ਦੇ ਲੰਮੀ ਨਦਰਿ ਨਿਹਾਲੀਐ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)
ਪਰਮਾਤਮਾ ਵੱਲੋਂ ਮਿਲੀਆਂ ਦਾਤਾਂ ਵਿੱਚੋਂ ਸਭ ਤੋਂ ਵਧੀਆ ਅਮੋਲਕ ਦਾਤ ਬਿਬੇਕਤਾ, ਅਕਲ ਹੈ। ਇਸ ਅਕਲ ਨੇ ਹੀ ਮਾਨਵ ਜਾਤੀ ਨੂੰ ਪਸ਼ੂਆਂ ਤੋਂ ਸ੍ਰੇਸ਼ਟ ਬਣਾਇਆ ਹੈ। ਇਸ ਅਕਲ ਸਦਕਾ ਹੀ ਮਨੁੱਖ ਕੁਦਰਤ ਦੇ ਅਨਮੋਲ ਭੰਡਾਰਾਂ ਦੀ ਸੁਚੱਜੀ ਵਰਤੋਂ ਕਰਦਾ ਹੈ। ਮਨੁੱਖ ਦਾ ਸੂਰਜ, ਪਾਣੀ, ਹਵਾ, ਧਰਤੀ, ਅੱਗ, ਆਦਿ ਸ਼ਕਤੀਆਂ ਕੋਲੋਂ ਕੰਮ ਲੈਣਾ ਅਕਲ ਨੇ ਹੀ ਸਿਖਾਇਆ ਹੈ। ਅਕਲ ਕਰ ਕੇ ਹੀ ਮਨੁੱਖ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਅੱਜ ਇਹ ਹਜ਼ਾਰਾਂ ਮੀਲ ਦੂਰ ਬੈਠੇ ਬੰਦਿਆਂ ਨਾਲ ਗੱਲਾਂ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਦੀ ਸ਼ਕਲ ਸੂਰਤ ਵੀ ਸਾਹਮਣੇ ਵੇਖਦਾ ਹੈ, ਘੰਟਿਆਂ ਵਿੱਚ ਉਨ੍ਹਾਂ ਕੋਲ ਪੁੱਜ ਸਕਦਾ ਹੈ। ਅਕਲ ਦਾ ਸਦਕਾ ਹੀ ‘‘ਅਵਰ ਜੋਨਿ; ਤੇਰੀ ਪਨਿਹਾਰੀ॥ ਇਸ ਧਰਤੀ ਮਹਿ; ਤੇਰੀ ਸਿਕਦਾਰੀ॥’’ (ਪੰਨਾ ੩੭੪) ਦੀ ਪਦਵੀ ਮਨੁੱਖ ਕੋਲ ਹੈ।
ਪਰ ਅਕਲ (ਗਿਆਨ) ਨੇ ਜਿੱਥੇ ਕਈ ਉਸਾਰੂ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਇਸ ਦਾ ਮਾਰੂ ਪੱਖ ਵੀ ਸਾਹਮਣੇ ਆਇਆ ਹੈ। ਅਕਲ ਨੇ ਜਿੱਥੇ ਮੂਰਖਾਂ ਨੂੰ ਪੰਡਿਤ, ਮਨੁੱਖਾਂ ਨੂੰ ਦੇਵਤਾ ਬਣਾਇਆ ਹੈ, ਉੱਥੇ ਇਸ ਨੇ ਬੰਦੇ ਨੂੰ ਚਲਾਕੀ, ਹੇਰਾ-ਫੇਰੀ, ਧੋਖੇਬਾਜ਼ੀ ਤੇ ਵਲ-ਛਲ ਸਿਖਲਾ ਕੇ ਇਨਸਾਨ ਤੋਂ ਸ਼ੈਤਾਨ ਵੀ ਬਣਾ ਦਿੱਤਾ ਹੈ। ਸੰਸਾਰ ਨੂੰ ਪ੍ਰਮਾਣੂ ਬੰਬਾਂ ਰਾਹੀਂ ਤਬਾਹੀ ਦੇ ਮੂੰਹ ਪਾ ਦੇਣਾ ਅਨਪੜ੍ਹਾਂ ਦਾ ਕੰਮ ਨਹੀਂ, ਭਰੂਣ ਹੱਤਿਆ ਆਮ ਬੰਦਾ ਨਹੀਂ ਕਰਦਾ ਸਗੋਂ ਇੱਕ ਸਿੱਖਿਅਤ, ਪੜ੍ਹੇ-ਲਿਖੇ ਡਾਕਟਰ, ਨਰਸ ਆਦਿ ਰਾਹੀਂ ਹੀ ਕੀਤੀ ਜਾਂਦੀ ਹੈ। ਸੱਚਾਈ (ਧਰਮ) ਦੀ ਏਕਤਾ ਨਾਲੋਂ ਤੋੜਨਾ ਵੀ ਅਨਪੜ੍ਹ ਦਾ ਕੰਮ ਨਹੀਂ, ਇਹ ਵੀ ਹੁਸ਼ਿਆਰ (ਚਲਾਕ) ਬੰਦਿਆਂ ਦੇ ਜ਼ਿੰਮੇ ਆਉਂਦਾ ਹੈ।
ਆਪਣੇ-ਆਪ ਨੂੰ ਅਕਲ ਲਤੀਫ਼ ਸਮਝਣ ਵਾਲੇ ਲੋਕ ਕਈ ਵਾਰੀ ਚਲਾਕ ਬਣ ਬਹਿੰਦੇ ਹਨ। ਚਤੁਰ ਚਲਾਕ ਬੰਦੇ ਦੀ ਹਰ ਸੋਚ ਸਵਾਰਥ ਭਰੀ ਹੁੰਦੀ ਹੈ। ਐਸੇ ਬੰਦੇ ਨੂੰ ਕਿਸੇ ਧਰਮ ਈਮਾਨ ਦੀ ਪ੍ਰਵਾਹ ਨਹੀਂ ਹੁੰਦੀ ਅਤੇ ਨਾ ਹੀ ਉਸ ਕੋਲ ਕਿਸੇ ਰਿਸ਼ਤੇ ਦਾ ਲਿਹਾਜ਼ ਹੁੰਦਾ ਹੈ। ਉਹ ਆਪਣੇ ਮਨੋਰਥ ਦੀ ਪੂਰਤੀ ਲਈ ਕੋਝੀ ਤੋਂ ਕੋਝੀ ਭੈੜੀ ਚਾਲ ਚੱਲਣ ਤੋਂ ਵੀ ਨਹੀਂ ਝਿਜਕਦਾ।
ਹੇ ਲੋਭਾ ! ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ॥
ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ॥
ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ ਤਵ ਲਜਯਾ॥
ਅਕਰਣੰ ਕਰੋਤਿ, ਅਖਾਦ੍ਹਿ ਖਾਦ੍ਹੰ; ਅਸਾਜ੍ਹੰ ਸਾਜਿ ਸਮਜਯਾ॥
ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ! ਬਿਗ੍ਹਾਪਿ ਨਾਨਕ, ਹਰਿ ਨਰਹਰਹ॥ ੪੮॥ (ਮ: ੫/੧੩੫੮)
ਧਰਮ ਦੇ ਮਾਰਗ ’ਤੇ ਚੱਲਣ ਦਾ ਭਾਵ ਇਆਣਪ ਤੋਂ ਸਿਆਣਪ ਵੱਲ ਤੁਰਨਾ ਹੁੰਦਾ ਹੈ ਕਿਉਂਕਿ ‘‘ਨਾਲਿ ਇਆਣੇ ਦੋਸਤੀ; ਵਡਾਰੂ ਸਿਉਂ ਨੇਹੁ॥’’ (ਮ: ੨/੪੭੪) ਮਹਾਵਾਕ ਅਨੁਸਾਰ ਅਣਜਾਣ (ਇਆਣੇ) ਮਨੁੱਖ ’ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ‘‘ਹੋਇ ਇਆਣਾ ਕਰੇ ਕੰਮੁ; ਆਣਿ ਨ ਸਕੈ ਰਾਸਿ॥ ਜੇ ਇਕ ਅਧ ਚੰਗੀ ਕਰੇ; ਦੂਜੀ ਭੀ ਵੇਰਾਸਿ॥ (ਮ: ੨/੪੭੪) ਅਨੁਸਾਰ ਕਾਰਜ ਵਿਗਾੜਦਾ ਹੀ ਹੈ ਕਾਰਨ ਕੇਵਲ ਅਕਲ ਤੋਂ ਹੀਣ ਜਾਂ ਇਆਣਪ ਹੀ ਹੈ। ਫੁੱਟ ਤੇ ਵਖਰੇਵਾਂ ਇਆਣਪ ਵਿੱਚ ਹੈ ਪਰ ਸਿਆਣਪ ਤਾਂ ਹਮੇਸ਼ਾ ਸੰਗਠਿਤ ਰਹਿੰਦੀ ਹੈ ਸਿਆਣਿਆਂ ਦਾ ਅਖਾਣ ਹੈ ‘‘ਸੌ ਸਿਆਣਾ ਇਕ ਮਤ’’ ਹੁੰਦੀ ਹੈ। ਉਹ ਹਮੇਸ਼ਾ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥ (ਮ: ੧/੪੧੭), ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥ (ਮ: ੧/੪੭੪), ਨਾਨਕ ! ਦ੍ਰਿਸਟਿ ਦੀਰਘ ਸੁਖੁ ਪਾਵੈ.. ॥’’ (ਮ: ੧/੧੧੦੭), ਆਦਿ ਬਚਨਾਂ ਦੇ ਸਬੰਧ ਵਿੱਚ ਸਦਾ ਸੁਚੇਤ ਹੁੰਦੇ ਹਨ, ਜਾਗ੍ਰਿਤ ਹੁੰਦੇ ਹਨ। ਜਿਸ ਸਿੱਖ ਕੌਮ ਦੇ ਇਹ ਵੱਡਮੁੱਲੇ ਸਿਧਾਂਤ ਹਨ ਉਹ ਸਭ ਤੋਂ ਜ਼ਿਆਦਾ ਫੁੱਟ ਦਾ ਸ਼ਿਕਾਰ, ਨਸ਼ਿਆਂ ਤੇ ਪਤਿਤਪੁਣੇ ਦੇ ਖੂਹ ਵਿੱਚ ਡਿੱਗ ਚੁੱਕੀ ਹੈ। ਸਾਡੀ ਤਰਾਸਦੀ ਹੈ ਕਿ ‘‘ਜੈਸੇ ਘਰਿ ਲਾਗੈ ਆਗਿ; ਜਾਗਿ ਕੂਆ ਖੋਦਿਓ ਚਾਹੈ; ਕਾਰਜ ਨ ਸਿਧਿ ਹੋਇ, ਰੋਇ ਪਛੁਤਾਈਐ।’’ (ਭਾਈ ਗੁਰਦਾਸ ਜੀ : ਕਬਿੱਤ ੪੯੫) ਜਾਂ ‘‘ਜਬ ਘਰ ਮੰਦਰਿ ਆਗਿ ਲਗਾਨੀ; ਕਢਿ ਕੂਪੁ ਕਢੈ ਪਨਿਹਾਰੇ ॥’’ (ਮ: ੪/੯੮੧) ਵਾਲੀ ਅਵਸਥਾ ’ਤੇ ਖੜ੍ਹੇ ਹਾਂ ਫਿਰ ਪਛਤਾਣਾ, ਰੋਣਾ ਕੁਰਲਾਣਾ ਤਾਂ ਪੱਲੇ ਪੈਣਾ ਹੀ ਹੈ। ਸਿਆਣੇ, ਅਕਲਮੰਦ ਜਾਂ ਅਕਲ ਲਤੀਫ਼ ਦਾ ਭਾਵ ਹੈ ਆਪਣੀ ਪਰਖ ਸ੍ਵੈ-ਪੜਚੋਲ ਕਰਨਾ: ‘‘ਫਰੀਦਾ ! ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ; ਸਿਰੁ ਨੀਵਾਂ ਕਰਿ ਦੇਖੁ॥’’ (ਪੰਨਾ ੧੩੭੮)
ਕੌਮ ਦਾ ਭਵਿੱਖ ਸਾਡੇ ਬੱਚੇ ਹਨ ਜਿਸ ਪ੍ਰਤੀ ਸਿਆਣੇ ਪੰਥ ਦਰਦੀ ਬੜੇ ਚਿੰਤਤ ਹਨ। ਅੱਜ ਬਹੁਤਾਤ ਵਿੱਚ ਸਾਡੀ ਜਵਾਨ ਪੀੜ੍ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਰੂਪੀ ਕੌਮ ਤੋਂ ਨਿਖੜ ਚੁੱਕੀ ਹੈ। ਅਸੀਂ ਆਪਣੇ ਪੁੱਤਰਾਂ-ਧੀਆਂ ਨੂੰ ਮੁੜ ਗੁਰਮਤਿ ਦੇ ਮਹਾਨ ਵਿਰਸੇ ਨਾਲ ਜੋੜ ਸਕੀਏ, ਇਸ ਪ੍ਰਤੀ ਕੁਝ ਨੁਕਤੇ ਗੁਰੂ ਪੰਥ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
