ਘਾਲਿ ਖਾਇ ਕਿਛੁ ਹਥਹੁ ਦੇਇ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ ਤੇ ਐਡਮਨਿਸਟੇਸ਼ਨ)
ਜਨਮ ਸਾਖੀਆਂ ਵਿੱਚ ਸੰਕੇਤ ਮਿਲਦਾ ਹੈ ਕਿ ਜੇ ਕਿਸੇ ਤੇ ਗੁਰੂ ਨਾਨਕ ਸਾਹਿਬ ਜੀ ਤ੍ਰੁਠ ਪੈਂਦੇ ਤਾਂ ਉਸ ਨੂੰ ਅਸੀਸ ਦਿੰਦੇ, ‘ਤੈਨੂੰ ਕਰਤਾਰ ਚਿਤ ਆਵੈ॥’ ਪਰਮਾਤਮਾ ਦੇ ਸਾਰੇ ਗੁਣਾਂ ਵਿੱਚੋਂ ਉਨ੍ਹਾਂ ਨੂੰ ਅਕਾਲ ਪੁਰਖ ਦਾ ‘ਕਰਤਾਰ’ ਹੋਣ ਦਾ ਗੁਣ ਸਭ ਤੋਂ ਵਧੇਰੇ ਪਿਆਰਾ ਤੇ ਮਹਾਨ ਜਾਪਦਾ ਸੀ। ਕਰਤਾ ਪੁਰਖ ਹੋਣ ਕਰਕੇ ਪ੍ਰਭੂ ਆਪ ਕਿਰਤੀ ਹੈ, ‘‘ਕੁਦਰਤਿ ਕਰ ਕੈ ਵਸਿਆ ਸੋਇ॥’’ ਸਰਬ ਵਿਆਪੀ ਹੈ, ‘‘ਰੰਗੀ ਰੰਗੀ ਭਾਤੀ ਕਰਿ ਕਰਿ, ਜਿਨਸੀ ਮਾਇਆ॥’’ (ਪੰਨਾ ੯) ਦੀ ਉਤਪਤੀ ਕਰਦਾ ਹੈ ਇਸ ਲਈ ਸਿਰਜਣਹਾਰ ਹੈ।
ਪਰਮਾਤਮਾ ਜੋ ਕਰਦਾ ਹੈ ਉਹ ਹੀ ਵਾਪਰਦਾ ਹੈ। ਕਰਤਾਰ ਦੀ ਮੁੱਖ ਬਿਰਤੀ ਹੀ ਕਿਰਤੀ ਹੈ ਰਚਨਾ ਕਰਨ ਵਾਲੀ ਹੈ, ਕੁਝ ਘੜਨ ਉਸਾਰਨ ਦੀ ਬਿਰਤੀ ਜਾਂ ਸੋਚ ਹੈ, ਇਹ ਹਰ ਰੋਜ਼ ਉੱਨਤੀ ਕਰਨ ਦੀ ਸੋਚ ਹੈ, ਨਵ ਵਿਕਾਸ ਦਾ ਖਿਆਲ ਹੈ, ਅੱਗੇ ਵਧਣ ਦੀ ਲਗਨ ਹੈ ਕਰਤਾਰੀ ਬਿਰਤੀ, ਕਿਰਤੀ ਜਾਂ ਉਸਾਰੂ ਬਿਰਤੀ ਹੈ, ਵਿਹਲੜ ਦੀ ਨਹੀਂ। ਸਿੱਖ ਧਰਮ ਵਿੱਚ ਉਪਾਸਨਾ, ਭਗਤੀ ਦਾ ਨਿਯਮ ਜਾਂ ਰੂਪ ਹੀ ਮੁਸ਼ਕਤ ਜਾਂ ਕਿਰਤ ਕਰਨੀ ਹੈ, ਜੋ ਸਦਾ ਉਸਾਰੂ ਹੋਵੇ। ਕਿਰਤ ਗੁਰਮਤਿ ਸੰਦੇਸ਼ ਦੀ ਬੁਨਿਆਦ ਹੈ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਸਿੱਖੀ ਦਾ ਮੁਢਲਾ ਸਿਧਾਂਤ ਜਾਂ ਉਪਦੇਸ਼ ਹੈ।
