ਹਰਿ ਜਨ ਸਿਮਰਹੁ ਹਿਰਦੈ ਰਾਮ

0
192

ਹਰਿ ਜਨ ਸਿਮਰਹੁ ਹਿਰਦੈ ਰਾਮ

ਪ੍ਰਿੰਸੀਪਲ ਹਰਭਜਨ ਸਿੰਘ (ਰੋਪੜ)

ਜੈਤਸਰੀ ਮਹਲਾ ੫ ॥

ਹਰਿ ਜਨ ! ਸਿਮਰਹੁ ਹਿਰਦੈ ਰਾਮ ॥ 

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥

ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥

ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥

ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥

ਚਰਨ ਕਮਲ ਹਿਰਦੈ ਗਹੁ, ਨਾਨਕ ! ਸੁਖ ਸਮੂਹ ਬਿਸਰਾਮ ॥੨॥ (ਮਹਲਾ ੫/੭੦੨)

ਵੀਚਾਰ ਅਧੀਨ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 702 ਉੱਤੇ ਅੰਕਿਤ ਹੈ। ਇਸ ਸ਼ਬਦ ਰਾਹੀਂ ਸਤਿਗੁਰੂ ਜੀ ਨਾਮ ਦੀ ਵਡਿਆਈ ਦਰਸਾਉਂਦੇ ਹੋਏ ਸਮਝਾ ਰਹੇ ਹਨ ਕਿ ਹਰੇਕ ਪ੍ਰਾਣੀ ਨੂੰ ਕੇਵਲ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ; ਜਿਵੇਂ ਕਿ ਗੁਰਵਾਕ ਹੈ ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ   ਅਵਰੁ ਦੂਜਾ ਕਿਉ ਸੇਵੀਐਜੰਮੈ ਤੈ ਮਰਿ ਜਾਇ ’’ (ਮਹਲਾ /੫੦੯)

ਗੁਰਮਤਿ ਅੰਦਰ ਕੇਵਲ ਕਰਤਾਰ ਦੀ ਉਪਾਸ਼ਨਾ ਕਰਨ ਦਾ ਹੀ ਵਿਧਾਨ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਕੇਵਲ ਇੱਕ ਦੀ ਹੀ ਵਿਆਖਿਆ ਕੀਤੀ ਹੈ। ਕਈ ਵਿਦਵਾਨ ਸੱਜਣ ਤਾਂ ਇਹ ਮੰਨਦੇ ਹਨ ਕਿ ਮੂਲ ਮੰਤਰ ਦੀ ਵਿਆਖਿਆ ‘ਜਪੁ’ ਬਾਣੀ ਹੈ ਅਤੇ ‘ਜਪੁ’ ਦੀ ਵਿਆਖਿਆ; ਸਮੁੱਚੀ ਬਾਣੀ ਹੈ। ਇਹ ਗੱਲ ਹੈ ਵੀ ਠੀਕ ਕਿ ਸਤਿਗੁਰੂ ਜੀ ਇੱਕ ਨਾਮ ਤੋਂ ਗੱਲ ਸ਼ੁਰੂ ਕਰਦੇ ਹਨ ਅਤੇ ਸਮਾਪਤੀ (ਰਾਗਮਾਲਾ ਤੋਂ ਪਹਿਲਾਂ) ‘‘ਨਾਨਕ  ! ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯) ਪੰਕਤੀ ਨਾਲ਼ ਕਰਦੇ ਹਨ।

