ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

0
157

ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

ਗਿਆਨੀ ਬਲਜੀਤ ਸਿੰਘ

ਅਕਾਲ ਪੁਰਖ ਨੇ ਜਲਤੀ ਸਭ ਪ੍ਰਿਥਮੀ ਨੂੰ ਠੰਡਾ ਠਾਰ/ਸ਼ੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖ਼ਸ਼ਿਆ ਉਸੇ ਨੂੰ ‘ਗੁਰੂ ਸਬਦੁ’ ਮੰਨਿਆ ਗਿਆ ਕਿਉਂਕਿ ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ’’ (ਮਹਲਾ  /੧੨੭੯) ਦਾ ਕਥਨ ਗੁਰਬਾਣੀ ਅੰਦਰ ਦਰਜ ਹੈ।  ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖ਼ਾਸ ਤਰ੍ਹਾਂ ਦਾ ਮਨੁੱਖ; ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਿਤ ਕੀਤਾ ਗਿਆ ਹੈ, ਬਣਾਉਣਾ ਹੈ।  ਗੁਰਬਾਣੀ ਜਾਂ ਗੁਰੂ ਸ਼ਬਦ; ਮਨੁੱਖ ਦੇ ਮਨ ਦੀ ਇੱਕ ਖ਼ਾਸ ਅਵਸਥਾ ਪੈਦਾ ਕਰਨਾ ਚਾਹੁੰਦਾ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁੱਲਾਂ ਹੋਵੇ, ਹਿੰਦੂ ਵੈਸ਼ਨਵ ਹੋਵੇ, ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਂਵੇਂ ਬੈਠਾ ਇੱਕ ਖ਼ਾਸ ਸਦਾਚਾਰਕ ਪੱਧਰ ਵਾਲਾ ਹੋਵੇ।  ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੈ; ਜਿਵੇਂ ਉਹ ਹਾਲ਼ੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗ਼ਰੀਬ ਹੋਵੇ ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇੱਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ ‘‘ਜਤੁ ਪਾਹਰਾ, ਧੀਰਜੁ ਸੁਨਿਆਰੁ ਅਹਰਣਿ ਮਤਿ, ਵੇਦੁ ਹਥੀਆਰੁ ਭਉ ਖਲਾ, ਅਗਨਿ ਤਪ ਤਾਉ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ਘੜੀਐ ਸਬਦੁ, ਸਚੀ ਟਕਸਾਲ ਜਿਨ ਕਉ, ਨਦਰਿ ਕਰਮੁ ਤਿਨ ਕਾਰ ਨਾਨਕ  ! ਨਦਰੀ ਨਦਰਿ ਨਿਹਾਲ੩੮’’ (ਜਪੁ)

ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ, ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ। ਹਰ ਧਰਮ, ਹਰ ਫਿਰਕਾ ਜਾਂ ਮਨੁੱਖ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ? (ਜਪੁ) ਦਾ ਮਨੋਰਥ ਜਾਂ ਟੀਚਾ ਆਪਣੇ ਅੰਦਰ ਸਮੋਈ ਬੈਠਾ ਹੈ।  ਮਾਰਗ ਵੀ, ਸਾਧਨ ਵੀ ‘‘ਹੁਕਮਿ ਰਜਾਈ ਚਲਣਾ.’’  ਇੱਕੋ ਜਿਹਾ ਹੀ ਹੈ। ਕੋਈ ਸਿੱਖ, ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਉਸ ਦੀ ਸਰੀਰਕ ਦਿਖ; ਕੇਸ, ਦਾਹੜਾ, ਦਸਤਾਰ ਉਸ ਲਈ ਕਿਸੇ ਥਾਂ ਘ੍ਰਿਣਾ ਨਹੀਂ ਉਪਜਾਉਂਦੇ; ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ।  ਮਨੁੱਖੀ ਸਭਿਅਤਾ ਦਾ ਮਿਆਰ; ਸਦਾਚਾਰ ਹੈ, ਨਾ ਕਿ ਕਿਸੇ ਦੀ ਬਾਹਰਲੀ ਬਣਤਰ। ਵੈਸੇ ਬਾਹਰੀ ਰੂਪ ਭੀ ਸਦਾਚਾਰ ਜੀਵਨ ਮੁਤਾਬਕ ਬਣਦਾ ਹੈ। ਉਸ ਦਾ ਬਾਹਰੀ ਰੂਪ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ‘‘ਨਾਨਕ  ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ’’ (ਮਹਲਾ /੯੫੦) ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ, ਦਸਤਾਰ, ਉਸ ਦਾ ਬਾਹਰੀ ਸਰੂਪ; ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦੇ ਹਨ।  ਡਾ. ਟਿਆਨਬੀ ਦੇ ਕਥਨ ਅਨੁਸਾਰ ਕੇਸਾਂਧਾਰੀ/ਦਸਤਾਰਧਾਰੀ ਦੁਨੀਆਂ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ।  ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮ ਹੀਣਤਾ ਦਾ ਅਹਿਸਾਸ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘ੍ਰਿਣਤਾ ਦਾ ਕਦੇ ਸਾਮ੍ਹਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘‘ਸੇਈ ਸੁੰਦਰ ਸੋਹਣੇ ਸਾਧ ਸੰਗਿ ਜਿਨ ਬੈਹਣੇ ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ’’ (ਮਹਲਾ /੧੩੨)

ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਕ, ਰਾਜਨੀਤਕ, ਸਮਾਜਕ ਤੇ ਆਰਥਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ। ਹਰ ਪਾਸੇ ਨਿਘਾਰ, ਗਿਰਾਵਟ ਆ ਚੁੱਕੀ ਸੀ।  ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ ‘‘ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ’’ (ਮਹਲਾ /੬੬੨) ਇੱਥੇ ਗੱਲ ਮੁਕਾ ਲਈਏ ਕਿ ‘‘ਕਲਿ ਕਾਤੀ, ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ  ਕੂੜੁ ਅਮਾਵਸ, ਸਚੁ ਚੰਦ੍ਰਮਾ; ਦੀਸੈ ਨਾਹੀ ਕਹ ਚੜਿਆ’’ (ਮਹਲਾ /੧੪੫)

ਰਾਜਨੀਤਕ ਲੋਕਾਂ ਦਾ ਨਿਘਾਰ ‘‘ਰਾਜੇ ਸੀਹ ਮੁਕਦਮ ਕੁਤੇ’’ (ਮਹਲਾ /੧੨੮੮) ਜਾਂ ‘‘ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ’’ (ਮਹਲਾ /੧੪੨) ਤੱਕ ਨਿਘਾਰ ਹੋ ਚੁੱਕਾ ਹੈ।  ‘‘ਅੰਧੀ ਰਯਤਿ ਗਿਆਨ ਵਿਹੂਣੀ..’’  ਸਮਾਜਕ ਗਿਰਾਵਟ ਦਾ ਨਮੂਨਾ ਸੀ।  ‘‘ਕਾਜੀ ਹੋਇ ਕੈ ਬਹੈ ਨਿਆਇ ਫੇਰੇ ਤਸਬੀ, ਕਰੇ ਖੁਦਾਇ ਵਢੀ ਲੈ ਕੈ ਹਕੁ ਗਵਾਏ’’ (ਮਹਲਾ /੯੫੧) ਜਾਂ ‘‘ਕਾਜੀ ਕ੍ਰਿਸਨਾ ਹੋਆ’’ ਭਾਵ ਆਰਥਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆਂ ਅੰਦਰ ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ ਬਾਬਰ ਵਾਣੀ ਫਿਰਿ ਗਈ, ਕੁਇਰੁ ਰੋਟੀ ਖਾਇ’’ (ਮਹਲਾ /੪੧੭) ਪੱਧਰ ਤੱਕ ਨਿਘਾਰ ਆ ਚੁੱਕਾ ਹੈ।

ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ, ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ, ਜੇ ਉਸ ਵਿੱਚ ਕੋਈ ਵਿਗਾੜ ਜਾਂ ਖ਼ਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ ਹੈ।  ਰੇਤੇ ਸੀਮਿੰਟ ਬਜਰੀ (ਕੰਕਰੀਟ) ਨਾਲ ਕੀਤੀ ਗਈ ਉਸਾਰੀ, ਵਿਗੜਨ ’ਤੇ ਰੇਤੇ ਬਜਰੀ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ, ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ, ਜੋ ‘‘ਕੀਤਾ ਪਸਾਉ ਏਕੋ ਕਵਾਉ’’ ਜਾਂ ‘‘ਉਤਪਤਿ ਪਰਲਉ ਸਬਦੇ ਹੋਵੈ’’ ਤੋਂ ਪੈਦਾ ਹੋਇਆ ਹੈ, ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ (ਸਮਾਜਿਕ, ਧਾਰਮਕ, ਰਾਜਨੀਤਕ ਜਾਂ ਆਰਥਕ) ਵਿੱਚ ਗਿਰਾਵਟ ਪੈਦਾ ਹੁੰਦੀ ਹੈ ਤਾ ਕੇਵਲ ‘ਸ਼ਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ।  ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ ਦੇਹ ਨਿਮਾਣੀ, ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ਤੁਧੁ ਬਾਝੁ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ਨਾਨਕੁ ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ’’ (ਮਹਲਾ /੯੧੭)

ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ। ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ, ਜੋ ਹਰ ਥਾਂ, ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ ਜੁਗਿ ਸੋਈ’’ (ਮਹਲਾ /੧੧੮੮) ਜਾਂ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ’’ (ਮਹਲਾ /੨੬੬)

ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗ਼ਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ‘‘ਜਹਾਂ ਗਿਆਨੁ ਤਹ ਧਰਮ ਹੈ’’ ਦੀ ਅਗਵਾਈ ਬਖ਼ਸ਼ੀ ਫਿਰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈਦੁਬਿਧਾ ਦੂਰਿ ਕਰਹੁ ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ (ਮਹਲਾ /੧੧੮੫), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ (੧੩੪੯), ਬੁਰਾ ਭਲਾ ਕਹੁ ਕਿਸ ਨੋ ਕਹੀਐ ? ਸਗਲੇ ਜੀਅ ਤੁਮਾਰੇ’’ (ਮਹਲਾ /੩੮੩) ਦੀ ਭਾਈਚਾਰਕ ਸਾਂਝ ਦਿੱਤੀ। ਇਸ ਨੇ ‘‘ਮਿਲਬੇ ਕੀ ਮਹਿਮਾ ਬਰਨਿ ਸਾਕਉ, ਨਾਨਕ  ! ਪਰੈ ਪਰੀਲਾ (ਮਹਲਾ /੪੯੮), ਏਕੁ ਪਿਤਾ ਏਕਸ ਕੇ ਹਮ ਬਾਰਿਕ.’’ (ਮਹਲਾ /੬੧੧) ਹੋਣ ਦਾ ਸਾਨੂੰ ਮਾਣ ਬਖ਼ਸ਼ਿਆ। ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ’’ (ਮਹਲਾ /੪੬੮) ਨੂ ‘‘ਰਾਜਾ, ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ (ਮਹਲਾ /੯੯੨), ਰਾਜੇ  ਚੁਲੀ ਨਿਆਵ ਕੀ..’’ (ਮਹਲਾ /੧੨੪੦) ਦਾ ਲੋਕ ਰਾਜੀ ਢਾਂਚਾ ਸਮਝਾਇਆ । ਆਤਮਕ ਤੇ ਦੁਨਿਆਵੀ ਤਲ ’ਤੇ ‘‘ਬੇਗਮ ਪੁਰਾ ਸਹਰ ਕੋ ਨਾਉ’’ (ਭਗਤ ਰਵੀਦਾਸ ਜੀ/੩੪੫) ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਕਿ ‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ’’ (ਮਹਲਾ /੭੪) ਦਾ ਸਰਬ ਸਾਂਝਾ ਨਿਜਾਮ (ਪ੍ਰਬੰਧ) ਸਿਰਜਿਆ ਜਾ ਸਕੇ।