ਨਾਮ ਦਾਨ ਇਸ਼ਨਾਨ ਦ੍ਰਿੜ੍ਹਾਉਣ ਦੇ ਸੰਦੇਸ਼ ਵਿੱਚ ਆਏ ‘ਦਾਨ’ ਭਾਵ ਵੰਡ ਛਕਣ, ਲੋੜਵੰਦ ਦੀ ਸੇਵਾ ਅਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਵੱਡਮੁੱਲੇ ਪਹਿਲੂ ਦੀ ਪੂਰਤੀ ਤਦੋਂ ਹੋ ਸਕਦੀ ਹੈ ਜੇ ਮਨੁੱਖ ਪੁਰਸ਼ਾਰਥੀ ਹੋ ਕੇ ਕਿਰਤ ਕਰੇ। ਗੁਰਮਤਿ ਵਿੱਚ ‘‘ਕਰਿ ਸੁਕ੍ਰਿਤੁ ਧਰਮੁ ਕਮਾਇਆ॥’’ ਦੀ ਬੜੀ ਮਹਾਨਤਾ ਹੈ। ‘‘ਸਾਹਿਬ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਇ॥’’ ਇਸ ਲਈ ਕਿਰਤੀ ਮਨੁੱਖ ਜਾਂ ਕਿਰਤੀ ਸਮਾਜ ਹੀ ਮੰਗ ਖਾਣ ਦੇ ਬੱਜਰ ਪਾਪ ਤੋਂ ਮੁਕਤ ਹੋ ਸਕਦਾ ਹੈ ਇਸ ਪਰਥਾਏ ਗੁਰੂ ਸਾਹਿਬ ਨੇ ਵੱਡਮੁੱਲੇ ਅਮੋਲਕ ਸਿਧਾਂਤ ਗੁਰਬਾਣੀ ਵਿੱਚ ਦਰਜ ਕੀਤੇ ਹਨ_‘‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ॥’’ (ਪੰਨਾ ੫੨੨) ਜਾਂ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)
ਮਨੁੱਖਤਾ ਦੀ ਮਹਾਨ ਲਗਨ ਕਿਰਤੀ ਜਾਂ ਉਦਮੀ ਹੋਣਾ ਹੈ ਜਿਸ ਕਰਕੇ ਉੱਨਤੀ ਹੋਵੇ। ਮਨੁੱਖ ਕੰਮ ਕਰਨਾ ਲੋਚਦਾ ਹੈ ਤਾਂ ਕਿ ਉਹ ਉੱਨਤ ਹੋਵੇ, ਮਨੁੱਖਤਾ ਦਾ ਸੁਪਨਾ ਵੀ ਉੱਨਤੀ ਹੈ, ਵਿਕਾਸ ਹੈ। ਪਰਮਾਤਮਾ ਦੇ ਸੁਭਾਅ ਵਿੱਚੋਂ ਹੀ ਮਨੁੱਖ ਵਿੱਚ ਇਹ ਗੁਣ ਜਾਂ ਸੋਚ ਆਈ ਹੈ, ਮਨੁੱਖ ਆਪਣੀ ਵਰਤਮਾਨੀ ਹੋਣੀ ਨਾਲ ਸੰਤੁਸ਼ਟ ਨਹੀਂ ਸਗੋਂ ਉੱਨਤ ਤੇ ਹੋਰ ਉੱਨਤ ਹੋਣਾ ਲੋਚਦਾ ਹੈ, ਗੁਰਬਾਣੀ ‘‘ਅਗਾਹਾਂ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ’’ (ਪੰਨਾ ੧੦੯੬) ਦਾ ਹੁਲਾਰਾ ਦੇ ਕੇ ਮਨੁੱਖੀ ਸੋਚ ਦਾ ਵਿਕਾਸ ਕਰਦੀ ਹੈ ਤਾਂ ਕਿ ਕਿਰਤ ਕਰਦਿਆਂ ਉਸ ਦੀ ਆਤਮਿਕ ਮੰਜ਼ਿਲ ਐਨੀ ਉਚੇਰੀ ਹੋ ਸਕੇ ਕਿ ਮਨੁੱਖ ਆਪਣੇ ਕਰਤੇ ਤੇ ਮਾਣ ਕਰਦਿਆਂ ‘‘ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸਮਾਲਿ॥ ਹਾਥ ਪਾਉ ਕਰਿ ਕਾਮ ਸਭ ਚੀਤ ਨਿਰੰਜਨ ਨਾਲਿ॥’’ ਕਹਿ ਉੱਠੇ, ਪਰਿਵਾਰ ਤੇ ਸਮਾਜ ਵਿੱਚ ਰਹਿੰਦਾ ਅਨੰਦਤ ਹੋ ਸਕੇ। ਜੀਵਨ ਜੀਊਂਦਿਆਂ ‘‘ਹਥੀ ਕਾਰ ਕਮਾਵਣੀ, ਪੈਰੀ ਚਲ ਸਤਿਸੰਗਿ ਮਿਲੇਹੀ॥ ਕਿਰਤ ਵਿਰਤਿ ਕਰਿ ਧਰਮ ਦੀ, ਖਟ ਖਵਾਲਣ ਕਾਰਿ ਕਰੇਹੀ॥’’ ਦੀ ਆਤਮਿਕ ਸੋਝੀ ਹੋਵੇ। ਗੁਰਮਤਿ ਨੇ ਪਦਾਰਥਕ ਉੱਨਤੀ ਨੂੰ ਵੀ ਬੇਲੋੜਾ ਨਹੀਂ ਮੰਨਿਆ ਬਲਕਿ ਖੱਟਣ ਘਾਲਣ ਦੀ ਹਦਾਇਤ ਕੀਤੀ ਹੈ। ‘‘ਮਾਊ ਪੀਉ ਕਿਰਤੁ ਗਵਾਇਣਿ॥’’ ਨੂੰ ਝੁੰਮ ਮਾਰ ਕੇ ਵਿਹਲੜ ਬੈਠਣ ਨੂੰ, ਨਿਕੰਮਾਪਣ ਹੀ ਗਿਣਿਆ ਹੈ, ਇਸ ਨੂੰ ਨਿੰਦਿਆ ਹੀ ਹੈ। ‘‘ਮਖਟੂ ਹੋਇ ਕੈ ਕੰਨ ਪੜਾਏ’’ ਦੀ ਨਿਖੇਧੀ ਕੀਤੀ ਹੈ, ‘ਭੁਖੇ ਮੁਲਾਂ ਘਰੇ ਮਸੀਤਿ’ ਨੂੰ ਅਪ੍ਰਵਾਨ ਕੀਤਾ ਹੈ।
ਪੁਜਾਰੀ ਸ਼੍ਰੇਣੀ ਵਾਂਗ ‘ਵਿਦਿਆ ਬਿਕ੍ਰਣ’’ ਦੀ ਨੀਚ ਸੋਚ ਨੂੰ ਆਦਰ ਨਹੀਂ ਦਿੱਤਾ। ‘ਸਰਮ ਪਤੁ ਝੋਲੀ’ ਸਿੱਖ ਦੇ ਹਿਰਦੇ ਰੂਪੀ ਗਲ ਵਿੱਚ ਪਾਈ ਕਿਉਂਕਿ ਉਨ੍ਹਾਂ ਨੇ ਕਿਰਤ ਕਰਨ ਨੂੰ ਸ੍ਰੇਸ਼ਟ ਮੰਨਿਆ ਹੈ। ਕਿਰਤ ਕਰਨਾ ਗੁਰੂ ਜੀ ਦੇ ਉਪਦੇਸ਼ ਦੀ ਪ੍ਰਥਮ ਪੌੜੀ ਹੈ, ਜੋ ਗੁਰਮਤਿ ਸਿਧਾਂਤ ਦੀ ਪਹਿਲੀ ਕਮਾਈ ਹੈ, ਉੱਨਤੀ ਹੈ। ਪਦਾਰਥਕ ਰੁਚੀ ਦੇ ਨਾਲ-ਨਾਲ ਆਚਰਣਕ ਜਾਂ ਆਤਮਿਕ ਤੌਰ ਤੇ ਵੀ ਉਚੇਰੇ ਤੇ ਚੰਗੇਰੇ ਹੁੰਦੇ ਜਾਣਾ ਹੈ ਤਾਂ ਕਿ ‘‘ਤਿਥੈ ਊਂਘ ਨ ਭੁਖ ਹੈ॥’’ ਵਾਲੀ ਸਦੀਵੀ ਤ੍ਰਿਪਤੀ ਦਾ ਅਨੰਦ ਮਾਣਿਆ ਜਾ ਸਕੇ। ਸਤਿਗੁਰੂ ਜੀ ਨੇ ਗੁਰਮੁਖ ਪਦ ਦੀ ਪ੍ਰਾਪਤੀ ਨੂੰ ਜ਼ਿੰਦਗੀ ਦਾ ਆਦਰਸ਼ ਮੰਨਿਆ ਹੈ। ਮਨੁੱਖ ਨੇ ਮਿਹਨਤ ਕਰਕੇ ਜਿੱਥੇ ਘਰ ਉਸਾਰਨਾ ਹੈ ਜੀਵਨ ਨਿਰਬਾਹ ਲਈ ਪਦਾਰਥ ਭੋਗਣੇ ਹਨ, ਉੱਥੇ ਆਪਣੇ ਆਪ ਨੂੰ ਵੀ ਉਸਾਰਨਾ ਹੈ ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡੁੋਲਾਈ॥’’ ਦੀ ਜੀਵਨ ਨਿਰਲੇਪਤਾ ਬਣਾਉਣੀ ਹੈ। ਗੁਰਸਿੱਖ ਘਰ-ਬਾਰ ਦਾ ਤਿਆਗੀ ਨਹੀਂ, ਮੰਗ ਖਾਣ ਵਾਲਾ ਅਤੀਤ ਜੋਗੀ ਨਹੀਂ ਸਗੋਂ ਗੁਰਮੁਖ ਜੋਗੀ ਹੈ। ਇਸ ਲਈ ਕਿਰਤੀ ਗੁਰਮੁਖ ਨਿਸਚੇ ਹੀ ਗ੍ਰਿਹਸਤੀ ਹੋਵੇਗਾ, ਕਿਰਤ ਕਰਨ ਵਾਲਾ, ਉੱਦਮੀ ਸੰਸਾਰ ਵਿੱਚ ਵਿਚਰਨ ਵਾਲਾ ਲੋਕਾਈ ਦਾ ਭਲਾ ਲੋਚਣ ਵਾਲਾ ਹੋਣਾ ਹੈ। ਉਹ ਜੰਗਲਾਂ ਬੇਲਿਆਂ ਦਾ ਵਾਸੀ ਨਹੀਂ, ‘‘ਠਗਣ ਕਉ ਸੰਸਾਰੁ’’ ਆਦਿ ਫੋਕੀਆਂ ਸਮਾਧੀਆਂ ਲਾਉਣ ਵਾਲਾ ਨਹੀਂ, ਉਹ ਕਾਰ-ਵਿਹਾਰ ਕਰਨ ਵਾਲਾ ਮਿਹਨਤਕਸ਼ ਗੁਰਮੁਖ ਹੈ। ਇਸ ਲਈ ‘‘ਗਏ ਮਸਕਤਿ ਘਾਲਿ’’ ਦੇ ਕਿਰਤੀ ਸਮਾਜ ਵਿੱਚ ਗ੍ਰਿਹਸਤੀ ਧਰਮ ਪ੍ਰਧਾਨ ਹੋ ਨਿਬੜਿਆ ਹੈ। ਜਿੱਥੇ ਗੁਰਮੁਖ ‘‘ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ॥’’ ਦੇ ਪਿਆਰ ਵਿੱਚ ਆਪਣੇ ਪ੍ਰਭੂ ਨਾਲ ਲਾਡ ਲਡਾਉਂਦਾ ਹੈ ਉੱਥੇ ਕਿਰਤ ਕਰਦਿਆਂ ‘‘ਕਿਛੁ ਹਥਹੁ ਦੇਇ’’ ਰਾਹੀਂ ਸਿੱਖ ਜਾਂ ਸਿੱਖ ਸਮਾਜ ਸਰਬੱਤ ਦਾ ਭਲਾ ਲੋਚਣ ਵਾਲਾ ਹੈ।
ਇਹ ਹੀ ਸਿੱਖ ਸਮਾਜ ਦੀ ‘‘ਜਾਣਹੁ ਜੋਤਿ ਨ ਪੂਛਹੁ ਜਾਤੀ’’ (ਪੰਨਾ ੩੪੯) ਅਨੁਸਾਰ ਕੁਦਰਤ ਵਿੱਚ ਵਸਦੇ ਕਾਦਰ ਦੀ ਜੋਤ ਦਾ ਪ੍ਰਮਾਣ ਹੈ।