(1). ਸਾਡੀ ਸਮਾਜਿਕ ਜ਼ਿੰਦਗੀ ਦਾ ਮੁੱਢ ਸਾਡੀ ਪਰਿਵਾਰਕ ਜ਼ਿੰਦਗੀ ਹੈ ਜਿਸ ਦਾ ਆਰੰਭ ਪਤੀ-ਪਤਨੀ ਦੇ ਰਿਸ਼ਤੇ ਤੋਂ ਹੁੰਦਾ ਹੈ। ਕੀ ਇਹ ਰਿਸ਼ਤਾ ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ॥’’ (ਪੰਨਾ ੭੮੮) ਦੀ ਘਾੜਤ ਵਿੱਚ ਹੈ ਜਾਂ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਇਸਤਰੀ ਤੇ ਪੁਰਖ ਦਾ ਸੰਬੰਧ ਕੇਵਲ ਧਨ-ਦੌਲਤ ਤੱਕ ਹੈ, ਜਿਸ ਦੀ ਪੂਰਤੀ ਉਪਰੰਤ ਮਰਦ ਬੇਸ਼ੱਕ ਕਿਤੇ ਜਾਵੇ ਜਾਂ ਆਵੇ ‘‘ਇਸਤ੍ਰੀ ਪੁਰਖੈ ਦਾਮ ਹਿਤ; ਭਾਣੈ ਆਵੈ ਕਿਥਾਉ ਜਾਈ॥’’ (ਭਾਈ ਗੁਰਦਾਸ ਜੀ) ਦੀ ਭਟਕਣਾ ਵਿੱਚ ਪੈ ਚੁੱਕਾ ਹੈ, ਸਵਾਰਥੀ ਬਣ ਚੁੱਕਾ ਹੈ ਕਿਉਂਕਿ ਸਾਡੇ ਬੱਚਿਆਂ ਲਈ ਪਹਿਲਾ ਸਿੱਖਿਆ ਕੇਂਦਰ ਕੇਵਲ ਸਾਡਾ ਘਰ, ਮਾਤਾ-ਪਿਤਾ ਹੁੰਦੇ ਹਨ, ਉਨ੍ਹਾਂ ਵੱਲੋਂ ਜੀਵਿਆ ਜਾ ਰਿਹਾ ਅਮਲੀ ਜੀਵਨ ਹੈ। ਜੇ ਘਰੇਲੂ ਜ਼ਿੰਦਗੀ ਵਿੱਚ ਵੱਡਿਆਂ ਦਾ ਜੀਵਨ ਗੁਰਮਤਿ ਅਨੁਸਾਰੀ ਨਹੀਂ, ਧਰਮੀ ਨਹੀਂ, ਫਿਰ ਬੱਚਿਆਂ ਤੋਂ ਕੀ ਆਸ ਕਰ ਸਕਦੇ ਹਾਂ। ਇਸ ਸਭ ਤੋਂ ਮੁੱਢਲੇ ਕੇਂਦਰ ਨੂੰ ਗੁਰਮਤਿ ਨਿਯਮਾਂ ਵਿੱਚ ਢਾਲਣ ਦੀ ਲੋੜ ਹੈ।
(2) ਸਾਡੇ ਵਿੱਦਿਅਕ ਅਦਾਰੇ_ਸਾਰੇ ਗੁਰੂ ਸਾਹਿਬਾਨ ਨੇ ਸਿੱਖ ਪ੍ਰਭਾਵੀ ਨਗਰ ਵਸਾਏ ਤਾਂ ਕਿ ਸਾਡਾ ਆਲਾ ਦੁਆਲਾ ਮਾਹੌਲ ਗੁਰਮਤਿ ਪ੍ਰਭਾਵੀ ਹੋ ਸਕੇ ਜੋ ਅੱਜ ਸਾਡੇ ਕੋਲ ਨਹੀਂ। ਮਗਰੋਂ ਸਿੰਘ ਸਭਾ ਲਹਿਰ ਨੇ ਜਿੱਥੇ ਕਰਮਕਾਂਡਾਂ, ਅਨਮਤਿ ਪ੍ਰਭਾਵ ਤੇ ਕੌਮ ਨੂੰ ਹਰ ਪੱਖੋਂ ਮੁਕਤ ਕਰਨ ਦਾ ਯਤਨ ਕੀਤਾ, ਉੱਥੇ ਕੌਮ ਦੇ ਭਵਿੱਖ ਨੂੰ ਉੱਜਲਾ ਵੇਖਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਰਗੇ ਉੱਚ ਪੱਧਰ ਦੇ ਸਕੂਲ ਤੇ ਕਾਲਜ ਖੋਲ੍ਹੇ ਜਿਨ੍ਹਾਂ ਕੌਮ ਦੀ ਪਨੀਰੀ ਨੂੰ ਉਸ ਸਮੇਂ ਸੰਭਾਲਣ ਦਾ ਨਿੱਗਰ ਯਤਨ ਕੀਤਾ। ਇਸ ਦਾ ਮਕਸਦ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਜਿੱਥੇ ਵਿੱਦਿਅਕ ਖੇਤਰ ਵਿੱਚ ਅੱਗੇ ਵਧੇ ਉੱਥੇ ਸਿੱਖੀ ਸੋਚ ਉਨ੍ਹਾਂ ਅੰਦਰ ਪ੍ਰਫੁਲਿਤ ਹੋ ਸਕੇ, ਅੱਜ ਇਹ ਨਾਂ ਮਾਤ੍ਰ ਦੇ ਖਾਲਸਾ ਸਕੂਲ, ਕਾਲਜ ਹਨ ਕਿਉਂਕਿ ਉੱਥੇ ਸਿੱਖਿਆ ਦੇਣ ਵਾਲੇ ਅਧਿਆਪਕ ਹੀ ਜੇ ਸਿੱਖੀ ਤੋਂ ਸੱਖਣੇ ਹੋਣਗੇ, ਨਸ਼ਿਆਂ ਦੇ ਆਦੀ ਹੋਣਗੇ ਤਾਂ ਉਹ ਸਿੱਖੀ ਦਾ ਸੰਚਾਰ ਅੱਗੇ ਕਿਵੇਂ ਕਰਨਗੇ ? ਅੱਜ ਜਦੋਂ ਸਿੱਖ ਜਨਸੰਖਿਆ ਪੂਰੇ ਵਿਸ਼ਵ ਵਿੱਚ ਫੈਲੀ ਹੈ ਤਾਂ ਇਹ ਮੁਸ਼ਕਲ ਹੋਰ ਵੀ ਪੀਢੀ ਜਾਂ ਦੁਖਦਾਈ ਹੋ ਗਈ ਹੈ। ਮਜਬੂਰੀ ਵੱਸ ਸਾਡੇ ਬੱਚੇ ਅਨਮਤੀ ਸਕੂਲਾਂ ਵਿੱਚ ਦੁਨਿਆਵੀ ਸਿੱਖਿਆ ਪ੍ਰਾਪਤ ਕਰਦੇ ਹਨ ਤਾਂ ਬੱਚਿਆਂ ਦਾ ਆਪਣੇ ਵਿਰਸੇ ਤੋਂ ਪਰੇ ਹੋਣਾ, ਪਤਿਤ ਹੋਣਾ ਕੁਦਰਤੀ ਹੈ, ਵਿੱਦਿਅਕ ਖੇਤਰ ਵਿੱਚ ਉੱਚੇ ਉੱਠਣ ਦਾ ਭਾਵ ਹੈ ਤਰੱਕੀ ਦੇ ਰਾਹ ’ਤੇ ਤੁਰਨਾ। ਸੰਸਾਰ ਅੰਦਰ ਯਹੂਦੀ ਕੌਮ ਕੇਵਲ ਪੰਜਾਹ ਲੱਖ ਹੈ ਉਸ ਦਾ ਹਰ ਖੇਤਰ ਵਿੱਚ ਅੱਗੇ ਹੋਣ ਦਾ ਕਾਰਨ ਹੈ ‘ਪੜ੍ਹਿਆ-ਲਿਖਿਆ ਹੋਣਾ’। ਉਨ੍ਹਾਂ ਨੇ ਵਧੀਆ ਸਕੂਲ, ਕਾਲਜ ਆਪਣੇ ਬੱਚਿਆਂ ਲਈ ਸਿਰਜੇ ਹਨ। ਕੌਮ ਨੂੰ ਆਪਣੇ ਦਸਵੰਧ ਦੀ ਸੁਚੱਜੀ ਵਰਤੋਂ ਕਰ ਕੇ ਹੁਣ ਉੱਚ ਮਿਆਰੀ ਸਕੂਲ, ਕਾਲਜ, ਮੈਡੀਕਲ, ਇੰਜੀਨੀਅਰਿੰਗ ਕਾਲਜ ਖੋਲ੍ਹਣ ਦੀ ਜ਼ਰੂਰਤ ਕੀਤੀ ਹੈ ਤਾਂ ਕਿ ਸਾਡੇ ਬੱਚੇ ਉੱਚ ਸਿੱਖਿਆ ਆਪਣੇ ਧਰਮ, ਗੁਰਮਤਿ, ਸਿੱਖੀ ਮਾਹੌਲ ਵਿੱਚ ਰਹਿ ਕੇ ਪ੍ਰਾਪਤ ਕਰ ਸਕਣ।
(3). ਸਿੱਖੀ ਦਾ ਤੀਸਰਾ ਸੋਮਾ ਜੋ ਸਭ ਤੋਂ ਮਹੱਤਵਪੂਰਨ ਹੈ ਉਹ ਹੈ ‘‘ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ॥ (ਮ: ੪/੧੩੧੬), ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥ (ਮ: ੧/੭੩੦) (ਜਾਂ) ਵਿਚਿ ਦੁਨੀਆ ਸੇਵ ਕਮਾਈਐ ॥’’ (ਮ: ੧/੨੬) ਦੀ ਸੋਝੀ ਗੁਰੂ ਘਰ ਤੋਂ ਹੀ ਪ੍ਰਾਪਤ ਹੁੰਦੀ ਹੈ, ਪਰ ਅੱਜ ਇਹ ਧਰਮ ਪ੍ਰਚਾਰ ਸਿੱਖੀ ਕੇਂਦਰ ਦੀ ਥਾਂ ਜ਼ਿਆਦਾ ਧੜੇਬੰਦੀ, ਬਰਾਦਰੀਵਾਦ, ਲੜਾਈ-ਝਗੜੇ ਦੇ ਕੇਂਦਰ ਜ਼ਿਆਦਾ ਹਨ। ਸਚਮੁਚ ‘‘ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥’’ (ਮ: ੧/੬੬੨) ਦੀ ਸਚਾਈ ਸਾਹਮਣੇ ਹੈ। ਇਸਲਾਮ ਦੀ ਉਹ ਧਾਰਨਾ ਬੜੀ ਮਹੱਤਵਪੂਰਨ ਹੈ ਕਿ ‘‘ਚੂੰ ਕੁਫ਼ਰ ਅਜ਼ ਕਾਅਬਾ ਬਰ ਖੇਜ਼ਦ ਕੁਜਾ ਮਾਨਦ ਮੁਸਲਮਾਨੀ॥’’ ਭਾਵ ਜੇਕਰ ਇਸਲਾਮੀ ਸ਼ਰ੍ਹਾ ਦੇ ਬਰਖਿਲਾਫ਼ ਕੁਫ਼ਰ ਕਾਬੇ ’ਚੋਂ ਉੱਠੇ ਤਾਂ ਇਸਲਾਮ ਜ਼ਿੰਦਾ ਕਿਵੇਂ ਰਹਿ ਸਕਦਾ ਹੈ ? ਭਾਈ ਗੁਰਦਾਸ ਜੀ ਨੇ ਕੌਮ ਨੂੰ ਸੁਚੇਤ ਕੀਤਾ ਹੈ।
ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੋਉ ਆਗਿ ਲਾਗੈ ਕੈਸੇ ਕੈ ਬੁਝਾਈਐ ?॥
ਬਾਹਰ ਸੈ ਭਾਗ ਓਟਿ ਲੀਜੀਅਤ ਕੋਟਗੜ, ਗੜ ਮੈ ਜਉਂ ਲੂਟ ਲੀਜੈ ਕਹੋ ਕਤ ਜਾਈਐ ?॥
ਚੋਰਨ ਕੇ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ?॥
ਮਾਇਆ ਡਰ ਡਰਪਤ ਹਰਿ ਗੁਰਦੁਆਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਿਰਾਈਐ ?॥ ੫੪੪॥ (ਭਾਈ ਗੁਰਦਾਸ ਜੀ)
ਲੜਾਈ ਝਗੜੇ ਤੇ ਮਾਇਆ ਦੇ ਪ੍ਰਭਾਵ ਸਮੇਤ ਭਾਂਤ-ਭਾਂਤ ਦੀ ਮਰਯਾਦਾ ਕੌਮ ਅੰਦਰ ਨਿਰਾਸ਼ਤਾ ਪੈਦਾ ਕਰਦੀ ਹੈ, ਦੁਬਿਧਾ ਪੈਦਾ ਕਰਦੀ ਹੈ। ਗੁਰਦੁਆਰਾ ਪ੍ਰਬੰਧ ਵਿੱਚੋਂ ਇਲੈਕਸ਼ਨ ਪ੍ਰਣਾਲੀ ਪਾਸੇ ਕਰਨ ਦੀ ਲੋੜ ਹੈ। ਯੋਗਤਾ ਦੇ ਆਧਾਰ ’ਤੇ ਸੇਵਾ ਸੌਂਪੀ ਜਾਣੀ ਚਾਹੀਦੀ ਹੈ। ਪ੍ਰਚਾਰਕ ਸ਼੍ਰੇਣੀ ਲਈ ਸਿੱਖ ਧਰਮ ਤੇ ਦੂਜੇ ਧਰਮਾਂ ਦਾ ਗਿਆਨ ਦਾ ਪ੍ਰਬੰਧ ਕਰਨਾ, ਫਿਰ ਉਨ੍ਹਾਂ ਦਾ ਸਤਿਕਾਰ, ਸੰਭਾਲ ਰੱਖਣੀ ਤਾਂ ਕਿ ਉਹ ਨਿਸ਼ਚਿੰਤ ਹੋ ‘‘ਹੋਰਨਾ ਨੋ ਹਰਿ ਮਾਰਗਿ ਪਾਏ ॥’’ (ਮ: ੪/੧੪੦) ਦੀ ਜ਼ਿੰਮੇਵਾਰੀ ਨਿਭਾ ਸਕਣ। ਅੱਜ ਮੁੜ ਕੌਮੀ ਪੱਧਰ ’ਤੇ ‘‘ਮੈ ਬਧੀ ਸਚੁ ਧਰਮਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ, ਪਖਾ ਫੇਰਦਾ; ਤਿਸੁ ਨਿਵਿ ਨਿਵਿ, ਲਗਾ ਪਾਇ ਜੀਉ ॥ (ਮ: ੫/੭੩) ਦੀ ਸ਼ਰਧਾ, ਸੇਵਾ ਤੇ ਪਿਆਰ ਪੈਦਾ ਹੋ ਸਕੇ।
ਸਾਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਾਹੀਂ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਦੀ ਇਕਸਾਰਤਾ ਬਖ਼ਸ਼ੀ ਸੀ। ‘‘ਮਿਲਬੇ ਕੀ ਮਹਿਮਾ ਬਰਨਿ ਨ ਸਾਕਉ .. ॥’’ (ਮ: ੫/੪੯੮) ਦੀ ਏਕਤਾ ਪੈਦਾ ਕੀਤੀ ਸੀ ਪਰ ਅੱਜ ਸੰਪਰਦਾਈ ਸੋਚ ਨੇ ਕੌਮ ਨੂੰ ਹਰ ਪਾਸਿਓਂ ਵੰਡ ਕੇ ਰੱਖ ਦਿੱਤਾ ਹੈ। ਨੌਜਵਾਨ ਵਰਗ ਦੁਬਿਧਾ ਵਿੱਚ ਹੈ ਕਿ ਕਿਹੜੀ ਤੇ ਕਿਸ ਦੀ ਸਿੱਖੀ ਧਾਰਨ ਕਰੇ, ਕਿਹੜਾ ਅੰਮ੍ਰਿਤ ਛਕੇ, ਸਿੱਖੀ ਨੂੰ ਕਿਸ ਕਸਵੱਟੀ ’ਤੇ ਪਰਖੇ। ਅੱਜ ਲੋੜ ਹੈ ਕਿ ਗੁਰ ਸ਼ਬਦ ਦੀ ਰੌਸ਼ਨੀ ਵਿੱਚ ਬਣਾਈ ਗਈ ਪੰਥ ਪ੍ਰਮਾਣਿਤ ‘ਸਿੱਖ ਰਹਿਤ ਮਰਯਾਦਾ’ ਹੀ ਹਰ ਗੁਰੂ ਘਰ ਵਿੱਚ ਲਾਗੂ ਹੋਵੇ ਤਾਂ ਕਿ ਅਸੀਂ ਭਟਕਣਾ ਤੋਂ ਬਚ ਸਕੀਏ।
(4). ਜਿਹੜੇ ਧਰਮ ਫੈਲੇ ਹਨ, ਉਨ੍ਹਾਂ ਨੇ ਹਰ ਬੋਲੀ ਵਿੱਚ ਸਾਹਿਤ ਮੁਹੱਈਆ ਕਰਵਾਇਆ ਹੈ। ਸਾਡੀ ਹਾਲਤ ਇੱਥੇ ਵੀ ਤਰਸਯੋਗ ਹੈ। ਆਏ ਦਿਨ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਜ਼ਿੰਮੇਵਾਰ ਸੰਸਥਾਵਾਂ ਵੱਲੋਂ ਛਾਪੇ ਸਾਹਿਤ ਵਿੱਚ ਵੀ ਕਿੰਨੀ ਮਨਮਤ ਤੇ ਅਨਮਤ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਗੁਰ ਇਤਿਹਾਸ, ਸਿੱਖ ਇਤਿਹਾਸ ਰੂਪੀ ਸਾਹਿਤ ਨੂੰ ਮੁੜ ਗੁਰਮਤਿ ਦੀ ਰੌਸ਼ਨੀ ਵਿੱਚ ਪੜਚੋਲਣ ਦੀ ਲੋੜ ਹੈ। ਇਸ ਲਈ ਕੌਮੀ ਪੱਧਰ ’ਤੇ ਵਿਦਵਾਨਾਂ ਦਾ ਬੋਰਡ ਹੋਂਦ ਵਿੱਚ ਲਿਆਉਣ ਦੀ ਜ਼ਰੂਰਤ ਹੈ। ਇਹ ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥ (ਮ: ੩/੯੫੧) ਦਾ ਮਹਾਨ ਕਾਰਜ ਹੈ।
ਅੱਜ ਦਾ ਯੁਗ ਵਿਗਿਆਨਕ ਯੁਗ ਹੈ। ਬੱਚਿਆਂ ਦੀ ਵਿਗਿਆਨਕ ਸੋਚ ਹੈ ਪਰ ਸਾਡੀ ਖੁਸ਼ ਕਿਸਮਤੀ ਹੈ ਕਿ ਗੁਰਬਾਣੀ ਵਿਗਿਆਨਿਕ ਯੁੱਗ ਨੂੰ ਅਗਵਾਈ ਦੇਣ ਦੇ ਸਮਰੱਥ ਹੈ। ਅਮਰੀਕਾ ਵਿਖੇ ਕੈਲੇਫੋਰਨੀਆ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਸੇ ਲਈ ਉੱਚ ਸਥਾਨ ਪ੍ਰਾਪਤ ਹੈ। ਇਹ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਹੀ ਵਿਗਿਆਨਿਕ ਯੁੱਗ ਦਾ ਧਰਮ ਹੈ। ਸਾਨੂੰ ਵਿਗਿਆਨਿਕ ਸਾਧਨਾਂ ਰਾਹੀਂ, ਇਲੈਕਟ੍ਰੋਨਿਕ ਮੀਡੀਏ ਰਾਹੀਂ ਆਪਣੇ ਵਿਰਸੇ ਨੂੰ ਲੋਕਾਈ ਸਾਹਮਣੇ ਪੇਸ਼ ਕਰਨ ਦੀ ਲੋੜ ਹੈ। ਪੁਰਾਤਨ ਵਿਰਸੇ, ਪੇਂਡੂ ਸਭਿਆਚਾਰ ਜੋ ਅੱਜ ਅਮਲੀ ਤੌਰ ’ਤੇ ਸਾਡੇ ਕੋਲੋਂ ਅਲੋਪ ਹੁੰਦਾ ਜਾ ਰਿਹਾ ਹੈ, ਨੂੰ ਫਿਲਮਾ ਕੇ ਲਾਇਬ੍ਰੇਰੀ ਦੇ ਰੂਪ ਵਿੱਚ ਸੰਭਾਲਣ ਦੀ ਲੋੜ ਹੈ ਤਾਂ ਜੋ ਅੱਗੋਂ ਗੁਰਬਾਣੀ ਨੂੰ ਸਮਝਣ ਵਿੱਚ ਔਖ ਨਾ ਆਵੇ। ਸਿੱਖੀ ਜੀਵਨ ਜਾਚ ਦਰਸਾਉਣ ਵਾਲੇ ਸ਼ਬਦਾਂ ਦਾ ਫਿਲਮਾਕਣ ਹੋਣਾ ਚਾਹੀਦਾ ਹੈ, ਜਦੋਂ ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥’’ (ਮ: ੧/੪੭੪) ਨੂੰ ਪਰਦੇ ’ਤੇ ਵਿਖਾਵਾਂਗੇ ਤਾਂ ਬੱਚੇ ਸਹਿਜੇ ਹੀ ਅਮਲੀ ਤੌਰ ’ਤੇ ਗੁਰਮਤਿ ਦੇ ਨੇੜੇ ਆਉਣਗੇ।
