ਗੁਰਬਾਣੀ ਦਾ ਸੰਥਿਆ ਪਾਠ ਹੀ ਗੁਰਮਤਿ ਨੂੰ ਸਮਝਣ ਦਾ ਤਰੀਕਾ

0
193

ਗੁਰਬਾਣੀ ਦਾ ਸੰਥਿਆ ਪਾਠ ਹੀ ਗੁਰਮਤਿ ਨੂੰ ਸਮਝਣ ਦਾ ਤਰੀਕਾ:

ਗਿਆਨੀ ਹਰਭਜਨ ਸਿੰਘ

ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਪੰਡਿਤਾਂ, ਕਾਜ਼ੀਆਂ ਲਈ ਦਿੱਤਾ, ਉਹੀ ਸਿੱਖਾਂ ’ਤੇ ਵੀ ਲਾਗੂ ਹੁੰਦਾ ਹੈ:

ਬਠਿੰਡਾ, 7 ਜੂਨ (ਕਿਰਪਾਲ ਸਿੰਘ): ਗੁਰਬਾਣੀ ਵਿਆਕਰਨ ਅਤੇ ਸੰਥਿਆ ਸਹਿਤ ਸਮਝ ਕੇ ਪਾਠ ਕਰਨ ਨਾਲ ਹੀ ਗੁਰਬਾਣੀ ਦੇ ਅਰਥ ਭੇਦਾਂ ਦੀ ਸਹੀ ਸਮਝ ਆ ਸਕਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਦੇ ਵਾਈਸ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ ਨੇ ਬੀਤੀ ਰਾਤ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਬਠਿੰਡਾ ਵਿਖੇ ਕਾਲਜ ਦੇ ਸਾਬਕਾ ਵਿਦਿਆਰਥੀ ਭਾਈ ਗੁਰਇੰਦਰਦੀਪ ਸਿੰਘ ਵੱਲੋਂ ਪਿਛਲੇ ਸਾਲ ਪਹਿਲੀ ਅਗਸਤ ਤੋਂ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਪਾਠ ਦੀ ਸੰਪੂਰਨਤਾ ਉਪ੍ਰੰਤ ਵਿਸ਼ੇਸ਼ ਤੌਰ ’ਤੇ ਸਜਾਏ ਗਏ ਦੀਵਾਨ ਵਿੱਚ ਸ਼ਬਦ ਕੀਰਤਨ/ਵਖਿਆਨ ਕਰਦੇ ਹੋਏ ਕਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 611 ’ਤੇ ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੇ ਸੋਰਠਿ ਰਾਗ ਵਿੱਚ ਉਚਾਰਨ ਕੀਤੇ ਸ਼ਬਦ: ‘‘ਸੋਰਠਿ ਮਹਲਾ ੫ ॥ ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ; ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ! ਗੁਰ ਪੂਰੈ, ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ, ਅਮਿਤਿ ਵਡਾਈ; ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ; ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮਿ੍ਰਤ ਨਾਮੁ ਭੋਜਨੁ ਨਿਤ ਭੁੰਚਹੁ, ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ; ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ ॥੪॥੧੧॥’’ ਸ਼ਬਦ ਦਾ ਕੀਰਤਨ ਕਰਨ ਉਪ੍ਰੰਤ ਵਿਆਖਿਆ ਕਰਦੇ ਸਮੇਂ, ਉਨ੍ਹਾ ਕਿਹਾ ਕਿ ਗੁਰਬਾਣੀ ਵਿੱਚ ਵੱਖ ਵੱਖ ਥਾਵਾਂ ’ਤੇ ਵਰਤੇ ਗਏ ਸ਼ਬਦ – ‘ਭਾਖਿਆ, ਭਾਖੈ ਤੇ ਸੁਭਾਖਿਆ’ ਦੇ ਸ਼ਬਦ ਜੋੜਾਂ ਵਿੱਚ ਜਿੱਥੇ ਥੋੜਾ-ਥੋੜਾ ਅੰਤਰ ਹੈ, ਉੱਥੇ ਉਚਾਰਨ ਤੇ ਅਰਥਾਂ ਵਿੱਚ ਵੀ ਥੋੜੀ ਭਿੰਨਤਾ ਹੈ। ਭਾਖਿਆ ਦਾ ਅਰਥ ਹੈ ‘ਬੋਲੀ’। ਜਿਵੇਂ ਕਿ ‘ਜਪੁ’ ਜੀ ਸਾਹਿਬ ਦੀ ਚੌਥੀ ਪਉੜੀ ਦੇ ਬਚਨ ਹਨ: ‘‘ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ ॥’’ ਭਾਵ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ‘ਭਾਖਿਆ’ (ਬੋਲੀ) ‘ਭਾਉ’ (ਪ੍ਰੇਮ) ਹੈ ਅਤੇ ਉਹ ਆਪ ਅਕਾਲ ਪੁਰਖ ‘ਅਪਾਰੁ’ (ਬੇਅੰਤ) ਹੈ।