ਗੁਰਮੁਖ ਜਾਂ ਰੱਬੀ ਪਿਆਰ ਵਾਲਾ ਸੱਜਣ ਉਸੇ ਤਰ੍ਹਾਂ ਮਨੁੱਖਤਾ ਦੇ ਭਲੇ ਹਿਤ ਕਾਰਜਸ਼ੀਲ ਹੁੰਦਾ ਹੈ ਜਿਵੇਂ ਪਰਮਾਤਮਾ ਆਪਣੀ ਕੀਤੀ ਰਚਨਾ ਦੀ ਸੰਭਾਲ ਹਰ ਪਲ ਕਰ ਰਿਹਾ ਹੈ।
ਅਜੋਕਾ ਸਮਾਜ ਦੋ ਗੱਲਾਂ ਵਿੱਚ ਵਿਸ਼ਵਾਸ ਕਰਦਾ ਹੈ ਕਿ ਕਿਰਤੀ ਨਾਲ ਇਨਸਾਫ ਨਿਆਂ ਹੋਵੇ ਤੇ ਕਿਰਤ ਦੀ ਸਮਾਨ, ਬਰਾਬਰ ਵੰਡ ਹੋਵੇ। ਗੁਰਮਤਿ ਜਾਂ ਸਿੱਖ ਧਰਮ ਨੇ ਕਿਰਤੀ ਨਾਲ ਇਨਸਾਫ਼ ਕਰਨ ਨੂੰ ਅਮਲੀ ਰੂਪ ਦੇਣ ਲਈ ਪਹਿਲੀ ਪਾਤਸ਼ਾਹੀ ਨੇ ਭਾਈ ਮਰਦਾਨਾ ਜੀ ਸਾਥੀ ਬਣਾਇਆ। ਕੀਰਤਨ ਕਰਨ ਦਾ ਧਰਮ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਦਿੱਤਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ‘‘ਭਲਾ ਰਬਾਬ ਵਜਾਇੰਦਾ, ਮਜਲਸ ਮਰਦਾਨਾ ਮੀਰਾਸੀ॥’’ ਕਹਿ ਕੇ ਸਨਮਾਨਿਆ। ਭਾਈ ਲਾਲੋ ਜੀ ਨੂੰ ਸਦਾ ਲਈ ਅਮਰ ਕੀਤਾ। ਝੰਡੇ ਵਾਢੀ (ਇਹ ਤਰਖਾਣ ਕਿੱਤੇ ਨਾਲ ਸਬੰਧਿਤ ਸਿੱਖ ਵੀ ਗੁਰੂ ਨਾਨਕ ਸਾਹਿਬ ਜੀ ਦੇ ਦੂਜੀ ਉਦਾਸੀ ਸਮੇਂ ਨਾਲ ਰਿਹਾ ਸੀ) ਨੂੰ ਸ਼ਬਦ ਦੀ ਦਾਤ ਬਖਸ਼ੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਗੁਰੂ ਸਾਹਿਬਾਨ ਜੀ ਦੀ ਅਲਾਹੀ ਬਾਣੀ ਦਰਜ ਹੈ, ਉੱਥੇ ਵੱਖ-ਵੱਖ ਇਲਾਕੇ ਦੇ ਨਿਵਾਸੀ ਵੱਖ-ਵੱਖ ਬੋਲੀ ਬੋਲਣ ਵਾਲੇ ਪੰਦਰਾਂ ਕਿਰਤੀ ਭਗਤਾਂ, ਤਿੰਨ ਸਿੱਖਾਂ ਗਿਆਰਾਂ ਭੱਟਾਂ ਦਾ ਮਹਾਨ ਕਲਾਮ ਸੁਭਾਇਮਾਨ ਕੀਤਾ ਜਿਸ ਨੂੰ ਹਰ ਸੱਚਾ ਇਨਸਾਨ ਸਿਰ ਝੁਕਾਂਦਾ ਹੈ। ਇਸ ਤੋਂ ਵੱਡਾ ਕਿਰਤੀ ਨਾਲ ਇਨਸਾਫ਼ ਹੋਰ ਕਿੱਥੇ ਹੋ ਸਕਦਾ ਹੈ। ਫਿਰ ਕਿਰਤ ਦੀ ਸਮਾਨ ਵੰਡ ਕਰਦਿਆਂ ‘‘ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥’’ (ਪੰਨਾ ੧੪੧) ਦਾ ਹੁਕਮ ਬਖਸ਼ਿਆ ਹੈ।