‘‘ਨਾਨਕ ਕੈ ਘਰਿ; ਕੇਵਲ ਨਾਮੁ ’’ (ਮਹਲਾ /੧੧੩੬) ਮਹਾਂਵਾਕ ਅਨੁਸਾਰ ਨਾਮ ਹੀ ਸਾਰਿਆਂ ਨਾਲੋਂ ਸ਼ਿਰੋਮਣੀ ਵਸਤੂ ਹੈ। ਇਸ ਨਾਮ ਨੂੰ ਭਾਵੇਂ ਰਾਮ ਰਾਮ ਕਹਿ ਕੇ ਜਪ ਲਵੋ, ਪਰ ਸ਼ਰਤ ਇਹ ਹੈ ਕਿ ਜਪਿਆ ਪ੍ਰੇਮ ਨਾਲ ਜਾਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਨਾਮ ਨੂੰ ਪ੍ਰੇਮ ਨਾਲ ਜਪਿਆ ਜਾਏ ਤਾਂ ਕੀ ਕੁਝ ਪ੍ਰਾਪਤ ਹੁੰਦਾ ਹੈ ? ਇਸ ਸਵਾਲ ਦਾ ਜਵਾਬ ਸਤਿਗੁਰੂ ਜੀ ਵੀਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀ ਪੰਕਤੀ ਵਿੱਚ ਦਿੰਦੇ ਹੋਏ ਫ਼ੁਰਮਾਉਂਦੇ ਹਨ ‘‘ਹਰਿ ਜਨ ! ਸਿਮਰਹੁ ਹਿਰਦੈ ਰਾਮ   ਹਰਿ ਜਨ ਕਉ ਅਪਦਾ ਨਿਕਟਿ ਆਵੈ; ਪੂਰਨ ਦਾਸ ਕੇ ਕਾਮ ਰਹਾਉ ’’  ਅਰਥ : ਹੇ ਪ੍ਰਭੂ ਦੇ ਪਿਆਰਿਓ ! ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ, ਫਿਰ ਕੋਈ ਵੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ। ਸੇਵਕਾਂ ਦੇ ਸਾਰੇ ਕਾਰਜ ਸਿਰੇ ਚੜ੍ਹਦੇ ਰਹਿੰਦੇ ਹਨ। ਪ੍ਰਭੂ ਪਿਆਰਿਆਂ ਵਾਸਤੇ ਸਭ ਤੋਂ ਵੱਡੀ ਬਿਪਤਾ ਜਾਂ ਦੁੱਖ, ਪ੍ਰਭੂ ਦੇ ਨਾਮ ਨੂੰ ਭੁਲਾਉਣਾ ਹੀ ਹੈ; ਜਿਵੇਂ ਕਿ ਫ਼ੁਰਮਾਨ ਹੈ ‘‘ਦੁਖੁ ਤਦੇ ਜਾ ਵਿਸਰਿ ਜਾਵੈ ’’ (ਮਹਲਾ /੯੮) ਇਸ ਲਈ ਜੇ ‘‘ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ’’ (ਮਹਲਾ /੧੪੨੬) ਉਹਨਾਂ ਦੇ ਚੇਤੇ ਹੈ ਤਾਂ ਬਿਪਤਾ ਆ ਹੀ ਨਹੀਂ ਸਕਦੀ।

ਆਮ ਸੰਸਾਰੀ ਮਨੁੱਖ ਦੀ ਸੋਚ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਸਰੀਰਕ ਤੌਰ ’ਤੇ ਦੁੱਖ ਆਉਂਦੇ ਹੀ ਨਹੀਂ, ਪਰ ਏਥੇ ਸਮਝਣ ਵਿੱਚ ਫ਼ਰਕ ਹੈ। ਦੁੱਖਾਂ ਦਾ ਆਉਣਾ ਹੋਰ ਗੱਲ ਹੈ ਅਤੇ ਦੁੱਖਾਂ ਨੂੰ ਮਹਿਸੂਸ ਕਰਨਾ ਹੋਰ ਗੱਲ; ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ’’ (ਮਹਲਾ /੬੩੩), ਯਾਨੀ ਨਾਮ ਸਿਮਰਨ ਵਿੱਚ ਇਤਨੀ ਬਰਕਤ ਹੈ ਕਿ ਦੁੱਖ ਆਤਮਕ ਸੁੱਖ ਵਿੱਚ ਤਬਦੀਲ ਹੋ ਜਾਂਦੇ ਹਨ ਫਿਰ ਤਾਂ ਨਾਮ ਰੰਗ ਵਿੱਚ ਰੰਗੀਆਂ ਰੂਹਾਂ ਦੇ ਮੁੱਖ ਤੋਂ ਸਦਾ ਇਹੀ ਸੁਣਨ ਨੂੰ ਮਿਲਦੈ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ.. ’’ (ਮਹਲਾ /੧੩੦੨)