‘ਭਾਖੈ’ ਦਾ ਅਰਥ ਹੈ- ਬੋਲਦਾ ਹੈ, ਉਚਾਰਦਾ ਹੈ, ਗਾਉਂਦਾ ਹੈ। ਜਿਵੇਂ ਕਿ ਸੁਖਮਨੀ ਸਾਹਿਬ ਦੀ 11ਵੀਂ ਪਉੜੀ ਦੇ ਦੂਸਰੇ ਪਦੇ ਦੇ ਪਾਵਨ ਸ਼ਬਦ ਹਨ: ‘‘ਪ੍ਰਭ ਭਾਵੈ, ਤਾ ਹਰਿ ਗੁਣ ਭਾਖੈ ॥’’ ਭਾਵ ਜੇਕਰ ਸਾਈਂ ਨੂੰ ਚੰਗਾ ਲੱਗੇ, ਉਸ ਦੀ ਮਿਹਰ ਹੋਵੇ ਤਦ ਹੀ ਬੰਦਾ ਵਾਹਿਗੁਰੂ ਦਾ ਜਸ ਉਚਾਰਨ ਕਰਦਾ ਹੈ, ਪ੍ਰਭੂ ਦੇ ਗੁਣ ਗਾਉਂਦਾ ਹੈ।

ਪਰ ਹੁਣੇ ਗਾਇਨ ਕੀਤੇ ਗਏ ਸ਼ਬਦ ਦੀ ‘ਰਹਾਉ’ ਵਾਲੀ ਪੰਕਤੀ ‘‘ਪ੍ਰਭ ਬਾਣੀ, ਸਬਦੁ ਸੁਭਾਖਿਆ ॥’’ ਵਿੱਚ ਵਰਤੇ ਗਏ ਸ਼ਬਦ ‘ਸੁਭਾਖਿਆ’ ਦਾ ਅਰਥ ਹੈ- ਸੋਹਣਾ ਉਚਾਰਿਆ ਹੋਇਆ ਹੈ।

ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸ਼ਬਦ ਜੋੜ ਵੀ ਇਕੋ ਜਿਹੇ ਹੁੰਦੇ ਹਨ, ਉਨ੍ਹਾਂ ਦਾ ਉਚਾਰਨ ਵੀ ਇੱਕੋ ਜਿਹਾ ਹੀ ਹੁੰਦਾ ਹੈ ਪਰ ਪ੍ਰਸੰਗ ਅਨੁਸਾਰ ਉਨਾਂ ਦੇ ਅਰਥ ਵੱਖ ਵੱਖ ਹੁੰਦੇ ਹਨ। ਜਿਵੇਂ ਕਿ ‘ਜਸ’ ਦਾ ਆਮ ਤੌਰ ’ਤੇ ਅਰਥ ਹੈ- ਸਿਫਤ ਸਲਾਹ, ਉਸਤਤਿ ਪਰ ਪਾਵਨ ਅੰਕ 1102 ’ਤੇ ਮਾਰੂ ਰਾਗੁ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦ ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ? ਖਰ ਚੰਦਨ ਜਸ ਭਾਰਾ ॥’’ ਵਿੱਚ ‘ਜਸ’ ਦਾ ਅਰਥ ਹੈ ‘ਜਿਵੇਂ’ ਭਾਵ, (ਜੇ ਨਾਮ ਤੋਂ ਸੁੰਞਾ ਰਿਹਾ ਤਾਂ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ; (ਇਹ ਤਾਂ ਦਿਮਾਗ਼ ਉੱਤੇ ਉਸੇ ਤਰ੍ਹਾਂ ਹੀ ਭਾਰ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਭਾਰ ਲੱਦਿਆ ਹੋਇਆ ਹੈ।

