਿਤਨੇ ਬੰਧਨ ਹਨ ਇਹ ਦੱਸਣਾ ਤਾਂ ਮੁਸ਼ਕਿਲ ਹੈ ਪਰ ਇਹ ਦੱਸਣਾ ਗੁਰਬਾਣੀ ਅਨੁਸਾਰ ਆਸਾਨ ਹੈ ਕਿ ਅਣਗਿਣਤ ਬੰਧਨਾਂ ਨੂੰ ਤੋੜਨ ਦੀ ਸਮਰੱਥਾ ਕੇਵਲ ਤੇ ਕੇਵਲ ਗੁਰੂ ਸਾਹਿਬ ਪਾਸ ਹੈ, ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ‘‘ਸਤਿਗੁਰ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖ ਬਿਕਾਰ ਤੇ ਹਾਟੈ॥ ਸਤਿਗੁਰ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖ ਵਡਭਾਗੀ ਹੇ॥ ਸਤਿਗੁਰ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰ ਸਿਖ ਕਉ ਜੀਅ ਨਾਲ ਸਮਾਰੈ॥’’

ਬੰਧਨਾਂ ਤੋਂ ਮੁਕਤ ਹੋਇਆਂ ਹੀ ਅਲੱਭ ਨਾਮ ਗੁਰੂ ਜੀ ਰਾਹੀਂ ਪ੍ਰਾਪਤ ਹੋ ਸਕਦਾ ਹੈ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ‘‘ਇਹੁ ਭੋਜਨੁ ਅਲਭੁ ਹੈ ਸੰਤਹੁ! ਲਭੈ ਗੁਰ ਵੀਚਾਰਿ॥’’ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀ ਰਚਨਾ ਜ਼ਿੰਦਗੀਨਾਮਾ ਵਿਚ ਸੱਚੇ ਗੁਰੂ ਦੀ ਉਪਮਾ ਕਰਦੇ ਹੋਏ ਦੱਸ ਰਹੇ ਹਨ ਕਿ ਉਹ ਧੰਨ ਗੁਰੂ ਸੱਚਾ ਪਾਤਸ਼ਾਹ ਹੈ ਜਿਸ ਨੇ ਮਨ ਨੂੰ ਹਰੀ ਦੀ ਪ੍ਰੀਤ ਬਖਸ਼ੀ। ਉਹ ਧੰਨ ਸਤਿਗੁਰੂ ਹੈ ਜਿਸ ਨੇ ਮਨੁੱਖ ਦੇ ਬੰਧਨ ਕੱਟੇ, ‘‘ਐ ਜਿਹੇ ਮੁਰਸ਼ਿਦ ਕਿ ਦਿਲ ਤਾ ਸ਼ੌਕ ਦਾਦ। ਐ ਜਿਹੇ ਮੁਰਸ਼ਿਦ ਕਿ ਬੰਦੇ ਦਿਲ ਕੁਸ਼ਾਦ॥’’ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ ‘‘ਸਤਿਗੁਰੂ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ॥ ਗੁਰਮੁਖਿ ਮਨ ਅਪਤੀਜ ਪਤੀਣਾ॥’’ ਬੇਸ਼ਕ ਜਗਿਆਸੂ ਦੇ ਬੰਧਨ ਤੋੜ ਕੇ ਸਤਿਗੁਰੂ ਜੀ ਨੇ ਉਸ ਨੂੰ ਉਸਦੀ ਸੇਵਾ ਦਾ ਫਲ ਆਪ ਬਖਸ਼ਸ਼ ਕੀਤਾ ਹੈ ਪਰ ਫਿਰ ਵੀ ਗੁਰੂ ਜੀ ਇਹੋ ਜਿਹੇ ਗੁਰਮੁਖਾਂ ਪ੍ਰਤੀ ਨਿਮਰਤਾ ਵਿਚ ਆ ਕੇ ਸਲੋਕ ਦੀ ਅਖੀਰਲੀ ਪੰਕਤੀ ਵਿਚ ਫੁਰਮਾ ਰਹੇ ਹਨ ‘‘ਨਾਨਕ ਜੋ ਗੁਰ ਸੇਵਹਿ ਆਪਣਾ ਹਉਂ ਤਿਨ ਬਲਿਹਾਰੈ ਜਾਉ॥’’ ਭਾਵ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਆਪਣੇ ਸਤਿਗੁਰ ਦੀ ਦੱਸੀ ਕਾਰ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਇਹ ਬਚਨ ਵੀ ਇਹੋ ਸੇਧ ਬਖਸ਼ਦੇ ਹਨ:

ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ॥ ਗੁਰੂ ਦੁਆਰੈ ਹੋਇ ਕੈ, ਸਾਹਿਬੁ ਸੰਮਾਲੇਹੁ॥ ਸਾਹਿਬੁ ਸਦਾ ਹਜੂਰਿ ਹੈ, ਭਰਮੈ ਕੇ ਛਉੜ ਕਟਿ ਕੈ, ਅੰਤਰਿ ਜੋਤਿ ਧਰੇਹੁ॥ ਹਰਿ ਕਾ ਨਾਮੁ ਅੰਮ੍ਰਿਤੁ ਹੈ, ਦਾਰੂ ਏਹੁ ਲਾਏਹੁ॥ ਸਤਿਗੁਰ ਕਾ ਭਾਣਾ ਚਿਤਿ ਰਖਹੁ, ਸੰਜਮੁ ਸਚਾ ਨੇਹੁ॥ ਨਾਨਕ, ਐਥੈ ਸੁਖੈ ਅੰਦਰਿ ਰਖਸੀ, ਅਗੈ ਹਰਿ ਸਿਉ ਕੇਲ ਕਰੇਹੁ॥ ੨॥