ਧਨਾਸਰੀ ਰਾਗ ਵਿਚਲੇ ਸ਼ਬਦ ਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਵੀ ਨਾਮ ਸਿਮਰਨ ਦੀ ਮਹਿਮਾ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ ‘‘ਜਹ ਹਰਿ ਸਿਮਰਨੁ ਭਇਆ; ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ   ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ; ਜਪਿ ਹਰਿ, ਭਵਜਲੁ ਤਰਨਾ ’’ (ਮਹਲਾ /੬੭੦) ਉਹ ਮਤਿ ਜਿਸ ਸਦਕਾ ਸਾਰੇ ਗਿਆਨ ਅਤੇ ਕਰਮ ਇੰਦ੍ਰੇ ਨਾਮ ਵਿੱਚ ਪਰਵਿਰਤ ਰਹਿਣ; ਗੁਰੂ ਪਾਸੋਂ ਪ੍ਰਾਪਤ ਹੋਣੀ ਹੈ। ‘‘ਬਾਣੀ ਗੁਰੂ ਗੁਰੂ ਹੈ ਬਾਣੀ ..’’ (ਮਹਲਾ /੯੮੨) ਦੇ ਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਗੁਰਸਿੱਖਾਂ ਲਈ ਗੁਰੂ ਰੂਪ ਹੈ। ਇਸ ਲਈ ਨਾਮ ਭਗਤੀ ਕੀ ਹੈ ? ਕਿਵੇਂ ਕੀਤੀ ਜਾਂਦੀ ਹੈ ? ਕਿਉਂ ਕਰਨੀ ਚਾਹੀਦੀ ਹੈ ? ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਗੁਰਬਾਣੀ ਦੇਂਦੀ ਹੈ। ਹੁਣ ਵੀਚਾਰ ਅਧੀਨ ਸ਼ਬਦ ਦੀਆਂ ਪਹਿਲੇ ਪਦੇ ਵਾਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ’’  ਅਰਥ : ਹੇ ਹਰੀ ਜਨੋ ! ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕ੍ਰੋੜਾਂ ਔਕੜਾਂ ਨਾਸ਼ ਹੋ ਜਾਂਦੀਆਂ ਹਨ ਅਤੇ ਪਰਮਾਤਮਾ ਦਾ ਸਦਾ ਹੀ ਸਥਿਰ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ। ਭਗਵਾਨ ਦੇ ਭਗਤਾਂ ਨੂੰ ਕੋਈ ਵੀ ਡਰ ਪੋਹ ਨਹੀਂ ਸਕਦਾ ਜਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਪਰਮਾਤਮਾ ਦੀ ਭਗਤੀ ਕਰਨ ਤੋਂ ਭਾਵ ਉਸ ਦੇ ਭਾਣੇ ਵਿੱਚ ਚਲਣਾ ਹੈ, ਨਾਮ ਨੂੰ ਜਪਣਾ ਹੈ, ਇਸ ਤਰ੍ਹਾਂ ਕੋਈ ਵੀ ਰੁਕਾਵਟ ਜੀਵਨ ’ਚ ਨਹੀਂ ਆ ਸਕਦੀ ਅਤੇ ਸਿਧੇ ਤੌਰ ’ਤੇ ਧਰਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ। ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਾਨੂੰ ਸੇਧ ਬਖ਼ਸ਼ਦੇ ਹਨ ‘‘ਮੰਨੈ; ਮਾਰਗਿ ਠਾਕ ਪਾਇ   ਮੰਨੈ; ਪਤਿ ਸਿਉ ਪਰਗਟੁ ਜਾਇ   ਮੰਨੈ; ਮਗੁ ਚਲੈ ਪੰਥੁ   ਮੰਨੈ; ਧਰਮ ਸੇਤੀ ਸਨਬੰਧੁ   ਐਸਾ ਨਾਮੁ ਨਿਰੰਜਨੁ ਹੋਇ   ਜੇ ਕੋ; ਮੰਨਿ ਜਾਣੈ ਮਨਿ, ਕੋਇ ੧੪ (ਜਪੁ)