ਗਿਆਨੀ ਹਰਭਜਨ ਸਿੰਘ ਜੀ ਨੇ ਗੁਰਬਾਣੀ ਵਿਆਕਰਨ ਅਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਬਾਣੀ ਉਚਾਰਨ ਕਰਨ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ ਦੀ ਕ੍ਰਿਆਵਾਚੀ ਸ਼ਬਦਾਂ ਦੇ ਪਿਛੇ ਆਮ ਤੌਰ ’ਤੇ ‘‘ਉ’’ ਲੱਗਦਾ ਹੈ ਜਿਸ ਦਾ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਉਚਿਤ ਹੈ, ਜਿਵੇਂ: ਕਰਉ = ਕਰਉਂ, ਮੈਂ ਕਰਦਾ ਹਾਂ; ਪੜਉ = ਪੜਉਂ, ਮੈਂ ਪੜ੍ਹਦਾ ਹਾਂ; ਗਾਵਉ = ਗਾਵਉਂ, ਮੈਂ ਗਾਉਂਦਾ ਹਾਂ। ਪਰ ਜਦੋਂ ਕ੍ਰਿਆਵਾਚੀ ਸ਼ਬਦ ਦੇ ਪਿੱਛੇ ‘‘ਹੁ” ਆਉਂਦਾ ਹੈ ਤਾਂ ਇਹ ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ ਦੀ ਕ੍ਰਿਆਵਾਚੀ ਸ਼ਬਦ ਦਾ ਲਖਾਇਕ ਹੁੰਦਾ ਹੈ, ਜਿਵੇਂ ਕਿ: ਗਾਵਹੁ = ਤੁਸੀਂ ਗਾਵਹੁ; ਸੁਣਹੁ = ਤੁਸੀਂ ਸੁਣੋ; ਪੜਹੁ = ਤੁਸੀਂ ਪੜ੍ਹੋ ਆਦਿ। ਇਸ ਨਿਯਮ ਨੂੰ ਧਿਆਨ ਵਿਚ ਰੱਖ ਕੇ ਸੋਹਿਲਾ ਸਾਹਿਬ ਦੀ ਇਸ ਤੁਕ ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ! ਸੰਤ ਟਹਲ ਕੀ ਬੇਲਾ॥’’ ਦੇ ਅਰਥ ਕਰਾਂਗੇ ਤਾਂ ਇਸ ਦੇ ਅਰਥ ਬਣਨਗੇ – ਹੇ ਮੇਰੇ ਮਿੱਤਰੋ! ਸੁਣੋ, ਮੈਂ ਬੇਨਤੀ ਕਰਦਾ ਹਾਂ-(ਇਹ ਮਨੁੱਖਾ ਜੀਵਨ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। ਸੋ ਇੱਥੇ ‘ਕਰਉ’ ਦਾ ਸ਼ੁੱਧ ਉਚਾਰਨ ਨਾਸਕੀ ਭਾਵ ਬਿੰਦੀ ਸਹਿਤ ਕਰਨਾ ਹੀ ਠੀਕ ਹੈ ਪਰ ਆਮ ਵੇਖਿਆ ਗਿਆ ਹੈ ਕਿ ਇਸ ਨੂੰ ਬਿਨਾਂ ਬਿੰਦੀ ਉਚਾਰਨ ਕੀਤਾ ਜਾਂਦਾ ਹੈ ਜੋ ਕਿ ਠੀਕ ਨਹੀਂ ਹੈ ਕਿਉਂਕਿ ਬੇਨਤੀ ਵੀ ਤੁਸੀਂ ਕਰੋ ਅਤੇ ਸੁਣੋ ਵੀ ਤੁਸੀਂ; ਇਹ ਅਰਥ ਕਰਨੇ ਢੁਕਵੇਂ ਨਹੀਂ ਹਨ। ਜਿਸ ਤਰ੍ਹਾਂ ਵਿਆਕਰਣਿਕ ਨਿਯਮਾਂ ਅਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਹੀ ਯੋਗ ਹੈ ਇਸੇ ਤਰ੍ਹਾਂ ਯੋਗ ਥਾਵਾਂ ’ਤੇ ਅਲਪ ਵਿਸਰਾਮ ਅਤੇ ਅਰਧ ਵਿਸਰਾਮ ਦੇਣੇ ਵੀ ਅਤਿ ਲਾਜ਼ਮੀ ਹਨ ‘‘ਨਾਨਕ ! ਨਦਰੀ ਬਾਹਰੇ; ਰਾਚਹਿ ਦਾਨਿ, ਨ ਨਾਇ॥’’ (ਸਿਰੀਰਾਗੁ ਮ: ੧, ਅੰਕ 15) ਤੁਕ ਵਿੱਚ ‘ਨਾਨਕ’ ਸੰਬੋਧਨ ਰੂਪ ਵਿੱਚ ਹੋਣ ਕਰਕੇ ਸੰਬੋਧਨੀ ਵਿਸ਼ਰਾਮ! ਦੇ ਕੇ ਅਰਥ ਹੋਣਗੇ- ‘ਨਾਨਕ’ = ਹੇ ਨਾਨਕ! ‘ਨਦਰੀ ਬਾਹਰੇ’ ਤੋਂ ਬਾਅਦ ਅਰਧ ਵਿਸਰਾਮ (;) ਲਾ ਕੇ ਅਰਥ ਹੈ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ‘ਦਾਨਿ’ = ਦਾਨ ਵਿਚ, ਇੱਥੇ ਅਲਪ ਵਿਸਰਾਮ (,) ਲਾਉਣਾ ਜਰੂਰੀ ਹੈ ਜਿਸ ਦੇ ਅਰਥ ਹਨ – ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ‘ਨਾਇ’ = ਪ੍ਰਭੂ ਦੇ ਨਾਮ ਵਿਚ।