ਗੁਰਮਤਿ ਜਿੱਥੇ ਸਾਨੂੰ ਆਤਮਿਕ ਜੀਵਨ ਬਖ਼ਸ਼ਦੀ ਹੈ ਉੱਥੇ ਮਨੁੱਖਾ ਸਰੀਰ ਨੂੰ ‘‘ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪) ਰਾਹੀਂ ਸਾਰੀਆਂ ਜੂਨਾਂ ਤੋਂ ਉੱਤਮ ਗਿਣਦੀ ਹੈ, ‘‘ਹਰਿ ਮੰਦਰੁ ਏਹੁ ਸਰੀਰੁ ਹੈ.. ॥’’ (ਮ: ੩/੧੩੪੬) ਕਹਿ ਕੇ ਵੀ ਇਸ ਨੂੰ ਸ੍ਰੇਸ਼ਟ ਮੰਨਿਆ ਹੈ, ਗੁਰਬਾਣੀ ‘‘ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ: ੫/੫੫੪) ਰਾਹੀਂ ਉਸ ਦੀ ਅਰੋਗਤਾ ਵੱਲ ਵੀ ਧਿਆਨ ਦਿਵਾਉਂਦੀ ਹੈ। ਗੁਰੂ ਅੰਗਦ ਦੇਵ ਜੀ ਨੇ ਇਸ ਸੰਬੰਧੀ ਮੱਲ ਅਖਾੜੇ ਕਾਇਮ ਕੀਤੇ, ਦਸਮ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਰਾਹੀਂ ਸਰੀਰਕ ਅਭਿਆਸ ਕਰਵਾਇਆ। ਅੱਜ ਸਾਡੇ ਬੱਚਿਆਂ ਕੋਲ ਸਰੀਰਕ ਅਭਿਆਸ ਲਈ ਗੁਰਮਤਿ ਮਾਹੌਲ ਵਿੱਚ ਕੋਈ ਥਾਂ ਨਹੀਂ, ਉਹ ਖੇਡਣ ਲਈ ਕਲੱਬਾਂ ਵਿੱਚ ਜਾਂਦੇ ਹਨ, ਜਿੱਥੋਂ ਦੀ ਸੰਗਤ ਰਾਹੀਂ ਹੌਲੀ-ਹੌਲੀ ਸਿੱਖੀ ਤੋਂ ਡਿੱਗਦੇ ਜਾਂਦੇ ਹਨ। ਇਹੋ ਹੀ ਕਾਰਨ ਹੈ ਜਿੰਨੇ ਸਿੱਖ ਖਿਡਾਰੀ ਖੇਡ ਦੇ ਖੇਤਰ ਵਿੱਚ ਹਨ, ਉਨ੍ਹਾਂ ਵਿੱਚੋਂ 99% ਸਾਬਤ ਸੂਰਤ ਨਹੀਂ ਰਹੇ। ਮੈਦਾਨ ਵਿੱਚ ਉਨ੍ਹਾਂ ਦੀ ਕੋਈ ਸਿੱਖੀ ਪਹਿਚਾਣ ਪ੍ਰਤੀਤ ਨਹੀਂ ਹੁੰਦੀ। ਜੇਕਰ ਹਰ ਗੁਰਦੁਆਰਾ ਕਮੇਟੀ ਇਸ ਪਾਸੇ ਧਿਆਨ ਦੇਵੇ ਤਾਂ ਸਾਡੇ ਬੱਚੇ ਜਿੱਥੇ ਸਰੀਰਕ ਅਭਿਆਸ ਰਾਹੀਂ ਤੰਦਰੁਸਤ ਰਹਿਣਗੇ, ਉੱਥੇ ਗੁਰੂ ਦੀ ਸੰਗਤ ਨਾਲ ਵੀ ਜੁੜੇ ਰਹਿਣਗੇ। ਅਰੋਗ ਮਨ ਵਿੱਚ ਹੀ ਨਰੋਈ ਸੋਚ ਪੈਦਾ ਹੁੰਦੀ ਹੈ। ਸਿੱਖੀ ਮਾਹੌਲ ਵਾਲੇ ਜਿੰਮ ਜਾਂ ਖੇਡ ਮੈਦਾਨ ਹੀ ਅੱਗੋਂ ਸਤਿਸੰਗਤ ਦਾ ਰੂਪ ਬਣ ਸਕਦੇ ਹਨ।
ਅਜੋਕੇ ਸਮੇਂ ਵਿੱਚ ਲੰਮੇ-ਲੰਮੇ ਨਗਰ ਕੀਰਤਨ ਜੋ ਅਸਲ ਵਿੱਚ ਜਲੂਸ ਹੀ ਹੁੰਦੇ ਹਨ, ਲੱਖਾਂ-ਕਰੋੜਾਂ ਰੁਪਏ ਖਰਚ ਕਰ ਕੇ ਨਿਕਲਦੇ ਹਨ। ਥਾਂ-ਥਾਂ ਲੰਗਰ, ਛਬੀਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਰੋੜਾਂ ਰੁਪਏ ਖਰਚ ਕਰ ਕੇ ਵੱਡੀ ਪੱਧਰ ’ਤੇ ਕੀਰਤਨ ਦਰਬਾਰ ਹੁੰਦੇ ਹਨ ਪਰ ਦਿਨੋ-ਦਿਨ ਸਿੱਖੀ ਵਿੱਚ ਨਿਘਾਰ ਹੀ ਆ ਰਿਹਾ ਹੈ। ਇਹ ਸਾਰਾ ਉਪਰਾਲਾ ਸਿੱਖੀ ਦੀ ਮਾਇਕ ਅਮੀਰੀ ਨੂੰ ਦਰਸਾਉਂਦਾ ਹੈ ਲੇਕਿਨ ਪਤਿਤਪੁਣੇ ਨੂੰ ਰੋਕਣ ਦੇ ਸਮਰੱਥ ਨਹੀਂ ਹੋ ਸਕਿਆ। ਹਰ ਗੁਰੂ-ਘਰ, ਗੁਰੂ ਸਾਹਿਬਾਨ ਦੇ ਗੁਰਪੁਰਬਾਂ, ਭਗਤ-ਸਾਹਿਬਾਨਾਂ ਦੇ ਜਨਮ ਦਿਹਾੜਿਆਂ ਅਤੇ ਸ਼ਹੀਦਾਂ ਸੰਬੰਧੀ ਨੌਜਵਾਨ ਵਰਗ ਨੂੰ ਵਿਸ਼ੇਸ਼ ਸੱਦਾ ਦੇ ਕੇ ਸੈਮੀਨਾਰ ਕਰਵਾਏ ਜਾਣ, ਗੁਰਮਤਿ ਤੇ ਇਤਿਹਾਸ ਸੰਬੰਧੀ ਸਵਾਲ ਜਵਾਬ ਕੀਤੇ ਜਾਣ ਤਾਂ ਕਿ ਅਜੋਕਾ ਨੌਜਵਾਨ ਸੰਤੁਸ਼ਟ ਹੋ ਸਕੇ। ਇਸ ਵਿਚਾਰ-ਵਟਾਂਦਰੇ ਨਾਲ ਕੌਮ ਵਿੱਚੋਂ ਭਰਮ-ਭੁਲੇਖੇ ਦੂਰ ਹੋ ਸਕਦੇ ਹਨ।