ਕਿਰਤ ਜੋ ਕਰੇ ਧਰਮ ਦੀ ਕਰੈ, ਸਭ ਤੇ ਉੱਤਮ ਸੌਦਾਗਰੀ ਹੈ, ਉਸ ਤੇ ਖੇਤੀ ਦੀ ਹੈ ਅਰ ਜੋ ਚਾਕਰੀ ਕਰੈ ਤਾਂ ਸਿਪਾਹਗੀਰੀ ਕਰੈ, ਕੈਸੀ ਚਾਕਰੀ ਕਰੈ ? ਜੋ ਬੇ-ਪ੍ਰਵਾਹ ਰਹੈ ਔਰ ਜੋ ਕਿਛੁ ਮਹੀਨਾ ਹੋਵੇ ਉਸ ਉੱਪਰ ਸੰਤੋਖ ਕਰੈ। ਅਰ ਕਹੀ ਜੋ ਲੁੱਟ ਹੋਇ ਤਾਂ ਲੁੱਟੇ ਨਾਹੀ ਕਿਸੇ ਦੇ ਮਾਲ ਦੀ ਵਲ ਨਦਰ ਨਾ ਕਰੈ, ਅਰ ਜੋ ਕਿਛੁ ਖਾਵੰਦ ਫੁਰਮਾਏ ਸੋ ਸਿਰ ਮੱਥੇ ਉੱਪਰ ਮੰਨੈ॥ (ਪ੍ਰੇਮ ਸੁਮਾਰਗ) ‘‘ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਤੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥ ਦੁਹੂੰ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥’’ ਦੀ ਸਮਾਨ ਵੰਡ ਬਖਸ਼ੀ ਹੈ। ਮਨੁੱਖੀ ਬਰਾਬਰਤਾ ਲਈ ਸੰਗਤ, ਪੰਗਤ ਦੀ ਪ੍ਰਥਾ, ਅੰਮ੍ਰਿਤ ਦੇ ਸਾਂਝੇ ਬਾਟੇ ਸਾਂਝੇ ਕਕਾਰਾਂ ਰਾਹੀਂ ਕਿਰਤੀਆਂ ਨੂੰ ਬਰਾਬਰ ਦਾ ਰੁਤਬਾ ਦਿੱਤਾ, ‘‘ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥’’ ਦਾ ਮਾਣ ਦੇ ਕੇ ਕਿਰਤੀ ਵਰਗ ਨੂੰ ਉੱਚਾ ਚੁੱਕਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥’’ (ਪੰਨਾ ੧੫) ਨੂੰ ਸੱਚ ਕਰ ਵਿਖਾਇਆ।