ਆਰਥਿਕ ਸੁਧਾਰ ਲਈ ‘‘ਘਾਲਿ ਖਾਇ, ਕਿਛੁ ਹਥਹੁ ਦੇਇ  ਨਾਨਕ ! ਰਾਹੁ ਪਛਾਣਹਿ ਸੇਇ’’ (ਮਹਲਾ /੧੨੪੫) ਦੀ ਤਹਿਜ਼ੀਬ (ਸ਼ਿਸਟਾਚਾਰ, ਸਭਿਅਤਾ) ਬਖਸ਼ੀ ‘‘ਹਕੁ ਪਰਾਇਆ ਨਾਨਕਾ  !  ਉਸੁ ਸੂਅਰ, ਉਸੁ ਗਾਇ  ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਖਾਇ’’ (ਮਹਲਾ /੧੪੧) ਦੀ ਗੱਲ ਸਮਝਾਉਂਦਿਆਂ ‘‘ਅਨਿਦਿਨੁ ਸੁਕ੍ਰਿਤੁ ਕਰੀਐ (ਮਹਲਾ /੬੨੧), ਕਰਿ ਸੁਕ੍ਰਿਤੁ ਧਰਮੁ ਕਮਾਇਆ (ਮਹਲਾ /੪੬੭), ਅਹਿਰਖ ਵਾਦੁ, ਕੀਜੈ; ਰੇ ਮਨ  ! ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ  !’’ (੪੭੯) ਦਾ ਉਪਦੇਸ਼ ਦਿੱਤਾ ਤਾਂ ਕਿ ‘‘ਸਤਿਗੁਰ ਸਬਦਿ ਉਜਾਰੋ ਦੀਪਾ’’ ਦੀ ਰੋਸ਼ਨੀ ਵਿੱਚ ਰਹਿੰਦਿਆਂ ਆਦਰਸ਼ਕ ਮਨੁੱਖ; ਸਦਾਚਾਰੀ, ਭਾਈਚਾਰਕ ਜੀਵਨ ਪੈਦਾ ਹੋ ਸਕੇ।  ਅਸੀਂ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ‘‘ਨਾਨਕ  ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ਹਸੰਦਿਆ ਖੇਲੰਦਿਆ, ਪੈਨੰਦਿਆ ਖਾਵੰਦਿਆ; ਵਿਚੇ ਹੋਵੈ ਮੁਕਤਿ’’ (ਮਹਲਾ /੫੨੨) ਦੇ ਮਾਰਗ ’ਤੇ ਚੱਲ ਕੇ ਆਦਰਸ਼ਕ ਗ੍ਰਹਿਸਤੀ ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀਏ, ਜਿਸ ਦਾ ਨਿਸ਼ਾਨਾ ਹੋਵੇ ‘‘ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪੁ ਤਪੁ ਸੰਜਮੁ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰੁ ਸੋ ਗਿਰਹੀ ਗੰਗਾ ਕਾ ਨੀਰੁ’’ (ਮਹਲਾ /੯੫੨) ਪਰ ਇਹ ਟੀਚਾ ਤਦੋਂ ਹੀ ਪੂਰਾ ਹੋ ਸਕਦਾ ਹੈ, ਜੇਕਰ ਸਾਡਾ ਵਿਸ਼ਵਾਸ ਬਣੇ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ’’ (ਮਹਲਾ /੬੩੫) ਜਾਂ  ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ’’ (ਮਹਲਾ /੯੧੭)

ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ, ਜੀ।