ਛੁੱਟੀਆਂ ਵਿੱਚ ਬੱਚਿਆਂ ਲਈ ਗੁਰਮਤਿ ਕੈਂਪਾਂ ਦਾ ਪ੍ਰਬੰਧ ਕੀਤਾ ਹੋਵੇ, ਜਿੱਥੇ ਅਮਲੀ ਤੌਰ ’ਤੇ ਕੁਝ ਦਿਨ ਬੱਚਿਆਂ ਨਾਲ ਰਹਿ ਕੇ ਉਨ੍ਹਾਂ ਨੂੰ ਗੁਰਮਤਿ ਗਾਡੀ ਰਾਹ ਨਾਲ ਜੋੜਿਆ ਜਾਏ, ਪੜ੍ਹਾਉਣ ਵਾਲਿਆਂ ਦੀ ਇਕਸਾਰਤਾ ਹੋਵੇ ਤਾਂ ਬੱਚੇ ਦੁਬਿਧਾ ਤੋਂ ਮੁਕਤ ਹੋ ਸਕਦੇ ਹਨ।
ਸਿੱਖ ਧਰਮ ਪੰਜਾਬ ਵਿੱਚ ਪੈਦਾ ਹੋਇਆ। ਲੋਕਾਂ ਦੀ ਮਾਤ੍ਰੀ ਬੋਲੀ ਵਿੱਚ ਇਹ ਗੁਰਮਤਿ ਸੰਦੇਸ਼, ਪੜ੍ਹਾਇਆ ਤੇ ਸਿਖਾਇਆ ਗਿਆ। ਰੱਬੀ ਪੈਗਾਮ ਜੋ ਬਾਣੀ ਦੇ ਰੂਪ ਵਿੱਚ ਮਿਲਿਆ, ਉਹ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ। ਮੁੱਢਲੇ ਰੂਪ ਵਿੱਚ ਗੁਰਬਾਣੀ ਨਾਲ ਜੁੜੇ ਰਹਿਣ ਲਈ ਗੁਰਮੁਖੀ ਵਿੱਦਿਆ ਦਾ ਗਿਆਨ ਹਰ ਸਿੱਖ ਬੱਚੇ ਬੱਚੀਆਂ ਲਈ ਜ਼ਰੂਰੀ ਹੈ। ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਪ੍ਰੇਰਨਾ ਹੈ :
‘‘ਗੁਰਬਾਣੀ ਅਖਰ ਜੋ ਹੈ, ਭਾਈ। ਸਿੰਘ ਸਿੰਘ ਤੇ ਸੀਖੇ ਜਾਈ।
ਔਰ ਜੋ ਵਿਦਿਆ ਜਹਿ ਤਹਿ ਹੋਈ। ਅਵਰਨ ਤੇ ਭੀ ਲੇਵੈ ਸੋਈ।’’
ਸਿੱਖ ਤੋਂ ਗੁਰਮੁਖੀ ਪੜ੍ਹਨ ਦਾ ਉਪਦੇਸ਼ ਇਸ ਲਈ ਹੈ ਕਿ ਧਾਰਮਕ ਵਿੱਦਿਆ ਧਰਮ ਗਿਆਤਾ ਤੋਂ ਪੜ੍ਹਨੀ ਉੱਤਮ ਹੈ ਕਿਉਂਕਿ ਉਹ ਧਰਮ ਤੱਤ ਨੂੰ ਜਾਣਦਾ ਹੈ, ਉਸ ਤੋਂ ਪੜ੍ਹਿਆ (ਵਿਦਿਆਰਥੀ) ਗੁਮਰਾਹ ਨਹੀਂ ਹੋ ਸਕਦਾ। (ਗੁ: ਮਾਰਤੰਡ, ਪੰਨਾ ੯੩੦) ਸਿੱਖ ਰਹਿਤ ਮਰਯਾਦਾ ਦੇ ਗੁਰਮਤਿ ਦੀ ਰਹਿਣੀ ਦੇ ਭਾਗ ‘ਖ’ ਤੇ ‘ਗ’ ਵਿੱਚ ਇੰਜ ਹੁਕਮ ਹੈ :
(ਖ) ਸਿੱਖ ਲਈ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ, ਹੋਰ ਵਿੱਦਿਆ ਵੀ ਪੜ੍ਹੇ।
(ਗ) ਸੰਤਾਨ ਨੂੰ ਗੁਰਮੁਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫ਼ਰਜ਼ ਹੈ।
ਆਓ, ਸਿੱਖੀ ਸਰੂਪ ਤੇ ਸਿੱਖ ਮਤਿ ਨੂੰ ਸੰਭਾਲਣ ਲਈ ‘ਊੜੇ’ ਤੇ ‘ਜੂੜੇ’ ਦੀ ਸੰਭਾਲ ਲਈ ਸਾਰੇ ਤਤਪਰ ਹੋਈਏ।
ਅਜੋਕੇ ਸਮੇਂ ਵਿਚ ਪੰਥ ਜਾਂ ਸਿੱਖ ਕੌਮ ਸਾਹਮਣੇ ਦਰਪੇਸ਼ ਚਾਰ ਸਮੱਸਿਆਵਾਂ ਹਨ : (1) ਨਸ਼ੇ (2) ਜਾਤ ਪਾਤ (3) ਡੇਰਾਵਾਦ (4) ਬੇਰੁਜ਼ਗਾਰੀ।
ਦਾਸ ਕੇਵਲ ਇੱਥੇ ਬੇਰੁਜ਼ਗਾਰੀ ਦੀ ਗੱਲ ਕਰਨੀ ਚਾਹੇਗਾ ਤਾਂ ਕਿ ਅੱਜ ਪੜ੍ਹਿਆ-ਲਿਖਿਆ ਨੌਜਵਾਨ ਉੱਚ-ਵਿੱਦਿਆ ਹਾਸਲ ਕਰ ਕੇ ਜਦੋਂ ਰੁਜ਼ਗਾਰ ਲਈ ਥਾਂ-ਥਾਂ ਭਟਕਦਾ ਹੈ ਤਾਂ ਉਹ ਕਈ ਵਾਰ ਰੁਜ਼ਗਾਰ ਦੀ ਖਾਤਰ ਸਿੱਖੀ ਸਰੂਪ, ਨਾ ਚਾਹੁੰਦਾ ਹੋਇਆ ਵੀ ਗੁਆ ਬੈਠਦਾ ਹੈ। ਇਸ ਤਰ੍ਹਾਂ ਉਹ ਮਜਬੂਰਨ ਪਤਿਤਪੁਣੇ ਵਿੱਚ ਧਸਦਾ ਹੈ, ਚਿੰਤਾਵਸ ਹੋਏ ਨੂੰ ਨਸ਼ੇ ਵੀ ਆ ਘੇਰਦੇ ਹਨ।