ਸੋ, ਇਨ੍ਹਾਂ ਵਿਸਰਾਮਾਂ ਨੂੰ ਧਿਆਨ ਵਿੱਚ ਰੱਖ ਕੇ ਪੂਰੀ ਤੁਕ ਦੇ ਅਰਥ ਹਨ: ‘ਹੇ ਨਾਨਕ ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ।’ ਪਰ ਜੇ ਪਾਠ ਕਰਦੇ ਸਮੇਂ ਵਿਸਰਾਮ ‘ਨ’ ਤੋਂ ਬਾਅਦ ਲਾ ਦਿੱਤਾ ਜਾਵੇ ਤਾਂ ਇਸ ਦੇ ਅਰਥ ਬਣਨਗੇ – ‘ਹੇ ਨਾਨਕ ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਨਹੀਂ ਰਹਿੰਦੇ, ਉਸ ਦੇ ਨਾਮ ਵਿਚ ਜੁੜਦੇ ਹਨ।’ ਇਹ ਅਰਥ ਗੁਰਮਤਿ ਦੇ ਅਨੁਕੂਲ ਨਹੀਂ, ਗੁਰੂ ਦੀ ਭਾਵਨਾ ਅਨੁਸਾਰ ਅਢੁਕਵੇਂ ਹੋਣਗੇ।

ਸੋ, ਯੋਗ ਥਾਵਾਂ ’ਤੇ ਬਿੰਦੀ ਦਾ ਪ੍ਰਯੋਗ ਅਤੇ ਵਿਸਰਾਮਾਂ ਦੀ ਵਰਤੋਂ ਦੀ ਸਾਨੂੰ ਸਮਝ ਤਦੋਂ ਹੀ ਪਵੇਗੀ ਜਦੋਂ ਸਾਨੂੰ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਸੂਝ ਹੋਵੇਗੀ ਅਤੇ ਕਿਸੇ ਚੰਗੇ ਵਿਦਵਾਨ ਤੋਂ ਸੰਥਿਆ ਲੈ ਕੇ ਪਾਠ ਕਰਨਾ ਸਿਖੀਏ। ਬੇਸ਼ੱਕ ਸ਼ੁਰੂ ਵਿੱਚ ਗੁਰਬਾਣੀ ਵਿਆਕਰਨ ਇੱਕ ਔਖਾ ਵਿਸ਼ਾ ਜਾਪਦਾ ਹੈ ਪਰ ਜਦੋਂ ਅਭਿਆਸ ਕਰਨ ਦਾ ਲਗਾਤਾਰ ਯਤਨ ਜਾਰੀ ਰੱਖਾਂਗੇ ਤਾਂ ਇਹੀ ਵਿਸ਼ਾ ਮਿੱਠਾ ਵੀ ਲੱਗਣ ਲੱਗ ਪੈਂਦਾ ਹੈ।

ਗਿਆਨੀ ਹਰਭਜਨ ਸਿੰਘ ਜੀ ਨੇ ਅੱਗੇ ਕਿਹਾ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸ਼ਬਦ ਦੇ ‘ਰਹਾਉ’ ਬੰਦ ਦੀ ਵੀਚਾਰ ਕਰਨ ਤੋਂ ਬਿਨਾਂ ਕਈ ਵਾਰ ਬੰਦਾ ਐਸਾ ਵੀ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਕਿਤੇ ਤਾਂ ਉਪਦੇਸ਼ ਦੇ ਰਹੇ ਹਨ ‘ਗਾਵਹੁ ਸੁਣਹੁ ਪੜਹੁ ਨਿਤ ਭਾਈ !’ ਭਾਵ ਗੁਰੂ ਦੀ ਬਾਣੀ, ਪ੍ਰਭੂ ਦੀ ਸਿਫਤ ਸਾਲਾਹ ਦੀ ਬਾਣੀ ਹਰ ਰੋਜ ਹੀ ਗਾਉਣੀ, ਸੁਣਨੀ ਤੇ ਪੜ੍ਹਨੀ ਚਾਹੀਦੀ ਹੈ ਪਰ ਉਸੇ ਸੋਰਠਿ ਰਾਗੁ ਵਿੱਚ ਅੱਗੇ ਜਾ ਕੇ ਪਾਵਨ ਅੰਕ 656 ’ਤੇ ਭਗਤ ਕਬੀਰ ਸਾਹਿਬ ਜੀ ਲਿਖ ਰਹੇ ਹਨ: ‘‘ਕਿਆ ਪੜੀਐ ? ਕਿਆ ਗੁਨੀਐ ?॥ ਕਿਆ ਬੇਦ ਪੁਰਾਨਾਂ ਸੁਨੀਐ ?॥ ਪੜੇ ਸੁਨੇ ਕਿਆ ਹੋਈ ?॥’’ ਭਾਵ ਪੜ੍ਹਨ ਦਾ, ਵੀਚਾਰ ਕਰਨ ਦਾ ਵੇਦ ਪੁਰਾਣ ਸੁਣਨ ਦਾ ਕੋਈ ਲਾਭ ਹੀ ਨਹੀਂ; ਪੜ੍ਹਨ ਸੁਣਨ ਨਾਲ ਕੁਝ ਨਹੀਂ ਹੁੰਦਾ ਪਰ ਜਦੋਂ ਅਸੀਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਪ੍ਰਗਟ ਕੀਤੇ ਗਏ ਵੀਚਾਰ ਨੂੰ ਸਾਹਮਣੇ ਰੱਖ ਕੇ ਇਹ ਦੋਵੇਂ ਸ਼ਬਦ ਪੜ੍ਹਾਂਗੇ ਤਾਂ ਸਾਨੂੰ ਸਮਝ ਪਏਗੀ ਕਿ ਗੁਰੂ ਅਰਜੁਨ ਸਾਹਿਬ ਜੀ ਸਾਨੂੰ ਗੁਰਬਾਣੀ ਪੜ੍ਹਨ ਅਤੇ ਪ੍ਰਭੂ ਦੇ ਸਿਮਰਨ ਕਰਨ ਦਾ ਉਪਦੇਸ਼ ਦੇ ਰਹੇ ਹਨ ਪਰ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਗਵਾਰ ਮਨੁੱਖ ! ਤੂੰ ਵਾਰ ਵਾਰ ਕੀ ਸੋਚ ਵੀਚਾਰ ਕਰ ਰਿਹਾ ਹੈਂ ? ਤੂੰ ਹਰੀ ਪ੍ਰਭੂ ਦਾ ਨਾਮ ਕਿਉਂ ਨਹੀਂ ਜਪਦਾ: ‘‘ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ? ॥੧॥ ਰਹਾਉ ॥’’ ਜੇ ਵੇਦ ਪੁਰਾਣ ਪੜ੍ਹ ਕੇ ਵੀ ‘‘ਜਉ ਸਹਜ ਨ ਮਿਲਿਓ ਸੋਈ ॥੧॥’’ ਤਾਂ ਵੇਦ ਪੁਰਾਣ ਪੜ੍ਹਨ, ਸੁਣਨ ਤੇ ਇਸ ਦੀ ਵਿਆਕਰਨ ਅਨੁਸਾਰ ਕੀਤੀ ਗਈ ਵਿਚਾਰ/ਵਿਆਖਿਆ ਦਾ ਕੋਈ ਫਾਇਦਾ ਨਹੀਂ ਹੈ। ਇਹ ਉਪਦੇਸ਼ ਕੇਵਲ ਬ੍ਰਾਹਮਣ ਪੂਜਾਰੀਆਂ ਲਈ ਹੀ ਨਹੀਂ ਹੈ ਜੇਕਰ ਅਸੀਂ ਸਿੱਖ ਵੀ ਕੇਵਲ ਗਿਣਤੀ ਦੇ ਪਾਠ ਕਰਦੇ ਰਹੇ, ਸ਼ਬਦ ਨੂੰ ਵਿਚਾਰਿਆ ਨਹੀਂ, ਵਿਆਕਰਨ ਅਨੁਸਾਰ ਅਰਥਾਂ ਦੀ ਡੂੰਘੀ ਵਿਚਾਰ ਨਹੀਂ ਕੀਤੀ, ਜੇਕਰ ਗੁਰਬਾਣੀ ਵਿੱਚ ਦਰਜ ਉਪੇਦਸ਼ ਸਮਝਣ ਉਪ੍ਰੰਤ ਆਪਣਾ ਜੀਵਨ ਉਸ ਉਪਦੇਸ਼ ਅਨੁਸਾਰ ਨਹੀਂ ਢਾਲ਼ਦੇ ਤਾਂ ਸਾਡੇ ਵੱਲੋਂ ਕੀਤੇ ਪਾਠ ਪਠਨ ਤੇ ਵਿਆਖਿਆ ਆਦਿ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਪੰਡਿਤ ਲਈ ਬਚਨ ਉਚਾਰਨ ਕੀਤੇ ਗਏ ਹਨ: ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ? ਖਰ ਚੰਦਨ ਜਸ ਭਾਰਾ ॥’’ ਕਿਉਂਕਿ ਗੁਰੂ ਸਾਹਿਬ ਜੀ ਨੇ ਜਿਹੜਾ ਉਪਦੇਸ਼ ਪੰਡਿਤਾਂ, ਕਾਜ਼ੀਆਂ ਨੂੰ ਦਿੱਤਾ ਹੈ ਉਹੀ ਸਿੱਖਾਂ ’ਤੇ ਵੀ ਲਾਗੂ ਹੁੰਦਾ ਹੈ।