ਅਜੋਕੇ ਸਮੇਂ ਸਿੱਖ ਸਮਾਜ ਵਿੱਚ ਪਤਿਤਪੁਣੇ ਦੀ ਲਹਿਰ, ਨਸ਼ਿਆਂ ਦਾ ਦਰਿਆ ਪੂਰੇ ਜ਼ੋਰ ਨਾਲ ਵਗ ਰਿਹਾ ਹੈ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਪੜ੍ਹੇ-ਲਿਖੇ ਬੱਚੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਆਦਿ ਨੂੰ ਛੋਟਾ ਜਾਂ ਨਖਿੱਧ ਜਾਣ ਕੇ ਕਰਨ ਲਈ ਤਿਆਰ ਨਹੀਂ ਹਨ। ਇਸ ਲਈ ਕਿਰਤ ਜਾਂ ਰੋਜ਼ੀ ਕਮਾਉਣ ਲਈ ਦੇਸ਼ ਵਿਦੇਸ਼ ਹੱਥ ਪੈਰ ਮਾਰਦੇ ਹਨ ਜਿਸ ਕਾਰਨ ਪਤਿਤ ਪੁਣੇ ਵਿੱਚ ਧੜਾਧੜ ਧਸਦੇ ਜਾ ਰਹੇ ਹਨ। ਰੁਜ਼ਗਾਰ ਨਾ ਮਿਲਣ ਦੀ ਨਮੋਸ਼ੀ ਵਿੱਚ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਸੋ ਸਿੱਖ ਸਮਾਜ ਗੁਰੂ ਸੰਗਤ, ਸਾਡੇ ਗੁਰੂ ਘਰ ਜਿੱਥੇ ‘ਸਭੇ ਜੀਅ ਸਮਾਲਿ ਆਪਣੀ ਮਿਹਰ ਕਰਿ॥’’ ਦੇ ਰੂਪ ਵਿੱਚ ਅਰਦਾਸ ਕਰਦੇ ਹਨ, ਉੱਥੇ ਆਪਣੇ ਸਿੱਖ ਬੱਚੇ-ਬੱਚੀਆਂ ਲਈ ਵਿਸ਼ੇਸ਼ ਤੌਰ ਤੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ। ਇਸ ਨਾਲ ਪਤਿਤਪੁਣੇ ਤੇ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਹੋਵੇਗੀ। ਅੱਜ ਗੁਰਦੁਆਰਿਆਂ ਵਿੱਚ ਸੋਨੇ ਦੇ ਕਲਸ ਲਾਉਣ ਦੀ ਲੋੜ ਨਹੀਂ ਬਲਕਿ ਲੋੜਵੰਦਾਂ ਨੂੰ ਸੰਭਾਲਣ ਦੀ ਲੋੜ ਹੈ। ‘‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ ਨ ਤਰਸਾਏ ਜੀਉ॥’’ ਦੀ ਸੋਚ ਨੂੰ ਈਮਾਨਦਾਰੀ ਨਾਲ ਅਪਨਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਸਦੀਵ ਇਸ ਸਿਧਾਂਤ ਤੇ ਪਰਪੱਕ ਹੋ ਸਕੀਏ।
ਗੁਰਸਿਖ ਮਿਠਾ ਬੋਲਣਾ, ਨਿਵਿ ਚਲਣਾ ਗੁਰਸਿਖੁ ਪਰਵਾਣਾ॥
ਘਾਲਿ ਖਾਇ ਗੁਰਸਿਖ ਮਿਲਿ ਖਾਣਾ॥ (ਵਾਰ ੩੨, ਪਉੜੀ ੧)