ਅਸੀਂ ਸੋਨੇ ਦੀਆਂ ਪਾਲਕੀਆਂ ਤੇ ਗੁੰਬਦ ਤਾਂ ਬਹੁਤ ਸਜਾ ਦਿੱਤੇ ਹਨ ਪਰ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ।’’ (ਭਾਈ ਗੁਰਦਾਸ ਜੀ : ਕਬਿੱਤ ੬੭੩) ਵੱਲ ਧਿਆਨ ਦੇਣ ਦੀ ਵੀ ਜ਼ਰੂਰਤ ਹੈ। ਜਿੰਨਾ ਸੋਨਾ ਗੁਰੂ ਘਰਾਂ ’ਤੇ ਲੱਗਾ ਹੈ ਜੇ ਕਿਤੇ ਉਸ ਦਾ ਵਿਆਜ ਹੀ ਚੰਗੇ ਸਕੂਲ ਕਾਲਜ, ਹਸਪਤਾਲ ਬਣਾਉਣ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵਰਤਿਆ ਜਾਏ ਤਾਂ ਕੌਮ ਦੀ ਕਾਇਆ-ਕਲਪ ਹੋ ਸਕਦੀ ਹੈ। ਕੋਈ ਵੀ ਸਿੱਖ ਬੇਰੁਜ਼ਗਾਰ ਨਹੀਂ ਹੋਵੇਗਾ। ਨੌਜਵਾਨ ਵਰਗ ਨੂੰ ਵੀ ਸਨਿਮਰ ਬੇਨਤੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਕੋਈ ਕੰਮ ਵੱਡਾ ਜਾਂ ਛੋਟਾ ਨਹੀਂ, ਇਸ ਲਈ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਸਾਡਾ ਮਹਾਨ ਵਿਰਸਾ ਹੈ। ਸਾਨੂੰ ਆਪ ਵਿਹਲੜਪੁਣਾ ਛੱਡ ਕੇ ਕਿਰਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਅਨਮਤੀ ਜਾਂ ਪੰਥ ਦੋਖੀ ਕੋਲੋਂ ਰੁਜ਼ਗਾਰ ਲਈ ਹੱਥ ਨਾ ਅੱਡਣਾ ਪਏ। ਇਸ ਨਾਲ ਵੱਡੇ ਪੱਧਰ ’ਤੇ ਪਤਿਤਪੁਣੇ ਨੂੰ ਰੋਕਿਆ ਜਾ ਸਕਦਾ ਹੈ।
ਅਖੀਰ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਪਤਿਤ ਕਹਿੰਦੇ ਹਾਂ, ਕਦੀ ਕੌਮ ਨੇ ਉਨ੍ਹਾਂ ਦੀ ਪੀੜਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਹਰ ਸ਼ਹਿਰ ਜਾਂ ਪਿੰਡ ਪੱਧਰ ’ਤੇ ਘੱਟੋ-ਘੱਟ ਪੰਜ ਜੀਵਨ ਵਾਲੇ ਸਰਬ ਪ੍ਰਮਾਣਿਤ ਗੁਰਮੁਖ ਸੱਜਣ (ਜੇ ਜ਼ਿਆਦਾ ਹੋ ਸਕਣ ਤਾਂ ਹੋਰ ਵੀ ਚੰਗਾ ਹੈ) ਸਮਾਂ ਕੱਢ ਕੇ ਘਰ-ਘਰ ਨੌਜਵਾਨ ਪੀੜ੍ਹੀ ਨਾਲ ਰਾਬਤਾ ਕਾਇਮ ਕਰਨ, ਉਨ੍ਹਾਂ ਦੇ ਦਰਦ ਨੂੰ ਵੰਡਾਣ, ਸੁਣਨ ਅਜਿਹੇ ਬੱਚਿਆਂ ਦੀ ਮਾਨਸਿਕ ਸੰਤੁਸ਼ਟੀ ਹੋਵੇ ਜਿਹੜੇ ਬੱਚੇ ਪ੍ਰੇਰਿਤ ਹੋ ਕੇ ਮੁੜ ਆਪਣੇ ਘਰ ਸਿੱਖੀ ਵਿੱਚ ਆ ਜਾਣ। ਉਨ੍ਹਾਂ ਨੂੰ ਸੰਗਤੀ ਤੌਰ ’ਤੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਹੋਰ ਦੂਜੇ ਬੱਚੇ ਵੀ ਉਤਸ਼ਾਹਿਤ ਹੋ ਕੇ ਸਿੱਖੀ ਵਿੱਚ ਪ੍ਰਵੇਸ਼ ਕਰ ਸਕਣ। ਜਿੱਥੇ ਸਿੱਖ ਨੇ ਨਿਜੀ ਜੀਵਨ ਗੁਰੂ ਨੂੰ ਭੇਟ ਕਰਨਾ ਹੈ, ਉੱਥੇ ਉਸ ਦਾ ਫ਼ਰਜ਼ ਹੈ ਕਿ ‘‘ਓਹੁ, ਹਰਿ ਮਾਰਗਿ ਆਪਿ ਚਲਦਾ, ਹੋਰਨਾ ਨੋ ਹਰਿ ਮਾਰਗਿ ਪਾਏ॥’’ (ਮ: ੪/੧੪੦) ਤਾਂ ਕਿ ਨੌਜਵਾਨੀ ਨੂੰ ਕਲਗੀਧਰ ਜੀ ਦਾ ਇਹ ਪੈਗਾਮ ਚੇਤੇ ਰਹਿ ਸਕੇ।
ਇਨ ਪੁਤ੍ਰਨ ਕੇ ਸੀਸ ਪੈ; ਵਾਰ ਦੀਏ ਸੁਤ ਚਾਰ॥
ਚਾਰ ਮੂਏ ਤੋ ਕਿਆ ਹੂਆ ? ਜੀਵਤ ਕਈ ਹਜ਼ਾਰ॥
ਇਸ ਪਾਸੇ ਕੌਮੀ ਪੱਧਰ ’ਤੇ ਤਦ ਹੀ ਤੁਰਿਆ ਜਾ ਸਕਦਾ ਹੈ ਜਦੋਂ ਸਾਨੂੰ ਯਾਦ ਹੋਵੇ, ‘‘ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥’’ (ਮ: ੧/੪੭੪) ਪੰਥ ਦੋਖੀ ਸੋਚ ਵਾਲਿਆਂ ਤੋਂ ਬਚਣਾ ਵੀ ਹਰੇਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ।