ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੀ ਲੋੜ ਕਿਉਂ ਪਈ?
ਗੁਰੂ ਖਾਲਸਾ ਪੰਥ ਦੇ ਨਿਰਮਲ-ਨਿਆਰੇ ਗੁਰਮਤਿ ਸਿਧਾਂਤਾਂ ਨੂੰ ਜੀਵਨ ਅਮਲ ਵਿਚ ਅਮਲਾਉਣ ਅਤੇ ਪ੍ਰਚਾਰਨ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਜੀ ਵੱਲੋਂ ਹਰ ਗੁਰਸਿੱਖ ਨੂੰ ਬਖ਼ਸ਼ਿਸ਼ ਕੀਤੀ ਗਈ।“ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖ਼ਾਲਸੇ ਕਾ ਦੇ ਗੁਰੂ-ਬਖ਼ਸ਼ੇ ਸਿਧਾਂਤਾਂ ਤੇ ਖਾਲਸਾ ਪੰਥ ਅੰਦਰ ਸਮੇਂ ਦੇ ਗੇੜ ਨਾਲ ਐਸਾ ਅਵੇਸਲਾਪਨ ਆਇਆ ਕਿ ਮੁੜ ਇਹ ਅਨਮਤੀ ਅਤੇ ਮਨਮਤੀ ਰੀਤਾਂ-ਰਸਮਾਂ, ਅਖੌਤੀ ਧਰਮ ਕਰਮਾਂ ਦੇ ਗਲਬੇ ਹੇਠ ਆਉਣਾ ਬੜੀ ਤੇਜ਼ੀ ਨਾਲ ਸ਼ੁਰੂ ਹੋਇਆ। ਸ਼ਖ਼ਸੀ ਪੂਜਾ ਦੇ ਹਮਾਇਤੀ ਅਖੌਤੀ ਸੰਤਮਹੰਤ, ਡੇਰੇਦਾਰ ਅਤੇ ਹੋਰ ਨਾਂਵਾਂ ਹੇਠ ਅਜਿਹੇ ਸਰਗਰਮ ਹੋਏ ਜਿਨ੍ਹਾਂ ਨੇ ਆਮ ਸਾਧਾਰਨ ਗੁਰਸਿੱਖ ਜਗਿਆਸੂ ਨੂੰ ਤੱਤ ਗੁਰਮਤਿ ਸਿਧਾਂਤਾਂ, ਇਤਿਹਾਸ ਅਤੇ ਅਮੀਰ ਵਿਰਸੇ ਨਾਲ ਨਾ ਜੁੜਨ ਦਿੱਤਾ ਤੇ ਨਾ ਹੀ ਮੁੜਨ ਦਿੱਤਾ। ਭਾਵੇਂ ਉਕਤ ਹਾਲਾਤ ਬੜੇ ਸਾਜ਼ਸ਼ੀ ਢੰਗ ਨਾਲ ਵਿਉਂਤੇ ਗਏ ਮਗਰ ਖਾਲਸਾ ਪੰਥ ਦੀ ਕੌਮੀ ਸੋਚ ਵਾਲੀਆਂ ਪੰਥਦਰਦੀ ਰੂਹਾਂ ਹਮੇਸ਼ਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਅਗਵਾਈ ਵਿਚ ਆਪਣੇ ਕੌਮੀ ਵਿਰਸੇ-ਸਿਧਾਂਤ-ਮਰਯਾਦਾ ਤੇ ਸਰੂਪ ਦੀ ਰਾਖੀ ਲਈ ਤੱਤਪਰ ਰਹਿ ਕੇ ਬਿਖੜੇ ਤੋਂ ਬਿਖੜੇ ਹਾਲਾਤਾਂ ਵਿਚ ਵੀ ਹਰ ਜੋਖਮ ਸਹਿ ਕੇ ਸੇਵਾ ਲਈ ਨਿੱਤਰਦੀਆਂ ਰਹੀਆਂ ਹਨ। ਐਸੀਆਂ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਰੂਹਾਂ ਨੇ ਬੜੀ ਤੀਬਰਤਾ ਨਾਲ ਕੌਮੀ ਹਾਲਾਤਾਂ ਨੂੰ ਨਾ ਕੇਵਲ ਨੇੜਿਉਂ ਵੇਖਿਆ ਬਲਕਿ ਕੌਮ ਦੀ ਵਿਗੜੀ ਸੰਵਾਰਨ ਲਈ ਧਰਮ ਪ੍ਰਚਾਰ ਦੇ ਖੇਤਰ ਵਿਚ ਨਵੇਂ ਢੰਗ ਤਰੀਕਿਆਂ ਨਾਲ ਦੂਜੀਆਂ ਕੌਮਾਂ ਦੇ ਹਾਣੀ ਬਣ ਕੇ ਕੰਮ ਕਰਨ ਦਾ ਫੈਸਲਾ ਲਿਆ। ਬੇਸ਼ੱਕ ਇਸ ਲਹਿਰ ਦਾ ਅਰੰਭ ਸਿੰਘ ਸਭਾ ਲਹਿਰ ਦੇ ਮੁਖੀਆਂ ਵੱਲੋਂ ਉੱਨੀਵੀਂ ਸਦੀ ਦੇ ਛੇਵੇਂ ਸਤਵੇਂ ਦਹਾਕੇ ਵਿਚ ਹੀ ਕਰ ਦਿੱਤਾ ਗਿਆ ਸੀ। ਉਸੇ ਲਹਿਰ ਨੂੰ 1947 ਤੋਂ ਬਾਅਦ ਪੰਥ ਦਰਦੀਆਂ ਨੇ ਦਿੱਲੀ ਤੋਂ ਘਰ-ਘਰ ਗੁਰਬਾਣੀ, ਗੁਰ-ਇਤਿਹਾਸ, ਸਿੱਖ ਇਤਿਹਾਸ ਅਤੇ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰਨ ਦੀਆਂ ਸਰਗਰਮੀਆਂ ਨਾਲ ਅਰੰਭ ਕਰਕੇ ਪੂਰੇ ਸਿੱਖ ਸੰਸਾਰ ਨੂੰ ਇਸ ਲਹਿਰ ਨਾਲ ਜੋੜਨ ਦਾ ਲੰਮੇਰਾ ਤੇ ਸਾਹਸ ਭਰਿਆ ਸੁਪਨਾ ਲਿਆ।
ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਗੁਰੂ ਖਾਲਸਾ ਪੰਥ ਨੂੰ ਮਨ-ਬਚਨ-ਕਰਮ ਕਰਕੇ ਸਮਰਪਿਤ ਰੂਹਾਂ ਦੀ ਇਕ ਮਾਣਮਤੀ ਦੇਣ ਹੈ ਜਿਨ੍ਹਾਂ ਵਿਚ ਇਹ ਗੁਰਮੁਖ ਪਿਆਰੇ ਸ਼ਾਮਿਲ ਸਨ : ਸ: ਕੰਵਰ ਮਹਿੰਦਰ ਪ੍ਰਤਾਪ ਸਿੰਘ, ਗਿਆਨੀ ਜਗਮੋਹਨ ਸਿੰਘ, ਗਿਆਨੀ ਜੀਤ ਸਿੰਘ, ਡਾ. ਸੁਜਾਨ ਸਿੰਘ, ਸ: ਇੰਦਰਜੀਤ ਸਿੰਘ, ਸ: ਬਲਵਿੰਦਰ ਸਿੰਘ, ਸ: ਜਸਬੀਰ ਸਿੰਘ, ਸ: ਗੁਰਦਿਆਲ ਸਿੰਘ, ਡਾ. ਤੇਜਿੰਦਰ ਸਿੰਘ, ਸ: ਗਿਆਨ ਸਿੰਘ, ਸ: ਗੁਰਦੇਵ ਸਿੰਘ, ਸ: ਗੁਰਬਖਸ਼ ਸਿੰਘ, ਸ: ਪ੍ਰਭਦਿਆਲ ਸਿੰਘ, ਸ: ਇਕਬਾਲ ਸਿੰਘ, ਸ: ਗੁਰਚਰਨ ਸਿੰਘ, ਸ: ਬਲਵੰਤ ਸਿੰਘ ਮਿਸ਼ਨਰੀ, ਬੀਬੀ ਹਰਚਰਨ ਕੌਰ, ਬੀਬੀ ਬਲਵੰਤ ਕੌਰ ਭੈਣ ਜੋਗਿੰਦਰ ਕੌਰ ਤਾਲਾਪੁਰ ਵਾਲੇ ਸਮੂਹ ਪਰਿਵਾਰ ਅਤੇ ਹੋਰ ਬਹੁਤ ਸਾਰੇ ਵੀਰ।
ਰੈਗੂਲਰ ਕਾਲਜ ਦੀ ਸਥਾਪਨਾ
10 ਜੁਲਾਈ 1983 ਦੇ ਮੁਬਾਰਕ ਦਿਨ ਇਸ ਗੁਰੂ ਪੰਥ ਦੀ ਨਿਵੇਕਲੀ ਸੰਸਥਾ ਦਾ ਅਰੰਭ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸ: ਹਰਚਰਨ ਸਿੰਘ ਜੀ ਮਹਾਲੋਂ ਵੱਲੋਂ ਕੀਤਾ ਗਿਆ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਅਰੰਭਤਾ ਦੀ ਅਰਦਾਸ ਕੀਤੀ। ਪਹਿਲੇ ਬੈਚ ਦੀ ਸੰਥਿਆ ਦਾ ਅਰੰਭ ਗਿ: ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਨੇ ਕਰਵਾਇਆ ਜੋ ਅੱਜ ਤੱਕ ਕਾਲਜ ਨੂੰ ਭਰਪੂਰ ਸਹਿਯੋਗ ਦਿੰਦੇ ਆ ਰਹੇ ਹਨ।
ਸੰਸਾਰ ਦੀਆਂ ਦੂਜੀਆਂ ਕੌਮਾਂ ਈਸਾਈ ਤੇ ਮੁਸਲਮਾਨਾਂ ਵਾਂਗ ਇਸ ਸੰਸਥਾ ਦਾ ਅਰੰਭ ਕਿਸੇ ਆਲੀਸ਼ਾਨ ਇਮਾਰਤ ਵਿਚ ਨਾ ਕਰਕੇ ਪਹਿਲੇ ਪ੍ਰਿੰਸੀਪਲ ਜਸਬੀਰ ਸਿੰਘ ਜੀ ਵੱਲੋਂ ਚਲਾਏ ਜਾਂਦੇ ਮੁਰਗੀਖਾਨੇ ਵਿੱਚ ਰੋਪੜ-ਬੇਲਾ ਸੜਕ ਤੇ ਪਿੰਡ ਚੌਂਤਾ-ਭਲਿਆਣ ਵਿਖੇ ਕੀਤਾ ਗਿਆ। ਸੰਸਾਰਕ ਸੁਖ ਸਹੂਲਤਾਂ ਤੋਂ ਬਿਲਕੁਲ ਸੱਖਣੇ ਇਸ ਅਦਾਰੇ ਦੇ ਪ੍ਰਬੰਧਕਾਂ ਨੂੰ ਜਿਥੇ ਗੁਰੂ ਵੱਲੋਂ ਬਖ਼ਸ਼ਿਆ ਹੌਸਲਾ, ਸਬਰ ਤੇ ਦਿੱਤਾ ਹੀ ਸੀ ਉੱਥੇ ਗੁਰੂ ਸੰਗਤਾਂ ਵੱਲੋਂ ਇਸ ਮਹਾਨ ਕਾਰਜ ਲਈ ਮਿਲਣ ਵਾਲੇ ਸਹਿਯੋਗ ਦਾ ਅਡਿੱਗ ਭਰੋਸਾ ਵੀ ਸੀ।
ਅਦਾਰੇ ਦੇ ਪਹਿਲੇ ਪ੍ਰਬੰਧਕ: ਡਾ. ਤਰਲੋਚਨ ਸਿੰਘ ਚੰਡੀਗੜ੍ਹ, ਸ: ਜਗਜੀਤ ਸਿੰਘ ਸਿਦਕੀ ਲੁਧਿਆਣਾ ਅਤੇ ਸ: ਗੁਰਬਖਸ਼ ਸਿੰਘ ਜਲੰਧਰ। ਅਦਾਰੇ ਦੇ ਅਰੰਭਕ ਪ੍ਰਿੰਸੀਪਲ: ਪ੍ਰਿੰ: ਜਸਬੀਰ ਸਿੰਘ ਰੋਪੜ, ਅਧਿਆਪਕ ਗਿਆਨੀ ਬਲਜੀਤ ਸਿੰਘ ਰੋਪੜ।
ਮੁੱਖ ਨਿਸ਼ਾਨਾ :
ਇਸ ਅਦਾਰੇ ਅੰਦਰ ਗੁਰਮਤਿ ਵਿੱਦਿਆ ਦਾ ਗਿਆਨ ਅਤੇ ਸੇਵਾ ਸਿਮਰਨ ਦੀ ਜੁਗਤਿ ਨੂੰ ਵੰਡ ਕੇ ਕੋਈ ਕਰਮਕਾਂਡੀ ਬਿਰਤੀ ਵਾਲੀ ਪੁਜਾਰੀ ਜਮਾਤ ਪੈਦਾ ਕਰਨਾ ਨਹੀਂ ਹੈ। ਇੱਥੋਂ ਵਿੱਦਿਆ ਗ੍ਰਹਿਣ ਕਰਨ ਵਾਲਿਆਂ ਅੰਦਰ ਸਿੱਖ ਹੋਣ ਦਾ ਗੌਰਵ ਪੈਦਾ ਕਰਨਾ ਹੈ । ਕੌਮ ਪ੍ਰਤੀ ਆਪਣੇ ਫ਼ਰਜ਼ਾਂ ਦਾ ਰੂਹ ਦੇ ਤੁੱਲ ਅਹਿਸਾਸ ਕਰਵਾਉਣਾ ਹੈ। ਕੌਮ ਨੂੰ ਦਰਪੇਸ਼-ਧਾਰਮਿਕ, ਸਮਾਜਿਕ ਅਤੇ ਹੋਰ ਚੁਣੌਤੀਆਂ ਨੂੰ ਗੁਰੂ ਵਲੋਂ ਬਖ਼ਸ਼ੇ ਜ਼ਬਤ ਨਾਲ ਹੱਲ ਕਰਨਾ ਹੈ।ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਲਈ ਸਿਰੜ ਨਾਲ ਹਰ ਕਿਸਮ ਦੇ ਦੁੱਖ ਸੁਖ ਪਿੰਡੇ ਤੇ ਸਹਿ ਕੇ ਕੰਮ ਕਰਨਾ ਇਸ ਅਦਾਰੇ ਦਾ ਮੂਲ ਮੰਤਵ ਹੈ।ਕੌਮ ਅੰਦਰ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਨੂੰ ਨਿਰਲੋਭ, ਨਿਰਵੈਰ ਤੇ ਨਿਰਭੈ ਬਿਰਤੀ ਨਾਲ ਪ੍ਰਚਾਰਨ ਦੀ ਭਾਵਨਾ ਨੂੰ ਇੱਥੋਂ ਵਿੱਦਿਆ ਲੈਣ ਵਾਲਿਆਂ ਅੰਦਰ ਪੈਦਾ ਕਰਕੇ ਕੌਮੀ ਉਸਾਰੀ ਦੇ ਸੱਚੇ-ਸੁੱਚੇ ਵਫਾਦਾਰ ਪਹਿਰੇਦਾਰ ਬਣਾਉਣਾ ਇਸ ਸੰਸਥਾ ਦਾ ਮੁੱਖ ਨਿਸ਼ਾਨਾ ਹੈ।
ਕਾਲਜ ਦੀ ਕੌਮ ਨੂੰ ਇਕ ਵੱਡੀ ਦੇਣ ਅਤੇ ਗੁਰਮਤਿ ਪ੍ਰਚਾਰ ਸੇਵਾ ਵਿੱਚ ਯੋਗਦਾਨ
ਇਸ ਸੰਸਥਾ ਵਿਚੋਂ 1983 ਤੋਂ ਹੁਣ ਤੱਕ ਲਗਭਗ ਇਕ ਹਜ਼ਾਰ ਤੋਂ ਵੀ ਵੱਧ ਪ੍ਰਚਾਰਕ ਤਿਆਰ ਹੋ ਕੇ ਕੌਮੀ ਸੇਵਾ ਲਈ ਕੰਮ ਕਰ ਰਹੇ ਹਨ।ਉਨ੍ਹਾਂ ਵਿੱਚ, ਕੌਮ ਦੇ ਮਾਣ ਸਤਿਕਾਰ ਦੇ ਹੱਕਦਾਰ ਬਣਨ ਵਾਲੇ ਇਹ ਸੱਜਣ ਵੀ ਸ਼ਾਮਿਲ ਹਨ ਜੋ ਸਤਿਕਾਰਯੋਗ ਥਾਵਾਂ ਤੇ ਸੇਵਾ ਨਿਭਾ ਰਹੇ ਹਨ:-
ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ
ਸਿੰਘ ਸਾਹਿਬ ਭਾਈ ਰਣਜੋਧ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ
ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ
ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣਾ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੰਘ ਸਾਹਿਬ ਭਾਈ ਸਤਨਾਮ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੰਘ ਸਾਹਿਬ ਭਾਈ ਰਾਜਿੰਦਰ ਸਿੰਘ ਜੀ ਹੈੱਡ ਗ੍ਰੰਥੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੰਘ ਸਾਹਿਬ ਭਾਈ ਸੁਖਦਰਸ਼ਨ ਸਿੰਘ ਜੀ ਹੈੱਡ ਗ੍ਰੰਥੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਭਾਈ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਭਾਈ ਫੂਲਾ ਸਿੰਘ ਜੀ ਹੈੱਡ ਗ੍ਰੰਥੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
ਭਾਈ ਗੁਰਜੰਟ ਸਿੰਘ ਜੀ ਹੈੱਡ ਗ੍ਰੰਥੀ, ਤਖ਼ਤ ਸ੍ਰੀ ਦਮਦਮਾ ਸਾਹਿਬ
ਗਿਆਨੀ ਸਾਹਿਬ ਸਿੰਘ ਜੀ ਕਨੇਡਾ
ਭਾਈ ਅਵਤਾਰ ਸਿੰਘ ਜੀ ਮਿਸ਼ਨਰੀ ਯੂ.ਐੱਸ.ਏ
ਗਿਆਨੀ ਰਵੀ ਸਿੰਘ ਜੀ
ਭਾਈ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦੱੁਖ ਨਿਵਾਰਨ ਸਾਹਿਬ ਲੁਧਿਆਣਾ
ਭਾਈ ਪਰਦੀਪ ਸਿੰਘ ਜੀ ਜਲੰਧਰ
ਭਾਈ ਸੁਖਵਿੰਦਰ ਸਿੰਘ ਵਾਈਸ ਪ੍ਰਿੰਸੀਪਲ ਦਸ਼ਮੇਸ਼ ਗੁਰਮਤਿ ਵਿਿਦਆਲਾ
ਅਤੇ ਹੋਰ ਬਹੁਤ ਸਾਰੇ ਮਿਸ਼ਨਰੀ ਭਾਰਤ ਅਤੇ ਇਸ ਤੋਂ ਬਾਹਰ ਵੀ ਪ੍ਰਮੁੱਖ ਸਟੇਜਾਂ ਤੇ ਸੇਵਾ ਨਿਭਾ ਰਹੇ ਹਨ।ਇਹ ਸਾਰੇ ਵਿਦਵਾਨ ਇਸ ਕਾਲਜ ਤੋਂ ਸਿੱਖਿਆ ਲੈ ਚੁੱਕੇ ਹਨ।
ਅਦਾਰੇ ਦੀਆਂ ਪ੍ਰਚਾਰਕ ਸਰਗਰਮੀਆਂ:
ਇਸੇ ਸੰਸਥਾ ਦੇ ਅਧਿਆਪਕ ਅਤੇ ਵਿਦਿਆਰਥੀ ਇਕ ਪਰਿਵਾਰ ਵਾਂਗ ਕੰਮ ਕਰਦੇ ਹਨ। ਗੁਰਮਤਿ ਪ੍ਰਚਾਰ ਲਈ ਨੇੜੇ ਅਤੇ ਦੂਰ ਦੁਰਾਡੇ ਇਥੋਂ ਪ੍ਰਚਾਰਕ ਸੇਵਾ ਲਈ ਜਾਂਦੇ ਹਨ।ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਅਤੇ ਹੋਰ ਜਥੇਬੰਦੀਆਂ ਅਜਿਹੇ ਸਮੇਂ ਸਹਿਯੋਗੀ ਹੁੰਦੀਆਂ ਹਨ। ਬਾਹਰਲੇ ਦੇਸ਼ਾਂ ਵਿਚ ਵੀ ਮਿਸ਼ਨਰੀ ਵੀਰ ਪ੍ਰਚਾਰਕ ਦੌਰਿਆਂ ਤੇ ਜਾ ਕੇ ਗੁਰਮਤਿ ਦੇ ਪ੍ਰਸਾਰ ਹਿਤ ਸੇਵਾ ਨਿਭਾਉਂਦੇ ਹਨ।
ਅਦਾਰੇ ਦੀਆਂ ਲੋੜਾਂ: .
ਇਹ ਅਦਾਰਾ ਸਿੱਖ ਜਥੇਬੰਦੀਆਂ ਅਤੇ ਕਾਰੋਬਾਰੀ ਗੁਰਸਿੱਖਾਂ ਦੇ ਸਹਿਯੋਗ ਨਾਲ ਚਲਦਾ ਹੈ।ਇਸ ਲਈ ਕਾਲਜ ਦੇ ਸਾਰੇ ਸਰਕਲਾਂ ਰੋਪੜ, ਲੁਧਿਆਣਾ, ਗੋਬਿੰਦਗੜ੍ਹ, ਖੰਨਾ, ਨੰਗਲ, ਬਠਿੰਡਾ, ਜਲੰਧਰ, ਫਗਵਾੜਾ, ਗੁਨਿਆਣਾ ਮੰਡੀ, ਗਾਜ਼ੀਆਬਾਦ, ਦਿੱਲੀ, ਮੁੰਬਈ, ਗਾਂਧੀਧਾਮ ਗੁਜਰਾਤ, ਯੂ.ਐਸ.ਏ., ਕੈਨੇਡਾ ਆਦਿ ਰਾਹੀਂ ਨਿੱਤਨੇਮ ਪਾਠ ਬੋਧ ਸਮਾਗਮ, ਗੁਰਮਤਿ ਕਲਾਸਾਂ ਅਤੇ ਗੁਰਮਤਿ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ।
ਇਮਾਰਤ ਲਈ ਇੱਟਾਂ, ਬਜਰੀ, ਰੇਤਾ-ਸੀਮਿੰਟ, ਸਰੀਆ ਤੇ ਹੋਰ ਸਮੱਗਰੀ ਸਦਾ ਲੋੜੀਂਦੀ ਹੈ। ਲੰਗਰ ਲਈ ਕਣਕ, ਚੌਲ, ਖੰਡ-ਘਿਓ, ਚਾਹ ਪੱਤੀ, ਦਾਲਾਂ, ਭਾਜੀਆਂ ਆਦਿ ਰੋਜ਼ਾਨਾ ਲੋੜੀਂਦੀਆਂ ਹਨ।
ਵਿਦਿਆਰਥੀਆਂ ਲਈ ਵਰਦੀਆਂ ਅਤੇ ਦੁਨਿਆਵੀ ਪੜ੍ਹਾਈ ਸਬੰਧੀ ਖਰਚ:
180 ਵਿਦਿਆਰਥੀਆਂ ਨੂੰ ਹਰ ਸਾਲ ਦੋ ਜਾਂ ਚਾਰ ਵਰਦੀਆਂ ਗਰਮੀਆਂ-ਸਰਦੀਆਂ ਲਈ ਲੋੜੀਂਦੀਆਂ ਹਨ।ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਬੀ.ਏ. ਚੋਣਵੇਂ ਵਿਸ਼ਿਆਂ ਵਿੱਚ ਕਰਵਾਈ ਜਾਂਦੀ ਹੈ ਲੋੜਵੰਦ ਬੱਚਿਆਂ ਲਈ ਮਾਇਕ ਫੀਸ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ ਆਪ ਜੀ ਇਹਨਾਂ ਸੇਵਾਵਾਂ ਵਿੱਚ ਹਿੱਸਾ ਪਾ ਸਕਦੇ ਹੋ ।
ਦਵਾਖਾਨਾ:
ਇਥੇ ਦਵਾਖ਼ਾਨਾ ਵੀ ਹੈ। ਇਸ ਲਈ ਡਾਕਟਰ ਦੀ ਤਨਖ਼ਾਹ ਅਤੇ ਦਵਾਈਆਂ ਦੀ ਲੋੜ ਹੈ। ਆਪ ਜੀ ਸਹਾਇਤਾ ਕਰਕੇ ਭਾਰ ਵੰਡਾ ਸਕਦੇ ਹੋ।
ਕੰਪਿਊਟਰ ਸਿੱਖਿਆ ਲਈ ਲੈਬ
ਧਾਰਮਿਕ ਵਿਦਿਆ ਦੇ ਨਾਲ ਨਾਲ ਵਿਦਿਆਰਥੀਆਂ ਦਾ ਤਕਨੀਕੀ ਪੱਧਰ ਉੱਚਾ ਚੁੱਕਣ ਲਈ ਕਾਲਜ ਵਿਖੇ ਕੰਪਿਊਟਰ ਲੈਬ ਵੀ ਸਥਾਪਿਤ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਅਤੇ ਕੰਪਿਊਟਰ ਸਾਫਟਵੇਅਰ ਐੱਮ. ਐੱਸ. ਵਰਡ ਆਦਿ ਸਿਖਾਏ ਜਾਂਦੇ ਹਨ।
ਸਰੀਰਕ ਕਸਰਤ ਲਈ ਜਿੰਮ
ਧਰਮ ਦੀ ਦੁਨੀਆ ਵਿਚ ਬਾਣੀ ਰਾਹੀਂ ਜਿੰਨਾ ਜਰੂਰੀ ਮਨ ਅਤੇ ਆਤਮਾ ਨੂੰ ਮਜਬੂਤ ਕਰਨਾ ਹੈ।ਉਨ੍ਹਾਂ ਹੀ ਜਰੂਰੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਹੈ। ਇਸ ਲਈ ਕਾਲਜ ਵਿਚ ਵਿਦਿਆਰਥੀਆਂ ਦੀ ਸਰੀਰਕ ਕਸਰਤ ਲਈ ਜਿਮ ਸਥਾਪਿਤ ਕੀਤਾ ਗਿਆ ਹੈ।
ਆਵਾਜਾਈ ਦੇ ਸਾਧਨ:
ਪ੍ਰਚਾਰ ਖੇਤਰ ਵਿਚ ਵਿਚਰਨ, ਲੰਗਰ ਆਦਿ ਭਾਰੀ ਸਮਾਨ ਲਿਆਉਣ ਲਈ ਤੇ ਖੇਤੀ ਦੇ ਕੰਮ ਸਬੰਧੀ ਕਾਰਾਂ ਤੇ ਟਰੈਕਟਰ ਆਦਿ ਦੀ ਵਰਤੋਂ ਦੀ ਲੋੜ ਹਰ ਸਮੇਂ ਰਹਿੰਦੀ ਹੈ।ਸੰਗਤਾਂ ਇਸ ਵਿਚ ਵੀ ਸਹਿਯੋਗ ਪਾ ਸਕਦੀਆਂ/ਪਾਉਂਦੀਆਂ ਹਨ।
ਪ੍ਰਚਾਰ ਸਮੱਗਰੀ
ਕਾਲਜ ਵਲੋਂ ਗੁਰਮਤਿ ਸਾਹਿਤ ਸਿਧਾਂਤਕ ਪੱਖੋਂ ਤਿਆਰ ਕਰਕੇ ਵੰਡਿਆ ਜਾਂਦਾ ਹੈ। ਇਸ ਲਈ ਤੁਹਾਡਾ ਯੋਗਦਾਨ ਅਤਿ ਲੋੜੀਂਦਾ ਹੈ। ਪਿੰਡਾਂ ਵਿਚ ਫ਼ਿਲਮਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕਰਨ ਲਈ ਪ੍ਰੋਜੈਕਟਰਾਂ ਦੀ ਲੋੜ ਰਹਿੰਦੀ ਹੈ। ਕਾਲਜ ਵਲੋਂ ਗੁਰਮਤਿ ਪ੍ਰਚਾਰ ਹਿਤ ਮੈਗਜ਼ੀਨ ਮਿਸ਼ਨਰੀ ਸੇਧਾਂ ਹਰ ਮਹੀਨੇ ਛਾਪਿਆ ਜਾਂਦਾ ਹੈ ਤਾਂ ਕਿ ਸੰਗਤਾਂ ਨੂੰ ਗੁਰ-ਸ਼ਬਦ, ਗੁਰ-ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਨਾਲ ਜੋੜਿਆ ਜਾ ਸਕੇ।
ਸਾਡੇ ਹੋਰ ਸੁਪਨੇ:
ਗੁਰਮਤਿ ਦੇ ਪ੍ਰਚਾਰ ਲਈ ਹੋਰ ਐਸੇ ਅਦਾਰੇ ਵਿਸ਼ਵ ਭਰ ਵਿਚ ਸਥਾਪਤ ਕਰਨੇ। ਗੁਰਮਤਿ ਸੋਚ ਵਾਲੇ ਅਧਿਆਪਕ ਤਿਆਰ ਕਰਨੇ।ਵਿਦਵਾਨ ਪ੍ਰਚਾਰਕ ਕੌਮ ਨੂੰ ਦੇਣੇ। ਕੌਮ ਦੀ ਨੌਜੁਆਨ ਪੀੜੀ ਤੇ ਆਉਣ ਵਾਲੀ ਪੀੜੀ ਦੀ ਸੰਭਾਲ ਲਈ ਗੁਰਮਤਿ ਸਿਖਲਾਈ ਕੈਂਪ ਲਾਉਣੇ। ਗੁਰਮਤਿ ਲਿਟਰੇਚਰ ਛਪਵਾ ਕੇ ਸੰਗਤਾਂ ਵਿਚ ਗੁਰਮਤਿ ਪ੍ਰਚਾਰ ਹਿਤ ਵੰਡਣਾ, ਗੁਰਪੁਰਬਾਂ ਤੇ ਟ੍ਰੈਕਟ ਛਪਵਾ ਕੇ ਫਰੀ ਵੰਡਣਾ।
ਇਹ ਅਦਾਰਾ ਆਪ ਜੀ ਦੇ ਸਹਿਯੋਗ ਨਾਲ ਹੀ ਚਲਦਾ ਹੈ। ਦਿਲ ਖੋਲ੍ਹ ਕੇ ਮਾਇਕ ਮਦਦ ਕਰਕੇ ਕੌਮ ਦੀ ਸਿਧਾਂਤ ਪੱਖੋਂ ਉਸਾਰੀ ਵਿਚ ਹਿੱਸਾ ਪਾਉ ਜੀ।
ਜਿਹੜੇ ਸੱਜਣ ਵਿਦਿਆਰਥੀਆਂ ਨੂੰ ਸਰੀਰਕ ਸੰਭਾਲ, ਫਸਟਏਡ, ਸਮਾਜਿਕ ਸੇਵਾ ਆਦਿ ਵਿਸ਼ਿਆਂ ਤੇ ਲੈਕਚਰ ਰਾਹੀਂ ਗਿਆਨ ਦੇ ਸਕਦੇ ਹਨ।ਉਹ ਜਰੂਰ ਇਸ ਲਈ ਕਾਲਜ ਨੂੰ ਸਹਿਯੋਗ ਦੇਣ ਜੀ।