ਇਤਿਹਾਸ ਅਤੇ ਗੁਰਬਾਣੀ ਨੇ ਨਾਮ ਸਿਮਰਨ ਦੇ ਅਸੂਲ ਨੂੰ ਸਿੱਧ ਕਰ ਦਿੱਤਾ ਹੈ ਕਿ ਇਹ ਤਰੀਕਾ ਆਤਮਕ ਉੱਨਤੀ ਲਈ ਬਿਲਕੁਲ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਅਨੇਕਾਂ ਸਬੂਤ ਮਿਲਦੇ ਹਨ। ਸੁਖਮਨੀ ਸਾਹਿਬ ਵਾਲੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਹਰਿ ਸਿਮਰਨੁ ਕਰਿ, ਭਗਤ ਪ੍ਰਗਟਾਏ   ਹਰਿ ਸਿਮਰਨਿ ਲਗਿ, ਬੇਦ ਉਪਾਏ   ਹਰਿ ਸਿਮਰਨਿ, ਭਏ ਸਿਧ ਜਤੀ ਦਾਤੇ   ਹਰਿ ਸਿਮਰਨਿ, ਨੀਚ ਚਹੁ ਕੁੰਟ ਜਾਤੇ (ਸੁਖਮਨੀ/ਮਹਲਾ /੨੬੩) ਹਰੀ ਆਪ ਨਿਰਭਉ ਹੈ। ਉਸ ਨੂੰ ਸਿਮਰਨ ਵਾਲਾ ਵੀ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਡਰ ਕਾਹਦਾ ‘‘ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ’’ (ਮਹਲਾ /੮੦੯) ਦੇ ਵਾਕ ਅਨੁਸਾਰ ਨਿਰਭੈਤਾ ਵਾਲਾ ਗੁਣ ਉਸ ਵਿੱਚ ਆ ਜਾਂਦਾ ਹੈ। ਹੁਣ ਉਸ ਨੂੰ ਯਮਰਾਜ ਤੋਂ ਵੀ ਡਰ ਨਹੀਂ ਲੱਗਦਾ ‘‘ਪ੍ਰਭ ਕੈ ਸਿਮਰਨਿ, ਦੂਖੁ ਜਮੁ ਨਸੈ ’’ (ਮਹਲਾ /੨੬੨) ਜਾਂ ‘‘ਧਰਮ ਰਾਇ ਦਰਿ ਕਾਗਦ ਫਾਰੇ; ਜਨ ਨਾਨਕ ਲੇਖਾ ਸਮਝਾ ’’ (ਮਹਲਾ /੬੯੮) ਵਾਲੀ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।

ਸ਼ਬਦ ਦੇ ਦੂਸਰੇ ਅਤੇ ਅਖੀਰਲੇ ਪਦੇ ਵਿੱਚ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ   ਚਰਨ ਕਮਲ ਹਿਰਦੈ ਗਹੁ, ਨਾਨਕ  ! ਸੁਖ ਸਮੂਹ ਬਿਸਰਾਮ ’’ ਅਰਥ : ਪਰਮਾਤਮਾ ਦਾ ਸਿਮਰਨ ਭੁਲਾ ਕੇ ਹੋਰ ਜਿਹੜਾ ਵੀ ਕੰਮ ਕਰੀਦਾ ਹੈ ਉਹ ਨਾਸ਼ਵਾਤ ਹੈ ਅਤੇ ਕੱਚਾ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ਕਿ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ; ਇਹੀ ਸਾਰੇ ਸੁੱਖਾਂ ਦਾ ਘਰ ਹਨ। ਹੋਰ ਕੰਮਾਂ ਤੋਂ ਭਾਵ ਇੱਥੇ ਧਰਮ ਦੇ ਨਾਮ ਥੱਲੇ ਕੀਤੇ ਜਾਂਦੇ ਕਰਮਕਾਂਡਾਂ ਵੱਲ ਇਸ਼ਾਰਾ ਹੈ। ਗੁਰਮਤਿ ਉਹਨਾਂ ਕਰਮਕਾਂਡਾਂ ਤੋਂ ਜਗਿਆਸੂ ਨੂੰ ਰੋਕ ਕੇ ਸੱਚੇ ਨਾਮ ਨਾਲ ਜੋੜਦੀ ਹੈ। ਗੁਰਬਾਣੀ ਵਿੱਚ ਇਸ ਸੰਬੰਧੀ ਅਨੇਕਾਂ ਫ਼ੁਰਮਾਨ ਹਨ; ਜਿਵੇਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ   ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ (ਮਹਲਾ /੭੪੭), ਜੀਅਰੇ ! ਓਲ੍ਾ ਨਾਮ ਕਾ   ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ਰਹਾਉ ’’ (ਮਹਲਾ /੨੧੧) ਤਾਂ ਤੇ ਇਸ ਹਥਲੇ ਸ਼ਬਦ ਦਾ ਸਮੁੱਚਾ ਭਾਵ ਇਹੋ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਉਸ ਕਰਤੇ ਅਕਾਲ ਪੁਰਖ ਨਾਲ ਜੁੜ ਜਾਈਏ।